ਅੱਜਕਲ ਦੇਸ਼ ਦੀਆਂ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਸੱਤਾ ’ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਤਜਰਬਿਆਂ ਦੇ ਦੌਰ ’ਚੋਂ ਲੰਘ ਰਹੀਆਂ ਹਨ। ਇਸ ਦੀ ਸ਼ੁਰੂਆਤ 2017 ’ਚ ਹੋਈ, ਜਦੋਂ ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੂੰ ਹਰਾਉਣ ਦੀ ਰਣਨੀਤੀ ਤਿਆਰ ਕਰਨੀ ਸ਼ੁਰੂ ਕੀਤੀ।
ਇਸੇ ਅਧੀਨ ਭਾਜਪਾ ਨੇ ਸਭ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਮੁਕੁਲ ਰਾਏ ਨੂੰ ਪਾਰਟੀ ’ਚ ਸ਼ਾਮਲ ਕੀਤਾ ਅਤੇ ਉਨ੍ਹਾਂ ਰਾਹੀਂ 2021 ਦੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ 37 ਵਿਧਾਇਕਾਂ ਤੋਂ ਇਲਾਵਾ ਦਰਜਨਾਂ ਪ੍ਰਭਾਵਸ਼ਾਲੀ ਨੇਤਾ ਵੀ ਪਾਰਟੀ ’ਚ ਸ਼ਾਮਲ ਕਰਵਾ ਲਏ।
ਬੰਗਾਲ ਦੀਆਂ ਚੋਣਾਂ ’ਚ ਭਾਜਪਾ ਨੇ 13 ਦਲ-ਬਦਲੂ ਵਿਧਾਇਕਾਂ ਨੂੰ ਟਿਕਟ ਦਿੱਤੀ ਪਰ ਇਨ੍ਹਾਂ ’ਚੋਂ 4 ਵਿਧਾਇਕ ਹੀ ਚੋਣ ਜਿੱਤ ਸਕੇ ਅਤੇ ਬੰਗਾਲ ’ਚ ਦਲ-ਬਦਲ ਰਾਹੀਂ ਚੋਣਾਂ ਜਿੱਤਣ ਦਾ ਭਾਜਪਾ ਦਾ ਤਜਰਬਾ ਫਲਾਪ ਹੋ ਗਿਆ।
ਹੁਣ ਭਾਜਪਾ ਨੇ ਅਗਲੇ ਸਾਲ ਦੇ ਸ਼ੁਰੂ ’ਚ 5 ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਣੀਪੁਰ ਅਤੇ ਸਾਲ ਦੇ ਅੰਤ ’ਚ ਗੁਜਰਾਤ ਅਤੇ ਹਿਮਾਚਲ ਤੇ 2023 ’ਚ ਕਰਨਾਟਕ ’ਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਇਸੇ ਅਧੀਨ ਇਸ ਨੇ ਬੀਤੇ 6 ਮਹੀਨਿਆਂ ’ਚ ਆਪਣੇ ਸ਼ਾਸਨ ਵਾਲੇ ਤਿੰਨ ਸੂਬਿਆਂ ’ਚ 4 ਮੁੱਖ ਮੰਤਰੀ ਬਦਲ ਦਿੱਤੇ ਹਨ। ਇਸ ਦੌਰਾਨ ਉੱਤਰਾਖੰਡ ਦੇ ਦੋ ਮੁੱਖ ਮੰਤਰੀ ਬਦਲੇ ਗਏ। ਪਹਿਲਾਂ ਤੀਰਥ ਸਿੰਘ ਰਾਵਤ ਨੂੰ ਹਟਾ ਕੇ ਤ੍ਰਿਵੇਂਦਰ ਸਿੰਘ ਰਾਵਤ ਅਤੇ ਫਿਰ ਉਨ੍ਹਾਂ ਨੂੰ ਵੀ ਬਦਲ ਕੇ ਪੁਸ਼ਕਰ ਸਿੰਘ ਧਾਮੀ ਨੂੰ ਸੂਬੇ ਦੀ ਵਾਗਡੋਰ ਸੌਂਪ ਦਿੱਤੀ ਹੈ।
