ਨਵੀਂ ਦਿੱਲੀ: ਦੁਨੀਆ ਦੀ ਦਿੱਗਜ਼ ਬੈਡਮਿੰਟਨ ਖਿਡਾਰਣਾਂ ’ਚ ਸ਼ੁਮਾਰ ਸਾਇਨਾ ਨੇਹਵਾਲ ਅੱਜ ਭਾਵ 17 ਮਾਰਚ 2021 ਨੂੰ ਆਪਣਾ 31ਵਾਂ ਜਨਮਦਿਨ ਮਨ੍ਹਾ ਰਹੀ ਹੈ। ਭਾਰਤ ਦੀ ਸਭ ਤੋਂ ਸਫ਼ਲ ਬੈਡਮਿੰਟਨ ਖਿਡਾਰਣਾਂ ’ਚੋਂ ਇਕ ਸਾਇਨਾ ਨੇ ਆਪਣੇ ਕੈਰੀਅਰ ’ਚ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਭਾਰਤ ਨੂੰ ਬੈਡਮਿੰਟਨ ’ਚ ਨਵੀਂ ਪਛਾਣ ਦਿਵਾਈ ਅਤੇ ਅੱਜ ਉਨ੍ਹਾਂ ਦੀ ਗਿਣਤੀ ਦੁਨੀਆ ਦੇ ਦਿੱਗਜ਼ਾਂ ’ਚ ਹੁੰਦੀ ਹੈ।
ਹਰਿਆਣਾ ਦੇ ਹਿਸਾਰ ’ਚ ਪੈਦਾ ਹੋਈ ਸਾਇਨਾ ਨੇ ਸਾਲ 2012 ’ਚ ਲੰਡਨ ’ਚ ਖੇਡੇ ਗਏ ਓਲੰਪਿਕ ਗੇਮਸ ’ਚ ਕਾਂਸੀ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਓਲੰਪਿਕ ’ਚ ਮਹਿਲਾ ਜਾਂ ਪੁਰਸ਼ ਦੇ ਕਿਸੇ ਵੀ ਵਰਗ ’ਚੋਂ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ। ਇਸ ਤੋਂ ਬਾਅਦ ਬੀਬੀਆਂ ਦੀ ਸਿੰਗਲ ਰੈਂਕਿੰਗਸ ’ਚ ਦੁਨੀਆ ਦੀ ਨੰਬਰ-1 ਖਿਡਾਰਣ ਵੀ ਬਣੀ।
ਦੇਸ਼ ’ਚ ਖੇਡ ਦਾ ਸਭ ਤੋਂ ਵੱਡਾ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਸਾਇਨਾ ਨੂੰ ਪਦਮਸ਼੍ਰੀ ਅਤੇ ਪਦਮਭੂਸ਼ਣ ਨਾਲ ਨਵਾਜਿਆ ਜਾ ਚੁੱਕਾ ਹੈ। ਉਹ ਅਰਜੁਨ ਐਵਾਰਡੀ ਵੀ ਰਹਿ ਚੁੱਕੀ ਹੈ।
ਸਾਇਨਾ ਦੇ ਪਿਤਾ ਹਰਵੀਰ ਸਿੰਘ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ’ਚ ਕਾਰਜਕਰਤਾ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਟਰਾਂਸਫਰ ਹੈਦਰਾਬਾਦ ’ਚ ਹੋ ਗਿਆ। ਹਰਵੀਰ ਵੀ ਬੈਡਮਿੰਟਨ ਖੇਡਦੇ ਸਨ। ਸਾਈਨਾ ਦੀ ਮਾਂ ਉਸ਼ਾ ਸਟੇਟ ਲੈਵਲ ਦੀ ਬੈਡਮਿੰਟਨ ਚੈਂਪੀਅਨ ਰਹੀ ਸੀ ਅਤੇ ਉਹ ਆਪਣੀ ਧੀ ਲਈ ਵੀ ਅਜਿਹਾ ਹੀ ਚਾਹੁੰਦੀ ਸੀ ਕਿ ਉਹ ਇਸ ਖੇਡ ’ਚ ਰਾਸ਼ਟਰੀ ਪੱਧਰ ’ਤੇ ਪਛਾਣ ਬਣਾਏ। ਹਾਲਾਂਕਿ ਸਾਈਨਾ ਨੇ ਨਾ ਸਿਰਫ਼ ਰਾਸ਼ਟਰੀ ਸਗੋਂ ਕੌਮਾਂਤਰੀ ਪੱਧਰ ’ਤੇ ਝੰਡਾ ਲਹਿਰਾਇਆ ਅਤੇ ਮਾਂ ਦਾ ਸੁਫ਼ਨਾ ਵੀ ਪੂਰਾ ਕੀਤਾ।
ਸਾਇਨਾ ਨੇ ਭਾਰਤੀ ਬੈਡਮਿੰਟਨ ’ਚ ਕਈ ਮੈਡਲ ਜਿੱਤੇ। ਉਹ ਆਲ ਇੰਡੀਅਨ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਵਾਲੀ ਇਕੋ ਇਕ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਹੈ। ਸਾਲ 2006 ’ਚ ਸਾਇਨਾ ਨੇ ਅੰਡਰ-16 ਦਾ ਨੈਸ਼ਨਲ ਖਿਤਾਬ ਆਪਣੇ ਨਾਂ ਕੀਤਾ। 2008 ’ਚ ਵਰਲ਼ਡ ਜੂਨੀਅਰ ਦਾ ਟਾਈਟਲ ਜਿੱਤ ਕੇ ਰਿਕਾਰਡ ਬਣਾਇਆ।
ਸਾਲ 2009 ’ਚ ਬੀ.ਡਬਲਿਊ.ਐੱਫ. ਸੁਪਰ ਸੀਰੀਜ਼ ਦਾ ਟਾਈਟਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਣ ਸਾਇਨਾ ਨੇ ਅਗਲੇ ਸਾਲ ਕਾਮਨਵੈਲਥ ਗੇਮਸ ’ਚ ਮਹਿਲਾ ਸਿੰਗਲਸ ਦਾ ਗੋਲਡ ਮੈਡਲ ਆਪਣੇ ਨਾਂ ਕੀਤਾ। ਫਿਰ ਦੋ ਸਾਲ ਬਾਅਦ ਕਮਾਲ ਕੀਤਾ ਅਤੇ ਓਲੰਪਿਕ ਦਾ ਕਾਂਸੀ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।
ਸਾਲ 2018 ’ਚ ਗੋਲਡ ਕੋਸਟ ਕਾਮਨਵੈਲਥ ਗੇਮਸ ’ਚ ਸਾਇਨਾ ਨੇ ਮਹਿਲਾ ਸਿੰਗਲਸ ਤੋਂ ਇਲਾਵਾ ਮਿਕਸਡ ਟੀਮ ਇਵੈਂਟ ’ਚ ਵੀ ਗੋਲਡ ਜਿੱਤਿਆ। ਉਨ੍ਹਾਂ ਨੇ ਹੁਣ ਤੱਕ ਆਪਣੇ ਕੈਰੀਅਰ ’ਚ 24 ਇੰਟਰਨੈਸ਼ਨਲ ਖਿਤਾਬ ਜਿੱਤੇ ਹਨ ਜਿਨ੍ਹਾਂ ’ਚੋਂ 11 ਸੁਪਰ ਸੀਰੀਜ਼ ਸ਼ਾਮਲ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
INDW vs RSAW : ਸਾਖ ਬਚਾਉਣ ਲਈ ਉਤਰੇਗੀ ਮਿਤਾਲੀ ਬ੍ਰਿਗੇਡ
NEXT STORY