ਹਾਲਾਂਕਿ ਪੁਲਸ ਵਿਭਾਗ ’ਤੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਣ ਦੇ ਨਾਤੇ ਇਸ ਦੇ ਮੈਂਬਰਾਂ ਕੋਲੋਂ ਅਨੁਸ਼ਾਸਿਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ਵਿਚ ਚੰਦ ਪੁਲਸ ਮੁਲਾਜ਼ਮ ਆਪਣੇ ਗਲਤ ਕੰਮਾਂ ਕਾਰਨ ਆਲੋਚਨਾ ਦੇ ਪਾਤਰ ਬਣਨ ਦੇ ਨਾਲ-ਨਾਲ ਆਪਣੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਜਿਸ ਦੀਆਂ ਸਿਰਫ ਇਕ ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 20 ਫਰਵਰੀ ਨੂੰ ਪੁਣੇ ਪੁਲਸ ਨੇ ਸ਼ੋਲ੍ਹਾਪੁਰ ਦੇ ਪੁਲਸ ਸਿਖਲਾਈ ਕੇਂਦਰ ਵਿਚ ਤਾਇਨਾਤ ਇਕ ਏ. ਐੱਸ. ਆਈ. ਨੂੰ ਉਸ ਵਿਰੁੱਧ ਲਾਇਆ ਗਿਆ ਜਬਰ-ਜ਼ਨਾਹ ਦਾ ਦੋਸ਼ ਵਾਪਸ ਲੈਣ ਲਈ ਇਕ ਔਰਤ ਨੂੰ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ।
* 21 ਫਰਵਰੀ ਨੂੰ ਗਵਾਲੀਅਰ ਵਿਚ ਅਪਰਾਧ ਸ਼ਾਖਾ ਦੇ ਸਟਾਫ ਨੇ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਦੌਰਾਨ ਜਦੋਂ ਇਕ ਕਾਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਕਾਰ ਸਵਾਰ 2 ਵਿਅਕਤੀਆਂ ਕੋਲੋਂ 15 ਕਿਲੋ ਗਾਂਜਾ ਬਰਾਮਦ ਹੋਇਆ। ਇਨ੍ਹਾਂ ਵਿਚੋਂ ਇਕ ਗਵਾਲੀਅਰ ਦੇ ‘ਵਿ. ਵਿ. ਪੁਲਸ ਥਾਣੇ ’ਚ’ ਤਾਇਨਾਤ ਕਾਂਸਟੇਬਲ ‘ਆਕਾਸ਼ ਧਾਕੜ’ ਨਿਕਲਿਆ ਜੋ ਘਰੇਲੂ ਕੰਮ ਦੇ ਬਹਾਨੇ ਡਿਊਟੀ ਤੋਂ ਛੁੱਟੀ ਲੈ ਕੇ ਗਾਂਜਾ ਸਮੱਗਲ ਕਰ ਰਿਹਾ ਸੀ।
* 1 ਮਾਰਚ ਨੂੰ ਆਨੰਦ ਵਿਹਾਰ-ਅਗਰਤਲਾ ਤੇਜਸ ਐਕਸਪ੍ਰੈੱਸ ਦੇ ਫਸਟ ਕਲਾਸ ਏ. ਸੀ. ਡੱਬੇ ਿਵਚ ਆਪਣੇ ਮੰਗੇਤਰ ਨਾਲ ਪਟਨਾ ਜਾ ਰਹੀ ਸਵਿਟਜ਼ਰਲੈਂਡ ਦੀ ਮੁਟਿਆਰ ਨਾਲ ਆਰ. ਪੀ. ਐੱਫ. ਦੇ ਸਿਪਾਹੀ ਜਤਿੰਦਰ ਨੇ ਅਭੱਦਰਤਾ ਕਰ ਦਿੱਤੀ।
ਜਦੋਂ ਉਹ ਟਾਇਲਟ ਜਾਣ ਲਈ ਉਠੀ ਤਾਂ ਉਸਦੇ ਬਾਹਰ ਖੜ੍ਹੇ ਸਿਪਾਹੀ ਜਤਿੰਦਰ ਨੇ ਉਸ ਦਾ ਹੱਥ ਫੜ ਕੇ ਜ਼ਬਰਦਸਤੀ ਟਾਇਲਟ ਅੰਦਰ ਖਿੱਚ ਕੇ ਉਸ ਦਾ ਚੁੰਮਣ ਲੈਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕਾਨਪੁਰ ਸੈਂਟਰਲ ਸਟੇਸ਼ਨ ’ਤੇ ਟਰੇਨ ਦੇ ਰੁਕਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
