ਨਵੀਂ ਦਿੱਲੀ–ਕਹਿੰਦੇ ਹਨ ਕਿ ਖੇਡਾਂ ਨੂੰ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਹੈ ਪਰ ਭਾਰਤੀ ਕੁਸ਼ਤੀ ਵਿਚ ਤਾਂ 2024 ਵਿਚ ਖੇਡਾਂ ਦੀ ਸਿਆਸਤ ਹੀ ਹਾਵੀ ਰਹੀ। ਇਕ ਸਮੇਂ ਓਲੰਪਿਕ ਵਿਚ ਸਫਲਤਾ ਦੀ ਗਾਰੰਟੀ ਮੰਨੀ ਜਾਣ ਵਾਲੀ ਇਸ ਖੇਡ ਵਿਚ ਪ੍ਰਸ਼ਾਸਨਿਕ ਉੱਥਲ-ਪੁਥਲ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਤੇ ਪੈਰਿਸ ਓਲੰਪਿਕ ਵਿਚ ਵਿਨੇਸ਼ ਫੋਗਾਟ ਦਾ ਤੈਅ ਲੱਗ ਰਿਹਾ ਤਮਗਾ ਚਲੇ ਜਾਣ ਤੋਂ ਇਕ ਹੋਰ ਨਿਰਾਸ਼ਾ ਹੱਥ ਲੱਗੀ।
ਠੀਕ ਇਕ ਸਾਲ ਪਹਿਲਾਂ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਨਾਲ ਬੈਂਗਲੁਰੂ ਵਿਚ ਹਾਲ ਹੀ ਵਿਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ ਤੱਕ ਭਾਰਤੀ ਕੁਸ਼ਤੀ ਦਿਸ਼ਾਹੀਨ ਜਹਾਜ਼ ਲੱਗ ਰਹੀ ਸੀ। ਇਕ ਸਮਾਂ ਸੀ ਜਦੋਂ ਕੁਸ਼ਤੀ ਨੂੰ ਓਲੰਪਿਕ ਵਿਚ ਭਾਰਤ ਦੀਆਂ ਤਮਗਾ ਉਮੀਦਾਂ ਵਿਚ ਗਿਣਿਆ ਜਾਂਦਾ ਸੀ ਪਰ ਪੈਰਿਸ ਓਲੰਪਿਕ ਵਿਚ ਅਮਨ ਸਹਿਰਾਵਤ ਦੇ ਕਾਂਸੀ ਤਮਗੇ ਤੋਂ ਇਲਾਵਾ ਇਸ ਖੇਡ ਵਿਚ ਭਾਰਤ ਦੀ ਝੋਲੀ ਖਾਲੀ ਰਹੀ। ਬਦਕਿਸਮਤੀ ਨਾਲ ਵਿਨੇਸ਼ ਦਾ ਸੋਨ ਤਮਗਾ ਬਿਲਕੁਲ ਨੇੜੇ ਆ ਕੇ ਹੱਥੋਂ ਨਿਕਲ ਗਿਆ। ਓਲੰਪਿਕ ਲਈ ਉਸਦੇ ਪਸੰਦੀਦਾ ਭਾਰ ਵਰਗ ਵਿਚ ਜਗ੍ਹਾ ਨਾ ਬਣਾਉਣ ਨਾਲ ਵਿਨੇਸ਼ ਨੇ ਹੇਠਲੇ ਵਰਗ ਵਿਚ ਕਿਸਮਤ ਅਜਮਾਈ। ਉਸ ਨੇ ਪੈਰਿਸ ਓਲੰਪਿਕ ਵਿਚ ਪਹਿਲੇ ਦੌਰ ਵਿਚ ਜਾਪਾਨ ਦੀ ਮਹਾਨ ਪਹਿਲਵਾਨ ਯੂਈ ਸੁਸਾਕੀ ਨੂੰ ਹਰਾਇਆ ਪਰ ਫਾਈਨਲ ਦੇ ਦਿਨ ਸਵੇਰੇ 100 ਗ੍ਰਾਮ ਭਾਰ ਵੱਧ ਹੋਣ ਕਾਰਨ ਅਯੋਗ ਕਰਾਰ ਦੇ ਦਿੱਤੀ ਗਈ। ਇਕ ਦਿਨ ਬਾਅਦ ਵਿਨੇਸ਼ ਨੇ ਖੇਡ ਨੂੰ ਅਲਵਿਦਾ ਕਹਿ ਦਿੱਤਾ।
ਘਰ ਪਰਤਣ ’ਤੇ ਉਸਦਾ ਨਾਇਕਾਂ ਦੀ ਤਰ੍ਹਾਂ ਸਵਾਗਤ ਕੀਤਾ ਗਿਆ। ਵਿਨੇਸ਼ ਨੇ ਸਿਆਸੀ ਪਾਰੀ ਸ਼ੁਰੂ ਕਰਕੇ ਕਾਂਗਰਸ ਦਾ ਹੱਥ ਫੜਿਆ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਜੁਲਾਨਾ ਤੋਂ ਜਿੱਤ ਦਰਜ ਕਰਕੇ ਵਿਧਾਇਕਾ ਬਣ ਗਈ।
