ਸਪੋਰਟਸ ਡੈਸਕ- ਆਰ. ਅਸ਼ਵਿਨ ਦੀ ਆਲਰਾਊਂਡ ਖੇਡ (1 ਵਿਕਟ ਤੇ ਅਜੇਤੂ 40 ਦੌੜਾਂ) ਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ (59) ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਰਾਜਸਥਾਨ ਰਾਇਲਜ਼ ਨੇ ਆਈ. ਪੀ.ਐੱਲ. ਲੀਗ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਦੂਜਾ ਸਥਾਨ ਪੱਕਾ ਕਰ ਲਿਆ। ਰਾਜਸਥਾਨ ਦੀ ਇਹ 14 ਮੈਚਾਂ ਵਿਚ 9ਵੀਂ ਜਿੱਤ ਹੈ। ਟੀਮ ਦੇ ਨਾਂ ਲਖਨਊ ਸੁਪਰ ਜਾਇੰਟਸ ਦੇ ਬਰਾਬਰ 18 ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ ਦੇ ਕਾਰਨ ਉਹ ਦੂਜੇ ਸਥਾਨ ’ਤੇ ਹੈ। ਚੇਨਈ ਦੀ ਟੀਮ 14 ਮੈਚਾਂ ਵਿਚੋਂ 10 ਹਾਰ ਜਾਣ ਦੇ ਕਾਰਨ 9ਵੇਂ ਸਥਾਨ ’ਤੇ ਹੈ।
ਤਜਰਬੇਕਾਰ ਮੋਇਨ ਅਲੀ ਦੀ 57 ਗੇਂਦਾਂ ਵਿਚ 93 ਦੌੜਾਂ ਦੀ ਪਾਰੀ ਦੇ ਦਮ ’ਤੇ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ’ਤੇ 150 ਦੌੜਾਂ ਬਣਾਈਆਂ। ਰਾਜਸਥਾਨ ਨੇ 19.4 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਚੇਨਈ ਦੀ ਇਹ ਲਗਾਤਾਰ ਤੀਜੀ ਹਾਰ ਹੈ। ਜਾਇਸਵਾਲ ਨੇ 44 ਗੇਂਦਾਂ ਵਿਚ 8 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਦੂਜੀ ਵਿਕਟ ਲਈ ਕਪਤਾਨ ਸੰਜੂ ਸੈਮਸਨ (15) ਨਾਲ 51 ਦੌੜਾਂ ਦੀ ਸਾਂਝੇਦਾਰੀ ਕਰ ਕੇ ਜਿੱਤ ਦੀ ਨੀਂਹ ਰੱਖੀ ਤਾਂ ਉੱਥੇ ਹੀ ‘ਮੈਨ ਆਫ ਦਿ ਮੈਚ’ ਅਸ਼ਵਿਨ ਨੇ 23 ਗੇਂਦਾਂ ਦੀ ਹਮਲਾਵਰ ਪਾਰੀ ਵਿਚ 2 ਚੌਕੇ ਤੇ 3 ਛੱਕੇ ਲਾਏ। ਉਸ ਨੇ ਰਿਆਨ ਪ੍ਰਾਗ (ਅਜੇਤੂ 10) ਦੇ ਨਾਲ 3.2 ਓਵਰਾਂ ਵਿਚ 39 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਟੀਮ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ :-ਤਾਲਿਬਾਨ ਦਾ ਫਰਮਾਨ : ਹੁਣ ਅਫਗਾਨਿਸਤਾਨ 'ਚ ਮੂੰਹ ਢਕ ਕੇ ਐਂਕਰਿੰਗ ਕਰਨਗੀਆਂ ਮਹਿਲਾਵਾਂ
