ਬੰਗਲਾਦੇਸ਼ ਖਿਲਾਫ ਮੈਚ ਅੱਜ
ਬੈਂਗਲੁਰੂ— ਆਈ. ਸੀ. ਸੀ. ਵਿਸ਼ਵ ਕੱਪ ਟੀ-20 'ਚ ਜਿੱਤ ਦੀ ਪਟੜੀ 'ਤੇ ਪਰਤ ਚੁੱਕੀ ਭਾਰਤੀ ਟੀਮ ਨੂੰ ਆਪਣੀਆਂ ਉਮੀਦਾਂ ਨੂੰ ਮਜ਼ਬੂਤੀ ਨਾਲ ਬਣਾਈ ਰੱਖਣ ਲਈ ਬੁੱਧਵਾਰ ਨੂੰ ਬੈਂਗਲੁਰੂ 'ਚ ਬੰਗਲਾਦੇਸ਼ ਵਿਰੁੱਧ ਆਪਣੇ ਅਗਲੇ ਗਰੁੱਪ-2 ਦੇ ਮੁਕਾਬਲੇ 'ਚ ਵੱਡੇ ਫਰਕ ਨਾਲ ਜਿੱਤ ਦਰਜ ਕਰਨ ਦੀ ਲੋੜ ਹੈ।
ਏਸ਼ੀਆ ਕੱਪ 'ਚ ਭਾਰਤ ਹੱਥੋਂ ਹਾਰ ਕੇ ਉਪ ਜੇਤੂ ਰਹੀ ਬੰਗਲਾਦੇਸ਼ੀ ਟੀਮ ਕੋਲ ਫਿਲਹਾਲ ਗੁਆਉਣ ਲਈ ਕੁਝ ਨਹੀਂ ਹੈ ਤੇ ਇਕ ਹੋਰ ਹਾਰ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦੇਵੇਗੀ ਪਰ ਜੇਕਰ ਮੇਜ਼ਬਾਨ ਭਾਰਤੀ ਟੀਮ ਉਲਟਫੇਰ ਦਾ ਸ਼ਿਕਾਰ ਹੋਈ ਤਾਂ ਉਸਦੀਆਂ ਉਮੀਦਾਂ ਲੱਗਭਗ ਖਤਮ ਹੋ ਜਾਣਗੀਆਂ। ਅਜਿਹੇ 'ਚ ਟੀਮ ਇੰਡੀਆ ਲਈ ਇਹ ਮੈਚ ਬਹੁਤ ਹੀ ਮਹੱਤਵਪੂਰਨ ਹੈ, ਹਾਲਾਂਕਿ ਭਾਰਤ ਨੂੰ ਇਸ ਮੈਚ 'ਚ ਸਿਰਫ ਜਿੱਤ ਦਰਜ ਕਰਨਾ ਜ਼ਰੂਰੀ ਨਹੀਂ ਹੈ ਸਗੋਂ ਉਸ ਨੂੰ ਵੱਡੇ ਫਰਕ ਨਾਲ ਮੈਚ ਜਿੱਤਣਾ ਪਵੇਗਾ।
ਭਾਰਤ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਵਿਰੁੱਧ ਪਹਿਲਾ ਮੈਚ ਹਾਰਿਆ ਸੀ ਤੇ ਪਾਕਿਸਤਾਨ ਤੋਂ ਦੂਜਾ ਜਿੱਤਿਆ। ਅਜਿਹੇ 'ਚ ਅੰਕ ਸੂਚੀ ਵਿਚ ਉਹ ਫਿਲਹਾਲ ਦੋ ਅੰਕ ਲੈ ਕੇ ਚੌਥੇ ਨੰਬਰ 'ਤੇ ਹੈ, ਜਦਕਿ ਬੰਗਲਾਦੇਸ਼ ਦੀ ਟੀਮ ਪਿਛਲੇ ਦੋਵੇਂ ਮੈਚ ਹਾਰ ਕੇ ਪੰਜਵੇਂ ਤੇ ਆਖਰੀ ਸਥਾਨ 'ਤੇ ਹੈ। ਰਨ ਰੇਟ ਦੇ ਫਰਕ ਕਾਰਨ ਭਾਰਤ ਦੇ ਬਰਾਬਰ ਅੰਕ ਲੈ ਕੇ ਪਾਕਿਸਤਾਨ ਦੂਜੇ ਤੇ ਆਸਟ੍ਰੇਲੀਆ ਅੰਕ ਸੂਚੀ ਵਿਚ ਤੀਜੇ ਨੰਬਰ 'ਤੇ ਹੈ, ਜਦਕਿ ਪਿਛਲੇ ਦੋਵੇਂ ਮੈਚ ਜਿੱਤ ਚੁੱਕੀ ਨਿਊਜ਼ੀਲੈਂਡ ਚੋਟੀ 'ਤੇ ਹੈ ਤੇ ਉਸ ਦੀ ਇਕ ਹੋਰ ਜਿੱਤ ਉਸ ਨੂੰ ਸੈਮੀਫਾਈਨਲ ਵਿਚ ਲੈ ਜਾਵੇਗੀ।
ਕ੍ਰਿਕਟ ਦੀ ਦੁਨੀਆ ਦੀਆਂ ਲੱਗਭਗ ਸਾਰੀਆਂ ਮਜ਼ਬੂਤ ਟੀਮਾਂ ਦੇ ਇਸ ਗਰੁੱਪ ਆਫ ਡੈੱਥ 'ਚ ਟੀਮ ਇੰਡੀਆ ਦਾ ਧਿਆਨ ਹੁਣ ਜਿੱਤ ਦੇ ਨਾਲ ਰਨ ਰੇਟ ਨੂੰ ਸੁਧਾਰਨਾ ਵੀ ਹੋਵੇਗਾ ਤਾਂ ਕਿ ਉਹ ਅੰਕ ਸੂਚੀ 'ਚ ਆਪਣੀ ਸਥਿਤੀ ਬਿਹਤਰ ਕਰ ਸਕੇ।
ਭਾਰਤ ਨੇ ਆਪਣਾ ਪਿਛਲਾ ਮੈਚ ਪੁਰਾਣੇ ਵਿਰੋਧੀ ਪਾਕਿਸਤਾਨ ਤੋਂ 6 ਵਿਕਟਾਂ ਨਾਲ ਜਿੱਤਿਆ ਸੀ ਪਰ ਉਸ ਦੀ ਰਨ ਰੇਟ ਚੰਗੀ ਨਹੀਂ ਹੈ, ਜਦਕਿ ਪਾਕਿਸਤਾਨ ਨੇ ਅਜੇ ਤਕ ਇਕ ਮੈਚ ਬੰਗਲਾਦੇਸ਼ ਤੋਂ ਹੀ ਜਿੱਤਿਆ ਹੈ ਪਰ ਉਸ ਨੂੰ ਇਸ ਮੈਚ ਵਿਚ 55 ਦੌੜਾਂ ਦੇ ਫਰਕ ਨਾਲ ਵੱਡੀ ਜਿੱਤ ਮਿਲੀ ਸੀ ਤੇ ਇਸ ਕਾਰਨ ਉਹ ਪਿਛਲਾ ਮੈਚ ਹਾਰ ਜਾਣ ਦੇ ਬਾਵਜੂਦ ਭਾਰਤ ਤੋਂ ਉਪਰ ਹੈ।