ਬਜਰੰਗ ਪੂਨੀਆ ਵੀ ਕਾਂਗਰਸ ਵਿਚ ਸ਼ਾਮਲ ਹੋਇਆ ਪਰ ਉਸਦੀ ਕਿਸਮਤ ਵਿਨੇਸ਼ ਵਰਗੀ ਨਹੀਂ ਰਹੀ। ਅਭਿਆਸ ਕੈਂਪਾਂ ਦੌਰਾਨ ਡੋਪ ਟੈਸਟ ਲਈ ਨਮੂਨੇ ਦੇਣ ਵਿਚ ਅਸਫਲ ਰਹਿਣ ਕਾਰਨ ਉਸ ’ਤੇ 4 ਸਾਲ ਦੀ ਪਾਬੰਦੀ ਲੱਗੀ। ਇਸ ਤੋਂ ਪਹਿਲਾਂ ਉਹ ਪੈਰਿਸ ਓਲੰਪਿਕ ਲਈ ਕੁਆਲੀਫਾਈ ਵੀ ਨਹੀਂ ਕਰ ਸਕਿਆ ਸੀ। ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਉਸਦਾ ਕਰੀਅਰ ਗ੍ਰਾਫ ਇਸ ਸਾਲ ਬਿਲਕੁਲ ਹੇਠਾਂ ਚਲਾ ਗਿਆ।
ਵਿਨੇਸ਼ ਤੇ ਬਜੰਰਗ ਲਗਾਤਾਰ ਕਹਿੰਦੇ ਰਹੇ ਕਿ ਡਬਲਯੂ. ਐੱਫ. ਆਈ. ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁੱਧ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਸਿਆਸੀ ਨਹੀਂ ਹੈ ਪਰ ਉਨ੍ਹਾਂ ਦੇ ਕਾਂਗਰਸ ਨਾਲ ਜੁੜਨ ਤੋਂ ਬਾਅਦ ਸਾਥੀ ਪਹਿਲਵਾਨ ਤੇ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਦੀ ਆਪਣੀ ਕਿਤਾਬ ਵਿਚ ਦੋਵਾਂ ਦੇ ਲਾਲਚ ਨੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਹਵਾ ਕੱਢ ਦਿੱਤੀ।
ਅਗਲੀ ਪੀੜ੍ਹੀ ਦੇ ਪਹਿਲਵਾਨਾਂ ਅੰਸ਼ੂ ਮਲਿਕ ਤੇ ਅਮਿਤ ਪੰਘਾਲ ਨੇ ਪੈਰਿਸ ਵਿਚ ਨਿਰਾਸ਼ ਕੀਤਾ ਪਰ ਅਮਨ ਨੇ ਛੱਤਰਸਾਲ ਸਟੇਡੀਅਮ ਦੀ ਰਵਾਇਤੀ ਨੂੰ ਅੱਗੇ ਵਧਾ ਕੇ ਪੁਰਸ਼ਾਂ ਦੀ ਫ੍ਰੀ ਸਟਾਈਲ 57 ਕਿਲੋ ਕੁਸ਼ਤੀ ਵਿਚ ਕਾਂਸੀ ਤਮਗਾ ਜਿੱਤਿਆ। ਇਸੇ ਵਰਗ ਵਿਚ 2020 ਟੋਕੀਓ ਖੇਡਾਂ ਵਿਚ ਰਵੀ ਦਹੀਆ ਨੇ ਚਾਂਦੀ ਤਮਗਾ ਜਿੱਤਿਆ ਸੀ ਪਰ ਸੱਟਾਂ ਤੇ ਖਰਾਬ ਫਾਰਮ ਨੇ ਦਹੀਆ ਨੂੰ ਹਾਸ਼ੀਏ ’ਤੇ ਧੱਕ ਦਿੱਤਾ।
ਟੋਕੀਓ ਵਿਚ ਭਾਰਤ ਨੂੰ ਕੁਸ਼ਤੀ ਵਿਚ ਦੋ ਤਮਗੇ ਮਿਲੇ ਸਨ ਪਰ ਪਿਛਲੇ ਇਕ ਸਾਲ ਦੇ ਘਟਨਾਕ੍ਰਮ ਨੇ ਭਾਰਤੀ ਕੁਸ਼ਤੀ ਨੂੰ ਕਾਫੀ ਪਿੱਛੇ ਖਿਸਕਾ ਦਿੱਤਾ। ਅਜਿਹਾ ਨਹੀਂ ਹੈ ਕਿ ਸੰਭਾਵਨਾਵਾਂ ਜਾਂ ਪ੍ਰਤਿਭਾਵਾਂ ਨਹੀਂ ਹਨ।
ਭਾਰਤ ਦੀ ਅੰਡਰ-17 ਮਹਿਲਾ ਟੀਮ ਨੇ ਸਤੰਬਰ ਵਿਚ ਜੌਰਡਨ ਦੇ ਅਮਾਨ ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਭਾਰਤ ਨੇ ਸੰਭਾਵਿਤ 10 ਤਮਗਿਆਂ ਵਿਚੋਂ 5 ਸੋਨ ਸਮੇਤ 8 ਤਮਗੇ ਜਿੱਤੇ। ਜਾਪਾਨ ਤੇ ਕਜ਼ਾਕਿਸਤਾਨ ਵਰਗੇ ਧਾਕੜਾਂ ਨੂੰ ਪਛਾੜਨਾ ਵੱਡੀ ਉਪਲੱਬਧੀ ਹੈ।
ਸੰਜੇ ਸਿੰਘ ਦੀ ਅਗਵਾਈ ਵਿਚ ਭਾਰਤੀ ਕੁਸ਼ਤੀ ਸੰਘ ਦੇ ਨਵੇਂ ਪ੍ਰਸ਼ਾਸਨ ਨੂੰ ਅਜੇ ਵੀ ਖੇਡ ਮੰਤਰਾਲਾ ਤੋਂ ਪਾਬੰਦੀ ਹਟਾਉਣ ਦਾ ਇੰਤਜ਼ਾਰ ਹੈ। ਮੁਅੱਤਲੀ ਇਸ ਲਈ ਲਗਾਈ ਗਈ ਸੀ ਕਿਉਂਕਿ ਦਸੰਬਰ 2023 ਵਿਚ 15 ਦਿਨ ਦਾ ਨੋਟਿਸ ਦਿੱਤੇ ਬਿਨਾਂ ਰਾਸ਼ਟਰੀ ਚੈਂਪੀਅਨਸ਼ਿਪ ਦੇ ਆਯੋਜਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਜੇਕਰ ਡਬਲਯੂ. ਐੱਫ. ਅਾਈ. ਨੋਟਿਸ ਮਿਆਦ ਤੱਕ ਰੁਕਦਾ ਤਾਂ ਪਹਿਲਵਾਨਾਂ ਨੂੰ ਇਕ ਸਾਲ ਗਵਾਉਣਾ ਪੈਂਦਾ ਕਿਉਂਕਿ 15 ਦਿਨ ਪੂਰੇ ਹੋਣ ਤੱਕ 2024 ਸ਼ੁਰੂ ਹੋ ਜਾਂਦਾ।
ਸਾਕਸ਼ੀ ਤੇ ਉਸਦੇ ਪਤੀ ਪਹਿਲਵਾਨ ਸੱਤਿਆਵ੍ਰਤ ਕਾਦਿਆਨ ਦੀ ਪਟੀਸ਼ਨ ਕਾਰਨ ਡਬਲਯੂ. ਐੱਫ. ਆਈ. ਨੂੰ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ’ਚੋਂ ਟੀਮ ਵਾਪਸ ਲੈਣੀ ਪਈ ਸੀ। ਸਰਕਾਰ ਦੇ ਦਖਲ ਤੋਂ ਬਾਅਦ ਟੀਮ ਭੇਜੀ ਜਾ ਸਕੀ।
ਪਿਛਲੇ ਦੋ ਸਾਲਾਂ ਵਿਚ ਕੋਚਿੰਗ ਕੈਂਪ ਨਹੀਂ ਲੱਗੇ ਹਨ ਤੇ ਪ੍ਰੋ ਕੁਸ਼ਤੀ ਲੀਗ ਫਿਰ ਸ਼ੁਰੂ ਕਰਨ ਦੀ ਯੋਜਨਾ ਠੰਡੇ ਬਸਤੇ ਵਿਚ ਹੈ। ਗ੍ਰਾਂਟਾਂ ਤੇ ਸਪਾਂਸਰ ਰੁਕੇ ਹੋਏ ਹਨ ਤੇ ਕੋਈ ਵਿਦੇਸ਼ੀ ਜਾਂ ਨਿੱਜੀ ਕੋਚ ਨਹੀਂ ਹੈ। ਭਾਰਤੀ ਕੁਸ਼ਤੀ ਦੀ ਦਸ਼ਾ ਤੇ ਦਿਸ਼ਾ ਦੋਵੇਂ ਇਸ ਸਮੇਂ ਤੈਅ ਨਹੀਂ ਹਨ।
ਵੈਸਟਇੰਡੀਜ਼ ਨੇ ਭਾਰਤੀ ਮਹਿਲਾ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਕੀਤੀ ਟੀ-20 ਲੜੀ ’ਚ ਵਾਪਸੀ
NEXT STORY