ਮੁੰਬਈ- ਰਾਸ਼ਟਰੀ ਚੋਣਕਾਰ ਮੁਖੀ ਐੱਸ. ਐੱਸ. ਕੇ. ਪ੍ਰਸਾਦ ਨੇ ਹਾਲ ਹੀ ਵਿਚ ਕਿਹਾ ਸੀ ਕਿ ਅਗਾਮੀ ਵਿਸ਼ਵ ਕੱਪ ਲਈ ਇਕ-ਅੱਧੇ ਸਥਾਨ ਨੂੰ ਛੱਡ ਕੇ ਬਾਕੀ ਸਥਾਨ ਤੈਅ ਹੋ ਚੁੱਕੇ ਹਨ ਤੇ ਸ਼ੁੱਕਰਵਾਰ ਨੂੰ ਚੋਣ ਕਮੇਟੀ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਲਈ ਜਦੋਂ ਭਾਰਤੀ ਟੀਮ ਦੀ ਚੋਣ ਕਰੇਗੀ ਤਾਂ ਉਹ ਵਿਸ਼ਵ ਕੱਪ ਟੀਮ 'ਤੇ ਮੋਹਰ ਲਾਏਗੀ। ਭਾਰਤ ਨੂੰ ਆਸਟਰੇਲੀਆ ਨਾਲ ਦੋ ਟੀ-20 ਅਤੇ 5 ਵਨ ਡੇ ਖੇਡਣੇ ਹਨ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੀ ਇਹ ਆਖਰੀ ਵਨ ਡੇ ਸੀਰੀਜ਼ ਹੋਵੇਗੀ। ਭਾਰਤ ਨੇ ਹਾਲ ਹੀ ਵਿਚ ਆਸਟਰੇਲੀਆ ਦੇ ਦੌਰੇ ਵਿਚ ਵਨ ਡੇ ਸੀਰੀਜ਼ 2-1 ਨਾਲ ਅਤੇ ਨਿਊਜ਼ੀਲੈਂਡ ਵਿਚ ਵਨ ਡੇ ਸੀਰੀਜ਼ 4-1 ਨਾਲ ਜਿੱਤੀ ਸੀ।
ਚੋਣਕਾਰ ਮੁਖੀ ਪ੍ਰਸਾਦ ਨੇ ਭਾਰਤ ਦੇ ਨਿਊਜ਼ੀਲੈਂਡ ਦੌਰੇ ਤੋਂ ਬਾਅਦ ਕਿਹਾ ਸੀ ਕਿ ਇਕ-ਅੱਧੇ ਸਥਾਨ ਨੂੰ ਛੱਡ ਕੇ ਵਿਸ਼ਵ ਕੱਪ ਲਈ 14 ਸਥਾਨ ਤੈਅ ਹੋ ਚੁੱਕੇ ਹਨ। ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ਵਿਚ ਖੇਡਿਆ ਜਾਣਾ ਹੈ। ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਲਈ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਮਿਲੇਗਾ, ਜਦਕਿ ਅਜ਼ਮਾਏ ਜਾ ਰਹੇ ਕੁਝ ਖਿਡਾਰੀ ਇਸ ਸੀਰੀਜ਼ ਵਿਚ ਖੁਦ ਨੂੰ ਸਾਬਤ ਕਰਨਗੇ। ਜਿਨ੍ਹਾਂ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ, ਉਨ੍ਹਾਂ ਲਈ ਤੈਅ ਹੈ ਕਿ ਉਹ ਵਿਸ਼ਵ ਕੱਪ ਟੀਮ ਦਾ ਹਿੱਸਾ ਬਣਨਗੇ।
ਕਪਤਾਨ ਵਿਰਾਟ ਕੋਹਲੀ ਨੂੰ ਆਸਟਰੇਲੀਆ ਵਿਰੁੱਧ ਆਖਰੀ ਦੋ ਵਨ ਡੇ ਤੇ ਪੂਰੇ ਨਿਊਜ਼ੀਲੈਂਡ ਦੌਰੇ ਤੋਂ ਆਰਾਮ ਦਿੱਤਾ ਗਿਆ ਸੀ ਪਰ ਉਹ ਆਸਟਰੇਲੀਆ ਵਿਰੁੱਧ ਕਪਤਾਨੀ ਸੰਭਾਲੇਗਾ। ਲਗਾਤਾਰ ਖੇਡ ਰਹੇ ਤੇ ਵਿਰਾਟ ਦੀ ਗੈਰ-ਹਾਜ਼ਰੀ ਵਿਚ ਕਪਤਾਨੀ ਸੰਭਾਲਣ ਵਾਲੇ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਰੋਹਿਤ ਦੇ ਨਾਲ-ਨਾਲ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਵੀ ਆਰਾਮ ਦਿੱਤਾ ਜਾ ਸਕਦਾ ਹੈ। ਪ੍ਰਸਾਦ ਤੋਂ ਜੰਮ ਕੇ ਤਾਰੀਫਾਂ ਹਾਸਲ ਕਰਨ ਵਾਲਾ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਦੋਵਾਂ ਸੀਰੀਜ਼ ਵਿਚ ਖੇਡ ਸਕਦਾ ਹੈ। ਲੋਕੇਸ਼ ਰਾਹੁਲ ਨੂੰ ਵੀ ਦੋਵੇਂ ਸੀਰੀਜ਼ ਵਿਚ ਅਜ਼ਮਾਇਆ ਜਾ ਸਕਦਾ ਹੈ। ਰਾਹੁਲ ਨੂੰ ਆਲਰਾਊਂਡਰ ਹਾਰਦਿਕ ਪੰਡਯਾ ਨਾਲ ਆਸਟਰੇਲੀਆ ਦੌਰੇ ਤੋਂ ਵਾਪਸ ਬੁਲਾ ਲਿਆ ਗਿਆ ਸੀ ਕਿਉਂਕਿ ਦੋਵਾਂ ਨੇ ਇਕ ਚੈਟ ਸ਼ੋਅ ਵਿਚ ਮਹਿਲਾਵਾਂ 'ਤੇ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।
