ਨਵੀਂ ਦਿੱਲੀ, (ਭਾਸ਼ਾ)– ਰਵਿੰਦਰ ਜਡੇਜਾ ਤੇ ਕੇ. ਐੱਲ. ਰਾਹੁਲ ਨੂੰ ਅਚਾਨਕ ਲੱਗੀਆਂ ਸੱਟਾਂ ਨਾਲ ਭਾਰਤੀ ਟੀਮ ਸਾਹਮਣੇ ਚੋਣ ਦੀ ਮੁਸ਼ਕਿਲ ਸਥਿਤੀ ਪੈਦਾ ਹੋ ਗਈ ਹੈ, ਜਿਸ ਨੂੰ ਇੰਗਲੈਂਡ ਹੱਥੋਂ ਪਹਿਲੇ ਟੈਸਟ ਵਿਚ ਮਿਲੀ ਹਾਰ ਤੋਂ ਬਾਅਦ ਲੜੀ ਵਿਚ ਵਾਪਸੀ ਕਰਨੀ ਹੈ। ਜਡੇਜਾ ਤੇ ਰਾਹੁਲ ਨੇ ਹੈਦਰਾਬਾਦ ਟੈਸਟ ਵਿਚ ਪਹਿਲੀ ਪਾਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਇੰਗਲੈਂਡ ਨੇ ਦੂਜੀ ਪਾਰੀ ਵਿਚ ਸ਼ਾਨਦਾਰ ਖੇਡ ਦਿਖਾ ਕੇ ਵਾਪਸੀ ਕੀਤੀ। ਜਡੇਜਾ ਨੂੰ ਹੈਮਸਟ੍ਰਿੰਗ ਦੀ ਸੱਟ ਲੱਗ ਗਈ ਹੈ ਜਦਕਿ ਰਾਹੁਲ ਨੂੰ ਖੱਬੇ ਪੱਟ ਦੀਆਂ ਮਾਸਪੇਸ਼ੀਆਂ ਵਿਚ ਦਰਦ ਹੈ।
ਆਲਰਾਊਂਡਰ ਦੀ ਕਮੀ ਪੂਰੀ ਕਰ ਸਕਣਾ ਕਿਸੇ ਲਈ ਵੀ ਮੁਸ਼ਕਿਲ ਹੈ ਤੇ ਰਾਹੁਲ ਸਤੰਬਰ ਵਿਚ ਸਰਜਰੀ ਤੋਂ ਬਾਅਦ ਵਾਪਸੀ ਕਰਕੇ ਵਨ ਡੇ ਤੇ ਟੈਸਟ ਵਿਚ ਭਾਰਤੀ ਬੱਲੇਬਾਜ਼ੀ ਦੀ ਧੁਰੀ ਰਿਹਾ ਹੈ। ਵਿਰਾਟ ਕੋਹਲੀ ਨਿੱਜੀ ਕਾਰਨਾਂ ਤੋਂ ਪਹਿਲਾਂ ਹੀ ਦੋ ਟੈਸਟਾਂ ਵਿਚੋਂ ਬਾਹਰ ਹੈ, ਲਿਹਾਜਾ ਸ਼ੁੱਕਰਵਾਰ ਤੋਂ ਵਿਸ਼ਾਖਾਪਟਨਮ ਵਿਚ ਸ਼ੁਰੂ ਹੋ ਰਹੇ ਦੂਜੇ ਟੈਸਟ ਵਿਚ ਭਾਰਤ ਸਾਹਮਣੇ ਕਈ ਚੁਣੌਤੀਆਂ ਹੋਣਗੀਆਂ।
ਇਹ ਵੀ ਪੜ੍ਹੋ : ਇਹ ਇਤਿਹਾਸਕ ਮੁਕਾਬਲਾ ਹੈ, ਭਾਰਤੀ ਟੀਮ ਦੇ ਦੌਰੇ ਨਾਲ ਫਾਇਦਾ ਮਿਲੇਗਾ : ਪਾਕਿ ਟੈਨਿਸ ਜਗਤ
ਚੋਣਕਾਰਾਂ ਨੇ ਸਰਫਰਾਜ਼ ਖਾਨ, ਸੌਰਭ ਕੁਮਾਰ ਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਰਜਤ ਪਾਟੀਦਾਰ ਹੈਦਰਾਬਾਦ ਵਿਚ ਭਾਰਤ ਦੀ 15 ਮੈਂਬਰੀ ਭਾਰਤੀ ਟੀਮ ਵਿਚ ਸੀ। ਉਹ ਮੱਧਕ੍ਰਮ ਵਿਚ ਰਾਹੁਲ ਦੀ ਜਗ੍ਹਾ ਲੈ ਸਕਦਾ ਹੈ ਜਦਕਿ ਜਡੇਜਾ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਉਤਾਰਿਆ ਜਾ ਸਕਦਾ ਹੈ। ਭਾਰਤੀ ਟੀਮ ਚਾਰ ਸਪਿਨਰਾਂ ਤੇ ਇਕ ਤੇਜ਼ ਗੇਂਦਬਾਜ਼ ਨਾਲ ਵੀ ਉਤਰ ਸਕਦੀ ਹੈ, ਜਿਵੇਂ ਇੰਗਲੈਂਡ ਨੇ ਪਹਿਲੇ ਟੈਸਟ ਵਿਚ ਕੀਤਾ ਸੀ। ਅਜਿਹੇ ਵਿਚ ਮੁਹੰਮਦ ਸਿਰਾਜ ’ਤੇ ਕੁਲਦੀਪ ਯਾਦਵ ਨੂੰ ਤਰਜੀਹ ਮਿਲੇਗੀ ਤਾਂ ਕਿ ਸਰਫਰਾਜ਼ ਜਾਂ ਵਾਸ਼ਿੰਗਟਨ ਸੁੰਦਰ ਨੂੰ ਮੱਧਕ੍ਰਮ ਵਿਚ ਉਤਾਰਿਆਜਾ ਸਕੇ। ਜਡੇਜਾ ਦੀ ਤਰ੍ਹਾਂ ਸੌਰਭ ਖੱਬੇ ਹੱਥ ਦਾ ਸਪਿਨਰ ਹੈ ਤੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਸੈਂਕੜਾ ਵੀ ਲਾ ਚੁੱਕਾ ਹੈ।
ਹੈਦਰਾਬਾਦ ਦੇ ਐੱਮ. ਸੀ. ਏ. ਵੀ. ਡੀ. ਸੀ. ਏ. ਸਟੇਡੀਅਮ ਵਿਚ ਹੁਣ ਤਕ 2 ਟੈਸਟ ਮੈਚ ਖੇਡੇ ਗਏ ਹਨ ਤੇ ਪਿੱਚ ਬੱਲੇਬਾਜ਼ਾਂ ਦੀ ਮਦਦਗਾਰ ਰਹਿੰਦੀ ਹੈ। ਭਾਰਤ ਨੇ 2019 ਵਿਚ ਇਸ ਮੈਦਾਨ ’ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿਚ ਦੱਖਣੀ ਅਫਰੀਕਾ ਵਿਰੁੱਧ 502 ਦੌੜਾਂ ਬਣਾਈਆਂ ਸਨ। ਰੋਹਿਤ ਨੇ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਪਹਿਲੀ ਪਾਰੀ ਵਿਚ 176 ਦੌੜਾਂ ਜੋੜੀਆਂ ਸਨ। ਮਹਾਨ ਸਪਿਨਰ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਆਖਰੀ-11 ਵਿਚ ਕੁਲਦੀਪ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ। ਉਸ ਨੇ ਕਿਹਾ, ‘‘ਜੇਕਰ ਭਾਰਤ ਨੂੰ ਲੱਗਦਾ ਹੈ ਕਿ ਸਿਰਫ ਇਕ ਤੇਜ਼ ਗੇਂਦਬਾਜ਼ ਨਾਲ ਕੰਮ ਚੱਲ ਜਾਵੇਗਾ ਤਾਂ ਕੁਲਦੀਪ ਨੂੰ ਟੀਮ ਵਿਚ ਰੱਖਣਾ ਚਾਹੀਦਾ ਹੈ। ਉਸਦੇ ਕੋਲ ਵਿਲੱਖਣਤਾ ਹੈ ਤੇ ਵਿਕਟ ਟਰਨ ਲੈ ਸਕਦੀ ਹੈ।’’
ਇਹ ਵੀ ਪੜ੍ਹੋ : ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
4 ਟੈਸਟਾਂ ਦੇ ਆਪਣੇ ਕਰੀਅਰ ਵਿਚ ਆਪਣੀ ਪ੍ਰਤਿਭਾ ਦਾ ਨਮੂਨਾ ਦੇ ਚੁੱਕਾ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਵੀ ਚੋਣ ਦਾ ਦਾਅਵੇਦਾਰ ਹੈ। ਉਸ ਨੇ ਪੰਜ ਪਾਰੀਆਂ ਵਿਚ ਅਜੇਤੂ 85 ਤੇ ਅਜੇਤੂ 95 ਦੌੜਾਂ ਬਣਾਈਆਂ ਹਨ ਤੇ ਦੋ ਵਿਕਟਾਂ ਵੀ ਲਈਆਂ ਹਨ। ਸਾਬਕਾ ਚੋਣਕਾਰ ਸ਼ਰਣਦੀਪ ਸਿੰਘ ਨੇ ਕਿਹਾ ਕਿ ਆਲਰਾਊਂਡਰ ਉਪਯੋਗੀ ਹੁੰਦਾ ਹੈ ਪਰ ਆਖਰੀ-11 ਵਿਚ ਜ਼ਿਆਦਾ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। ਉਸ ਨੇ ਕਿਹਾ ਕਿ ਰਜਤ ਪਾਟੀਦਾਰ ਨੂੰ ਰਾਹੁਲ ਦੀ ਜਗ੍ਹਾ ਤੇ ਜਡੇਜਾ ਦੀ ਜਗ੍ਹਾ ਕੁਲਦੀਪ ਨੂੰ ਉਤਾਰਿਆ ਜਾ ਸਕਦਾ ਹੈ। ਸਾਨੂੰ ਇੰਗਲੈਂਡ ਦੀ ਨਕਲ ਕਰਕੇ 4 ਸਪਿਨਰਾਂ ਨੂੰ ਉਤਾਰਨ ਦੀ ਲੋੜ ਨਹੀਂ ਹੈ। ਆਪਣੀ ਧਰਤੀ ’ਤੇ ਦੋ ਤੇਜ਼ ਗੇਂਦਬਾਜ਼ ਤੇ ਤਿੰਨ ਸਪਿਨਰ ਸਾਡੀ ਤਾਕਤ ਰਹੇ ਹਨ। ਸਾਨੂੰ ਉਸੇ ’ਤੇ ਅਡਿੱਗ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਪਾਰੀ ਦੀ ਸ਼ੁਰੂਆਤ ਸ਼ੁਭਮਨ ਗਿੱਲ ਤੇ ਯਸ਼ਸਵੀ ਜਾਇਸਵਾਲ ਨੂੰ ਕਰਨੀ ਚਾਹੀਦੀ ਹੈ ਤੇ ਰੋਹਿਤ ਸ਼ਰਮਾ ਨੂੰ ਤੀਜੇ ਨੰਬਰ ’ਤੇ ਉਤਾਰਨਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਭਾਨਵਾਲਾ 25 ਮੀਟਰ ਰੈਪਿਡ ਫਾਇਰ ਪਿਸਟਲ ਵਿਚ 10ਵੇਂ ਤੇ ਸਿੱਧੂ 11ਵੇਂ ਸਥਾਨ ’ਤੇ
NEXT STORY