ਭਾਰਤੀ ਫੌਜ ਦੇ ਜਵਾਨਾਂ ਵਲੋਂ 28-29 ਸਤੰਬਰ ਦੀ ਅੱਧੀ ਰਾਤ ਨੂੰ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਲਾਈਨ 'ਤੇ ਕੀਤੇ ਸਰਜੀਕਲ ਸਟ੍ਰਾਈਕ ਨਾਲ 7 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਕੇ 40 ਅੱਤਵਾਦੀ ਮਾਰ ਦੇਣ ਦੇ ਬਾਵਜੂਦ ਪਾਕਿਸਤਾਨ ਵਲੋਂ ਘੁਸਪੈਠ ਅਤੇ ਹੋਰ ਭਾਰਤ ਵਿਰੋਧੀ ਸਰਗਰਮੀਆਂ ਲਗਾਤਾਰ ਜਾਰੀ ਹਨ ਪਰ ਹਰ ਵਾਰ ਪਾਕਿਸਤਾਨੀ ਹਾਕਮ ਅਜਿਹੀ ਕਿਸੇ ਵੀ ਘਟਨਾ 'ਚ ਆਪਣਾ ਹੱਥ ਹੋਣ ਤੋਂ ਇਨਕਾਰ ਕਰ ਦਿੰਦੇ ਹਨ।
ਇਸ ਦੇ ਨਾਲ ਹੀ ਹਰੇਕ ਅਜਿਹੀ ਘਟਨਾ ਤੋਂ ਬਾਅਦ ਸਾਡੇ ਨੇਤਾ ਦੇਸ਼ ਦੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀਆਂ ਗੱਲਾਂ ਤਾਂ ਕਹਿੰਦੇ ਹਨ ਪਰ ਉਨ੍ਹਾਂ 'ਤੇ ਅਮਲ ਘੱਟ ਹੀ ਹੁੰਦਾ ਹੈ, ਇਸੇ ਕਾਰਨ ਦੇਸ਼ 'ਚ ਮਾਓਵਾਦੀਆਂ ਦੀ ਸਮੱਸਿਆ 35 ਤੋਂ ਜ਼ਿਆਦਾ ਸਾਲਾਂ ਤੋਂ ਲਟਕਦੀ ਆ ਰਹੀ ਹੈ ਅਤੇ ਉਹ ਦੇਸ਼ 'ਚ 12000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਲੈ ਚੁੱਕੇ ਹਨ।
ਇਸੇ ਤਰ੍ਹਾਂ ਸਰਹੱਦ ਪਾਰੋਂ ਪਾਕਿਸਤਾਨ ਦੇ ਪਾਲੇ ਅੱਤਵਾਦੀਆਂ ਦੀਆਂ ਸਰਗਰਮੀਆਂ ਵੀ ਲਗਾਤਾਰ ਚੱਲ ਰਹੀਆਂ ਹਨ ਤੇ ਉਨ੍ਹਾਂ ਵਲੋਂ ਸਥਾਨਕ ਲੋਕਾਂ 'ਚ ਆਪਣੀਆਂ ਪਨਾਹਗਾਹਾਂ ਅਤੇ ਸੂਚਨਾ ਸਰੋਤ ਬਣਾ ਲੈਣ ਦੀਆਂ ਖਬਰਾਂ ਵੀ ਆ ਰਹੀਆਂ ਹਨ, ਜਿਸ 'ਤੇ ਅਸੀਂ 23 ਸਤੰਬਰ ਦੇ ਸੰਪਾਦਕੀ 'ਭਾਰਤ ਸਰਕਾਰ ਪਹਿਲਾਂ ਆਪਣੇ ਘਰ 'ਚ ਲੁਕੇ ਅੱਤਵਾਦੀਆਂ ਦਾ ਸਫਾਇਆ ਕਰੇ' ਵਿਚ ਲਿਖਿਆ ਸੀ ਕਿ :
''ਜਿਸ ਤਰ੍ਹਾਂ ਸ਼੍ਰੀਲੰਕਾ ਦੀ ਸਰਕਾਰ ਨੇ ਫੌਜ ਦੀ ਸਹਾਇਤਾ ਨਾਲ ਆਪਣੇ ਇਥੇ ਸਰਗਰਮ ਲਿੱਟੇ ਅੱਤਵਾਦੀਆਂ ਦਾ ਸਿਰਫ 6 ਮਹੀਨਿਆਂ 'ਚ ਸਫਾਇਆ ਕਰ ਦਿੱਤਾ, ਉਸੇ ਤਰ੍ਹਾਂ ਹੀ ਭਾਰਤ ਸਰਕਾਰ ਵੀ ਫੌਜ ਦਾ ਸਹਾਰਾ ਲੈ ਕੇ ਨਕਸਲਵਾਦੀਆਂ ਅਤੇ ਜੰਮੂ-ਕਸ਼ਮੀਰ 'ਚ ਲੁਕੇ ਅੱਤਵਾਦੀਆਂ ਤੇ ਉਨ੍ਹਾਂ ਦੀਆਂ ਪਨਾਹਗਾਹਾਂ ਦਾ ਸਫਾਇਆ ਕਰੇ।''