ਭਾਰਤੀ ਟੀਮ ਵਿਸ਼ਵ ਕੱਪ ਦੀ ਮੇਜ਼ਬਾਨ ਹੋਣ ਦੇ ਨਾਲ ਦੁਨੀਆ ਦੀ ਮੌਜੂਦਾ ਨੰਬਰ ਇਕ ਟੀ-20 ਟੀਮ ਹੈ ਤੇ ਇਸ ਲਈ ਉਸ ਨੂੰ ਖਿਤਾਬ ਦਾ ਪਹਿਲਾ ਦਾਅਵੇਦਾਰ ਮੰਨਿਆ ਗਿਆ ਸੀ ਪਰ ਪਹਿਲੇ ਹੀ ਮੈਚ ਵਿਚ ਨਿਊਜ਼ੀਲੈਂਡ ਸਾਹਮਣੇ 79 ਦੌੜਾਂ 'ਤੇ ਉਹ ਢੇਰ ਹੋ ਗਈ ਤੇ ਮੈਚ ਵੀ 47 ਦੌੜਾਂ ਦੇ ਵੱਡੇ ਫਰਕ ਨਾਲ ਗੁਆ ਦਿੱਤਾ। ਅਜਿਹੇ 'ਚ ਉਸ ਦੀ ਸਥਿਤੀ ਫਿਲਹਾਲ ਚਿੰਤਾਜਨਕ ਹੀ ਹੈ। ਹਾਲਾਂਕਿ ਬੈਂਗਲੁਰੂ ਸਟੇਡੀਅਮ ਦੀ ਬੱਲੇਬਾਜ਼ੀ ਵਿਕਟ 'ਤੇ ਉਮੀਦ ਹੈ ਕਿ ਉਸ ਦੇ ਖਿਡਾਰੀ ਬਿਹਤਰ ਪ੍ਰਦਰਸ਼ਨ ਕਰਕੇ 'ਵਿਰਾਟ' ਜਿੱਤ ਦਰਜ ਕਰ ਸਕਣਗੇ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ-ਮਹਿੰਦਰ ਸਿੰਘ ਧੋਨੀ (ਕਪਤਾਨ), ਆਰ. ਅਸ਼ਵਿਨ, ਜਸਪ੍ਰੀਤ ਬੁਮਰਾਹ, ਸ਼ਿਖਰ ਧਵਨ, ਹਰਭਜਨ ਸਿੰਘ, ਰਵਿੰਦਰ ਜਡੇਜਾ, ਵਿਰਾਟ ਕੋਹਲੀ, ਮੁਹੰਮਦ ਸ਼ੰਮੀ, ਪਵਨ ਨੇਗੀ, ਆਸ਼ੀਸ਼ ਨਹਿਰਾ, ਹਾਰਦਿਕ ਪੰਡਯਾ, ਅਜਿੰਕਯ ਰਹਾਨੇ, ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਯੁਵਰਾਜ ਸਿੰਘ।
ਬੰਗਲਾਦੇਸ਼-ਮੁਸ਼ਰਫੀ ਮੁਰਤਜ਼ਾ (ਕਪਤਾਨ), ਸ਼ਾਕਿਬ ਉਲ ਹਸਨ, ਅਬੂ ਹੈਦਰ, ਅਲ ਅਮੀਨ ਹੁਸੈਨ, ਮਹਿਮੂਦਉੱਲਾ, ਮੁਹੰਮਦ ਮਿਥੁਨ, ਮੁਸਤਾਫਿਜ਼ੁਰ ਰਹਿਮਾਨ, ਨਾਸਿਰ ਹੁਸੈਨ, ਨੁਰੂਲ ਹਸਨ, ਸ਼ਬੀਰ ਰਹਿਮਾਨ, ਸੌਮਿਆ ਸਰਕਾਰ ਤੇ ਤਮੀਮ ਇਕਬਾਲ।
ਕ੍ਰਿਕਟ ਤੋਂ ਬਾਅਦ ਹੁਣ ਸਟਾਰਟਅਪ ਦੀ ਪਿੱਚ 'ਤੇ ਉਤਰੇ ਤੇਂਦੁਲਕਰ
NEXT STORY