ਦੁਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈ.ਸੀ.ਸੀ. ਦੀ ਬੱਲੇਬਾਜ਼ਾਂ ਦੀ ਤਾਜ਼ਾ ਵਿਸ਼ਵ ਟੈਸਟ ਰੈਂਕਿੰਗ 'ਚ ਆਪਣਾ ਨੰਬਰ ਇਕ ਸਥਾਨ ਬਰਕਰਾਰ ਰਖਿਆ ਹੈ ਅਤੇ ਚੇਤੇਸ਼ਵਰ ਪੁਜਾਰਾ ਚੋਟੀ ਦੇ ਪੰਜ 'ਚ ਸ਼ਾਮਲ ਹਨ ਜਦਕਿ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ 'ਚ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰਨ 'ਚ ਸਫਲ ਰਹੇ। ਪੁਜਾਰਾ ਦੇ ਆਸਟਰੇਲੀਆ ਖਿਲਾਫ ਐਡੀਲੇਡ ਟੈਸਟ ਮੈਚ 'ਚ 123 ਅਤੇ 71 ਦੌੜਾਂ ਦੀਆਂ ਪਾਰੀਆਂ ਖੇਡੀਆਂ ਜਿਸ ਨਾਲ ਉਹ ਬੱਲੇਬਾਜ਼ੀ ਰੈਂਕਿੰਗ 'ਚ ਜੋ ਰੂਟ ਅਤੇ ਡੇਵਿਡ ਵਾਰਨਰ ਨੂੰ ਪਿੱਛੇ ਛੱਡ ਕੇ ਚੌਥੇ ਨੰਬਰ 'ਤੇ ਪਹੁੰਚ ਗਏ ਹਨ। ਉਹ ਤੀਜੇ ਸਥਾਨ 'ਤੇ ਕਾਬਜ ਸਟੀਵਨ ਸਮਿਥ ਤੋਂ 55 ਅੰਕ ਪਿੱਛੇ ਹਨ ਅਤੇ ਪੰਜਵੇਂ ਨੰਬਰ ਦੇ ਰੂਟ ਤੋਂ 39 ਅੰਕ ਅੱਗੇ ਹਨ।

ਕੋਹਲੀ ਬੱਲੇਬਾਜ਼ਾਂ 'ਚ ਚੋਟੀ 'ਤੇ ਬਣੇ ਹੋਏ ਹਨ ਪਰ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੇਜ਼ੀ ਨਾਲ ਉਨ੍ਹਾਂ ਦੇ ਨਜ਼ਦੀਕ ਪਹੁੰਚ ਰਹੇ ਹਨ। ਪਾਕਿਸਤਾਨ ਖਿਲਾਫ ਤੀਜੇ ਟੈਸਟ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਲੀਅਮਸਨ 900 ਰੇਟਿੰਗ ਅੰਕ ਹਾਸਲ ਕਰਨ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਅਤੇ ਦੁਨੀਆ ਦੇ 32ਵੇਂ ਬੱਲੇਬਾਜ਼ ਬਣ ਗਏ ਹਨ। ਵਿਲੀਅਮਸਨ ਨੇ ਆਬੂਧਾਬੀ 'ਚ ਨਿਊਜ਼ੀਲੈਂਡ ਦੀ 123 ਦੌੜਾਂ ਦੀ ਜਿੱਤ ਦੇ ਦੌਰਾਨ 89 ਅਤੇ 139 ਦੌੜਾਂ ਦੀਆਂ ਦੋ ਸ਼ਾਨਦਾਰ ਪਾਰੀਆਂ ਖੇਡੀਆਂ। ਇਸ ਨਾਲ ਉਨ੍ਹਾਂ ਨੂੰ 37 ਰੇਟਿੰਗ ਅੰਕਾਂ ਦਾ ਫਾਇਦਾ ਹੋਇਆ ਉਹ ਸਮਿਥ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ 'ਤੇ ਪਹੁੰਚ ਗਏ। ਹੁਣ ਉਨ੍ਹਾਂ ਦੇ 913 ਅੰਕ ਹਨ। ਕੋਹਲੀ ਆਪਣੇ ਪਹਿਲੇ ਟੈਸਟ ਮੈਚ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਨੇ ਤਿੰਨ ਅਤੇ 34 ਦੌੜਾਂ ਬਣਾਈਆਂ ਜਿਸ ਨਾਲ ਉਨ੍ਹਾਂ ਨੂੰ 15 ਅੰਕਾਂ ਦਾ ਨੁਕਸਾਨ ਹੋਇਆ। ਹੁਣ ਕੋਹਲੀ ਦੇ 920 ਅੰਕ ਹਨ ਅਤੇ ਉਨ੍ਹਾਂ ਦੇ ਅਤੇ ਵਿਲੀਅਮਸਨ ਵਿਚਾਲੇ 7 ਅੰਕਾਂ ਦਾ ਫਰਕ ਰਹਿ ਗਿਆ ਹੈ। ਭਾਰਤ ਦੇ ਕਪਤਾਨ ਨੂੰ ਹੁਣ ਪਰਥ 'ਚ ਦੂਜੇ ਟੈਸਟ ਮੈਚ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ ਨਹੀਂ ਤਾਂ ਉਨ੍ਹਾਂ ਨੂੰ ਆਪਣੀ ਨੰਬਰ ਇਕ ਰੈਂਕਿੰਗ ਗੁਆਉਣੀ ਪੈ ਸਕਦੀ ਹੈ। ਐਡੀਲੇਡ ਟੈਸਟ ਮੈਚ 'ਚ ਦੂਜੀ ਪਾਰੀ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਜਿੰਕਯ ਰਹਾਨੇ ਵੀ ਬੱਲੇਬਾਜ਼ੀ ਰੈਂਕਿੰਗ 'ਚ ਦੋ ਪਾਇਦਾਨ ਉੱਪਰ 17ਵੇਂ ਸਥਾਨ 'ਤੇ ਪਹੁੰਚ ਗਏ। ਲੋਕੇਸ਼ ਰਾਹੁਲ (26ਵੇਂ), ਮੁਰਲੀ ਵਿਜੇ (45ਵੇਂ) ਅਤੇ ਰੋਹਿਤ ਸ਼ਰਮਾ (53ਵੇਂ) ਹੇਠਾਂ ਖਿਸਕੇ ਹਨ।