ਭਾਰਤ ਸਰਕਾਰ ਇਸ ਮਾਮਲੇ 'ਚ ਹੁਣ ਸਰਗਰਮ ਹੋਈ ਹੈ। ਸਰਜੀਕਲ ਸਟ੍ਰਾਈਕ ਤੋਂ ਬਾਅਦ 17 ਅਕਤੂਬਰ ਨੂੰ ਪੱਕੀ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਤੇ ਬਾਰਾਮੂਲਾ ਦੇ ਪੁਰਾਣੇ ਸ਼ਹਿਰ ਦੀ ਘੇਰਾਬੰਦੀ ਨਾਲ ਬਾਹਰ ਨਿਕਲਣ ਵਾਲੇ ਰਸਤੇ ਬੰਦ ਕਰਕੇ ਅੱਤਵਾਦੀਆਂ ਲਈ ਸੁਰੱਖਿਅਤ ਸਮਝੇ ਜਾਣ ਵਾਲੇ 10 ਸੰਵੇਦਨਸ਼ੀਲ ਇਲਾਕਿਆਂ 'ਚ 700 ਤੋਂ ਜ਼ਿਆਦਾ ਮਕਾਨਾਂ ਦੀ ਤਲਾਸ਼ੀ ਦੀ ਮੁਹਿੰਮ ਚਲਾਈ, ਜੋ 19 ਅਕਤੂਬਰ ਨੂੰ ਵੀ ਜਾਰੀ ਰੱਖੇ ਜਾਣ ਦੀਆਂ ਖਬਰਾਂ ਹਨ।
ਹਿਰਾਸਤ 'ਚ ਲਏ ਗਏ 44 ਸ਼ੱਕੀ ਅੱਤਵਾਦੀਆਂ ਤੋਂ ਵੱਡੀ ਮਾਤਰਾ 'ਚ ਨਾਜਾਇਜ਼ ਮੋਬਾਇਲ, ਪੈਟਰੋਲ ਬੰਬ, ਹੋਰ ਹਥਿਆਰ, ਚੀਨ ਤੇ ਪਾਕਿਸਤਾਨ ਦੇ ਝੰਡੇ, ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਲੈਟਰ ਪੈਡ ਤੋਂ ਇਲਾਵਾ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਤੇ ਸ਼ੱਕੀ ਅੱਤਵਾਦੀਆਂ ਦੇ ਕਈ ਟਿਕਾਣਿਆਂ ਦਾ ਵੀ ਪਤਾ ਲੱਗਾ। ਕਸ਼ਮੀਰ ਵਿਚ ਚੀਨ ਦੇ ਝੰਡੇ ਬਰਾਮਦ ਕੀਤੇ ਜਾਣ ਦਾ ਇਹ ਸ਼ਾਇਦ ਪਹਿਲਾ ਮੌਕਾ ਹੈ ਅਤੇ ਇਸ ਨੂੰ ਸੁਰੱਖਿਆ ਬਲਾਂ ਦੀ ਸਭ ਤੋਂ ਵੱਡੀ ਮੁਹਿੰਮ ਦੱਸਿਆ ਜਾਂਦਾ ਹੈ।
ਪਿਛਲੇ ਕੁਝ ਸਮੇਂ ਦੌਰਾਨ ਵਾਦੀ 'ਚ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਦੇ ਜਵਾਨਾਂ ਤੋਂ ਹਥਿਆਰ ਲੁੱਟਣ ਦੀਆਂ ਘਟਨਾਵਾਂ ਵੀ ਬਹੁਤ ਵਧ ਗਈਆਂ ਸਨ। ਅੱਤਵਾਦੀ ਸਰਗਰਮੀਆਂ ਦਾ ਕੇਂਦਰ ਬਣੇ ਦੱਖਣੀ ਕਸ਼ਮੀਰ 'ਚ ਪਿਛਲੇ 3 ਮਹੀਨਿਆਂ ਅੰਦਰ ਅੱਤਵਾਦੀਆਂ ਨੇ ਹਥਿਆਰਬੰਦ ਸੁਰੱਖਿਆ ਬਲਾਂ ਦੇ ਜਵਾਨਾਂ ਤੋਂ ਘੱਟੋ-ਘੱਟ 30 ਹਥਿਆਰ ਲੁੱਟ ਲਏ।
ਇਸ ਸੰਬੰਧ 'ਚ ਤਾਜ਼ਾ ਘਟਨਾ 17 ਅਕਤੂਬਰ ਨੂੰ ਵਾਪਰੀ, ਜਦੋਂ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਇਕ ਪੁਲਸ ਚੌਕੀ 'ਤੇ ਹਮਲਾ ਕਰ ਕੇ ਅੱਤਵਾਦੀ ਉਥੇ ਤਾਇਨਾਤ 5 ਪੁਲਸ ਮੁਲਾਜ਼ਮਾਂ ਦੇ ਹਥਿਆਰ ਲੁੱਟ ਕੇ ਫਰਾਰ ਹੋ ਗਏ।