ਪੰਡਯਾ ਨੂੰ ਫਿਰ ਬਾਅਦ ਵਿਚ ਨਿਊਜ਼ੀਲੈਂਡ ਦੌਰੇ ਵਿਚ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ ਜਦਕਿ ਰਾਹੁਲ ਭਾਰਤ-ਏ ਟੀਮ ਦੇ ਨਾਲ ਖੇਡ ਰਿਹਾ ਹੈ। ਰਾਹੁਲ ਲਈ ਇਹ ਸੀਰੀਜ਼ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦਾ ਆਖਰੀ ਮੌਕਾ ਹੋਵੇਗੀ।
ਓਪਨਰ ਸ਼ਿਖਰ ਧਵਨ ਨੂੰ ਇਸ ਸੀਰੀਜ਼ ਵਿਚ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਦਿਖਾਉਣ ਦਾ ਮੌਕਾ ਮਿਲੇਗਾ। ਸ਼ਿਖਰ ਆਸਟਰੇਲੀਆ ਤੇ ਨਿਊਜ਼ੀਲੈਂਡ ਦੋਵੇਂ ਜਗ੍ਹਾ ਵੱਡੀਆਂ ਪਾਰੀਆਂ ਖੇਡਣ ਵਿਚ ਅਸਫਲ ਰਿਹਾ ਤੇ ਪਿਛਲੀਆਂ 8 ਵਨ ਡੇ ਪਾਰੀਆਂ ਵਿਚ ਉਹ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 243 ਦੌੜਾਂ ਹੀ ਬਣਾ ਸਕਿਆ ਹੈ। ਸ਼ਿਖਰ ਦੇ ਨਾਲ ਰਾਹੁਲ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ।
ਭਾਰਤੀ ਤੇਜ਼ ਹਮਲੇ ਵਿਚ ਜਗ੍ਹਾ ਬਣਾਉਣ ਲਈ ਬੇਤਾਬ ਉਮੇਸ਼ ਯਾਦਵ ਨੂੰ ਇਸ ਸੀਰੀਜ਼ ਤੋਂ ਇਕ ਹੋਰ ਮੌਕਾ ਮਿਲੇਗਾ। ਉਮੇਸ਼ ਨੇ ਰਣਜੀ ਟਰਾਫੀ ਵਿਚ ਕਾਫੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਪਿਛਲੇ ਦੋਵਾਂ ਵਿਦੇਸ਼ੀ ਦੌਰਿਆਂ ਤੋਂ ਆਰਾਮ ਹਾਸਲ ਕਰਨ ਵਾਲਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਮੈਚ ਅਭਿਆਸ ਲਈ ਇਸ ਸੀਰੀਜ਼ ਵਿਚ ਪਰਤੇਗਾ। ਮੱਧ ਕ੍ਰਮ ਵਿਚ ਅੰਬਾਤੀ ਰਾਇਡੂ, ਕੇਦਾਰ ਜਾਧਵ, ਦਿਨੇਸ਼ ਕਾਰਤਿਕ, ਵਿਜੇ ਸ਼ੰਕਰ ਤੇ ਪੰਤ ਲਈ ਇਹ ਸੀਰੀਜ਼ ਵਿਸ਼ਵ ਕੱਪ ਦੀ ਆਪਣੀ ਜਗ੍ਹਾ ਪੁਖਤਾ ਕਰਨ ਦਾ ਸ਼ਾਨਦਾਰ ਮੌਕਾ ਹੋਵੇਗੀ। ਆਲਰਾਊਂਡਰ ਰਵਿੰਦਰ ਜਡੇਜਾ ਵੀ ਆਲਰਾਊਂਡਰ ਪੁਜ਼ੀਸ਼ਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰੇਗਾ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਲਈ ਇਹ ਸੀਰੀਜ਼ ਆਪਣੀ ਜਗ੍ਹਾ ਬਣਾਉਣ ਦਾ ਮੌਕਾ ਹੋਵੇਗੀ। ਭਾਰਤੀ ਟੀਮ ਦੇ ਦੋਵਾਂ ਸਪਿਨਰਾਂ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਨੂੰ ਵੀ ਇਸ ਮੌਕੇ ਦਾ ਲਾਭ ਚੁੱਕਣਾ ਪਵੇਗਾ। ਵਿਸ਼ਵ ਕੱਪ ਲਈ ਚੋਣਕਾਰ ਆਪਣੀ ਟੀਮ ਤਿਆਰ ਕਰ ਚੁੱਕੇ ਹਨ ਤੇ ਸ਼ੁੱਕਰਵਾਰ ਨੂੰ ਟੀਮ ਦੇ ਐਲਾਨ ਦੇ ਨਾਲ ਹੀ ਇਹ ਤੈਅ ਹੋ ਜਾਵੇਗਾ ਕਿ ਵਿਸ਼ਵ ਕੱਪ ਵਿਚ ਕੌਣ-ਕੌਣ ਖਿਡਾਰੀ ਭਾਰਤ ਦੀ ਪ੍ਰਤੀਨਿਧਤਾ ਕਰਨ ਜਾ ਰਿਹਾ ਹੈ।
ਸੰਤੋਸ਼ ਟਰਾਫੀ : ਪੰਜਾਬ ਨੇ ਹਿਮਾਚਲ ਨੂੰ 1-0 ਨਾਲ ਹਰਾਇਆ
NEXT STORY