ਨਾਟਿੰਘਮ— ਯੁਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਕਹਿਣਾ ਹੈ ਕਿ ਭਾਰਤ ਏ ਟੀਮ ਦੇ ਨਾਲ ਇੰਗਲੈਂਡ ਦੌਰੇ ਤੋਂ ਉਨ੍ਹਾਂ ਨੂੰ ਟੈਸਟ ਕ੍ਰਿਕਟ 'ਚ ਡੈਬਿਊ 'ਚ ਉਛਾਲ ਭਰੀ ਗੇਂਦਬਾਜ਼ੀ ਦਾ ਸਾਹਮਣਾ ਕਰਕੇ ਚੰਗੇ ਪ੍ਰਦਰਸ਼ਨ 'ਚ ਮਦਦ ਮਿਲੀ। 20 ਸਾਲਾਂ ਦੇ ਪੰਤ ਨੇ ਟ੍ਰੇਂਟ ਬ੍ਰਿਜ 'ਚ ਆਪਣੇ ਪਹਿਲੇ ਟੈਸਟ 'ਚ ਪਹਿਲੀ ਪਾਰੀ 'ਚ 24 ਦੌੜਾਂ ਬਣਾਈਆਂ ਅਤੇ ਫਿਰ 7 ਕੈਚ ਵੀ ਫੜੇ। ਉਨ੍ਹਾਂ ਕਿਹਾ, ''ਇੰਗਲੈਂਡ 'ਚ ਵਿਕਟਕੀਪਿੰਗ ਹਮੇਸ਼ਾ ਮੁਸ਼ਕਲ ਹੁੰਦੀ ਹੈ ਕਿਉਂਕਿ ਗੇਂਦ ਵਿਕਟ ਪਿੱਛੇ ਲੜਖੜਾਉਂਦੀ ਹੋਈ ਆਉਂਦੀ ਹੈ। ਮੈਂ ਪਿਛਲੇ ਢਾਈ ਮਹੀਨਿਆਂ ਤੋਂ ਇੰਗਲੈਂਡ 'ਚ ਭਾਰਤ ਏ ਲਈ ਖੇਡ ਰਿਹਾ ਹਾਂ ਜਿਸ ਨਾਲ ਕਾਫੀ ਫਾਇਦਾ ਮਿਲਿਆ ਹੈ।'' ਉਨ੍ਹਾਂ ਕਿਹਾ, ''ਮੈਂ ਨੈੱਟ 'ਤੇ ਅਭਿਆਸ ਕਰ ਰਿਹਾ ਹਾਂ ਕਿ ਤੇਜ਼ ਗੇਂਦਾਂ ਤੋਂ ਕਿਵੇਂ ਨਜਿੱਠਣਾ ਹੈ ਅਤੇ ਇਸ ਦਾ ਫਾਇਦਾ ਮਿਲ ਰਿਹਾ ਹੈ।''

ਟੈਸਟ ਕ੍ਰਿਕਟ 'ਚ ਡੈਬਿਊ 'ਤੇ ਉਨ੍ਹਾਂ ਕਿਹਾ, ''ਇਹ ਬਿਹਤਰੀਨ ਮੌਕਾ ਹੈ। ਮੈਂ ਆਈ.ਪੀ.ਐੱਲ. ਅਤੇ ਘਰੇਲੂ ਕ੍ਰਿਕਟ 'ਚ ਖੇਡ ਚੁੱਕਾ ਹਾਂ ਪਰ ਵਿਰੋਧੀ ਦੇਸ਼ ਦੇ ਖਿਲਾਫ ਖੇਡਣ ਦਾ ਅਹਿਸਾਸ ਅਲਗ ਹੈ। ਟੈਸਟ ਕ੍ਰਿਕਟ ਖੇਡਣਾ ਮੇਰਾ ਸੁਪਨਾ ਸੀ।'' ਰੁੜਕੀ ਤੋਂ ਆ ਕੇ ਦਿੱਲੀ 'ਚ ਕ੍ਰਿਕਟ ਖੇਡਣ ਵਾਲੇ ਪੰਤ ਨੇ ਆਪਣੀ ਕਾਮਯਾਬੀ ਦਾ ਸਿਹਰਾ ਭਾਰਤ ਏ ਦੇ ਕੋਚ ਰਾਹੁਲ ਦ੍ਰਵਿੜ ਅਤੇ ਆਪਣੇ ਬਚਪਨ ਦੇ ਕੋਚ ਤਾਰਕ ਸਿਨਹਾ ਨੂੰ ਦਿੱਤਾ। ਉਨ੍ਹਾਂ ਕਿਹਾ, ''ਮੈਂ ਸਿਫਰ ਨਾਲ ਸ਼ੁਰੁਆਤ ਕੀਤੀ ਸੀ ਪਰ ਜਦੋਂ ਤੁਸੀਂ ਸਖ਼ਤ ਮਿਹਨਤ ਨਾਲ ਆਪਣੇ ਟੀਚੇ ਵੱਲ ਵਧਦੇ ਹੋ ਤਾਂ ਉਸ ਨੂੰ ਹਾਸਲ ਕਰ ਲੈਂਦੇ ਹੋ। ਮੈਂ ਰਾਹੁਲ ਦ੍ਰਵਿੜ ਸਰ ਦਾ ਸ਼ੁਕਰਗੁਜ਼ਾਰ ਹਾਂ ਅਤੇ ਆਪਣੇ ਬਚਪਨ ਦੇ ਕੋਚ ਤਾਰਕ ਸਿਨਹਾ ਦਾ ਵੀ। ਉਨ੍ਹਾਂ ਨੇ ਮੇਰੀ ਜ਼ਿੰਦਗੀ 'ਚ ਹਰ ਕਦਮ 'ਤੇ ਮਦਦ ਕੀਤੀ ਹੈ।''
Asian Games : ਸਾਇਨਾ ਨੇ ਫਿਤ੍ਰਾਨੀ ਨੂੰ ਹਰਾ ਕੇ ਕੁਆਰਟਰ-ਫਾਈਨਲ 'ਚ ਕੀਤਾ ਪ੍ਰਵੇਸ਼
NEXT STORY