ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ ਵਿਚ ਭਾਰਤ ਬਨਾਮ ਪਾਕਿਸਤਾਨ ਮੈਚ ਦੇ ਨੇੜੇ ਆਉਂਦੇ ਹੀ ਟਿਕਟਾਂ ਨੂੰ ਲੈ ਕੇ ਮਾਰਾਮਾਰੀ ਸ਼ੁਰੂ ਹੋ ਗਈ ਹੈ। ਭਾਰਤੀ ਟੀਮ ਨੇ ਐੱਮ. ਸੀ. ਜੀ. ਵਿਚ ਪਾਕਿਸਤਾਨ ਵਿਰੁੱਧ ਵਿਸ਼ਵ ਕੱਪ-2022 ਦਾ ਆਪਣਾ ਪਹਿਲਾ ਮੁਕਾਬਲਾ ਖੇਡਣਾ ਹੈ। ਇਸ ਮੈਚ ਦੀਆਂ ਟਿਕਟਾਂ 50 ਗੁਣਾ ਵੱਧ ਕੀਮਤ ’ਤੇ ਵਿਕ ਰਹੀਆਂ ਹਨ। ਆਈ. ਸੀ.ਸੀ. ਪਹਿਲਾਂ ਹੀ ਟੀ-20 ਵਿਸ਼ਵ ਕੱਪ ਦੇ ਸਾਰੇ ਮੈਚਾਂ ਲਈ 5 ਲੱਖ ਟਿਕਟਾਂ ਵੇਚ ਚੁੱਕਾ ਹੈ ਪਰ ਹੋਰ ਕਿਸੇ ਵੀ ਮੈਚ ਲਈ ਪ੍ਰਸ਼ੰਸਕ ਇੰਨੇ ਉਤਸ਼ਾਹਿਤ ਨਹੀਂ ਦਿਸ ਰਹੇ ਹਨ, ਜਿੰਨੇ ਭਾਰਤ ਬਨਾਮ ਪਾਕਿਸਤਾਨ ਮੈਚ ਲਈ ਹਨ।
ਆਈ. ਸੀ.ਸੀ. ਵੇਚ ਚੁੱਕਾ ਹੈ ਟੂਰਨਾਮੈਂਟ ਦੀਆਂ 5 ਲੱਖ ਟਿਕਟਾਂ
ਆਈ. ਸੀ. ਸੀ. ਦੀ ਵੈੱਬਸਾਇਟ ਨੇ ਬੀਤੇ ਦਿਨੀਂ ਹੀ ਭਾਰਤ ਬਨਾਮ ਪਾਕਿਸਤਾਨ ਮੈਚ ਦੀਆਂ ਟਿਕਟਾਂ ਸਿਰਫ 5 ਮਿੰਟ ’ਚ ਹੀ ਵੇਚ ਦਿੱਤੀਆਂ ਸਨ। ਹੁਣ ਆਸਟਰੇਲੀਆਈ ਮੀਡੀਆ ਖਬਰ ਦੇ ਰਿਹਾ ਹੈ ਕਿ ਕੁਝ ਟਿਕਟਧਾਰਕ ਆਪਣੀਆਂ ਟਿਕਟਾਂ ਲਗਭਗ 50 ਗੁਣਾ ਵੱਧ ਕੀਮਤ ’ਤੇ ਵੇਚ ਰਹੇ ਹਨ। ਟਿਕਮਬੂ ਵੈੱਬਸਾਈਟ ਦੇ ਅਨੁਸਾਰ ਭਾਰਤ-ਪਾਕਿ ਮੈਚ ਦੀ ਸਭ ਤੋਂ ਸਸਤੀ ਟਿਕਟ 85 ਯੂਰੋ ਦੀ ਹੈ ਜਿਹੜੀ ਕਿ ਭਾਰਤੀ ਕਰੰਸੀ ਅਨੁਸਾਰ ਤਕਰੀਬਨ 7 ਹਜ਼ਾਰ ਦੀ ਬਣਦੀ ਹੈ। ਸਭ ਤੋਂ ਮਹਿੰਗੀ ਟਿਕਟ 307 ਯੂਰੋ ਅਰਥਾਤ 1.05 ਲੱਖ ਰੁਪਏ ਦੀ ਹੈ। ਸਟੇਡੀਅਮ ਵਿਚ 30 ਤੋਂ ਵੱਧ ਬਲਾਕ ਹਨ। ਸੀਟਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਆਈ. ਸੀ. ਸੀ. ਨੇ ਬੀਤੇ ਦਿਨੀਂ ਰਿਪੋਰਟ ਦਿੱਤੀ ਸੀ ਕਿ ਟੀ-20 ਵਿਸ਼ਵ ਕੱਪ ਲਈ 82 ਵੱਖ-ਵੱਖ ਦੇਸ਼ਾਂ ਦੇ ਪ੍ਰਸ਼ੰਸਕਾਂ ਨੇ ਟਿਕਟਾਂ ਬੁੱਕ ਕਰਵਾਈਆਂ ਹਨ। ਇਹ ਅੰਕੜਾ ਇਸ ਲਈ ਵੀ ਖਾਸ ਹੈ ਕਿਉਂਕਿ ਕ੍ਰਿਕਟ 30 ਦੇਸ਼ਾਂ ਵਿਚ ਹੀ ਖੇਡੀ ਜਾਂਦੀ ਹੈ। ਪੂਰੀ ਦੁਨੀਆ ਵਿਚ ਕ੍ਰਿਕਟ ਪ੍ਰਸ਼ੰਸਕ ਹੋਣਾ ਕਿਤੇ ਨਾ ਕਿਤੇ ਆਈ. ਸੀ. ਸੀ. ਲਈ ਚੰਗਾ ਸੰਕੇਤ ਵੀ ਹੈ।
