ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਗਾਤਾਰ ਦੂਜੀ ਵਾਰੀ ਦੇਸ਼ ਦੇ ਸਭ ਤੋਂ ਮਹਿੰਗੇ ਸੇਲਿਬ੍ਰਿਟੀ ਬ੍ਰਾਂਡ ਬਣ ਗਏ ਹਨ। ਦੁਨੀਆ ਦੇ ਮਸ਼ਹੂਰ ਮੁੱਕੇਬਾਜ਼ ਫਲਾਈਡ ਮੇਵੇਦਰ ਨੇ 144 ਕਰੋੜ ਦੇ ਹੀਰਿਆਂ ਦੀਆਂ 41 ਘੜੀਆਂ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਬ੍ਰਾਂਡ ਵੈਲਿਊ 'ਚ ਵਿਰਾਟ ਕੋਹਲੀ ਚੋਟੀ 'ਤੇ, ਦੀਪਿਕਾ-ਸ਼ਾਹਰੁਖ ਪੱਛੜੇ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਭ ਤੋਂ ਵੱਧ ਬ੍ਰਾਂਡ ਵੈਲਿਊ ਵਾਲੀਆਂ ਭਾਰਤੀ ਸ਼ਖਸੀਅਤਾਂ ਦੀ ਸੂਚੀ 'ਚ ਲਗਾਤਾਰ ਦੂਜੇ ਸਾਲ ਚੋਟੀ 'ਤੇ ਕਾਬਜ਼ ਹਨ। 2018 'ਚ ਉਨ੍ਹਾਂ ਦੀ ਬ੍ਰਾਂਡ ਵੈਲਿਊ 18 ਫੀਸਦੀ ਚੜ੍ਹ ਕੇ 17.09 ਕਰੋੜ ਡਾਲਰ ਹੋ ਗਈ।
ਟਾਪ 10 ਸ਼ਖਸੀਅਤਾਂ 'ਚ ਸ਼ਾਮਲ ਸ਼ਾਹਰੁਖ ਖਾਨ ਇਸ ਵਾਰ ਪੰਜਵੇਂ ਸਥਾਨ 'ਤੇ ਰਹੇ। ਇਸ ਤੋਂ ਪਹਿਲਾਂ ਉਹ ਦੂਜੇ ਸਥਾਨ 'ਤੇ ਸਨ। ਸੰਸਾਰਿਕ ਮੁਲਾਂਕਣ ਨਾਲ ਜੁੜੀ ਕੰਪਨੀ ਡਫ ਐਂਡ ਫੇਲਪਸ ਨੇ ਭਾਰਤ ਦੇ ਸਭ ਤੋਂ ਜ਼ਿਆਦਾ ਬ੍ਰਾਂਡ ਵੈਲਿਊ ਵਾਲੇ ਲੋਕਾਂ ਦੀ ਆਪਣੀ ਸੂਚੀ ਦੇ ਚੌਥੇ ਸੈਸ਼ਨ 'ਚ ਦੱਸਿਆ ਕਿ ਕੋਹਲੀ ਨੇ ਨਵੰਬਰ 2018 ਤੱਕ 24 ਬ੍ਰਾਂਡਾਂ ਦਾ ਪ੍ਰਚਾਰ ਕੀਤਾ। ਉਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਨੰਬਰ ਆਉਂਦਾ ਹੈ। ਉਸਦੀ ਬ੍ਰਾਂਡ ਵੈਲਿਊ 10.25 ਕਰੋੜ ਡਾਲਰ ਮੰਨੀ ਗਈ ਹੈ। ਕੋਹਲੀ ਅਤੇ ਦੀਪਿਕਾ ਹੀ ਅਜਿਹੀਆਂ ਦੋ ਭਾਰਤੀ ਸ਼ਖਸੀਅਤਾਂ ਹਨ, ਜਿਨ੍ਹਾਂ ਦੀ ਬ੍ਰਾਂਡ ਵੈਲਿਊ 10 ਕਰੋੜ ਡਾਲਰ ਤੋਂ ਉੱਪਰ ਰਹੀ।
ਰੋਨਾਲਡੋ ਦੇ ਨਾਲ ਦੁਬਈ ਟੂਰ 'ਤੇ ਗਈ ਗਰਲਫ੍ਰੈਂਡ ਜਾਰਜਿਨਾ ਦੀ ਬੈਲਫੀ ਆਈ ਚਰਚਾ 'ਚ

ਪੁਰਤਗਾਲ ਦਾ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇਨ੍ਹੀਂ ਦਿਨੀਂ ਗਰਲਫ੍ਰੈਂਡ ਜਾਰਜਿਨਾ ਰੋਡ੍ਰਿਗਜ਼ ਦੇ ਨਾਲ ਮੁੰਬਈ ਟੂਰ 'ਤੇ ਹੈ। ਇਸੇ ਟੂਰ ਦੌਰਾਨ ਜਾਰਜਿਨਾ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਈ ਗਈ ਬੈਲਫੀ (ਮੋਬਾਇਲ ਨਾਲ ਸ਼ੀਸ਼ੇ ਦੇ ਸਾਹਮਣੇ ਲਈ ਗਈ ਸਰੀਰ ਦੇ ਉਭਾਰ ਦਿਖਾਉਂਦੀ ਫੋਟੋ) ਸੋਸ਼ਲ ਸਾਈਟਸ 'ਤੇ ਚਰਚਾ ਦਾ ਕੇਂਦਰ ਬਣੀ ਹੋਈ ਹੈ। ਉਕਤ ਫੋਟੋ ਵਿਚ ਜਾਰਜਿਨਾ ਇਕ ਆਲੀਸ਼ਾਨ ਫਲੈਟ ਵਿਚ ਬਣੇ ਸਵਿਮਿੰਗ ਪੂਲ ਕੋਲ ਖੜ੍ਹੀ ਸ਼ੀਸ਼ੇ ਵਿਚ ਉਕਤ ਫੋਟੋ ਲੈਂਦੀ ਦਿਸਦੀ ਹੈ। ਉਨ੍ਹਾਂ ਦੇ ਪਿੱਛੇ ਹੀ ਰੋਨਾਲਡੋ ਬੈਠਾ ਹੈ, ਜੋ ਉਸ ਵੱਲ ਵੇਖ ਰਿਹਾ ਹੈ। ਫੋਟੋ 'ਚ ਕੈਪਸ਼ਨ ਹੈ-ਗੁੱਡ ਮਾਰਨਿੰਗ। ਜਾਰਜਿਨਾ ਵਲੋਂ ਪਾਈ ਗਈ ਇਹ ਫੋਟੋ ਸੋਸ਼ਲ ਸਾਈਟਸ 'ਤੇ ਇੰਨੀ ਹਿੱਟ ਹੋਈ ਕਿ ਇਸ ਨੂੰ ਪਹਿਲੇ 6 ਘੰਟਿਆਂ ਵਿਚ ਹੀ ਲਗਭਗ 11 ਲੱਖ ਲਾਈਕ ਆ ਗਏ।ਲਗਭਗ 8.8 ਮਿਲੀਅਨ ਫਾਲੋਅਰਜ਼ ਵਾਲੀ ਜਾਰਜਿਨਾ ਨੇ ਇਸ ਤੋਂ ਇਕ ਦਿਨ ਪਹਿਲਾਂ ਵੀ ਬੈੱਡਰੂਮ 'ਚੋਂ ਆਪਣੀ ਬੈਲਫੀ ਪਾਈ ਸੀ।
ਆਸਟਰੇਲੀਆ ਦਾ ਭਾਰਤ ਦੌਰਾ 24 ਫਰਵਰੀ ਤੋਂ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ

ਬੀ.ਸੀ.ਸੀ.ਆਈ. ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਆਸਟਰੇਲੀਆ ਦੇ ਭਾਰਤ 'ਚ ਸੀਮਿਤ ਓਵਰ ਦੌਰੇ ਦੇ ਪਹਿਲੇ ਮੈਚ ਦੀ ਮੇਜ਼ਬਾਨੀ ਬੈਂਗਲੁਰੂ ਕਰੇਗਾ ਜਿਸ 'ਚ 24 ਫਰਵਰੀ ਨੂੰ ਟੀ-20 ਕੌਮਾਂਤਰੀ ਮੈਚ ਖੇਡਿਆ ਜਾਵੇਗਾ। ਦੂਜਾ ਟੀ-20 ਕੌਮਾਂਤਰੀ ਮੈਚ 27 ਫਰਵਰੀ ਨੂੰ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਵਨ ਡੇ ਮੈਚ ਹੋਣਗੇ। ਪਹਿਲਾ ਵਨ ਡੇ 2 ਮਾਰਚ ਨੂੰ ਹੈਦਰਾਬਾਦ 'ਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪੰਜ ਮਾਰਚ ਨੂੰ ਨਾਗਪੁਰ 'ਚ, ਅੱਠ ਮਾਰਚ ਨੂੰ ਰਾਂਚੀ 'ਚ, 10 ਮਾਰਚ 'ਚ ਮੋਹਾਲੀ 'ਚ ਅਤੇ 13 ਮਾਰਚ ਨੂੰ ਦਿੱਲੀ 'ਚ ਵਨ ਡੇ ਖੇਡੇ ਜਾਣਗੇ। ਬੀ.ਸੀ.ਸੀ.ਆਈ. ਦੇ ਬਿਆਨ ਮੁਤਾਬਕ ਦੋਵੇਂ ਟੀ-20 ਕੌਮਾਂਤਰੀ ਮੈਚ ਰਾਤ ਦੇ ਮੈਚ ਹੋਣਗੇ ਜੋ ਸ਼ਾਮ 7 ਵਜੇ ਤੋਂ ਸ਼ੁਰੂ ਹਓਣਗੇ। ਜਦਕਿ ਪੰਜ ਵਨ ਡੇ ਦਿਨ-ਰਾਤ ਦੇ ਹੋਣਗੇ ਜੋ ਦੁਪਹਿਰ 1 ਵਜ ਕੇ 30 ਮਿੰਟ 'ਚ ਸ਼ੁਰੂ ਹੋਣਗੇ। ਆਸਟਰੇਲੀਆ ਲਈ ਇਹ ਵਿਸ਼ਵ ਕੱਪ ਤੋਂ ਪਹਿਲਾਂ ਅੰਤਿਮ ਕੌਮਾਂਤਰੀ ਦੌਰਾ ਹੋਵੇਗਾ। ਵਿਸ਼ਵ ਕੱਪ ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋਵੇਗਾ। ਭਾਰਤ ਇਸ ਸੀਰੀਜ਼ ਦੇ ਬਾਅਦ ਜ਼ਿੰਬਾਬਵੇ ਨਾਲ ਇਕ ਘਰੇਲੂ ਸੀਰੀਜ਼ ਖੇਡੇਗਾ ਜਿਸ ਤੋਂ ਬਾਅਦ ਖਿਡਾਰੀ ਵਿਸ਼ਵ ਕੱਪ ਤੋਂ ਪਹਿਲਾਂ ਆਈ.ਪੀ.ਐੱਲ. 'ਚ ਹਿੱਸਾ ਲੈਣਗੇ।
ਕੈਚ ਦੇ ਚੱਕਰ 'ਚ ਗੇਂਦ ਲੱਗੀ ਮੱਥੇ 'ਤੇ

ਕ੍ਰਿਕਟ ਖੇਡਣਾ ਕੋਈ ਆਸਾਨ ਨਹੀਂ ਹੈ। ਇਹ ਜਿੰਨਾ ਵਧੀਆ ਲੱਗਦਾ ਹੈ, ਮੈਦਾਨ ਦੇ ਅੰਦਰ ਖਿਡਾਰੀਆਂ ਦੇ ਲਈ ਕਈ ਵਾਰ ਉਨ੍ਹਾ ਹੀ ਖਤਰਨਾਕ ਸਾਬਤ ਹੁੰਦਾ ਹੈ। ਇਸ ਦੀ ਉਦਾਹਰਨ ਬਿਗ ਬੈਸ਼ ਲੀਗ ਦੇ 26ਵੇਂ ਮੁਕਾਬਲੇ 'ਚ ਦੇਖਣ ਨੂੰ ਮਿਲਿਆ, ਜੋ ਬ੍ਰਿਸਬੇਨ ਹੀਟ ਤੇ ਮੈਲਬੋਰਨ ਰੇਨੇਗੇਡਸ ਦੇ ਵਿਚਾਲੇ ਹੋਇਆ। ਇਸ ਦੌਰਾਨ ਇਕ ਫੀਲਡਰ ਦੇ ਮੱਥੇ 'ਤੇ ਗੇਂਦ ਲੱਗੀ ਜਿਸ ਤੋਂ ਬਾਅਦ ਖੂਨ ਨਿਕਲਦੇ ਦੇਖ ਸਾਥੀ ਖਿਡਾਰੀ ਡਰ ਗਏ।