ਗੇਂਦਬਾਜ਼ੀ 'ਚ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਆਪਣੀ ਸਰਵਸ੍ਰੇਸ਼ਠ 33ਵੀਂ ਰੈਂਕਿੰਗ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਮੈਚ 'ਚ 6 ਵਿਕਟਾਂ ਲਈਆਂ ਜਿਸ ਨਾਲ ਉਹ ਪੰਜ ਪਾਇਦਾਨ ਅੱਗੇ ਵਧਣ 'ਚ ਸਫਲ ਰਹੇ। ਸਪਿਨਰ ਰਵੀਚੰਦਰਨ ਅਸ਼ਵਿਨ ਇਕ ਪਾਇਦਾਨ ਅੱਗੇ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ। ਮੁਹੰਮਦ ਸ਼ਮੀ 23ਵੇਂ ਅਤੇ ਇਸ਼ਾਂਤ ਸ਼ਰਮਾ 27ਵੇਂ ਸਥਾਨ 'ਤੇ ਬਣੇ ਹੋਏ ਹਨ। ਆਸਟਰੇਲੀਆ ਦੇ ਮਿਸ਼ੇਲ ਸਟਾਰਕ ਦੋ ਪਾਇਦਾਨ ਉੱਪਰ 16ਵੇਂ ਸਥਾਨ 'ਤੇ ਪਹੁੰਚ ਗਏ ਹਨ। ਨਵੇਂ ਖਿਡਾਰੀਆਂ 'ਚ ਆਸਟਰੇਲੀਆ ਦੇ ਮਾਰਕਸ ਹੈਰਿਸ ਨੇ ਬੱਲੇਬਾਜ਼ੀ ਰੈਂਕਿੰਗ 'ਚ 116ਵੇਂ ਸਥਾਨ ਦੇ ਨਾਲ ਰੈਂਕਿੰਗ 'ਚ ਪ੍ਰਵੇਸ਼ ਕੀਤਾ ਜਦਕਿ ਨਿਊਜ਼ੀਲੈਂਡ ਦੇ ਆਫ ਸਪਿਨਰ ਵਿਲੀਅਮ ਸੋਮਰਵਿਲੇ ਨੇ ਗੇਂਦਬਾਜ਼ੀ ਰੈਂਕਿੰਗ 'ਚ 63ਵੇਂ ਅਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ 111ਵਾਂ ਸਥਾਨ ਹਾਸਲ ਕੀਤਾ।

ਟੁੱਟੀ ਉਂਗਲ ਨਾਲ ਵੀ ਖੇਡੇਗਾ ਕੰਗਾਰੂ ਕਪਤਾਨ:ਲੈਂਗਰ
NEXT STORY