* 8 ਮਾਰਚ ਨੂੰ ਸੋਸ਼ਲ ਮੀਡੀਆ ’ਤੇ ਝਾਰਖੰਡ ਦੇ ਗੋਂਡਾ ਜ਼ਿਲੇ ਵਿਚ ‘ਮਹਾਗਾਮਾ’ ਥਾਣੇ ਦਾ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿਚ ਇਕ ਮੇਜ਼ ’ਤੇ ਚਖਨਾ (ਨਮਕੀਨ) ਅਤੇ ਸ਼ਰਾਬ ਦੀਆਂ ਬੋਤਲਾਂ ਵਿਖਾਈ ਦੇ ਰਹੀਆਂ ਸਨ ਅਤੇ 5 ਸ਼ਰਾਬੀ ਪੁਲਸ ਮੁਲਾਜ਼ਮ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਵਿਵਹਾਰ ਕਰਦੇ ਹੋਏ ਥਾਣੇ ਨੂੰ ਇਕ ਮੈਖਾਨੇ ਦਾ ਰੂਪ ਦੇ ਕੇ ਸ਼ਰਾਬ ਪੀਣ ਦੇ ਨਾਲ-ਨਾਲ ਅਸ਼ਲੀਲ ਭੋਜਪੁਰੀ ਗੀਤਾਂ ’ਤੇ ਆਪਣੇ ਸਿਰ ’ਤੇ ਸ਼ਰਾਬ ਨਾਲ ਭਰੇ ਗਿਲਾਸ ਰੱਖ ਕੇ ਨੱਚ ਰਹੇ ਸਨ।
ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਅਧਿਕਾਰੀਆਂ ਨੇ ਉਕਤ ਪੰਜਾਂ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿਚ 2 ਏ. ਐੱਸ. ਆਈ. ਅਤੇ 3 ਕਾਂਸਟੇਬਲ ਹਨ।
* 8 ਮਾਰਚ ਨੂੰ ਹੀ ਜੈਪੁਰ (ਰਾਜਸਥਾਨ) ਵਿਚ ਨਸ਼ੇ ਵਿਚ ਧੁੱਤ ਕੁਝ ਪੁਲਸ ਮੁਲਾਜ਼ਮਾਂ ਨੇ ਆਪਣੇ ਥਾਣੇ ਿਵਚ ਪੈਟਰੋਲ ਨਾਲ ਹੋਲੀ ਖੇਡੀ ਅਤੇ ਉਥੇ ਤਾਇਨਾਤ ਇਕ ਕਾਂਸਟੇਬਲ ਦੇ ਗੁਪਤ ਅੰਗ ’ਤੇ ਪੈਟਰੋਲ ਦੀ ਇਕ ਪੂਰੀ ਬੋਤਲ ਡੋਲ ਿਦੱਤੀ, ਜਿਸ ਕਾਰਨ ਸਬੰਧਤ ਕਾਂਸਟੇਬਲ ਬੇਹੋਸ਼ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਿਵਚ ਦਾਖਲ ਕਰਵਾਉਣਾ ਪਿਆ।
* 10 ਮਾਰਚ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ, ਕਰਨਾਲ ਦੀ ਟੀਮ ਨੇ ਓਵਰਲੋਡ ਟਰੱਕਾਂ ਨੂੰ ਪਾਸ ਕਰਨ ਦੇ ਦੋਸ਼ ਹੇਠ ਇਕ ਐੱਸ. ਐੱਚ. ਓ. ਨੂੰ 50,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।
* 10 ਮਾਰਚ ਨੂੰ ਹੀ ਪੰਜਾਬ ਿਵਜੀਲੈਂਸ ਬਿਊਰੋ ਨੇ ਸਿਵਲ ਲਾਈਨ ਥਾਣਾ ਪਟਿਆਲਾ ਵਿਚ ਤਾਇਨਾਤ ਇਕ ਏ. ਐੱਸ. ਆਈ. ਬਲਰਾਜ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ 8500 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।