ਇਹ ਵੀ ਪੜ੍ਹੋ : ਥਾਈਲੈਂਡ ਨੂੰ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ
5 ਮਿੰਟਾਂ 'ਚ ਹੀ ਵਿਕ ਗਈਆਂ ਸਨ ਟਿਕਟਾਂ
ਦਿ ਆਸਟ੍ਰੇਲੀਨ ਦੀ ਇਕ ਰਿਪੋਰਟ ਮੁਤਾਬਕ ਕੁਝ ਸ਼ੁਰੂਆਤੀ ਖ਼ਰੀਦਾਰਾਂ ਨੂੰ 23 ਅਕਤੂਬਰ 'ਚ ਭਾਰਤ-ਪਾਕਿ ਟਿਕਟਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਬਲੈਕ ਮਾਰਕਿਟ 'ਚ ਨਿਰਧਾਰਤ ਮੁੱਲ ਤੋਂ 50 ਗੁਣਾ ਵੱਧ ਵੇਚਦੇ ਹੋਏ ਦੇਖਿਆ ਗਿਆ ਹੈ। ਟਿਕਟਾਂ ਬਲੈਕ ਹੋ ਰਹੀਆਂ ਹਨ, ਇਸ ਦਾ ਪਤਾ ਮੈਲਬੋਰਨ 'ਚ ਇਕ ਭਾਰਤੀ ਪ੍ਰਸ਼ੰਸਕ ਤੋਂ ਲੱਗਾ। ਮੈਲਬੋਰਨ 'ਚ ਭਾਰਤੀਆਂ ਦੇ ਬਣੇ ਫੇਸਬੁੱਕ ਗਰੁੱਪ 'ਤੇ ਇਕ ਮੈਂਬਰ ਨੇ ਲਿਖਿਆ, 'ਜਦੋਂ ਮੈਂ ਸਾਈਟ 'ਤੇ ਟਿਕਟ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਟਿਕਟਾਂ ਉਪਲੱਬਧ ਹੋਣ 'ਤੇ 5 ਮਿੰਟ 'ਚ ਹੀ ਵਿਕ ਗਈਆਂ ਸਨ।
ਇਕ ਲੱਖ ਦਰਸ਼ਕ ਬੈਠ ਸਕਦੇ ਹਨ ਐੱਮ. ਸੀ. ਜੀ. ਦੇ ਮੈਦਾਨ 'ਚ
ਭਾਰਤ-ਪਾਕਿ ਮੈਚ ਐੱਮ. ਸੀ. ਜੀ. ਦੇ ਮੈਦਾਨ 'ਤੇ ਹੋਣਾ ਹੈ, ਜਿਹੜਾ ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਮੈਦਾਨਾਂ 'ਚੋਂ ਇਕ ਹੈ। ਐੱਮ. ਸੀ. ਜੀ. 'ਚ ਇਕ ਲੱਖ ਸੀਟਾਂ ਉਪਲੱਬਧ ਹਨ। ਭਾਰਤ ਦੇ ਨਰਿੰਦਰ ਮੋਦੀ ਕੌਮਾਂਤਰੀ ਸਟੇਡੀਅਮ ਤੋਂ ਬਾਅਦ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ। ਭਾਰਤ ਦੇ ਅਹਿਮਦਬਾਦ ਸਥਿਤ ਮੋਦੀ ਸਟੇਡੀਅਮ 'ਚ ਤਕਰੀਬਨ ਸਵਾ ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਐੱਮ. ਸੀ. ਜੀ. 'ਚ ਹੋਣ ਵਾਲੇ ਇਸ ਵੱਡੇ ਮੁਕਾਬਲੇ ਨਾਲ ਕ੍ਰਿਕਟ ਆਸਟ੍ਰੇਲੀਆ ਕਾਫੀ ਮੋਟੀ ਕਮਾਈ ਕਰ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਥਾਈਲੈਂਡ ਨੂੰ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ
NEXT STORY