ਮੁੱਕੇਬਾਜ਼ ਮੇਦੇਵਰ ਨੇ ਦਿਖਾਈਆਂ 144 ਕਰੋੜ ਰੁਪਏ ਦੇ ਹੀਰਿਆਂ ਦੀਆਂ 41 ਘੜੀਆਂ

ਮਹਿੰਗੀ ਤੋਂ ਮਹਿੰਗੀ ਘੜੀਆਂ ਰੱਖਣ ਦੇ ਸ਼ੌਕੀਨ ਮੁੱਕੇਬਾਜ਼ ਫਲਾਈਡ ਮੇਵੇਦਰ ਨੇ ਆਖਿਰਕਾਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰ ਫੈਨਸ ਨੂੰ ਦਿਖਾ ਹੀ ਦਿੱਤਾ। 41 ਸਾਲ ਦੇ ਮੇਵੇਦਰ ਜਿਨ੍ਹਾਂ ਨੇ ਜਾਪਾਨ 'ਚ ਨਵੇਂ ਸਾਲ ਤੋਂ ਪਹਿਲਾਂ ਹੋਈ ਫਾਈਟ ਦੇ ਦੌਰਾਨ ਰਿਕਾਰਡ 67 ਮਿਲੀਅਨ ਡਾਲਰ ਕਮਾਉਣ ਦਾ ਦਾਵਾ ਕੀਤਾ ਸੀ, ਨਵੀਂ ਵੀਡੀਓ 'ਚ ਕਿਹਾ ਕਿ ਜੇਕਰ ਉਹ ਛੁੱਟੀਆਂ 'ਤੇ 30 ਦਿਨ ਦੇ ਲਈ ਜਾਂਦੇ ਹਨ ਤਾਂ ਉਹ ਆਪਣੇ ਨਾਲ ਹਰ ਦਿਨ ਦੇ ਲਈ ਇਕ ਘੜੀ ਲੈ ਕੇ ਜਾਂਦੇ ਹਨ।
ਹਾਰਦਿਕ-ਰਾਹੁਲ 'ਤੇ ਦੋ ਮੈਚਾਂ ਦੀ ਪਾਬੰਦੀ ਦੀ ਸਿਫਾਰਿਸ਼

ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਤੇ ਲੋਕੇਸ਼ ਰਾਹੁਲ 'ਕਾਫੀ ਵਿਦ ਕਰਨ' ਉੱਤੇ ਦਿੱਤੇ ਗਏ ਆਪਣੇ ਵਿਵਾਦਪੂਰਨ ਬਿਆਨ ਤੋਂ ਬਾਅਦ ਘਿਰਦੇ ਜਾ ਰਹੇ ਹਨ ਤੇ ਹੁਣ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਦੇ ਮੁਖੀ ਵਿਨੋਦ ਰਾਏ ਨੇ ਦੋਵਾਂ ਕ੍ਰਿਕਟਰਾਂ ਨੂੰ ਦੋ ਮੈਚਾਂ ਲਈ ਪਾਬੰਦੀਸ਼ੁਦਾ ਕੀਤੇ ਜਾਣ ਦੀ ਸਿਫਾਰਿਸ਼ ਕਰ ਦਿੱਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਸੰਚਾਲਨ ਕਰ ਰਹੀ ਸੀ. ਓ. ਏ. ਦੇ ਮੁਖੀ ਰਾਏ ਨੇ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨੂੰ ਇਕ ਈ-ਮੇਲ ਭੇਜ ਕੇ ਹਾਰਦਿਕ ਤੇ ਰਾਹੁਲ 'ਤੇ ਦੋ ਮੈਚਾਂ ਦੀ ਪਾਬੰਦੀ ਲਾਉਣ ਦੀ ਸਿਫਾਰਿਸ਼ ਕੀਤੀ ਹੈ।
ਹਰਭਜਨ ਨੂੰ ਅਸ਼ਵਿਨ 'ਤੇ ਟਿੱਪਣੀ ਕਰਨ 'ਤੇ ਸਾਬਕਾ ਭਾਰਤੀ ਦਿੱਗਜ ਨੇ ਲਿਆ ਲੰਮੇ ਹੱਥੀਂ