* 12 ਮਾਰਚ ਨੂੰ ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਯਮੁਨਾ ਨਗਰ ਦੇ ਛਛਰੋਲੀ ਪੁਲਸ ਥਾਣੇ ਵਿਚ ਤਾਇਨਾਤ ਐੱਸ. ਪੀ. ਓ. ਸੰਜੀਵ ਕੁਮਾਰ ਨੂੰ 10,500 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 12 ਮਾਰਚ ਨੂੰ ਖਰੜ ਪੁਲਸ ਦੇ ਇਕ ਕਾਂਸਟੇਬਲ ਨੂੰ ਇਕ ਮਹਿਲਾ ਸਨੈਚਰ ਨੂੰ ਦੌੜਨ ਵਿਚ ਮਦਦ ਕਰਨ ਅਤੇ ਬਾਅਦ ਵਿਚ ਚੰਡੀਗੜ੍ਹ ਦੇ ਇਕ ਹੋਟਲ ਵਿਚ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਪਿੱਛੋਂ ਮੁਅੱਤਲ ਕਰ ਦਿੱਤਾ ਗਿਆ।
* 17 ਮਾਰਚ ਨੂੰ ਸੀ. ਆਈ. ਏ.-2 ਟੀਮ, ਹਾਂਸੀ ਨੇ ਉੱਤਰ ਪ੍ਰਦੇਸ਼ ਵਿਚ ਜ਼ਮੀਨ ਵਿਚ ਮਿਲੀਆਂ 13 ਧਾਤਾਂ ਵਾਲੀ 4 ਕਿੱਲੋ ਭਾਰ ਦੀ ਪੁਰਾਤਨ ਬੁੱਧ ਮੂਰਤੀ 5 ਨੌਜਵਾਨਾਂ ਕੋਲੋਂ ਜ਼ਬਤ ਕਰ ਕੇ ਪਿਘਲਵਾ ਦਿੱਤੀ ਅਤੇ 8 ਛੋਟੇ ਬਿਸਕੁਟ ਬਣਵਾ ਲਏ। ਇਸ ਸਬੰਧ ਵਿਚ ਹਾਂਸੀ ਸੀ. ਆਈ. ਏ.-2 ਦੇ 7 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਸ ਫੋਰਸ ਦੇ ਚੰਦ ਮੈਂਬਰ ਆਪਣੀਆਂ ਗੈਰ-ਜ਼ਿੰਮੇਵਾਰਾਨਾ ਹਰਕਤਾਂ ਕਾਰਨ ਮਜ਼ਾਕ ਦਾ ਪਾਤਰ ਬਣ ਚੁੱਕੇ ਹਨ।
ਪੁਲਸ ਮੁਲਾਜ਼ਮਾਂ ਦਾ ਇਸ ਤਰ੍ਹਾਂ ਦਾ ਲਾਪ੍ਰਵਾਹੀ ਭਰਿਆ ਅਤੇ ਗਲਤ ਆਚਰਣ ਇਤਰਾਜ਼ਯੋਗ ਅਤੇ ਸਜ਼ਾ ਦੇਣਯੋਗ ਹੋਣ ਦੇ ਨਾਲ-ਨਾਲ ਸੁਰੱਖਿਆ ਵਿਵਸਥਾ ਲਈ ਵੀ ਖਤਰਾ ਸਿੱਧ ਹੋ ਸਕਦਾ ਹੈ। ਇਸ ਲਈ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਦੀ ਮੁਅੱਤਲੀ ਹੀ ਕਾਫੀ ਨਹੀਂ, ਉਨ੍ਾਂ ਨੂੰ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ ਤਾਂ ਜੋ ਹੋਰਨਾਂ ਨੂੰ ਵੀ ਇਸ ਤੋਂ ਨਸੀਹਤ ਮਿਲੇ ਅਤੇ ਉਹ ਇਸ ਤਰ੍ਹਾਂ ਦਾ ਆਚਰਣ ਕਰਨ ਤੋਂ ਸੰਕੋਚ ਕਰਨ।
-ਵਿਜੇ ਕੁਮਾਰ
ਕੀ ਅਸੀਂ ਪ੍ਰੀਖਿਆਵਾਂ ’ਚ ਨਕਲ ਨੂੰ ਨਹੀਂ ਰੋਕ ਸਕਦੇ?
NEXT STORY