ਭਾਰਤ ’ਚ ਸੜਕ ਹਾਦਸਿਆਂ ’ਚ ਭਾਰੀ ਵਾਧਾ ਹੋ ਰਿਹਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੀ 31 ਅਕਤੂਬਰ, 2023 ਨੂੰ ਜਾਰੀ ਇਕ ਰਿਪੋਰਟ ਅਨੁਸਾਰ ਹਰ ਸਾਲ ਭਾਰਤ ’ਚ ਸੜਕ ਹਾਦਸਿਆਂ ’ਚ 11.9 ਫੀਸਦੀ ਅਤੇ ਮੌਤ ਦਰ ’ਚ 9.4 ਫੀਸਦੀ ਦੀ ਚਿੰਤਾਜਨਕ ਦਰ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ।
2021 ਦੀ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਦੇਸ਼ ’ਚ ਸੜਕ ਹਾਦਸਿਆਂ ’ਚ ਰੋਜ਼ ਔਸਤਨ 415 ਲੋਕਾਂ ਦੀ ਮੌਤ ਹੁੰਦੀ ਹੈ। ਸਾਲ 2022 ’ਚ ਦੇਸ਼ ’ਚ ਲਗਭਗ 4,61,312 ਸੜਕ ਹਾਦਸਿਆਂ ’ਚ 1,68,491 ਲੋਕਾਂ ਦੀ ਮੌਤ ਅਤੇ 4,43,366 ਲੋਕ ਜ਼ਖਮੀ ਹੋਏ।
ਹਾਲਾਂਕਿ 12 ਨਵੰਬਰ ਨੂੰ ਦੀਵਾਲੀ ਦੇ ਦਿਨ ਦੇਸ਼ ’ਚ ਸੜਕ ਹਾਦਸਿਆਂ ਦੀਆਂ ਕੋਈ ਖਾਸ ਖਬਰਾਂ ਨਹੀਂ ਆਈਆਂ ਪਰ ਅਗਲੇ ਹੀ ਦਿਨ ਭਾਵ 13 ਨਵੰਬਰ ਨੂੰ ਤਾਂ ਜਿਵੇਂ ਸੜਕ ਹਾਦਸਿਆਂ ’ਚ ਮੌਤਾਂ ਦਾ ਹੜ੍ਹ ਜਿਹਾ ਹੀ ਆ ਗਿਆ ਜੋ ਹੇਠਾਂ ਦਰਜ ਹੈ :
* 13 ਨਵੰਬਰ ਨੂੰ ਦੀਨਾਨਗਰ (ਪੰਜਾਬ) ’ਚ ਇਕ ਬੱਸ ਅਤੇ ਕਾਰ ਦੀ ਟੱਕਰ ’ਚ ਮਾਂ-ਬੇਟੇ ਦੀ ਮੌਤ ਹੋ ਗਈ।
* 13 ਨਵੰਬਰ ਨੂੰ ਹੀ ਅਮਰੋਹਾ (ਉੱਤਰ ਪ੍ਰਦੇਸ਼) ਦੇ ‘ਡਿਡੋਲੀ’ ਇਲਾਕੇ ’ਚ ਦਿੱਲੀ-ਲਖਨਊ ਨੈਸ਼ਨਲ ਹਾਈਵੇ ’ਤੇ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਉਲਟ ਗਈ ਜਿਸ ਨਾਲ ਉਸ ’ਚ ਸਵਾਰ 2 ਲੋਕਾਂ ਦੀ ਮੌਤ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ।
* 13 ਨਵੰਬਰ ਨੂੰ ਹੀ ਟੋਂਕ (ਰਾਜਸਥਾਨ) ਜ਼ਿਲੇ ’ਚ 2 ਮੋਟਰਸਾਈਕਲਾਂ ਅਤੇ ਇਕ ਤੇਜ਼ ਰਫਤਾਰ ਕਾਰ ਦੀ ਟੱਕਰ ’ਚ 3 ਲੋਕਾਂ ਦੀ ਮੌਤ ਅਤੇ 4 ਹੋਰ ਜ਼ਖਮੀ ਹੋ ਗਏ।
* 13 ਨਵੰਬਰ ਨੂੰ ਹੀ ਅਬੋਹਰ (ਪੰਜਾਬ) ’ਚ ਦੀਵਾਲੀ ਮਨਾਉਣ ਪਿੱਛੋਂ ਆਪਣੇ ਮਾਲਕ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਦੁਕਾਨ ’ਤੇ ਜਾ ਰਹੇ ਇਕ ਹਲਵਾਈ ਦੇ ਮੋਟਰਸਾਈਕਲ ਨੂੰ ਪਿੱਛਿਓਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਹਲਵਾਈ ਦੀ ਮੌਤ ਅਤੇ ਦੁਕਾਨ ਦੇ ਮਾਲਕ ਦੀ ਲੱਤ ਟੁੱਟ ਗਈ।
