ਨਵੀਂ ਦਿੱਲੀ : ਪਹਿਲੇ ਮੈਚ ’ਚ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਅਫਗਾਨਿਸਤਾਨ ਵਿਰੁੱਧ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਜਿੱਤ ਦਰਜ ਕਰਕੇ ਲੜੀ ’ਚ ਅਜੇਤੂ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਤੇ ਇਸ ਦੌਰਾਨ 5ਵੇਂ ਗੇਂਦਬਾਜ਼ ਦੀ ਸਮੱਸਿਆ ਦਾ ਹੱਲ ਵੀ ਕੱਢਣਾ ਚਾਹੇਗੀ। ਹਾਰਦਿਕ ਪੰਡਯਾ ਦੇ ਜ਼ਖ਼ਮੀ ਹੋਣ ਕਾਰਨ ਭਾਰਤੀ ਟੀਮ ’ਚ 5ਵੇਂ ਭਰੋਸੇਯੋਗ ਗੇਂਦਬਾਜ਼ੀ ਬਦਲ ਦੀ ਕਮੀ ਮਹਿਸੂਸ ਹੋ ਰਹੀ ਹੈ।
ਵਿਸ਼ਵ ਕੱਪ ਜੇਤੂ ਭਾਰਤ ਨੇ ਐਤਵਾਰ ਨੂੰ ਇੱਥੇ ਇਕਪਾਸੜ ਮੁਕਾਬਲੇ ’ਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਖੇਡ ਦੇ ਸਭ ਤੋਂ ਛੋਟੇ ਫਾਰਮੈੱਟ ’ਚ ਸ਼ਾਨਦਾਰ ਵਾਪਸੀ ਕੀਤੀ। ਸ਼੍ਰੇਅਸ ਅਈਅਰ ਦੀ ਟੀਮ ਨੇ ਪਹਿਲੇ ਮੈਚ ’ਚ ਹਰ ਮੋਰਚੇ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਇਸ ਜਿੱਤ ’ਚ ਅਹਿਮ ਯੋਗਦਾਨ ਪਾਇਆ। ਅਰਸ਼ਦੀਪ ਨੇ 19 ਦੌੜਾਂ ਦੇ ਕੇ 3 ਵਿਕਟਾਂ ਲਈਆਂ ਤੇ ਅਫਗਾਨਿਸਤਾਨ ਨੂੰ 8 ਵਿਕਟਾਂ ’ਤੇ 156 ਦੌੜਾਂ ’ਤੇ ਰੋਕਣ ’ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਅਭਿਸ਼ੇਕ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 32 ਗੇਂਦਾਂ ’ਚ 82 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੇ 13.4 ਓਵਰਾਂ ’ਚ ਟੀਚਾ ਹਾਸਲ ਕਰ ਲਿਆ।
ਜਸਪ੍ਰੀਤ ਬੁਮਰਾਹ ਤੇ ਵਰੁਣ ਚੱਕਰਵਰਤੀ ਨੇ ਵੀ ਸੱਟ ਤੋਂ ਵਾਪਸੀ ਕਰਦਿਆਂ ਚੰਗਾ ਪ੍ਰਦਰਸ਼ਨ ਕੀਤਾ ਪਰ ਭਾਰਤ ਨੂੰ ਇਸ ਮਹੀਨੇ ਦੇ ਆਖਿਰ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ 5ਵੇਂ ਗੇਂਦਬਾਜ਼ ਦੀ ਸਮੱਸਿਆ ਦਾ ਹੱਲ ਕਰਨਾ ਪਵੇਗਾ। ਅਈਅਰ ਨੂੰ ਉਸ ਥਾਂ ਦੀ ਭਰਪਾਈ ਕਰਨ ’ਚ ਕਾਫੀ ਮਿਹਨਤ ਕਰਨੀ ਪਈ ਕਿਉਂਕਿ ਆਲਰਾਊਂਡਰ ਸ਼ਿਵਮ ਦੂਬੇ ਤੇ ਨਿਤੀਸ਼ ਕੁਮਾਰ ਰੈੱਡੀ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ। ਰੈੱਡੀ ਨੇ 2 ਓਵਰਾਂ ’ਚ 30 ਦੌੜਾਂ ਦਿੱਤੀਆਂ ਜਦਕਿ ਆਖਰੀ ਓਵਰ ’ਚ ਗੇਂਦ ਸੰਭਾਲਣ ਵਾਲੇ ਦੂਬੇ ਨੇ 21 ਦੌੜਾਂ ਦਿੱਤੀਆਂ। ਅਭਿਸ਼ੇਕ ਨੇ ਵੀ ਇਕ ਓਵਰ ਕੀਤਾ। ਇਸ ਤਰ੍ਹਾਂ ਤਿੰਨਾਂ ਨੇ ਮਿਲ ਕੇ ਆਪਣੇ 4 ਓਵਰਾਂ ’ਚ 59 ਦੌੜਾਂ ਦਿੱਤੀਆਂ। ਅਰਸ਼ਦੀਪ, ਬੁਮਰਾਹ, ਅਕਸ਼ਰ ਪਟੇਲ ਤੇ ਚੱਕਰਵਰਤੀ ਦੇ ਚੰਗੇ ਪ੍ਰਦਰਸ਼ਨ ਨਾਲ ਭਾਰਤ ਨੂੰ 5ਵੇਂ ਗੇਂਦਬਾਜ਼ ਦੇ ਬਦਲ ਦਾ ਖਰਾਬ ਪ੍ਰਦਰਸ਼ਨ ਭਾਰੀ ਨਹੀਂ ਪਿਆ ਪਰ ਭਵਿੱਖ ’ਚ ਟੀਮ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਅਭਿਸ਼ੇਕ ਨੇ ਆਪਣੀ ਤੂਫਾਨੀ ਪਾਰੀ ਨਾਲ ਆਪਣੀ ਫਾਰਮ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ। ਸ਼ਾਨਦਾਰ ਫਾਰਮ ’ਚ ਚੱਲ ਰਹੇ ਈਸ਼ਾਨ ਕਿਸ਼ਨ ਨੇ ਅਭਿਆਸ ਦੌਰਾਨ ਪਿੱਠ ’ਚ ਲੱਗੀ ਮਾਮੂਲੀ ਸੱਟ ਨੂੰ ਦਰਕਿਨਾਰ ਕਰਦਿਆਂ 33 ਗੇਂਦਾਂ ’ਚ 42 ਦੌੜਾਂ ਬਣਾਈਆਂ, ਜਿਨ੍ਹਾਂ ’ਚ 5 ਚੌਕੇ ਤੇ 1 ਛੱਕਾ ਸ਼ਾਮਲ ਸੀ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ (10) ਨੂੰ ਹਾਲਾਂਕਿ ਟੀਮ ’ਚ ਆਪਣੀ ਜਗ੍ਹਾ ਬਣਾਈ ਰੱਖਣ ਲਈ ਵੱਡੀ ਪਾਰੀ ਖੇਡਣੀ ਪਵੇਗੀ। ਕੇਰਲ ਦੇ ਇਸ ਬੱਲੇਬਾਜ਼ ਨੇ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ ਪਰ ਇਸ ਤੋਂ ਬਾਅਦ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ ਉਸ ਨੇ ਅਫਗਾਨਿਸਤਾਨ ਵਿਰੁੱਧ ਲੜੀ ਤੋਂ ਪਹਿਲਾਂ 4 ਪਾਰੀਆਂ ’ਚ ਸਿਰਫ 33 ਦੌੜਾਂ ਬਣਾਈਆਂ। ਸੈਮਸਨ ਨੂੰ ਸ਼ਾਨਦਾਰ ਫਾਰਮ ’ਚ ਚੱਲ ਰਹੇ ਨੌਜਵਾਨ ਖਿਡਾਰੀ ਵੈਭਵ ਸੂਰਯਵੰਸ਼ੀ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਜਲਦ ਤੋਂ ਜਲਦ ਵੱਡਾ ਸਕੋਰ ਬਣਾਉਣਾ ਪਵੇਗਾ, ਜਿਸ ਨਾਲ ਉਹ ਏਸ਼ੀਆਈ ਖੇਡਾਂ ਲਈ ਆਖਰੀ-11 ’ਚ ਆਪਣੀ ਜਗ੍ਹਾ ਸੁਰੱਖਿਅਤ ਬਣਾਈ ਰੱਖੇ।
ਪਹਿਲੇ ਮੈਚ ’ਚ ਅਫਗਾਨਿਸਤਾਨ ਭਾਰਤ ਸਾਹਮਣੇ ਕਿਤੇ ਨਹੀਂ ਟਿਕ ਸਕਿਆ। ਉਸ ਦੇ ਬੱਲੇਬਾਜ਼ ਤੇ ਗੇਂਦਬਾਜ਼ ਦੋਵਾਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਜੇਕਰ ਉਸ ਨੇ ਭਾਰਤ ਨੂੰ ਸਖਤ ਚੁਣੌਤੀ ਦੇਣੀ ਹੈ ਤਾਂ ਉਸ ਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਰਹਿਮਾਨਉੱਲ੍ਹਾ ਗੁਰਬਾਜ਼ ਤੇ ਕਪਤਾਨ ਇਬ੍ਰਾਹਿਮ ਜ਼ਾਦਰਾਨ ਦੇ ਜਲਦੀ ਆਊਟ ਹੋਣ ਨਾਲ ਅਫਗਾਨਿਸਤਾਨ ਦਬਾਅ ’ਚ ਆ ਗਿਆ। ਉਸ ਨੇ 7ਵੇਂ ਓਵਰ ’ਚ ਹੀ 43 ਦੌੜਾਂ ’ਤੇ ਆਪਣੀਅਾਂ ਅੱਧੀਅਾਂ ਵਿਕਟਾਂ ਗੁਆ ਦਿੱਤੇ ਸਨ। ਮੁਹੰਮਦ ਨਬੀ ਤੇ ਅਜ਼ਮਤਉੱਲ੍ਹਾ ਉਮਰਜ਼ਈ ਦੀ ਸਾਂਝੇਦਾਰੀ ਨੇ ਉਮੀਦ ਜਗਾਈ ਪਰ ਉਸ ਦੇ ਬਾਕੀ ਬੱਲੇਬਾਜ਼ਾਂ ਨੂੰ ਵੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਅਫਗਾਨਿਸਤਾਨ ਦੇ ਕਪਤਾਨ ਇਬ੍ਰਾਹਿਮ ਜ਼ਾਦਰਾਨ ਨੇ ਐਤਵਾਰ ਨੂੰ ਕਿਹਾ ਸੀ, ‘‘ਅਸੀਂ 3 ਓਵਰਾਂ ’ਚ ਚੰਗੀ ਸ਼ੁਰੂਆਤ ਕੀਤੀ ਪਰ ਉਸ ਤੋਂ ਬਾਅਦ ਅਸੀਂ ਚੰਗਾ ਯੋਗਦਾਨ ਨਹੀਂ ਦੇ ਸਕੇ। ਅਸੀਂ ਲਗਾਤਾਰ ਵਿਕਟਾਂ ਗੁਆਈਆਂ ਤੇ ਉਨ੍ਹਾਂ ਨੇ ਸਾਡੇ ’ਤੇ ਦਬਾਅ ਬਣਾ ਦਿੱਤਾ। ਅਸੀਂ ਵਿਚਾਲੇ ਦੇ ਓਵਰਾਂ ’ਚ ਚੰਗੀ ਬੱਲੇਬਾਜ਼ੀ ਕੀਤੀ ਪਰ ਅਸੀਂ ਓਨੀਆਂ ਦੌੜਾਂ ਨਹੀਂ ਬਣਾ ਸਕੇ ਜਿੰਨੀਆਂ ਅਸੀਂ ਚਾਹੁੰਦੇ ਸੀ।’’
Team India ਨੂੰ ਲੱਗਾ ਵੱਡਾ ਝਟਕਾ ! IND vs AFG T20I ਸੀਰੀਜ਼ 'ਚੋਂ ਧਾਕੜ ਖਿਡਾਰੀ ਹੋ ਗਿਆ ਬਾਹਰ
NEXT STORY