ਇਸ ਤੋਂ ਪਹਿਲਾਂ ਮੋਇਨ ਨੇ ਦੂਜੀ ਵਿਕਟ ਲਈ ਡੇਵੋਨ ਕਾਨਵੇ (16) ਨਾਲ 83 ਦੌੜਾਂ ਦੀ ਸਾਂਝੇਦਾਰੀ ਕਰਨ ਤੋਂ ਬਾਅਦ ਮਹਿੰਦਰ ਸਿੰਘ ਧੋਨੀ (26) ਨਾਲ ਪੰਜਵੀਂ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ।ਮੋਇਨ ਨੇ ਆਪਣੀ ਪਾਰੀ ਵਿਚ 13 ਚੌਕੇ ਤੇ 3 ਛੱਕੇ ਲਾਏ। ਚੇਨਈ ਦੀ ਟੀਮ 6 ਓਵਰਾਂ ਤੋਂ ਬਾਅਦ ਇਕ ਵਿਕਟ ’ਤੇ 75 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਇਸ ਤੋਂ ਬਾਅਦ ਯੁਜਵੇਂਦਰ ਚਾਹਲ (26 ਦੌੜਾਂ ’ਤੇ 2 ਵਿਕਟਾਂ), ਓਬੇਦ ਮੈਕਾਏ (20 ਦੌੜਾਂ ’ਤੇ 2 ਵਿਕਟਾਂ) ਤੇ ਆਰ. ਅਸ਼ਵਿਨ (28 ਦੌੜਾਂ ’ਤੇ 1 ਵਿਕਟ) ਦੀ ਅਗਵਾਈ ਵਿਚ ਗੇਂਦਬਾਜ਼ਾਂ ਨੇ ਚੇਨਈ ਦੀ ਰਨ ਰੇਟ ’ਤੇ ਸ਼ਿਕੰਜਾ ਕੱਸ ਦਿੱਤਾ। ਪਹਿਲਾਂ ਗੇਂਦਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਟ੍ਰੇਂਟ ਬੋਲਟ (44 ਦੌੜਾਂ ’ਤੇ 1 ਵਿਕਟ) ਟ੍ਰੇਂਟ ਬੋਲਟ (44 ਦੌੜਾਂ ’ਤੇ ਇਕ ਵਿਕਟ) ਨੇ ਪਹਿਲੇ ਓਵਰ ਵਿਚ ਹੀ ਰਿਤੂਰਾਜ ਗਾਇਕਵਾੜ (2) ਨੂੰ ਵਿਕਟਕੀਪਰ ਕਪਤਾਨ ਸੰਜੂ ਸੈਮਸਨ ਦੇ ਹੱਥੋਂ ਕੈਚ ਕਰਵਾਇਆ। ਇਸ ਝਟਕੇ ਦਾ ਹਾਲਾਂਕਿ ਚੇਨਈ ’ਤੇ ਕੋਈ ਅਸਰ ਨਹੀਂ ਪਿਆ। ਤੀਜੇ ਓਵਚ ਵਿਚ ਬੋਲਟ ਦੀ ਗੇਂਦ ਕਾਨਵੇ ਦੇ ਬੱਲੇ ਦਾ ਉਪਰਲਾ ਕਿਨਾਰਾ ਛੂਹ ਲੈਣ ਤੋਂ ਬਾਅਦ ਛੱਕੇ ਲਈ ਚਲੀ ਗਈ ਤੇ ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਚੌਕਾ ਲਾਇਆ। ਮੋਇਨ ਅਲੀ ਨੇ ਇਸ ਤੋਂ ਬਾਅਦ ਪਾਵਰ ਪਲੇਅ ਵਿਚ ਬਾਊਂਡਰੀ ਦੀ ਝੜੀ ਲਾ ਦਿੱਤੀ। ਉਸਨੇ ਪ੍ਰਸਿੱਧ ਕ੍ਰਿਸ਼ਣਾ ਵਿਰੁੱਧ ਚੌਥੇ ਓਵਰ ਵਿਚ ਚਾਰ ਚੌਕੇ ਤੇ ਇਕ ਛੱਕਾ, ਪੰਜਵੇਂ ਓਵਰ ਵਿਚ ਅਸ਼ਵਿਨ ਵਿਰੁੱਧ ਦੋ ਚੌਕੇ ਤੇ ਇਕ ਛੱਕਾ ਤੇ ਛੇਵੇਂ ਓਵਰ ਵਿਚ ਬੋਲਟ ਵਿਰੁੱਧ ਪੰਜ ਚੌਕੇ ਤੇ ਇਕ ਛੱਕਾ ਲਾਇਆ। ਇਸ ਦੌਰਾਨ ਉਸ ਨੇ 19 ਗੇਂਦਾਂ ਵਿਚ ਅਪਾਣਾ ਅਰਧ ਸੈਂਕੜਾ ਪੂਰਾ ਕੀਤਾ, ਜਿਹੜਾ ਇਸ ਆਈ. ਪੀ.ਐੱਲ. ਸੈਸ਼ਨ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ।
ਇਹ ਵੀ ਪੜ੍ਹੋ :- ਯੂਰਪ 'ਚ ਮੰਕੀਪਾਕਸ ਦਾ ਕਹਿਰ, ਸਪੇਨ 'ਚ 7 ਮਾਮਲੇ ਆਏ ਸਾਹਮਣੇ
ਚੇਨਈ ਦੀ ਟੀਮ ਨੇ ਪਾਵਰਪਲੇਅ ਵਿਚ ਇਕ ਵਿਕਟ ਦੇ ਨੁਕਸਾਨ ’ਤੇ 75 ਦੌੜਾਂ ਬਣਾਈਆਂ। ਟੀਮ ਵਿਚ ਵਾਪਸੀ ਕਰਨ ਵਾਲਾ ਅੰਬਾਤੀ ਰਾਇਡੂ (3) ਦੌੜਾਂ ਬਣਾ ਕੇ ਚਲਦਾ ਬਣਿਆ। ਇਸ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੈਮਸਨ ਨੇ ਦੋ ਜੀਵਨਦਾਨ ਦਿੱਤੇ। ਮੋਇਨ ਅਲੀ ਨੇ 18ਵੇਂ ਓਵਰ ਵਿਚ ਕਕ੍ਰਿਸ਼ਣਾ ਦਾ ਸਵਾਗਤ ਛੱਕੇ ਨਾਲ ਕੀਤਾ ਤੇ ਫਿਰ 19ਵੇਂ ਓਵਰ ਵਿਚ ਚਾਹਲ ਦੀ ਪਹਿਲੀ ਗੇਂਦ ’ਤੇ ਚੌਕਾ ਲਾਇਆ। ਇਸੇ ਓਵਰ ਦੀ ਆਖਰੀ ਗੇਂਦ ’ਤੇ ਬਾਊਂਡਰੀ ਲਾਉਣ ਦੇ ਚੱਕਰ ਵਿਚ ਧੋਨੀ ਨੇ ਬਟਲਰ ਨੂੰ ਕੈਚ ਦੇ ਦਿੱਤਾ। ਆਖਰੀ ਓਵਰ ਦੀ ਪਹਿਲੀ ਗੇਂਦ ’ਤੇ ਮੈਕਾਏ ਨੇ ਮੋਇਨ ਦੀ ਸ਼ਾਨਦਾਰ ਪਾਰੀ ਦਾ ਅੰਤ ਕੀਤ। ਇਸ ਓਵਰ ਵਿਚ ਚੇਨਈ ਦੀ ਟੀਮ ਸਿਰਫ 4 ਦੌੜਾਂ ਹੀ ਬਣਾ ਸਕੀ।
ਦੋਵਾਂ ਟੀਮਾਂ ਦੀਆਂ ਪਲੇਇੰਗ ਇਲੈਵਨ :-
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡੀਕੱਲ, ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਨਾ, ਯੁਜਵੇਂਦਰ ਚਾਹਲ, ਓਬੇਦ ਮੈਕਕੋਏ
ਚੇਨਈ ਸੁਪਰ ਕਿੰਗਜ਼ : ਰਿਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਮੋਈਨ ਅਲੀ, ਅੰਬਾਤੀ ਰਾਇਡੂ, ਐੱਨ ਜਗਦੀਸਨ, ਐਮ. ਐਸ. ਧੋਨੀ (ਵਿਕਟਕੀਪਰ/ਕਪਤਾਨ), ਮਿਸ਼ੇਲ ਸੈਂਟਨਰ, ਪ੍ਰਸ਼ਾਂਤ ਸੋਲੰਕੀ, ਸਿਮਰਜੀਤ ਸਿੰਘ, ਮਤੀਸ਼ਾ ਪਥੀਰਾਨਾ, ਮੁਕੇਸ਼ ਚੌਧਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
IPL 2022 ਦੇ ਫਾਈਨਲ ਮੈਚ ਦੀ ਸਭ ਤੋਂ ਸਸਤੀ ਟਿਕਟ 800 ਰੁਪਏ 'ਚ, ਜਾਣੋ ਸਭ ਤੋਂ ਮਹਿੰਗੀ ਟਿਕਟ ਦੀ ਕੀਮਤ ਬਾਰੇ
NEXT STORY