ਨਵੀਂ ਦਿੱਲੀ : ਟੀ. ਵੀ. ਸ਼ੋਅ 'ਚ ਕਥਿਤ ਵਿਵਾਦਤ ਟਿੱਪਣੀਆਂ ਤੋਂ ਬਾਅਦ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਨੂੰ ਟੀਮ ਇੰਡੀਆ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਦੀ ਜਗ੍ਹਾ ਟੀਮ ਵਿਚ ਵਿਜੇ ਸ਼ੰਕਰ ਅਤੇ ਸ਼ੁਭਮਨ ਗਿਲ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ਨੀਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ ਹੈ। ਬੀ. ਸੀ. ਸੀ. ਆਈ. ਦੇ ਮੁਤਾਬਕ, ਆਸਟਰੇਲੀਆ ਦੇ ਨਾਲ-ਨਾਲ ਨਿਊਜ਼ੀਲੈਂਡ ਦੌਰੇ ਨੂੰ ਧਿਆਨ 'ਚ ਰੱਖਦਿਆਂ ਦੋਵਾਂ ਨੂੰ ਟੀਮ ਵਿਚ ਜਗ੍ਹਾ ਮਿਲੇਗੀ। ਸੂਤਰਾਂ ਮੁਤਾਬਕ ਵਿਜੇ ਸ਼ੰਕਰ ਆਸਟਰੇਲੀਆ ਵਨ ਡੇ ਸੀਰੀਜ਼ ਦੇ ਨਾਲ-ਨਾਲ ਨਿਊਜ਼ੀਲੈਂਡ ਟੂਰ 'ਤੇ ਵੀ ਟੀਮ ਵਿਚ ਵੀ ਹੋਣਗੇ। ਉੱਥੇ ਸ਼ੁਭਮਨ ਗਿਲ ਨੂੰ ਸਿਰਫ ਨਿਊਜ਼ੀਲੈਂਡ ਦੌਰੇ 'ਤੇ ਹੋਣ ਵਾਲੀ ਵਨ ਡੇ ਅਤੇ ਟੀ-20 ਸੀਰੀਜ਼ ਵਿਚ ਮੌਕਾ ਦਿੱਤਾ ਜਾ ਸਕਦਾ ਹੈ।

27 ਸਾਲਾ ਵਿਜੇ ਸ਼ੰਕਰ ਤਾਮਿਲਨਾਡੁ ਦੇ ਮਿਡਲ ਆਰਡਰ ਬੱਲੇਬਾਜ਼ ਹਨ, ਜੋ ਮੀਡਿਅਮ ਪੇਸ ਗੇਂਦਬਾਜ਼ੀ ਵੀ ਕਰ ਲੈਂਦੇ ਹਨ। ਉਹ 5 ਟੀ-20 ਕੌਮਾਂਤਰੀ ਮੈਚ ਖੇਡ ਚੁੱਕੇ ਹਨ। ਉੱਥੇ ਹੀ ਗਿਲ ਨੇ ਹਾਲ ਹੀ 'ਚ ਹੋਏ ਅੰਡਰ-19 ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਅੰਡਰ-19 ਵਿਸ਼ਵ ਕੱਪ ਸੈਮੀਫਾਈਨਲ ਮੈਚ 'ਚ ਸ਼ੁਭਮਨ ਗਿਲ ਨੇ ਭਾਰਤ ਨੂੰ ਜਿੱਤ ਦੇ ਦਰਵਾਜੇ ਤੱਕ ਪਹੁੰਚਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਉਸ ਨੇ 102 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ 272 ਵਰਗਾ ਵੱਡਾ ਸਕੋਰ ਖੜ੍ਹਾ ਹੋ ਸਕਿਆ। ਫਿਰ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਟੀਮ ਇਸ ਟੀਚੇ ਦੇ ਆਲੇ-ਦੁਆਲੇ ਵੀ ਨਾ ਪਹੁੰਚ ਸਕੀ। ਸ਼ੁਭਮਨ ਗਿਲ ਨੇ ਫਿਲਹਾਲ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ। ਹਾਲਾਂਕਿ, ਅੰਡਰ-19 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਉਸ ਨੂੰ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਕੁਝ ਮੈਚਾਂ 'ਚ ਮੌਕਾ ਜ਼ਰੂਰ ਦਿੱਤਾ ਸੀ।
ਹਰਿਆਣਾ ਤੇ ਪੰਜਾਬ 'ਚ ਹੋਵੇਗਾ ਖਿਤਾਬੀ ਮੁਕਾਬਲਾ
NEXT STORY