ਵਾਦੀ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਜ਼ਾਕਿਰ ਰਸ਼ੀਦ ਭੱਟ ਉਰਫ ਜ਼ਾਕਿਰ ਮੂਸਾ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਉਸ ਨੇ ਕਿਹਾ ਹੈ ਕਿ ''ਕਸ਼ਮੀਰੀ ਨੌਜਵਾਨਾਂ ਨੂੰ ਅੱਤਵਾਦੀ ਗਿਰੋਹਾਂ ਦਾ ਹਿੱਸਾ ਬਣਾਉਣ ਲਈ ਸੁਰੱਖਿਆ ਬਲਾਂ ਤੋਂ ਹਥਿਆਰ ਖੋਹਣਾ ਜ਼ਰੂਰੀ ਹੈ ਕਿਉਂਕਿ ਨਵੇਂ ਅੱਤਵਾਦੀਆਂ ਨੂੰ ਹਥਿਆਰ ਵੀ ਤਾਂ ਦੇਣੇ ਪੈਣਗੇ।''
ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਦੇ ਜਵਾਨਾਂ ਵਲੋਂ ਵਰਤੇ ਜਾਂਦੇ ਹਥਿਆਰਾਂ ਨੂੰ ਜੀ. ਪੀ. ਐੱਸ. ਪ੍ਰਣਾਲੀ ਨਾਲ ਲੈਸ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਖੋਹੇ ਗਏ ਹਥਿਆਰਾਂ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਉਹ ਬਰਾਮਦ ਕੀਤੇ ਜਾ ਸਕਣ।
ਹਾਲ ਹੀ ਦੀ ਤਲਾਸ਼ੀ ਮੁਹਿੰਮ 'ਚ ਇੰਨੀ ਵੱਡੀ ਮਾਤਰਾ 'ਚ ਇਤਰਾਜ਼ਯੋਗ ਸਮੱਗਰੀ ਦਾ ਬਰਾਮਦ ਹੋਣਾ ਅਤੇ 44 ਸ਼ੱਕੀ ਅੱਤਵਾਦੀਆਂ ਨੂੰ ਹਿਰਾਸਤ 'ਚ ਲੈਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਸਾਡੀ ਸਰਜ਼ਮੀਂ 'ਤੇ ਅੱਤਵਾਦੀਆਂ ਨੇ ਕਿਸ ਤਰ੍ਹਾਂ ਪੈਰ ਜਮਾ ਲਏ ਹਨ ਅਤੇ ਆਪਣੀਆਂ ਪਨਾਹਗਾਹਾਂ ਬਣਾ ਲਈਆਂ ਹਨ।
ਬਿਨਾਂ ਸ਼ੱਕ ਸੁਰੱਖਿਆ ਬਲਾਂ ਵਲੋਂ ਚਲਾਈ ਗਈ ਇਹ ਸਾਂਝੀ ਮੁਹਿੰਮ ਸ਼ਲਾਘਾਯੋਗ ਹੈ ਪਰ ਇਸ ਨਾਲ ਸਮੁੱਚਾ ਲਾਭ ਤਾਂ ਹੀ ਮਿਲੇਗਾ, ਜੇ ਬਿਨਾਂ ਢਿੱਲ ਦੇ ਅਜਿਹੀਆਂ ਮੁਹਿੰਮਾਂ ਲਗਾਤਾਰ ਜਾਰੀ ਰੱਖੀਆਂ ਜਾਣ ਅਤੇ ਇਨ੍ਹਾਂ ਨੂੰ ਸਿਰਫ ਬਾਰਾਮੂਲਾ ਤਕ ਹੀ ਸੀਮਤ ਨਾ ਰੱਖ ਕੇ ਅੱਤਵਾਦ ਦਾ ਗੜ੍ਹ ਬਣ ਚੁੱਕੇ ਦੱਖਣੀ ਕਸ਼ਮੀਰ 'ਚ ਵੀ ਇਕੱਠਿਆਂ ਚਲਾਇਆ ਜਾਵੇ।
—ਵਿਜੇ ਕੁਮਾਰ
ਲੋੜਵੰਦਾਂ ਲਈ ਐਂਬੂਲੈਂਸ ਸੇਵਾਵਾਂ 'ਪ੍ਰਚਾਰ ਜ਼ਿਆਦਾ ਪਰ ਪਹੁੰਚ ਤੋਂ ਦੂਰ'
NEXT STORY