ਆਬੂਧਾਬੀ– ਨੌਜਵਾਨ ਬੱਲੇਬਾਜ਼ ਟ੍ਰਿਸਟਨ ਸਟੱਬਸ ਦੇ ਕਰੀਅਰ ਦੇ ਪਹਿਲੇ ਸੈਂਕੜੇ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੱਖਣੀ ਅਫਰੀਕਾ ਨੇ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਆਇਰਲੈਂਡ ਨੂੰ 174 ਦੌੜਾਂ ਨਾਲ ਕਰਾਰੀ ਹਾਰ ਦੇ ਕੇ 3 ਮੈਚਾਂ ਦੀ ਲੜੀ ਵਿਚ 2-0 ਨਾਲ ਅਜੇਤੂ ਬੜ੍ਹਤ ਹਾਸਲ ਕੀਤੀ। ਆਇਰਲੈਂਡ ਨੇ ਇਸ ਤੋਂ ਪਹਿਲਾਂ ਟੀ-20 ਲੜੀ ਬਰਾਬਰ ਕੀਤੀ ਸੀ ਪਰ ਵਨ ਡੇ ਵਿਚ ਉਸਦੀ ਇਕ ਨਹੀਂ ਚੱਲੀ।
ਆਪਣਾ 6ਵਾਂ ਵਨ ਡੇ ਮੈਚ ਖੇਡ ਰਹੇ 24 ਸਾਲਾ ਸਟੱਬਸ ਨੇ 81 ਗੇਂਦਾਂ ’ਤੇ ਅਜੇਤੂ 112 ਦੌੜਾਂ ਬਣਾਈਆਂ, ਜਿਸ ਵਿਚ 8 ਚੌਕੇ ਤੇ 3 ਛੱਕੇ ਸ਼ਾਮਲ ਹਨ। ਉਸਦੀ ਇਸ ਸ਼ਾਨਦਾਰ ਪਾਰੀ ਨਾਲ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ’ਤੇ 343 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸਦੇ ਜਵਾਬ ਵਿਚ ਆਇਰਲੈਂਡ ਦੀ ਟੀਮ 30.3 ਓਵਰਾਂ ਵਿਚ 169 ਦੌੜਾਂ ’ਤੇ ਆਊਟ ਹੋ ਗਈ। ਉਸ ਵੱਲੋਂ 11ਵੇਂ ਨੰਬਰ ਦੇ ਬੱਲੇਬਾਜ਼ ਕ੍ਰੇਗ ਯੰਗ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਵੱਲੋਂ ਮੱਧ ਗਤੀ ਦਾ ਗੇਂਦਬਾਜ਼ ਲਿਜ਼ਾਦ ਵਿਲੀਅਮਸ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 36 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫਰੀਕਾ ਦੇ ਹਰੇਕ ਗੇਂਦਬਾਜ਼ ਨੇ ਘੱਟ ਤੋਂ ਘੱਟ ਇਕ ਵਿਕਟ ਜ਼ਰੂਰ ਲਈ।
ਦੱਖਣੀ ਅਫਰੀਕਾ ਦੀ ਪਾਰੀ ਦਾ ਖਿੱਚ ਦਾ ਕੇਂਦਰ ਸਟੱਬਸ ਦਾ ਸ਼ਾਨਦਾਰ ਸੈਂਕੜਾ ਰਿਹਾ ਪਰ ਉਸਦੇ ਹੋਰ ਬੱਲੇਬਾਜ਼ਾਂ ਨੇ ਵੀ ਉਪਯੋਗੀ ਯੋਗਦਾਨ ਦਿੱਤਾ। ਕਪਤਾਨ ਤੇਂਬਾ ਬਾਵੂਮਾ ਨੇ ਸੱਜੀ ਕੂਹਣੀ ਵਿਚ ਸੱਟ ਲੱਗਣ ਕਾਰਨ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ 35 ਦੌੜਾਂ ਬਣਾਈਆਂ। ਉਹ ਇਸ ਤੋਂ ਬਾਅਦ ਮੈਦਾਨ ’ਤੇ ਨਹੀਂ ਉਤਰਿਆ ਤੇ ਉਸਦੀ ਜਗ੍ਹਾ ਰਾਸੀ ਵਾਨ ਡੇਰ ਡੂਸੇਨ ਨੇ ਟੀਮ ਦੀ ਕਮਾਨ ਸੰਭਾਲੀ। ਵਾਨ ਡੇਰ ਡੂਸੇਨ ਦੀਆਂ 35 ਤੇ ਰਿਆਨ ਰਿਕੇਲਟਨ ਦੀਆਂ 40 ਦੌੜਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਚੰਗੀ ਸਥਿਤੀ ਵਿਚ ਸੀ।ਇਸ ਤੋਂ ਬਾਅਦ ਸਟੱਬਸ ਨੇ ਜ਼ਿੰਮੇਵਾਰੀ ਸੰਭਾਲੀ। ਉਸ ਨੂੰ ਕਾਇਲ ਵੇਰੇਨ (67) ਤੇ ਰਿਆਨ ਮੂਲਡਰ (43) ਦਾ ਚੰਗਾ ਸਾਥ ਮਿਲਿਆ। ਦੱਖਣੀ ਅਫਰੀਕਾ ਨੇ ਬੁੱਧਵਾਰ ਨੂੰ ਪਹਿਲਾ ਮੈਚ 139 ਦੌੜਾਂ ਨਾਲ ਜਿੱਤਿਆ ਸੀ। ਲੜੀ ਦਾ ਤੀਜਾ ਤੇ ਆਖਰੀ ਮੈਚ ਸੋਮਵਾਰ ਨੂੰ ਖੇਡਿਆ ਜਾਵੇਗਾ।
Women CWC 2024 : ਭਾਰਤ ਦਾ ਸਾਹਮਣਾ ਅੱਜ ਪਾਕਿਸਤਾਨ ਨਾਲ, ਮੈਚ ਤੋਂ ਪਹਿਲਾਂ ਜਾਣੋ ਇਹ ਖਾਸ ਗੱਲਾਂ
NEXT STORY