ਡਾ. ਕਮਲਜੀਤ ਕੌਰ
ਗੁਰੂ, ਪੀਰਾਂ, ਸੰਤਾਂ, ਫ਼ਕੀਰਾਂ, ਬਹਾਦਰ ਯੋਧਿਆਂ ਅਤੇ ਸੂਰਬੀਰਾਂ ਦਾ ਮਾਣ ਪ੍ਰਾਪਤ ਭਾਰਤ ਦੇਸ਼ ਦੀ ਇਸ ਪਵਿੱਤਰ ਧਰਤੀ ਦੀ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਹੈ। ਇਸੇ ਤਰ੍ਹਾਂ ਇਸ ਮਹਾਨ ਧਰਤੀ ’ਤੇ ਵਸਦੇ ਬਸ਼ਿੰਦੇ ਇੱਥੋਂ ਦੇ ਪੌਣ-ਪਾਣੀ, ਆਬੋ ਹਵਾ ਅਤੇ ਮੌਸਮੀ ਰੁੱਤਾਂ ਅਨੁਸਾਰ ਵੱਖ-ਵੱਖ ਤਿਉਹਾਰਾਂ ਦਾ ਵੀ ਆਨੰਦ ਮਾਣਦੇ ਹਨ। ਇਸੇ ਸੰਦਰਭ ਵਿੱਚ ਜੇਕਰ ਰੁੱਤਾਂ ਦੀ ਗੱਲ ਕੀਤੀ ਜਾਵੇ ਤਾਂ ਗਰਮ, ਸਰਦ, ਬਸੰਤ, ਪਤਝੜ ਅਤੇ ਮਾਨਸੂਨ ਭਾਵ ਵਰਖਾ ਰੁੱਤ ਆਦਿ ਦਾ ਅਜੋਕੇ ਜਨਜੀਵਨ ਵਿੱਚ ਆਪਣਾ ਹੀ ਮਹੱਤਵ ਹੈ। ਜਿਵੇਂ ਕਿ ਇਸ ਸਮੇਂ ਅੱਤ ਦੀ ਗਰਮੀ ਅਤੇ ਤਪਸ਼ ਤੋਂ ਬਾਅਦ ਮਾਨਸੂਨ ਭਾਵ ਵਰਖਾ ਰੁੱਤ ਕਾਰਣ ਮੌਸਮ ਵਿੱਚ ਆਈ ਤਬਦੀਲੀ ਦੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ।
ਮੌਸਮੀ ਰੁੱਤਾਂ ਦੀ ਇਹ ਭਿੰਨਤਾ ਆਮ ਜਨ-ਜੀਵਨ, ਸਾਡੇ ਆਲੇ-ਦੁਆਲੇ ਅਤੇ ਕੁਦਰਤੀ ਸੋਮਿਆਂ ਨੂੰ ਪ੍ਰਭਾਵਿਤ ਕਰਦੇ ਹਨ। ਖਾਸ ਤੌਰ ’ਤੇ ਬਰਸਾਤ ਦੇ ਮੌਸਮ ਦੌਰਾਨ ਜਦੋਂ ਹਰ ਪਾਸੇ ਹਰਿਆਵਲ, ਲਹਿਲਹਰਾਉਂਦੇ ਦਰੱਖਤ, ਸੁੰਦਰ ਬਾਗ-ਬਗੀਚੇ, ਮਨੁੱਖ ਨੂੰ ਖੁਸ਼ੀ ਪ੍ਰਦਾਨ ਕਰਦੇ ਹਨ ਪ੍ਰੰਤੂ ਇਸੇ ਤਰ੍ਹਾਂ ਕਈ ਤਰ੍ਹਾਂ ਦੇ ਜੀਵ, ਕੀੜੇ-ਮਕੌੜੇ, ਮੱਖੀਆਂ-ਮੱਛਰਾਂ ਦੀ ਭਰਮਾਰ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ
ਮੌਨਸੂਨ/ਬਰਸਾਤਾਂ ਦੌਰਾਨ ਅਗਾਊ ਸੁਚੱਜੇ ਪ੍ਰਬੰਧਾਂ ਦੀ ਘਾਟ ਕਾਰਣ ਜਗ੍ਹਾ-ਜਗ੍ਹਾ ’ਤੇ ਬਣਾਏ ਜਾਦੇਂ ਟੋਏ-ਟਿੱਬੇ, ਖੱਡੇ ਆਦਿ ਵਿੱਚੋਂ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਰਕੇ, ਖੁੱਲ੍ਹੇ ਵਿੱਚ ਗੰਦਗੀ ਦੇ ਢੇਰ ਅਤੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਵਿੱਚ ਕੀਤੀ ਜਾਂਦੀ ਵਿਅਕਤੀਗਤ, ਸਮਾਜਿਕ ਅਤੇ ਪ੍ਰਸ਼ਾਸਨਿਕ ਲਾਪਰਵਾਹੀ, ਕੀੜੇ-ਮਕੌੜਿਆਂ ਦੇ ਵੱਧਣ-ਫੁੱਲਣ ਵਿੱਚ ਸਹਾਈ ਹੁੰਦੇ ਹਨ। ਸੋ, ਮੌਨਸੂਨ ਮੌਸਮ ਦੌਰਾਨ ਨਿਯਮਤ ਤੌਰ ’ਤੇ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣਾ ਅਤੀ ਜ਼ਰੂਰੀ ਬਣ ਜਾਂਦਾ ਹੈ, ਕਿਉਂਕਿ ਗੰਦਗੀ ਦੇ ਢੇਰ ਅਤੇ ਖੜ੍ਹੇ ਪਾਣੀ ਦੀ ਬਦਬੂ ਕਾਰਣ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਇਲਾਵਾ ਫੇਫੜੇ, ਮਿਹਦੇ, ਅੰਤੜੀਆਂ, ਜਿਗਰ ਅਤੇ ਚਮੜੀ ਦੇ ਕਈ ਤਰ੍ਹਾਂ ਦੇ ਮਾਰੂ ਰੋਗ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਇਸ ਦੇ ਨਾਲ ਜੀਵਨ ਪ੍ਰਦਾਨ ਕਰਨ ਵਾਲੇ ਸਾਰੇ ਕੁਦਰਤੀ ਸੋਮੇ ਜਿਵੇਂ ਹਵਾ, ਪਾਣੀ, ਧਰਤੀ, ਭੋਜਨ ਅਤੇ ਸਮੁੱਚਾ ਵਾਤਾਵਰਨ ਆਦਿ ਪ੍ਰਦੂਸ਼ਿਤ ਹੋ ਜਾਂਦੇ ਹਨ ਅਤੇ ਹੋਰ ਕਈ ਤਰ੍ਹਾਂ ਦੇ ਜ਼ਹਿਰੀਲੇ ਜੀਵ-ਜੰਤੂ (ਸੱਪ/ਸਪੋਲੀਏ), ਵਿਸ਼ਾਣੂ, ਬੈਕਟੀਰੀਆਂ ਵਾਇਰਸ ਆਦਿ ਪਣਪਦੇ ਹਨ। ਕਈ ਵਾਰ ਅੱਤ ਦੀ ਗਰਮੀ (ਮਈ/ਜੂਨ) ਵਿੱਚ ਤਪਸ਼ ਨਾਲ ਲੂ ਲੱਗਣ ਨਾਲ ਕਈ ਵਾਰ ਜਾਨਲੇਵਾ ਅਲਾਮਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉੱਥੇ ਹੀ ਮਾਨਸੂਨ ਦੀ ਵਰਖਾ ਰੁੱਤ ਵਿੱਚ ਪ੍ਰਫੁਲਿਤ ਬਨਸਪਤੀ ਮਨੁੱਖੀ ਜੀਵਨ ਨੂੰ ਤੰਦਰੁਸਤੀ ਦਾ ਅਹਿਸਾਸ ਪ੍ਰਦਾਨ ਕਰਦੀ ਹੈ। ਪ੍ਰੰਤੂ ਇਸ ਹੁੰਮਸ ਭਰੇ ਗਰਮ ਵਾਤਾਵਰਣ ਵਿੱਚ ਘਰੋਂ ਨਿਕਲਦੇ ਸਮੇਂ ਜਾਂ ਕੰਮਕਾਜ ਦੀ ਮਸ਼ੁਕਤ ਦੌਰਾਨ ਜ਼ਿਆਦਾ ਪਸੀਨਾ ਆਉਣ ਕਾਰਣ ਅਤੇ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਰਕੇ fluid & minerals ਅਰਥਾਤ ਲੋੜੀਂਦੇ ਖਣਿਜਾਂ (ਸੋਡੀਅਮ, ਪੋਟਾਸ਼ੀਅਮ ਆਦਿ) ਦੀ ਘਾਟ ਹੋ ਜਾਂਦੀ ਹੈ। ਖਾਸ ਕਰਕੇ ਗਰਭਵਤੀ ਮਹਿਲਾਵਾਂ, ਬੱਚੇ ਅਤੇ ਬਜ਼ੁਰਗਾਂ ਨੂੰ ਹੁੰਮਸ ਭਰੇ ਇਸ ਮੌਸਮ ਵਿੱਚ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ
ਉਦਾਹਰਣ ਦੇ ਤੌਰ ’ਤੇ ਨਿੱਜੀ ਸਫ਼ਾਈ ਦੀ ਗੱਲ ਕਰੀਏ ਤਾਂ ਕਈ ਤਰ੍ਹਾਂ ਦੇ ਗੰਦਗੀ ਨਾਲ ਹੋਣ ਵਾਲੇ ਆਮ ਚਮੜੀ ਰੋਗ ਜੋ ਕੇਵਲ ਨਿਯਮਤ ਸਰੀਰਕ ਸਫ਼ਾਈ ਕਰਨ ਨਾਲ ਪੂਰੀ ਤਰ੍ਹਾਂ ਰੋਕੇ ਜਾ ਸਕਦੇ ਹਨ। ਬਰਸਾਤਾਂ ਵਿੱਚ ਬੱਚੇ, ਨਾਬਾਲਗ ਆਮ ਤੌਰ ’ਤੇ ਬਾਹਰ ਬਾਰਿਸ਼ ਦਾ ਆਨੰਦ ਮਾਣਦੇ ਹੋਏ ਅਤੇ ਗਰਮੀ ਤੋਂ ਰਾਹਤ ਲੈਣ ਲਈ ਕਈ ਵਾਰ ਟੋਏ ਟਿੱਬੇ ਜਾਂ ਟੋਬੇ/ਛੱਪੜ ਆਦਿ ਵਿੱਚ ਖੜ੍ਹੇ ਦੂਸ਼ਿਤ ਪਾਣੀ ਵਿੱਚ ਖੇਡਦੇ ਹਨ। ਜਿਸ ਕਾਰਣ ਕਈ ਤਰ੍ਹਾਂ ਦੇ ਇੰਫ਼ੈਕਸ਼ਨ, ਫੋੜੇ-ਫਿੰਸੀਆਂ, ਅੱਖਾਂ ਦਾ ਫਲੂ, ਖਾਂਸੀ, ਜ਼ੁਕਾਮ, ਚਮੜੀ ਰੋਗਾਂ ਦੀ ਅਲੈਰਜੀ, ਜ਼ਹਿਰੀਲੇ ਕੀੜੇ-ਮਕੌੜਿਆਂ ਦੇ ਕੱਟਣ ਆਦਿ ਦਾ ਖਤਰਾ ਵੱਧ ਜਾਂਦਾ ਹੈ। ਕਈ ਵਾਰ ਛੋਟੀਆਂ ਮੋਟੀਆਂ ਚੋਟਾਂ/ਸੱਟਾਂ ਦੇ ਜ਼ਖਮ ਵੀ ਗੰਦਗੀ ਨਾਲ ਜ਼ਿਆਦਾ ਖਰਾਬ ਹੋ ਜਾਂਦੇ ਹਨ।
