ਸਪੋਰਟਸ ਡੈਸਕ- ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਮਹਿਲਾ ਪ੍ਰੀਮੀਅਰ ਲੀਗ 2024 ਦੇ ਪਹਿਲੇ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਆਖ਼ਰੀ ਗੇਂਦ ਤੱਕ ਚੱਲੇ ਇਸ ਮੁਕਾਬਲੇ 'ਚ ਦਿੱਲੀ ਕੈਪੀਟਲਸ ਨੂੰ 4 ਵਿਕਟਾਂ ਨਾਲ ਹਰਾ ਕੇ ਰੋਮਾਂਚਕ ਜਿੱਤ ਹਾਸਲ ਕੀਤੀ।
ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਕੈਪੀਟਲਸ ਵੱਲੋਂ ਐਲਿਸ ਕੈਪਸੀ ਨੇ 53 ਗੇਂਦਾਂ 'ਚ 8 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 75 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜੇਮੀਮਾ ਰੋਡਰਿਗਜ਼ ਨੇ 24 ਗੇਂਦਾਂ 'ਚ 42 ਤੇ ਮੈਗ ਲੈਨਿੰਗ ਨੇ 25 ਗੇਂਦਾਂ 'ਚ 31 ਦੌੜਾਂ ਬਣਾਈਆਂ। ਇਨ੍ਹਾਂ ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ ਦਿੱਲੀ ਨੇ ਨਿਰਧਾਰਿਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ।

172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਨੂੰ ਪਹਿਲੇ ਹੀ ਓਵਰ 'ਚ ਵੱਡਾ ਝਟਕਾ ਲੱਗਾ, ਜਦੋਂ ਪਾਰੀ ਦੀ ਦੂਜੀ ਹੀ ਗੇਂਦ 'ਤੇ ਓਪਨਰ ਹੇਲੀ ਮੈਥਿਊਜ਼ ਬਿਨਾਂ ਖਾਤਾ ਖੋਲ੍ਹੇ ਹੀ ਮੈਰੀਜ਼ੇਨ ਕੈਪ ਦੀ ਗੇਂਦ 'ਤੇ ਪੈਵੇਲੀਅਨ ਪਰਤ ਗਈ। ਇਸ ਤੋਂ ਬਾਅਦ ਨੈਟ ਸਕਾਈਵਰ ਬ੍ਰੰਟ 19 ਦੌੜਾਂ ਬਣਾ ਕੇ ਅਰੁੰਧਤੀ ਰੈਡੀ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਈ।

ਇਸ ਤੋਂ ਬਾਅਦ ਬੱਲੇਬਾਜ਼ੀ ਕਰ ਰਹੀਆਂ ਯਾਸਤਿਕਾ ਭਾਟੀਆ (57) ਤੇ ਕਪਤਾਨ ਹਰਮਨਪ੍ਰੀਤ (55) ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਇਸ ਤੋਂ ਇਲਾਵਾ ਅਮੀਲੀਆ ਕੇਰ ਨੇ ਵੀ 13 ਗੇਂਦਾਂ 'ਚ 24 ਦੌੜਾਂ ਦਾ ਯੋਗਦਾਨ ਦਿੱਤਾ। ਮੁੰਬਈ ਨੂੰ ਆਖ਼ਰੀ 2 ਗੇਂਦਾਂ 'ਚ 5 ਦੌੜਾਂ ਦੀ ਲੋੜ ਸੀ। ਕਪਤਾਨ ਹਰਮਨਪ੍ਰੀਤ ਨੇ ਛੱਕਾ ਮਾਰ ਕੇ ਮੈਚ ਖ਼ਤਮ ਕਰਨ ਦੇ ਇਰਾਦੇ ਨਾਲ ਵੱਡਾ ਸ਼ਾਟ ਖੇਡਿਆ, ਪਰ ਉਹ ਬਾਊਂਡਰੀ ਲਾਈਨ 'ਤੇ ਐਲਿਸ ਕੈਪਸੀ ਦੀ ਗੇਂਦ 'ਤੇ ਐਨਾਬੈਲ ਸੁਦਰਲੈਂਡ ਦੇ ਹੱਥੋਂ ਕੈਚ ਆਊਟ ਹੋ ਗਈ।
ਆਖ਼ਰੀ ਗੇਂਦ 'ਤੇ ਬੱਲੇਬਾਜ਼ੀ ਕਰਨ ਸਾਜੀਵਨ ਸਾਜਨਾ ਉਤਰੀ, ਜਦੋਂ ਟੀਮ ਨੂੰ 1 ਗੇਂਦ 'ਤੇ 5 ਦੌੜਾਂ ਦੀ ਲੋੜ ਸੀ। ਐਲਿਸ ਕੈਪਸੀ ਦੀ ਗੇਂਦ 'ਤੇ ਅੱਗੇ ਵਧ ਕੇ ਸ਼ਾਨਦਾਰ ਸ਼ਾਟ ਖੇਡਦੇ ਹੋਏ ਛੱਕਾ ਮਾਰ ਦਿੱਤਾ ਤੇ ਟੀਮ ਨੂੰ ਰੋਮਾਂਚਕ ਅੰਦਾਜ਼ 'ਚ ਜਿੱਤ ਦਿਵਾ ਦਿੱਤੀ। ਆਪਣੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਕਾਰਨ ਮੁੰਬਈ ਦੀ ਕਪਤਾਨ ਹਰਮਨਪ੍ਰੀਤ ਨੂੰ ਪਲੇਅਰ ਆਫ਼ ਦਿ ਮੈਚ ਨਾਲ ਸਨਮਾਨਿਤ ਕੀਤਾ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿੱਜੀ ਕਾਰਨਾਂ ਕਾਰਨ ਭਾਰਤ ਦੌਰਾ ਛੱਡ ਕੇ ਇੰਗਲੈਂਡ ਪਰਤੇ ਰੇਹਾਨ ਅਹਿਮਦ
NEXT STORY