ਸਿਡਨੀ (ਚਾਂਦਪੁਰੀ)- ਆਸਟਰੇਲੀਆ ਦਾ ਬਹੁ-ਚਰਚਿਤ ਖੇਡ ਮੇਲਾ, ਜੋ ਕਿ ਆਸਟਰੇਲੀਆ ਦੇ ਗ੍ਰਿਫਿਥ ਸ਼ਹਿਰ ਵਿਖੇ ਗੁਰਦੁਆਰਾ ਸਿੰਘ ਸਭਾ ਗ੍ਰਿਫਿਥ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਮਿਲ ਕੇ ਪਿਛਲੇ 21 ਸਾਲਾਂ ਤੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ, ਐਤਵਾਰ ਨੂੰ ਅਮਿੱਟ ਯਾਦਾਂ ਛੱਡਦਾ ਸਫਲਤਾਪੂਰਵਕ ਸਮਾਪਤ ਹੋ ਗਿਆ। ਦੋ ਦਿਨ ਤਕ ਚੱਲੇ ਸ਼ਹੀਦੀ ਖੇਡ ਮੇਲੇ ਵਿਚ ਦਰਸ਼ਕਾਂ ਦਾ ਰਿਕਾਰਡ ਇਕੱਠ ਹੋਇਆ। ਤਕਰੀਬਨ 18 ਤੋਂ 20 ਹਜ਼ਾਰ ਦਰਸ਼ਕਾਂ ਨੇ ਇਸ ਖੇਡ ਮੇਲੇ ਵਿਚ ਸ਼ਿਰਕਤ ਕੀਤੀ।

ਇਸ ਖੇਡ ਮੇਲੇ ਦੌਰਾਨ ਸਾਰੇ ਹੀ ਮੁਕਾਬਲੇ ਰੌਚਕ ਹੋਏ, ਖਾਸ ਕਰਕੇ ਕਬੱਡੀ ਦੇ ਮੁਕਾਬਲੇ ਦੇਖਣਯੋਗ ਸਨ। ਕਬੱਡੀ ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਨਿਊਜ਼ੀਲੈਂਡ ਅਤੇ ਸਿੰਘ ਸਭਾ ਮੈਲਬੋਰਨ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ 'ਚ ਨਿਊਜ਼ੀਲੈਂਡ ਦੀ ਟੀਮ ਜੇਤੂ ਰਹੀ। ਦੂਸਰਾ ਸੈਮੀਫਾਈਨਲ ਧੰਨ ਧੰਨ ਬਾਬਾ ਦੀਪ ਸਿੰਘ ਕਬੱਡੀ ਕਲੱਬ ਵੂਲਗੂਲਗਾ ਤੇ ਅਜ਼ਾਦ ਕਬੱਡੀ ਕਲੱਬ ਮੈਲਬੋਰਨ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ 'ਚ ਵੂਲਗੂਲਗਾ ਦੀ ਟੀਮ ਜੇਤੂ ਰਹੀ। ਫਾਈਨਲ 'ਚ ਵੂਲਗੂਲਗਾ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਮੁਕਾਬਲੇ 'ਚ ਵੂਲਗੂਲਗਾ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ 2 ਦੋ ਅੰਕਾਂ ਨਾਲ ਹਰਾ ਕੇ ਕੱਪ 'ਤੇ ਕਬਜ਼ਾ ਕੀਤਾ। ਇਸ ਮੈਚ 'ਚ ਸੰਦੀਪ ਸੁਰਖਪੁਰੀਆ ਤੇ ਗੁਰਲਾਲ ਸਾਂਝੇ ਤੌਰ 'ਤੇ ਬੈਸਟ ਧਾਵੀ ਰਹੇ ਜਦਕਿ ਘੁੱਦਾ ਕਾਲਾ ਸੰਘਿਆਂ ਬੈਸਟ ਜਾਫੀ ਐਲਾਨਿਆ ਗਿਆ। ਇਸ ਮੌਕੇ ਵਾਲੀਬਾਲ ਅਤੇ ਫੁੱਟਬਾਲ ਦੇ ਵੀ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਔਰਤਾਂ ਅਤੇ 17 ਸਾਲ ਤੋਂ ਘੱਟ ਕੁੜੀਆਂ ਦੇ ਮਿਊਜ਼ੀਕਲ ਚੇਅਰ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਆਏ ਹੋਏ ਦਰਸ਼ਕਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ ।
ਜ਼ਿਕਰਯੋਗ ਹੈ ਕਿ ਗ੍ਰਿਫਿਥ ਸ਼ਹਿਰ ਦੇ ਕੌਂਸਲਰ ਤੇ ਮੇਅਰਾਂ ਨੇ ਜਿਥੇ ਇਸ ਸ਼ਹੀਦੀ ਮੇਲੇ 'ਚ ਸ਼ਿਰਕਤ ਕੀਤੀ, ਉਥੇ ਹੀ ਆਪਣੀ ਨੇਕ ਕਮਾਈ 'ਚੋਂ ਡੋਨੇਸ਼ਨ ਵੀ ਦਿੱਤੀ। ਇਸ ਮੌਕੇ ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਜਮੇਰ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਸ਼ਹੀਦੀ ਖੇਡ ਮੇਲੇ ਨੂੰ ਸਫਲ ਬਣਾਉਣ 'ਚ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਵੀ, ਮਨਜੀਤ ਸਿੰਘ ਲਾਲੀ, ਮਨਜੀਤ ਸਿੰਘ ਖੈੜਾ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ, ਦੇਵ ਸਿੱਧੂ, ਅਜੇ, ਬਿੰਦੂ ਚੌਧਰੀ ਗਰੁੱਪ ਅਤੇ ਰਾਏ ਬ੍ਰਦਰਜ਼ ਦਾ ਵਿਸ਼ੇਸ਼ ਯੋਗਦਾਨ ਰਿਹਾ।
ਜੂਨੀਅਰ ਐਥਲੈਟਿਕਸ ਚੈਂਪੀਅਨਸਿਪ ਦੇ ਆਖਰੀ ਦਿਨ ਭਾਰਤ ਨੂੰ 2 ਸੋਨ ਸਮੇਤ 4 ਤਮਗੇ
NEXT STORY