ਬਾਲੀ : ਟੀ-20 ਇੰਟਰਨੈਸ਼ਨਲ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਅਜਿਹਾ ਕਾਰਨਾਮਾ ਹੋਇਆ ਹੈ, ਜਿਸ ਨੇ ਪੂਰੀ ਖੇਡ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇੰਡੋਨੇਸ਼ੀਆ ਦੇ 28 ਸਾਲਾ ਤੇਜ਼ ਗੇਂਦਬਾਜ਼ ਗੇਡੇ ਪ੍ਰੀਅਨਦਾਨਾ (Gede Priandana) ਨੇ ਕੰਬੋਡੀਆ ਵਿਰੁੱਧ ਖੇਡੇ ਗਏ ਇੱਕ ਮੁਕਾਬਲੇ ਵਿੱਚ ਮਹਿਜ਼ ਇੱਕ ਓਵਰ ਵਿੱਚ 5 ਵਿਕਟਾਂ ਝਟਕਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਪੂਰੇ ਓਵਰ ਵਿੱਚ ਉਨ੍ਹਾਂ ਨੇ ਸਿਰਫ਼ 1 ਦੌੜ ਦਿੱਤੀ, ਜੋ ਕਿ ਇੱਕ ਵਾਈਡ ਗੇਂਦ ਰਾਹੀਂ ਆਈ ਸੀ। ਪ੍ਰੀਅਨਦਾਨਾ ਟੀ-20 ਇੰਟਰਨੈਸ਼ਨਲ ਦੇ ਇਤਿਹਾਸ ਵਿੱਚ ਇਕੋ ਓਵਰ ਵਿੱਚ ਪੰਜ ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ।
ਓਵਰ ਦਾ ਰੋਮਾਂਚ
ਇਹ ਇਤਿਹਾਸਕ ਪਲ ਬਾਲੀ ਵਿੱਚ ਦੇਖਣ ਨੂੰ ਮਿਲਿਆ। ਪ੍ਰੀਅਨਦਾਨਾ ਨੇ ਆਪਣੇ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ ਲਗਾਤਾਰ ਤਿੰਨ ਬੱਲੇਬਾਜ਼ਾਂ ਨੂੰ ਆਊਟ ਕਰਕੇ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਬਾਅਦ ਚੌਥੀ ਗੇਂਦ ਡਾਟ ਰਹੀ, ਪਰ ਅਗਲੀਆਂ ਦੋ ਗੇਂਦਾਂ 'ਤੇ ਉਨ੍ਹਾਂ ਨੇ ਦੋ ਹੋਰ ਵਿਕਟਾਂ ਲੈ ਕੇ ਕੰਬੋਡੀਆ ਦੀ ਪੂਰੀ ਟੀਮ ਨੂੰ ਢੇਰ ਕਰ ਦਿੱਤਾ।

ਲਸਿਥ ਮਲਿੰਗਾ ਤੇ ਰਾਸਿਦ ਖਾਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਇਸ ਤੋਂ ਪਹਿਲਾਂ ਲਸਿਥ ਮਲਿੰਗਾ (ਸ੍ਰੀਲੰਕਾ), ਰਾਸ਼ਿਦ ਖਾਨ (ਅਫਗਾਨਿਸਤਾਨ), ਕੁਰਟਿਸ ਕੈਂਫਰ (ਆਇਰਲੈਂਡ) ਅਤੇ ਜੇਸਨ ਹੋਲਡਰ (ਵੈਸਟਇੰਡੀਜ਼) ਵਰਗੇ ਦਿੱਗਜਾਂ ਨੇ ਇੱਕ ਓਵਰ ਵਿੱਚ 4 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਸੀ, ਪਰ 5 ਵਿਕਟਾਂ ਤੱਕ ਕੋਈ ਨਹੀਂ ਪਹੁੰਚ ਸਕਿਆ ਸੀ।
ਮੈਚ ਦਾ ਲੇਖਾ-ਜੋਖਾ
ਇੰਡੋਨੇਸ਼ੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 167 ਦੌੜਾਂ ਬਣਾਈਆਂ ਸਨ, ਜਿਸ ਵਿੱਚ ਸਲਾਮੀ ਬੱਲੇਬਾਜ਼ ਧਰਮਾ ਕੇਸੁਮਾ ਨੇ ਸ਼ਾਨਦਾਰ 110 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਵਾਬ ਵਿੱਚ ਕੰਬੋਡੀਆ ਦੀ ਟੀਮ 15 ਓਵਰਾਂ ਵਿੱਚ 106/5 ਦੇ ਸਕੋਰ ਨਾਲ ਚੰਗੀ ਸਥਿਤੀ ਵਿੱਚ ਸੀ, ਪਰ ਪ੍ਰੀਅਨਦਾਨਾ ਦੇ ਇਸ ਖ਼ਤਰਨਾਕ ਓਵਰ ਨੇ ਪੂਰੀ ਟੀਮ ਨੂੰ 107 ਦੌੜਾਂ 'ਤੇ ਸਮੇਟ ਦਿੱਤਾ ਅਤੇ ਇੰਡੋਨੇਸ਼ੀਆ ਨੇ 60 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ।
ਟਾਟਾ ਸਟੀਲ ਮਾਸਟਰਜ਼: ਵਿਸ਼ਵ ਚੈਂਪੀਅਨ ਡੀ. ਗੁਕੇਸ਼ ਦੀ ਧਮਾਕੇਦਾਰ ਵਾਪਸੀ, ਫੇਡੋਸੀਵ ਨੂੰ ਦਿੱਤੀ ਮਾਤ
NEXT STORY