ਦੇਹਰਾਦੂਨ– ਓਲੰਪੀਅਨ ਰਾਹੀ ਸਰਨੋਬਤ, ਮਿਕਸਡ ਟੀਮ ਰਾਈਫਲ ਏਸ਼ੀਆਈ ਚੈਂਪੀਅਨ ਮੇਹੁਲੀ ਘੋਸ਼ ਤੇ ਨੇਵੀ ਦੇ ਨੀਰਜ ਕੁਮਾਰ ਸ਼ਨੀਵਾਰ ਨੂੰ ਇੱਥੇ ਰਾਸ਼ਟਰੀ ਚੋਣ ਨਿਸ਼ਾਨੇਬਾਜ਼ੀ ਟ੍ਰਾਇਲ 3 ਤੇ 4 ਦੇ ਆਪਣੇ ਫਾਈਨਲ ਵਿਚ ਚੋਟੀ ’ਤੇ ਰਹੇ। ਮਹਿਲਾਵਾਂ ਦੀ 25 ਮੀਟਰ ਪਿਸਟਲ ਟੀ4 ਫਾਈਨਲ ਵਿਚ 2018 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਰਾਹੀ ਸਰਨੋਬਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਫਾਈਨਲ ਵਿਚ 40 ਹਿੱਟ ਲਗਾਈਆਂ ਤੇ ਮਹਾਰਾਸ਼ਟਰ ਦੀ ਅਭਿਦਨਯਾ ਅਸ਼ੋਕ ਪਾਟਿਲ ਤੋਂ 6 ਅੰਕ ਅੱਗੇ ਰਹੀ, ਜਿਸ ਨੇ 34 ਅੰਕ ਬਣਾਏ। ਹਰਿਆਣਾ ਦੀ ਵਿਭੂਤੀ ਭਾਟੀਆ ਨੇ 27 ਅੰਕ ਬਣਾ ਕੇ ਪੋਡੀਅਮ ’ਤੇ ਤੀਜਾ ਸਥਾਨ ਹਾਸਲ ਕੀਤਾ।
ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿਚ ਮੇਹੁਲੀ ਨੇ 253.6 ਅੰਕ ਬਣਾ ਕੇ ਟੀ4 ਫਾਈਨਲ ਜਿੱਤਿਆ। ਰੇਲਵੇ ਦੀ ਮੇਘਨਾ ਐੱਮ. ਸੱਜਨਾਰ 253.1 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ ਜਦਕਿ ਸੋਨਮ ਉੱਤਮ ਮਾਸਕਰ 231.4 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ।
ਨੇਵੀ ਦੇ ਨਿਸ਼ਾਨੇਬਾਜ਼ ਨੀਰਜ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ (3ਪੀ) ਟੀ3 ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 463.9 ਅੰਕ ਹਾਸਲ ਕੀਤੇ ਤੇ ਸਟਾਰ ਖਿਡਾਰੀਆਂ ਨਾਲ ਸਜ਼ੀ ਲਾਈਨ ਅਪ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਉਸ ਨੇ 45 ਸ਼ਾਟਾਂ ਦੇ ਫਾਈਨਲ ਵਿਚ ਸੈਨਾ ਦੇ ਬਾਬੂ ਸਿੰਘ ਪੰਵਾਰ ਨੂੰ ਪਛਾੜਦੇ ਹੋਏ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ। ਪੰਵਾਰ ਫਾਈਨਲ ਵਿਚ 457.3 ਦੇ ਸੋਕਰ ਨਾਲ ਦੂਜੇ ਸਥਾਨ ’ਤੇ ਰਿਹਾ। ਦੋ ਵਾਰ ਦੇ ਓਲੰਪੀਅਨ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ 447.0 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਿਹਾ।
ਤੇਂਦੁਲਕਰ ਦੀਆਂ ਵੀਡੀਓਜ਼ ਦੇਖ ਕੇ ਕਾਫੀ ਪ੍ਰੇਰਣਾ ਮਿਲੀ : ਸ਼ੈਫਾਲੀ
NEXT STORY