ਚੋਣਾਂ ਨੂੰ ਲੈ ਕੇ ਦੇਸ਼ ’ਚ ਇਸ ਸਮੇਂ ਲੋਕਾਂ ’ਚ ਇੰਨਾ ਉਤਸ਼ਾਹ ਹੈ, ਜਿੰਨਾ ਸ਼ਾਇਦ ਹੀ ਪਹਿਲਾਂ ਦੇਖਿਆ ਗਿਆ ਹੋਵੇ। ਇਸ ਦੌਰਾਨ ਕਈ ਦਿਲਚਸਪ ਗੱਲਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :
* ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਭਾਜਪਾ ਦੇ ਖਿਲਾਫ ਚੋਣਾਂ ਲੜਨ ਲਈ ਗੁਜਰਾਤ ’ਚ ਆਪਣੀ ਨਵੀਂ ਬਣਾਈ ਪਾਰਟੀ ‘ਹਿੰਦੁਸਤਾਨ ਨਿਰਮਾਣ ਦਲ’ ਦੇ ਝੰਡੇ ਹੇਠ 11 ਉਮੀਦਵਾਰ ਖੜ੍ਹੇ ਕਰਨ ਦਾ ਫੈਸਲਾ ਲਿਆ ਹੈ।
* ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਪਿਛਲੇ ਦਿਨੀਂ ਸਿਹੋਰ ’ਚ ਸਥਿਤ ਚਿੰਤਾਮਣੀ ਮੰਦਰ ਦੇ ਦਰਸ਼ਨਾਂ ਦੌਰਾਨ ਭਿਖਾਰੀਆਂ ’ਚ ਪੈਸੇ ਵੰਡਣ ’ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ।
* ਮੁੰਬਈ ’ਚ ਬਿੱਲੀਆਂ ਦੀ ਵਧਦੀ ਗਿਣਤੀ ਤੇ ਬਿੱਲੀਆਂ ਵਲੋਂ ਲੋਕਾਂ ਨੂੰ ਵੱਢਣ ਕਾਰਨ ਇਨ੍ਹਾਂ ਦੀ ਆਬਾਦੀ ’ਤੇ ਕਾਬੂ ਪਾਉਣ ਲਈ ਪਹਿਲੀ ਵਾਰ ਇਥੇ 1 ਅਪ੍ਰੈਲ ਤੋਂ ਬਿੱਲੀਆਂ ਦੀ ਨਸਬੰਦੀ ਸ਼ੁਰੂ ਹੋਣ ਵਾਲੀ ਸੀ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਲਾਗੂ ਕੀਤੇ ਗਏ ਆਦਰਸ਼ ਜ਼ਾਬਤੇ ਕਾਰਨ ਹੁਣ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ।
* ‘ਨੋਟ ਦੇ ਬਦਲੇ ਵੋਟ’ ਦੇਣ ਵਾਲਿਆਂ ਲਈ ਵੀ ਇਕ ਚਿਤਾਵਨੀ ਹੈ। ਹੁਣੇ ਜਿਹੇ ਬੰਗਾਲ ਤੋਂ ਨਕਲੀ ਨੋਟ ਲਿਆ ਕੇ ਮੁੰਬਰਾ ’ਚ ਖਪਾਉਣ ਦੀ ਇਕ ਸਾਜ਼ਿਸ਼ ਫੜੀ ਗਈ ਤੇ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 15 ਲੱਖ 65 ਹਜ਼ਾਰ ਰੁਪਏ ਦੇ ਦੋ ਹਜ਼ਾਰ ਵਾਲੇ ਨਕਲੀ ਨੋਟ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਮਹਾਰਾਸ਼ਟਰ ’ਚ ਵੱਖ-ਵੱਖ ਥਾਵਾਂ ’ਤੇ ਚੋਣਾਂ ਦੌਰਾਨ ਚਲਾਉਣ ਦੀ ਯੋਜਨਾ ਸੀ।