ਇਸੇ ਤਰ੍ਹਾਂ ਗੰਦੇ ਪਾਣੀ ਨਾਲ ਮੂੰਹ, ਨੱਕ ਜਾਂ ਗਲੇ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਜਟਿਲ ਸਮੱਸਿਆਵਾਂ ਹੋ ਜਾਂਦੀਆਂ ਹਨ, ਜੋ ਜ਼ਿੰਦਗੀ ਭਰ ਲਈ ਜੋਖਮ ਬਣ ਜਾਂਦੀਆਂ ਹਨ। ਕਈ ਤਰ੍ਹਾਂ ਦੇ ਬੁਖਾਰ ਜਿਵੇਂ ਮਲੇਰੀਆਂ, ਡੇਂਗੂ, ਟਾਈਫ਼ਾਈਡ, ਹੈਜ਼ਾ, ਸੈਪਟਿਕ/ਲਾਗ ਕਾਰਣ ਮਿਹਦੇ ਅਤੇ ਅੰਤੜੀ ਰੋਗ, ਉਲਟੀਆਂ, ਦਸਤ, ਪੇਚਿਸ਼ ਆਦਿ ਗੰਦਗੀ ਅਤੇ ਪ੍ਰਦੂਸ਼ਿਤ ਪੌਣਪਾਣੀ ਕਾਰਣ ਪਨਪਦੇ ਹਨ। ਇਨ੍ਹਾਂ ਤੋਂ ਸਮੇਂ ਸਿਰ ਬਚਾਅ ਸੌਖੇ ਅਤੇ ਸਸਤੇ ਢੰਗ ਨਾਲ ਹੋ ਸਕਦਾ ਹੈ। ਕਈ ਵਾਰ ਸਮੇਂ ਦੀ ਦੇਰੀ, ਅਸਾਵਧਾਨੀ, ਅਣਗਹਿਲੀ ਅਤੇ ਅਗਿਆਨਤਾ ਵੀ ਜਾਨਲੇਵਾ ਹੋ ਸਕਦੀ ਹੈ।
ਉਪਰੋਕਤ ਸਮੱਸਿਆਵਾਂ ਦਾ ਸਮਾਧਾਨ ਨਿੱਜੀ ਅਤੇ ਸਮੂਹਿਕ ਤੌਰ ’ਤੇ ਕੁਝ ਕੁ ਸਾਵਧਾਨੀਆਂ ਵਰਤ ਕੇ ਬੜੇ ਸਾਦੇ ਅਤੇ ਸਰਲ ਤਰੀਕਿਆਂ ਨਾਲ ਹੋ ਸਕਦਾ ਹੈ। ਇਨ੍ਹਾਂ ਸਭ ਅਲਾਮਤਾਂ ਤੋਂ ਛੁਟਕਾਰਾਂ ਪਾਉਣ ਲਈ ਕੋਈ ਬਹੁਤ ਮਹਿੰਗਾ ਇਲਾਜ ਜਾਂ ਸਫ਼ਾਈ ਪ੍ਰਬੰਧਾਂ ਦਾ ਖਰਚਾ ਜ਼ਿਆਦਾ ਨਹੀਂ ਹੁੰਦਾ, ਸਗੋਂ ਹਰ ਇੱਕ ਵਿਅਕਤੀ ਨੂੰ ਨਿੱਜੀ ਤੌਰ ’ਤੇ ਘਰ ਪਰਿਵਾਰ ਅਤੇ ਆਲੇ-ਦੁਆਲੇ ਦੀ ਸਿਹਤਮੰਦ ਸਿਰਜਣਾ ਲਈ ਉਚਿੱਤ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੁਲਝੇ ਹੋਏ ਜ਼ਿੰਮੇਵਾਰ ਨਾਗਰਿਕ ਦੇ ਤੌਰ ’ਤੇ ਸਿਹਤ ਸੰਬੰਧੀ ਕੁਝ ਕੁ ਬਚਾਅ ਦੇ ਨੁਕਤੇ ਸਮਝਣ ਅਤੇ ਅਮਲ ਕਰਨ ਦੀ ਲੋੜ ਹੈ। ਇਸ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਲੋੜ ਅਨੁਸਾਰ ਸੁਰੱਖਿਅਤ ਖਾਣਾ, ਪਾਣੀ ਆਦਿ ਨਾਲ ਰੱਖਣਾ ਚਾਹੀਦਾ ਹੈ। ਇਸ ਮੌਸਮ ਦੌਰਾਨ ਬਾਹਰ ਦਾ ਡੱਬਾਬੰਦ ਭੋਜਨ, ਬਾਸੀ ਖਾਣਾ, ਤਲਿਆ, ਕੋਲਡ ਡਰਿੰਕਸ ਜਾਂ ਪੈਕਡ ਫ਼ਲਾਂ ਦੇ ਰਸ, ਅਣਢੱਕਿਆ ਭੋਜਨ, ਬਹੁਤ ਹੀ ਪੱਕੇ ਜਾਂ ਗਲ੍ਹੇ-ਸੜ੍ਹੇ ਫ਼ਲ, ਡੇਅਰੀ ਖਾਧ ਪਦਾਰਥ ਜਿਵੇਂ ਦੁੱਧ, ਪਨੀਰ, ਖੋਆ, ਆਇਸਕ੍ਰੀਮ ਜਾਂ ਮਿਠਾਈ ਆਦਿ ਬਜ਼ਾਰੀ ਖਾਣੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਉਪਰੋਕਤ ਸਿਹਤ ਸੰਬੰਧੀ ਖਤਰਿਆਂ ਦੀ ਰੋਕਥਾਮ ਅਤੇ ਬਚਾਅ ਲਈ ਸਿਹਤ ਸੰਬੰਧੀ ਉਚਿਤ ਜਾਣਕਾਰੀ ਹੋਣਾ ਜ਼ਰੂਰੀ ਹੈ। ਇਸ ਲਈ ਜਾਗਰੂਕਤਾ ਇੱਕ ਅਜਿਹਾ ਟੀਕਾਕਰਣ ਹੈ, ਜੋ ਪ੍ਰਹੇਜ਼ ਲਈ ਉਤਸ਼ਾਹਤ ਕਰਦਾ ਹੈ ਅਤੇ ਪ੍ਰਹੇਜ਼ ਹੀ ਬਚਾਅ ਹੈ। ਸਾਨੂੰ ਕਈ ਵਾਰ ਜਾਣਕਾਰੀ ਤਾਂ ਹੁੰਦੀ ਹੈ ਪਰ ਗੈਰਜ਼ਿੰਮੇਵਾਰ ਵਿਹਾਰ ਸਾਡੀ ਰੋਜ਼ਮਰਾ ਦੀ ਜੀਵਨ ਸ਼ੈਲੀ ਵਿੱਚ ਰੁਕਾਵਟ ਬਣਦਾ ਹੈ, ਜੋ ਨੈਤਿਕ ਤੌਰ ’ਤੇ ਸਿਹਤ ਸੰਬੰਧੀ ਸਹੀ ਅਮਲਾ ਦਾ ਪਾਲਣ ਨਾ ਕਰਨ ਦੀ ਕੁਤਾਹੀ ਕਾਰਣ ਅਸੀ ਨਿੱਜੀ ਸਿਹਤ, ਪਰਿਵਾਰ ਅਤੇ ਸਮਾਜ ਸੰਬੰਧੀ ਅਵੇਸਲੇ ਹੋ ਕੇ ਕਈ ਤਰ੍ਹਾਂ ਦੇ ਸਰੀਰਕ, ਮਾਨਸਿਕ, ਪਰਿਵਾਰਕ, ਸਮਾਜਿਕ ਅਤੇ ਆਰਥਿਕ ਵਿਕਾਸ ਵਿਹੂਣੇ ਹੋ ਜਾਂਦੇ ਹਾਂ, ਜਿਸ ਕਰਕੇ ਅਸੀ ਜੀਵਨ ਦੇ ਹਰ ਖੇਤਰ ਵਿੱਚ ਪਛੜ੍ਹ ਜਾਂਦੇ ਹਾਂ। ਕਿਉਂਕਿ ਸਿਆਣਿਆਂ ਦਾ ਕਥਨ ਹੈ ਕਿ cleanliness is next to godliness (ਸਫ਼ਾਈ ਹੀ ਪੂਜਾ ਭਗਤੀ ਹੈ)। ਸਫ਼ਾਈ ਸਿਹਤਮੰਦ ਜੀਵਨ ਪ੍ਰਦਾਨ ਕਰਦੀ ਹੈ ਅਤੇ ਸਿਹਤਮੰਦ ਵਿਅਕਤੀ ਹੀ ਜੀਵਨ ਦੇ ਹਰ ਖੇਤਰ ਵਿੱਚ ਸਫ਼ਲ ਹੋਣ ਲਈ ਲੋੜੀਂਦਾ ਯੋਗਦਾਨ ਪ੍ਰਦਾਨ ਕਰਨ ਦੇ ਸਮਰੱਥ ਹੁੰਦਾ ਹੈ।
ਆਮ ਤੌਰ ’ਤੇ ਆਲਸ, ਅਣਗਹਿਲੀ, ਅਗਿਆਨਤਾ ਹੀ ਗੰਦਗੀ, ਗੁਰਬਤਾ, ਬੀਮਾਰੀ ਅਤੇ ਕੁਪੋਸ਼ਣ ਦਾ ਕਾਰਣ ਬਣਦੇ ਹਨ। ਫ਼ਲਸਰੂਪ ਕਈ ਤਰ੍ਹਾਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਰੁਕਾਵਟ ਬਣਦੇ ਹਨ। ਨਤੀਜੇ ਵਜੋਂ ਲੋੜੀਂਦੀ ਸਿੱਖਿਆ, ਕੰਮਕਾਜ ਅਤੇ ਰੋਜ਼ਮਰ੍ਹਾ ਗਤੀਵਿਧੀਆਂ ਸਾਰਥਕ ਰੂਪ ਵਿੱਚ ਨਿਭਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਰਸਮੀ ਤੌਰ ’ਤੇ ਸਿਖਿਅਤ ਹੋਣ ਦੇ ਨਾਲ-ਨਾਲ ਸਿਹਤ ਸੰਬੰਧੀ ਜਾਣਕਾਰੀ ਰੱਖਣਾ ਅਤੀ-ਜ਼ਰੂਰੀ ਹੈ, ਜਿਵੇਂ ਓਪਰੋਕਤ ਮੁਤਾਬਿਕ ਨਿੱਜੀ ਸਫ਼ਾਈ ਦਾ ਧਿਆਨ ਰੱਖਦੇ ਹੋਏ ਆਲੇ-ਦੁਆਲੇ ਦੀ ਸਾਂਭ-ਸੰਭਾਲ, ਨਮੀ ਤੋਂ ਬਚਾਅ, ਹੁੰਮਸ ਭਰੇ ਵਾਤਾਵਰਨ ਵਿੱਚ ਬਿਨ੍ਹਾਂ ਕਾਰਣ ਬਾਹਰ ਨਿਕਲਣ ਦਾ ਪ੍ਰਹੇਜ਼ ਕਰਨਾ ਚਾਹੀਦਾ ਹੈ। ਖਾਸ ਕਰਕੇ ਲੰਮੀ ਬੀਮਾਰੀ ਨਾਲ ਇਲਾਜ ਅਧੀਨ ਜਿਵੇਂ ਦਮਾ, ਮਿਰਗੀ, ਸ਼ੁਗਰ, ਬਲੱਡ ਪ੍ਰੈਸ਼ਰ, ਹਾਰਟ ਡਿਸੀਜਜ਼, ਕੈਂਸਰ ਅਤੇ ਚਮੜੀ ਦੇ ਗੰਭੀਰ ਰੋਗ ਆਦਿ ਪੀੜਤਾਂ ਨੂੰ ਲੋੜ ਅਨੁਸਾਰ ਸਾਵਧਾਨੀਆਂ ਵਰਤ ਕੇ ਬਾਹਰ ਨਿਕਲਣਾ ਚਾਹੀਦਾ ਹੈ। ਜ਼ਰੂਰਤ ਮੁਤਾਬਿਕ ਇਨ੍ਹਾਂ ਨੂੰ ਆਪਣੀ ਬੀਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਪਛਾਣ ਕਾਰਡ, ਲੋੜੀਂਦੀ ਮੈਡੀਸਨ ਅਤੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਸਹੀ ਅਤੇ ਸੰਭਵ ਬਚਾਅ ਪ੍ਰਬੰਧ ਹੋ ਸਕੇ। ਨਮੀ ਭਰਪੂਰ ਇਸ ਮੌਸਮ ਵਿੱਚ ਆਮ ਤੌਰ ’ਤੇ ਸਰੀਰਕ ਕੰਮਕਾਰ ਵਿੱਚ ਜ਼ਿਆਦਾ ਪਸੀਨਾ ਵਹਿ ਜਾਣ ਕਾਰਣ ਕਈ ਵਾਰ ਪਾਣੀ ਦੀ ਘਾਟ, ਘਬਰਾਹਟ, ਥਕਾਵਟ ਅਤੇ ਨੀਮ ਬੇਹੋਸ਼ੀ ਦਾ ਕਾਰਣ ਬਣਦੀ ਹੈ। ਇਸ ਲਈ ਜ਼ਰੂਰਤ ਮੁਤਾਬਿਕ ਸਾਫ਼ ਸੁਰੱਖਿਅਤ ਪਾਣੀ ਪੀਣਾ ਚਾਹੀਦਾ ਹੈ, ਹੋ ਸਕੇ ਤਾਂ ਦਿਨ ਵਿੱਚ 1-2 ਵਾਰ ਤਾਜ਼ਾ ਨਿੰਬੂ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰਕ ਅਨੈਰਜੀ ਦੇ ਨਾਲ-ਨਾਲ ਵਿਟਾਮਿਨ-ਸੀ, ਜੋ ਮਾਨਸੂਨ ਮੌਸਮ ਦੌਰਾਨ ਆਮ ਤੌਰ ’ਤੇ ਆਸਾਨੀ ਨਾਲ ਉਪਲੱਬਧ ਹੁੰਦਾ ਹੈ ਅਤੇ ਸਰੀਰ ਦੀ ਇਮਿਊਨਟੀ ਬਣਾਉਣ ਲਈ ਸਹਾਇਕ ਹੁੰਦਾ ਹੈ. ਇਸ ਦੇ ਨਾਲ ਵਿਟਾਮਿਨ, ਖਣਿਜ ਅਤੇ ਫ਼ਾਈਬਰ ਯੁਕਤ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ।
ਸਮੇਂ ਸਿਰ ਸੁਰੱਖਿਅਤ ਅਤੇ ਸਿਹਤਮੰਦ ਖੁਰਾਕ, ਉਸਾਰੂ ਜੀਵਨ ਸ਼ੈਲੀ, ਪ੍ਰਦੂਸ਼ਣ ਰਹਿਤ ਹਵਾ, ਪਾਣੀ, ਭੋਜਨ ਦੇ ਨਾਲ-ਨਾਲ ਖੇਡਾਂ, ਕਸਰਤ, ਯੋਗ ਅਤੇ ਮੈਡੀਟੇਸ਼ਨ ਆਦਿ ਨਾਲ ਸਰੀਰਕ, ਮਾਨਸਿਕ ਤੰਦਰੁਸਤੀ ਅਤੇ ਆਮ ਰੋਜ਼ਮਰਾ ਦੇ ਵਿਕਾਰਾਂ ਤੋਂ ਬਚਾਅ ਹੋ ਸਕਦਾ ਹੈ। ਸਾਫ਼-ਸੁਥਰੇ ਵਾਤਾਵਰਨ ਦੀ ਉਸਾਰੀ ਲਈ ਕੂੜਾ ਕਰਕਟ ਦੀ ਸਾਂਭ-ਸੰਭਾਲ ਦੇ ਉਚਿੱਤ ਉਪਰਾਲੇ, ਸੋਚਾਲਯ ਦੇ ਯੋਗ ਪ੍ਰਬੰਧਾਂ ਦੀ ਵਰਤੋਂ ਕਰਦੇ ਹੋਏ ਜਗ੍ਹਾ-ਜਗ੍ਹਾ ਗੰਦਗੀ ਫੈਲਾਉਣ ਅਤੇ ਖੁੱਲ੍ਹੇ ਵਿੱਚ ਥੁੱਕਣ ਦੀ ਪ੍ਰਸ਼ਾਸ਼ਨਿਕ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਲਈ ਅਤੀ-ਜ਼ਰੂਰੀ ਹੈ ਕਿ ਖਾਲੀ ਥਾਵਾਂ, ਗਰਾਂਉਡਾਂ, ਪਾਰਕਾਂ ਦੀ ਸਫ਼ਾਈ, ਖੜ੍ਹੇ ਪਾਣੀ ਦਾ ਨਿਰੰਤਰ ਨਿਕਾਸ, ਕੂਲਰਾਂ ਦਾ ਪਾਣੀ ਨਿਯਮਤ ਤੌਰ ’ਤੇ ਬਦਲਣਾ ਅਤੇ ਵਰਤੋਂ ਨਾ ਕਰਦੇ ਸਮੇਂ ਕੂਲਰ ਸਾਫ਼ ਰੱਖਣਾ, ਲੋੜ ਅਨੁਸਾਰ ਕੀਟ ਨਾਸ਼ਕਾਂ ਦਾ ਛੜਕਾਅ ਯਕੀਨੀ ਬਣਾਇਆ ਜਾਵੇ। ਮੱਖੀਆਂ ਮੱਛਰਾਂ ਦੀ ਬਚਾਅ ਲਈ ਨੈੱਟ ਡੋਰ (ਜਾਲੀਦਾਰ ਦਰਵਾਜ਼ੇ) ਅਤੇ ਸੌਣ ਸਮੇਂ ਪੂਰੇ ਕੱਪੜੇ ਪਹਿਨਣਾ ਅਤੇ ਮੱਛਰਦਾਨੀ ਆਦਿ ਦਾ ਪ੍ਰਯੋਗ ਕਰਦੇ ਹੋਏ ਘਰੇਲੂ ਉਪਾਅ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਮੱਛਰਾਂ ਨਾਲ ਹੋਣ ਵਾਲੇ ਮਲੇਰੀਆ ਅਤੇ ਡੇਂਗੂ ਆਦਿ ਤੋਂ ਬਚਾਅ ਕੀਤਾ ਜਾ ਸਕੇ. ਜੇਕਰ ਅਚਾਨਕ ਕਿਸੇ ਵੀ ਇਫੈਕਸ਼ਨ ਜਾਂ ਬੀਮਾਰੀ ਦੇ ਲੱਛਣਾਂ ਦਾ ਅਨੁਭਵ ਹੋ ਰਿਹਾ ਹੋਵੇ ਤਾਂ ਬਿਨਾਂ ਕਿਸੇ ਦੇਰੀ ਦੇ ਡਾਕਟਰੀ ਜਾਂਚ ਕਰਾਉਣਾ ਅਤੀ-ਜ਼ਰੂਰੀ ਹੈ ਤਾਂ ਕਿ ਸਮੇਂ ਸਿਰ ਸਹੀ ਇਲਾਜ ਪ੍ਰਣਾਲੀ ਰਾਹੀ ਬੀਮਾਰੀ ਦੇ ਗੰਭੀਰ ਸਿੱਟਿਆਂ ਤੋਂ ਬਚਾਅ ਹੋ ਸਕੇ।
ਸੰਖੇਪ ਵਿੱਚ ਤੰਦਰੁਸਤ ਰਹਿਣ ਲਈ ਸਿਹਤ ਸੰਬੰਧੀ ਜਾਗਰੂਕਤਾ ਅਤੇ ਸਿਹਤਮੰਦ ਆਦਤਾਂ ਦਾ ਪ੍ਰਯੋਗ ਅਤੀ ਜ਼ਰੂਰੀ ਹੈ ਜਿਵੇਂ ਅੱਜਕੱਲ੍ਹ ਕੋਰੋਨਾ ਸਰਬਵਿਆਪੀ ਮਹਾਮਾਰੀ ਦੇ ਮਾਹੌਲ ਵਿੱਚ ਮਾਸਕ ਪਹਿਣਨਾ, ਸ਼ੋਸਲ ਡਿਸਟੈਂਸਿੰਗ, ਸੁਰੱਖਿਅਤ ਖੁਰਾਕ ਅਤੇ ਖਾਣ-ਪੀਣ ਦੀਆਂ ਸਿਹਤਮੰਦ ਆਦਤਾਂ, ਸੱਭਿਅਕ ਵਿਹਾਰ, ਉਸਾਰੂ ਮੰਨੋਰੰਜਨ, ਬਿਨ੍ਹਾਂ ਲੋੜ ਭੀੜ ਵਾਲੇ ਸਥਾਨਾਂ ’ਤੇ ਆਉਣ-ਜਾਣ ਦਾ ਪ੍ਰਹੇਜ਼ ਕਰਨਾ ਜ਼ਰੂਰੀ ਹੈ। ਸਰੀਰਕ ਇਮਿਊਨਟੀ ਜਾਂ ਰੋਗ ਪ੍ਰਤੀਰੋਧਕ ਸ਼ਕਤੀ ਅਤੇ ਤੰਦਰੁਸਤੀ ਬਰਕਰਾਰ ਰੱਖਣ ਲਈ ਖੁਰਾਕੀ ਤੱਤ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਮੂਹਿਕ ਉਪਰਾਲੇ ਕਰਦੇ ਹੋਏ ਪੰਚਾਇਤਾਂ/ਮੋਹਤਬਰ ਸੱਜਣਾਂ, ਸਮਾਜ ਸੁਧਾਰਕ ਜੱਥੇਬੰਦੀਆਂ ਅਤੇ ਪ੍ਰਸ਼ਾਸ਼ਨਿਕ/ਕਾਰਪੋਰੇਸ਼ਨ ਸਿਸਟਮ ਦੇ ਸਹਿਯੋਗ ਨਾਲ ਬਰਸਾਤਾਂ ਦੇ ਮੌਸਮ ਵਿੱਚ ਜ਼ਹਿਰੀਲੇ ਕੀੜੇ-ਮਕੌੜੇ ਅਤੇ ਮੱਛਰਾਂ ਦੀ ਰੋਕਥਾਮ ਲਈ ਸਮੇਂ ਸਿਰ ਕੀਟਨਾਸ਼ਕ ਸਪਰੇਅ ਅਤੇ Fogging ਕਰਵਾਉਣ ਦੇ ਯੋਗ ਉਪਰਾਲੇ ਪਹਿਲ ਦੇ ਆਧਾਰ ’ਤੇ ਕਰਨੇ ਚਾਹੀਦੇ ਹਨ।
ਸੰਗਰੂਰ 'ਚ ਮਾਰੂ ਹੋਇਆ ਕੋਰੋਨਾ, 2 ਮਰੀਜ਼ਾਂ ਨੇ ਤੋੜਿਆ ਦਮ
NEXT STORY