ਭਾਰਤ ਦੇ ਸਾਬਕਾ ਵਿਕਟਕੀਪਰ ਫਾਰੁਖ ਇੰਜੀਨੀਅਰ ਨੇ ਰਵੀਚੰਦਰਨ ਅਸ਼ਵਿਨ ਦੇ ਆਸਟਰੇਲੀਆ 'ਤੇ ਹਾਲ 'ਚ ਮਿਲੀ ਟੈਸਟ ਸੀਰੀਜ਼ 'ਚ ਜਿੱਤ ਦੇ ਦੌਰਾਨ ਪ੍ਰਦਰਸ਼ਨ ਦੀ ਆਲੋਚਨਾਤਮਕ ਟਿੱਪਣੀ ਕਰਨ ਲਈ ਸਾਬਕਾ ਟੈਸਟ ਆਫ ਸਪਿਨਰ ਹਰਭਜਨ ਸਿੰਘ ਦੀ ਆਲੋਚਨਾ ਕੀਤੀ। ਇੰਜੀਨੀਅਰ ਨੇ ਬੁੱਧਵਾਰ ਸ਼ਾਮ ਨੂੰ ਇੱਥੇ ਕ੍ਰਿਕਟ ਕਲੱਬ ਆਫ ਇੰਡੀਆ 'ਚ ਲੀਜੈਂਡਸ ਕਲੱਬ ਵੱਲੋਂ ਆਯੋਜਿਤ 'ਟਾਕ ਸ਼ੋਅ' ਦੇ ਦੌਰਾਨ ਕਿਹਾ, ''ਕੀ ਤੁਸੀਂ ਅਸ਼ਵਿਨ ਦੇ ਬਾਰੇ 'ਚ ਹਰਭਜਨ ਦੀ ਟਿੱਪਣੀ ਪੜ੍ਹੀ। ਉਹ ਉੱਥੇ ਸਹੀ ਨਹੀਂ ਸੀ। ਪਹਿਲਾ ਸਪਿਨਰ ਅਤੇ ਦੂਜਾ ਸਪਿਨਰ ਕੀ ਹੈ? ਸਪਿਨਰ ਸਪਿਨਰ ਹੀ ਹੈ।''
ਆਖਰੀ ਗੇਂਦ 'ਤੇ ਚਾਹੀਦੀਆਂ ਸਨ 6 ਦੌੜਾਂ, ਬਿਨ੍ਹਾਂ ਬੱਲਾ ਘੁੰਮਾਏ ਜਿੱਤਿਆ ਮੈਚ (ਵੀਡੀਓ)

ਕ੍ਰਿਕਟ ਦੇ ਮੈਦਾਨ 'ਤੇ ਇਕ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਮੁੰਬਈ ਦੇ ਆਦਰਸ਼ ਕ੍ਰਿਕਟ ਕਲੱਬ ਦੇ ਗਰਾਊਂਡ 'ਤੇ ਦੇਸਾਈ ਤੇ ਜੁਨੀ ਡੋਮਬੀਵਲੀ ਦੇ ਵਿਚਾਲੇ ਮੈਚ ਦੌਰਾਨ ਇਕ ਟੀਮ ਦੇ ਵਿਰੋਧੀ ਗੇਂਦਬਾਜ਼ ਦੀ ਗਲਤੀ ਦੀ ਵਜ੍ਹਾਂ ਕਾਰਨ ਇਕ ਗੇਂਦ 'ਤੇ ਬਿਨ੍ਹਾਂ ਆਪਣੇ ਬੱਲੇਬਾਜ਼ਾਂ ਦੇ ਸ਼ਾਟ ਲਗਾਏ 6 ਦੌੜਾਂ ਬਣਾ ਦਿੱਤੀਆਂ। ਗੇਂਦਬਾਜ਼ ਦੀ ਖਰਾਬ ਗੇਂਦਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਦੇ ਲਈ ਮੈਚ ਦੇ ਆਖਰੀ ਗੇਂਦ 'ਤੇ 6 ਦੌੜਾਂ ਦੀ ਜ਼ਰੂਰਤ ਸੀ ਪਰ ਉਸ ਟੀਮ ਨੇ ਜਿੱਤ ਦਰਜ ਕੀਤੀ ਫਿਰ ਵੀ ਮੈਚ 'ਚ ਇਕ ਗੇਂਦ ਕਰਵਾਈ ਜਾਣੀ ਬਾਕੀ ਸੀ। ਡੋਮਬੀਵਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੇਸਾਈ ਦੀ ਟੀਮ ਨੂੰ 76 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਦੇਸਾਈ ਟੀਮ ਨੂੰ ਆਖਰੀ ਗੇਂਦ 'ਤੇ 6 ਦੌੜਾਂ ਦੀ ਜ਼ਰੂਰਤ ਸੀ। ਆਖਰੀ ਓਵਰ 'ਚ ਡੋਮਬੀਵਲੀ ਦੇ ਗੇਂਦਬਾਜ਼ ਨੇ ਇਸ ਤਰ੍ਹਾਂ ਦਾ ਓਵਰ ਕਰਵਾਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਜੋਕੋਵਿਚ ਤੇ ਹਾਲੇਪ ਨੂੰ ਚੋਟੀ ਦਾ ਦਰਜਾ

ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਮਹਿਲਾ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਲਈ ਚੋਟੀ ਦਰਜਾ ਦਿੱਤਾ ਗਿਆ ਹੈ। 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਮਹਿਲਾਵਾਂ ਵਿਚ ਬਤੌਰ 16ਵਾਂ ਦਰਜਾ ਪ੍ਰਾਪਤ ਖਿਡਾਰੀ ਉਤਰੇਗੀ। ਪੁਰਸ਼ਾਂ ਵਿਚ ਜੋਕੋਵਿਚ ਨੂੰ ਚੋਟੀ ਦਰਜਾ ਮਿਲਿਆ ਹੈ, ਜਦਕਿ ਉਸ ਦਾ ਵਿਰੋਧੀ ਸਪੇਨ ਦਾ ਰਾਫੇਲ ਨਡਾਲ ਦੂਜਾ ਤੇ ਸਾਬਕਾ ਚੈਂਪੀਅਨ ਰੋਜਰ ਫੈਡਰਰ ਤੀਜਾ ਦਰਜਾ ਪ੍ਰਾਪਤ ਹੋਵੇਗਾ। ਜਰਮਨੀ ਦਾ ਅਲੈਕਸਾਂਦ੍ਰ ਜਵੇਰੇਵ ਚੌਥਾ ਦਰਜਾ ਪ੍ਰਾਪਤ ਖਿਡਾਰੀ ਹੋਵੇਗਾ ।
ਮੈਲਬੋਰਨ ਵਿਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਸਟਰੇਲੀਅਨ ਓਪਨ ਵਿਚ ਸਵਿਸ ਮਾਸਟਰ ਫੈਡਰਰ ਵੀ ਖਿਤਾਬ ਦਾ ਬਚਾਅ ਕਰਨ ਉਤਰੇਗਾ ਜਦਕਿ ਇਸ ਵਾਰ ਜਵੇਰੇਵ ਨੂੰ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ, ਜਿਸ ਨੂੰ ਹੁਣ ਏ. ਟੀ. ਪੀ. ਸਰਕਟ ਵਿਚ ਨਵੇਂ ਹੀਰੋ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਵਿਸ਼ਵ ਦਾ ਪੰਜਵੇਂ ਨੰਬਰ ਦਾ ਜੁਆਨ ਮਾਰਟਿਨ ਡੇਲ ਪੋਤ੍ਰੋ ਸੱਟ ਕਾਰਨ ਬਾਹਰ ਹੈ, ਇਸ ਲਈ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਪੰਜਵਾਂ ਦਰਜਾ ਮਿਲਿਆ ਹੈ, ਜਦਕਿ ਮਾਰਿਨ ਸਿਲਿਚ ਨੂੰ ਛੇਵਾਂ ਦਰਜਾ ਦਿੱਤਾ ਗਿਆ ਹੈ।