* ਬੰਗਾਲ ਦੇ ਬੀਰਭੂਮ ’ਚ ਭਾਜਪਾ ਉਮੀਦਵਾਰ ਦੂਧ ਕੁਮਾਰ ਮੰਡਲ ਤੇ ਇਕ ਹੋਰ ਉਮੀਦਵਾਰ ਬੈਲਗੱਡੀ ’ਤੇ ਚੋਣ ਪ੍ਰਚਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਇਸੇ ਸੀਟ ’ਤੇ ਆਪਣਾ ਕਬਜ਼ਾ ਕਾਇਮ ਰੱਖਣ ਲਈ ਚੋਣ ਲੜ ਰਹੀ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਤੇ ਬੰਗਲਾ ਫਿਲਮਾਂ ਦੀ ਅਦਾਕਾਰਾ ਸ਼ਤਾਬਦੀ ਰਾਏ ਈ-ਰਿਕਸ਼ਾ ’ਤੇ ਸਵਾਰ ਹੋ ਕੇ ਪਿੰਡਾਂ ’ਚ ਪ੍ਰਚਾਰ ਕਰਦੀ ਦੇਖੀ ਗਈ। ਉਨ੍ਹਾਂ ਨੇ ਇਕ ਪਿੰਡ ’ਚ ਪ੍ਰਚਾਰ ਦੌਰਾਨ ਕਬਾਇਲੀ ਡਾਂਸ ਵੀ ਕੀਤਾ।
ਇਸੇ ਤਰ੍ਹਾਂ ਬਸ਼ੀਰਹਾਟ ਤੋਂ ਚੋਣ ਲੜ ਰਹੀ ਬੰਗਲਾ ਫਿਲਮਾਂ ਦੀ ਅਭਿਨੇਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਹੀ ਉਮੀਦਵਾਰ ਨੁਸਰਤ ਜਹਾਂ ਨੇ ਆਪਣੇ ਪ੍ਰਚਾਰ ਦੇ ਪਹਿਲੇ ਦਿਨ ਹੀ ਪਾਰਟੀ ਵਰਕਰਾਂ ਨਾਲ ਘੁਲ-ਮਿਲ ਕੇ ਆਪਣੀਆਂ ਫਿਲਮਾਂ ਦੇ ਮਸ਼ਹੂਰ ਗੀਤ ਗਾਏ।
* ਝੁੰਝੁਨੂੰ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਨਰਿੰਦਰ ਖੀਚੜ ਦਾ ਇਕ ਬਿਆਨ ਵਾਇਰਲ ਹੋਇਆ ਹੈ, ਜਿਸ ’ਚ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਸੁਣਾਈ ਦੇ ਰਿਹਾ ਹੈ, ‘‘ਜੇਕਰ ਤੁਸੀਂ ਰੋਜ਼ 5 ਜ਼ਿਆਦਾ ਵੋਟਰ ਲੈ ਕੇ ਆਓਗੇ ਤਾਂ ਸ਼ਾਮ ਤਕ ਤੁਸੀਂ ਥੱਕ ਜਾਓਗੇ। ਇਸ ਲਈ ਸ਼ਾਮ ਨੂੰ ਤੁਸੀਂ ਸ਼ਰਾਬ ਦਾ ਇਕ ਪੈੱਗ ਜ਼ਿਆਦਾ ਲਾ ਲੈਣਾ।’’
* ਇਲਾਹਾਬਾਦ ਦੇ ਮਸ਼ਹੂਰ ਖਿਡੌਣਾ ਬਾਜ਼ਾਰ ਦੀ ਇਕ ਕੰਧ ਅੱਜ ਵੀ ਸਾਬਕਾ ਪ੍ਰਧਾਨ ਮੰਤਰੀ ਸਵ. ਲਾਲ ਬਹਾਦੁਰ ਸ਼ਾਸਤਰੀ ਦੀ ਯਾਦ ਦਿਵਾ ਰਹੀ ਹੈ, ਜਦੋਂ ਉਨ੍ਹਾਂ ਨੇ 60 ਤੋਂ ਵੀ ਜ਼ਿਆਦਾ ਸਾਲ ਪਹਿਲਾਂ ਇਥੋਂ ਲੋਕ ਸਭਾ ਦੀ ਚੋਣ ਜਿੱਤੀ ਸੀ।
ਇਥੇ ਕੋਤਵਾਲੀ ਸਾਹਮਣੇ ਇਕ ਮਕਾਨ ਦੇ ਮੁੱਖ ਦਰਵਾਜ਼ੇ ਨੇੜੇ ਕੰਧ ’ਤੇ ਲਿਖਿਆ ਹੋਇਆ ਇਹ ਧੁੰਦਲਾ ਜਿਹਾ ਨਾਅਰਾ ਅਜੇ ਵੀ ਨਜ਼ਰ ਆਉਂਦਾ ਹੈ, ‘‘ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਵੋਟ ਦਿਓ, 2 ਬਲਦਾਂ ਦੀ ਜੋੜੀ ਚੋਣ ਨਿਸ਼ਾਨ।’’
* ਮੇਰਠ ’ਚ ਭਾਜਪਾ ਆਗੂ ਜਯਕਰਨ ਗੁਪਤਾ ਨੇ ਇਕ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ, ‘‘ਅੱਛੇ ਦਿਨ ਆਏ? ਉਨ੍ਹਾਂ ਨੂੰ ਅੱਛੇ ਦਿਨ ਨਜ਼ਰ ਨਹੀਂ ਆਉਂਦੇ। ਸਕਰਟ ਵਾਲੀ ਬਾਈ ਸਾੜ੍ਹੀ ਪਹਿਨ ਕੇ ਮੰਦਰ ’ਚ ਮੱਥਾ ਟੇਕਣ ਲੱਗੀ। ਗੰਗਾ ਜਲ ਤੋਂ ਪਰਹੇਜ਼ ਕਰਨ ਵਾਲੇ ਲੋਕ ਗੰਗਾ ਜਲ ਦੀ ਚੁੂਲ਼ੀ ਕਰਨ ਲੱਗੇ।’’
* ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਨਵੀਂ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ਰਾਹੁਲ ਗਾਂਧੀ ਪੂਰੇ ਯਕੀਨ ਤੇ ਬੇਸ਼ਰਮੀ ਨਾਲ ਝੂਠ ਬੋਲਦਾ ਹੈ। ਉਹ ਇਕ ਅਾਦਤਨ ਝੂਠ ਬੋਲਣ ਵਾਲਾ ਸ਼ਖਸ ਹੈ।’’
* ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਇਕ ਲੇਖ ’ਚ ਲਿਖਿਆ, ‘‘ਭਾਜਪਾ ਨੂੰ ਦੇਖਣਾ ਚਾਹੀਦਾ ਹੈ ਕਿ ਬੇਗੂਸਰਾਏ ਤੋਂ ਭਾਕਪਾ ਦੀ ਟਿਕਟ ’ਤੇ ਚੋਣ ਲੜ ਰਿਹਾ ਜੇ. ਐੈੱਨ. ਯੂ. ਵਿਦਿਆਰਥੀ ਸੰਘ ਦਾ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਜਿੱਤ ਨਾ ਸਕੇ, ਚਾਹੇ ਉਸ ਦੇ ਲਈ ਈ. ਵੀ. ਐੈੱਮ. ਨਾਲ ਛੇੜਖਾਨੀ ਹੀ ਕਿਉਂ ਨਾ ਕਰਨੀ ਪਵੇ। ਉਹ ਜ਼ਹਿਰ ਦੀ ਬੋਤਲ ਹੈ।’’
* ਕਰਨਾਟਕ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਕੇ. ਐੈੱਸ. ਈਸ਼ਵਰੱਪਾ ਨੇ ਕੋਪਲ ’ਚ ਬੋਲਦਿਆਂ ਕਿਹਾ, ‘‘ਅਸੀਂ ਮੁਸਲਮਾਨਾਂ ਨੂੰ ਟਿਕਟ ਨਹੀਂ ਦਿਆਂਗੇ ਕਿਉਂਕਿ ਮੁਸਲਮਾਨ ਸਾਡੇ ’ਤੇ ਭਰੋਸਾ ਨਹੀਂ ਕਰਦੇ। ਜੇ ਮੁਸਲਮਾਨ ਸਾਡੇ ’ਤੇ ਭਰੋਸਾ ਕਰਨਗੇ ਤਾਂ ਅਸੀਂ ਉਨ੍ਹਾਂ ਨੂੰ ਟਿਕਟ ਤੇ ਹੋਰ ਚੀਜ਼ਾਂ ਦੇਵਾਂਗੇ।’’
* ਚੋਣਾਂ ਦੇ ਇਸ ਮੌਸਮ ’ਚ ਵੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਸਥਿਤ ਭਾਜਪਾ ਦਾ ਦਫਤਰ ਬਿਲਕੁਲ ਸੁੰਨਾ ਹੈ। ਵਾਸਤੂ ਦੋਸ਼, ਸ਼ੁੱਭ-ਅਸ਼ੁੱਭ ਦੇ ਚੱਕਰ ’ਚ ਪਈ ਭਾਜਪਾ ਲੀਡਰਸ਼ਿਪ ਪਾਰਟੀ ਦੇ ਪੁਰਾਣੇ ਦਫਤਰ ਤੋਂ ਹੀ ਕੰਮ ਕਰ ਰਹੀ ਹੈ।
ਭਾਰਤ ’ਚ ਇਸ ਸਾਲ ਚੋਣਾਂ ਦੌਰਾਨ ਕੁਝ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਹਨ। ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ’ਚ ਕੁਝ ਹੋਰ ਦਿਲਚਸਪ ਦ੍ਰਿਸ਼ ਦੇਖਣ ਨੂੰ ਮਿਲਣਗੇ, ਜਿਨ੍ਹਾਂ ਤੋਂ ਅਸੀਂ ਆਪਣੇ ਪਾਠਕਾਂ ਨੂੰ ਜਾਣੂ ਕਰਵਾਉਂਦੇ ਰਹਾਂਗੇ। –ਵਿਜੇ ਕੁਮਾਰ
ਕਾਂਗਰਸ ਦਾ ਚੋਣ ਮਨੋਰਥ ਪੱਤਰ ਸਾਰੇ ਵਰਗਾਂ ਦਾ ਧਿਆਨ ਰੱਖਣ ਦਾ ਵਾਅਦਾ
NEXT STORY