* 13 ਨਵੰਬਰ ਨੂੰ ਹੀ ਮੱਖੂ (ਪੰਜਾਬ)’ਚ ਬਿਜਲੀ ਬੋਰਡ ਦਫਤਰ ਨੇੜੇ ਸਮੱਗਲਰਾਂ ਦੀ ਕਾਰ ਵੱਲੋਂ ਇਕ ਬਾਈਕ ਨੂੰ ਟੱਕਰ ਮਾਰ ਦੇਣ ਨਾਲ 2 ਸਕੇ ਭਰਾਵਾਂ ਅਤੇ ਇਕ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ।
* 13 ਨਵੰਬਰ ਨੂੰ ਹੀ ਨੈਨੀਤਾਲ (ਉੱਤਰਾਖੰਡ) ’ਚ ਜੌਰਾਸੀ ਨੇੜੇ ਇਕ ਕਾਰ ਖੱਡ ’ਚ ਡਿੱਗ ਜਾਣ ਨਾਲ ਇਕ ਿਵਅਕਤੀ ਦੀ ਮੌਤ ਅਤੇ 5 ਹੋਰ ਜ਼ਖਮੀ ਹੋ ਗਏ।
* 14 ਨਵੰਬਰ ਨੂੰ ਪਿਹੋਵਾ (ਹਰਿਆਣਾ) ’ਚ ਟਿਕਰੀ ਪਿੰਡ ਦੇ ਨੇੜੇ ਨੈਸ਼ਨਲ ਹਾਈਵੇ ’ਤੇ ਘੁੰਮ ਰਹੇ ਲਾਵਾਰਿਸ ਪਸ਼ੂ ਨੂੰ ਬਚਾਉਣ ਦੇ ਯਤਨ ’ਚ 2 ਕਾਰਾਂ ’ਚ ਸਿੱਧੀ ਟੱਕਰ ਦੇ ਨਤੀਜੇ ਵਜੋਂ ਘੱਟੋ-ਘੱਟ 5 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖਮੀ ਹੋ ਗਏ।
* 14 ਨਵੰਬਰ ਨੂੰ ਹੀ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ’ਚ ‘ਛਪਾਰ’ ਦੇ ਨੇੜੇ ਦਿੱਲੀ-ਹਰਿਦੁਆਰ ਨੈਸ਼ਨਲ ਹਾਈਵੇ ’ਤੇ ਇਕ ਤੇਜ਼ ਰਫਤਾਰ ਕਾਰ ਇਕ ਟਰੱਕ ਹੇਠਾਂ ਜਾ ਵੜੀ ਜਿਸ ਨਾਲ ਮਸੂਰੀ ਘੁੰਮਣ ਜਾ ਰਹੇ 5 ਦੋਸਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ।
* 14 ਨਵੰਬਰ ਨੂੰ ਲਾਲੜੂ (ਪੰਜਾਬ) ’ਚ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਇਕ ਟਿੱਪਰ ਚਾਲਕ ਨੇ 2 ਮੋਟਰਸਾਈਕਲਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਟਿੱਪਰ ਹੇਠਾਂ ਦਰੜੇ ਜਾਣ ਨਾਲ ਇਕ ਔਰਤ ਅਤੇ ਉਸ ਦੇ ਢਾਈ ਸਾਲ ਦੇ ਬੇਟੇ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ।
* 14 ਨਵੰਬਰ ਨੂੰ ਹੀ ਖੰਨਾ (ਪੰਜਾਬ) ’ਚ ਨੈਸ਼ਨਲ ਹਾਈਵੇ ’ਤੇ ਤੇਜ਼ ਰਫਤਾਰ ਕੈਂਟਰ ਨੇ ਪਹਿਲਾਂ ਤਾਂ ਆਪਣੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਅਤੇ ਉਸ ਪਿੱਛੋਂ ਬੱਸ ’ਚੋਂ ਉਤਰ ਰਹੀ ਇਕ ਬਜ਼ੁਰਗ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਦੀ ਮੌਤ ਅਤੇ ਕਈ ਹੋਰ ਲੋਕ ਜ਼ਖਮੀ ਹੋ ਗਏ।