ਏ. ਆਈ. ਬੀ. ਏ. ਰੈਂਕਿੰਗ 'ਚ ਨੰਬਰ ਇਕ 'ਤੇ ਪਹੁੰਚੀ ਮੈਰੀਕਾਮ

'ਮੈਗਨੀਫਿਸ਼ੈਂਟ ਮੈਰੀ' ਦੇ ਨਾਂ ਨਾਲ ਮਸ਼ਹੂਰ ਭਾਰਤੀ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਪਿਛਲੇ ਸਾਲ ਛੇਵੇਂ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਦੀ ਬਦੌਲਤ ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਦੀ ਵਿਸ਼ਵ ਰੈਂਕਿੰਗ 'ਚ ਨੰਬਰ ਇਕ ਸਥਾਨ 'ਤੇ ਪਹੁੰਚ ਗਈ ਹੈ।
ਮਣੀਪੁਰ ਦੀ ਇਸ ਮੁੱਕੇਬਾਜ਼ ਨੇ ਪਿਛਲੇ ਸਾਲ ਨਵੰਬਰ ਵਿਚ ਦਿੱਲੀ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਦਿਆਂ 48 ਕਿ. ਗ੍ਰਾ. ਵਰਗ ਦਾ ਖਿਤਾਬ ਆਪਣੀ ਝੋਲੀ ਵਿਚ ਪਾਇਆ ਸੀ, ਜਿਸ ਨਾਲ ਉਹ ਟੂਰਨਾਮੈਂਟ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ। ਏ. ਆਈ. ਬੀ. ਏ. ਦੀ ਅਪਡੇਟ ਹੋਈ ਰੈਂਕਿੰਗ ਵਿਚ ਮੈਰੀਕਾਮ ਆਪਣੇ ਭਾਰ ਵਰਗ ਵਿਚ 1700 ਅੰਕ ਲੈ ਕੇ ਚੋਟੀ 'ਤੇ ਕਾਬਜ਼ ਹੈ। ਮੈਰੀਕਾਮ ਨੂੰ 2020 ਓਲੰਪਿਕ ਦਾ ਸੁਪਨਾ ਪੂਰਾ ਕਰਨ ਲਈ 51 ਕਿ. ਗ੍ਰਾ. ਭਾਰ ਵਰਗ ਵਿਚ ਖੇਡਣਾ ਪਵੇਗਾ ਕਿਉਂਕਿ 48 ਕਿ. ਗ੍ਰਾ. ਨੂੰ ਅਜੇ ਤਕ ਖੇਡਾਂ ਦੇ ਭਾਰ ਵਰਗ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਬਾਲੀਵੁੱਡ ਦੇ ਦਿੱਗਜਾਂ ਨੂੰ ਪਛਾੜ ਕੋਹਲੀ ਫਿਰ ਬਣੇ ਦੇਸ਼ ਦੇ ਸਭ ਤੋਂ ਮਹਿੰਗੇ ਸੇਲੇਬ੍ਰਿਟੀ ਬ੍ਰਾਂਡ
NEXT STORY