* ਅਤੇ ਹੁਣ 15 ਨਵੰਬਰ ਨੂੰ ਦੁਪਹਿਰ ਲਗਭਗ 12 ਵਜੇ ਕਿਸ਼ਤਵਾੜ ਤੋਂ ਜੰਮੂ ਵੱਲ ਜਾ ਰਹੀ ਬੱਸ ਡੋਡਾ ਦੇ ਬੱਗਰ ਇਲਾਕੇ ਦੇ ਤ੍ਰਾਂਗਲ ਅਤੇ ਅੱਸਾਰ ਦਰਮਿਆਨ ਬੇਕਾਬੂ ਹੋ ਕੇ ਕਈ ਪਲਟੀਆਂ ਖਾਂਦੀ ਹੋਈ 300 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ।
ਇਸ ਨਾਲ ਬੱਸ ਦੇ ਪਰਖੱਚੇ ਉੱਡ ਗਏ ਅਤੇ 38 ਲੋਕਾਂ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਵਰਣਨਯੋਗ ਹੈ ਕਿ ਭਾਈਦੂਜ ਕਾਰਨ ਜ਼ਿਆਦਾਤਰ ਯਾਤਰੀ ਆਪਣੇ ਨੇੜਲੇ ਰਿਸ਼ਤੇਦਾਰਾਂ ਨਾਲ ਇਸ ਨੂੰ ਮਨਾਉਣ ਲਈ ਜਾ ਰਹੇ ਸਨ।
* 15 ਨਵੰਬਰ ਨੂੰ ਹੀ ਤਪਾ ਮੰਡੀ (ਪੰਜਾਬ) ਵਿਚ 2 ਮੋਟਰਸਾਈਕਲਾਂ ਦੀ ਟੱਕਰ ਵਿਚ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੇ 2 ਵਿਦਿਆਰਥੀਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ।
ਜ਼ਿਆਦਾਤਰ ਮਾਮਲਿਆਂ ’ਚ ਹਾਦਸਿਆਂ ਦੇ ਕਾਰਨਾਂ ’ਚ ਵਾਹਨਾਂ ਦੀ ਤੇਜ਼ ਰਫਤਾਰ, ਨਸ਼ੇ ਦੇ ਪ੍ਰਭਾਵ ਅਧੀਨ ਲਾਪ੍ਰਵਾਹੀ ਨਾਲ ਵਾਹਨ ਚਲਾਉਣਾ ਅਤੇ ਸੜਕਾਂ ਦਾ ਤੰਗ ਅਤੇ ਖਸਤਾਹਾਲ ਹੋਣਾ, ਆਵਾਜਾਈ ਨਿਯਮਾਂ ਦੀ ਉਲੰਘਣਾ, ਬਿਨਾਂ ਟ੍ਰੇਨਿੰਗ ਵਾਹਨ ਚਲਾਉਣਾ, ਜ਼ਿਆਦਾ ਸਮੇਂ ਤੱਕ ਬਿਨਾਂ ਰੁਕੇ ਜਾਂ ਬਿਨਾਂ ਪੂਰੀ ਨੀਂਦ ਲਏ ਵਾਹਨ ਚਲਾਉਣਾ, ਦੋਪਹੀਆ ਵਾਹਨਾਂ ’ਤੇ 2 ਤੋਂ ਵੱਧ ਲੋਕਾਂ ਵੱਲੋਂ ਯਾਤਰਾ ਕਰਨਾ ਆਦਿ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।
ਇਸ ਲਈ ਸੜਕ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਪ੍ਰਸ਼ਾਸਨ ਨੂੰ ਚੁਸਤ ਕਰਨ ਦੇ ਨਾਲ-ਨਾਲ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ ਤਾਂ ਜੋ ਸੜਕ ਹਾਦਸਿਆਂ ’ਤੇ ਰੋਕ ਲਗਾ ਕੇ ਪਰਿਵਾਰਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।
- ਵਿਜੇ ਕੁਮਾਰ
ਦੇਸ਼ : ਮਾਫੀਆ ਰਾਜ ਦੀ ਗ੍ਰਿਫਤ ’ਚ, ਜਾਰੀ ਹਨ ਇਨ੍ਹਾਂ ਦੀਆਂ ਨਾਜਾਇਜ਼ ਸਰਗਰਮੀਆਂ ਅਤੇ ਹਿੰਸਾ
NEXT STORY