ਹਾਲਾਂਕਿ ਕਰਨਾਟਕ ’ਚ 2023 ’ਚ ਚੋਣਾਂ ਹੋਣੀਆਂ ਹਨ ਪਰ ਉਥੇ ਵੀ ਮੁੱਖ ਮੰਤਰੀ ਯੇਦੀਯੁਰੱਪਾ ਨੂੰ ਬਦਲ ਕੇ ਬਸਾਵਰਾਜ ‘ਬੋਮਈ’ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ।
ਇਹੀ ਨਹੀਂ, ਭਾਜਪਾ ਨੇ ਗੁਜਰਾਤ ’ਚ ਪਾਟੀਦਾਰ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਲਈ ਮੁੱਖ ਮੰਤਰੀ ਵਿਜੇ ਰੁਪਾਨੀ ਦੀ 22 ਮੰਤਰੀਆਂ ਦੀ ਪੂਰੀ ਟੀਮ ਸਮੇਤ ਅਸਤੀਫਾ ਦੁਆ ਕੇ ਪਹਿਲੀ ਵਾਰ ਦੇ ਵਿਧਾਇਕ ਭੁਪੇਂਦਰ ਪਟੇਲ ਨੂੰ ਨਵਾਂ ਮੁੱਖ ਮੰਤਰੀ ਬਣਾ ਕੇ ਸਭ 24 ਨਵੇਂ ਮੰਤਰੀ ਨਿਯੁਕਤ ਕਰ ਦਿੱਤੇ ਗਏ।
ਭਾਜਪਾ ਵਲੋਂ ਕੀਤੇ ਜਾ ਰਹੇ ਇਨ੍ਹਾਂ ਤਜਰਬਿਆਂ ਵਰਗਾ ਹੀ ਤਜਰਬਾ ਪੰਜਾਬ ’ਚ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਨਾਲ ਕਾਂਗਰਸ ਹਾਈਕਮਾਨ ਨੇ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ’ਚ ਦੋ ਸਾਲ ਤੋਂ ਜਾਰੀ ਅਣਬਣ ਅਤੇ ਟਕਰਾਅ ਨੂੰ ਧਿਆਨ ’ਚ ਰੱਖਦਿਆਂ ਅਖੀਰ ਕਾਂਗਰਸ ਹਾਈਕਮਾਨ ਨੇ 18 ਸਤੰਬਰ ਨੂੰ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਲਈ ਕਹਿ ਦਿੱਤਾ।
ਇਸ ਦੇ ਨਾਲ ਹੀ ਅਗਲੇ ਮੁੱਖ ਮੰਤਰੀ ਬਾਰੇ ਅਟਕਲਬਾਜ਼ੀਆਂ ਸ਼ੁਰੂ ਹੋ ਗਈਆਂ। 19 ਸਤੰਬਰ ਨੂੰ ਸੁਖਜਿੰਦਰ ਰੰਧਾਵਾ ਦੇ ਨਾਂ ’ਤੇ ਸਹਿਮਤੀ ਬਣਦੀ ਤਾਂ ਦਿਖਾਈ ਦਿੱਤੀ ਪਰ ਨਵਜੋਤ ਸਿੰਘ ਸਿੱਧੂ ਵਲੋਂ ਖੁਦ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਉਠਾ ਦੇਣ ਕਾਰਨ ਮਾਮਲਾ ਉਲਝ ਗਿਆ ਅਤੇ ਅਖੀਰ ਰਾਹੁਲ ਗਾਂਧੀ ਦੇ ਕਰੀਬੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ।
ਫਿਰ ਘੁੰਡੀ ਦੋ ਉੱਪ ਮੁੱਖ ਮੰਤਰੀਆਂ ਨੂੰ ਲੈ ਕੇ ਫਸੀ ਅਤੇ 20 ਸਤੰਬਰ ਨੂੰ ਰਾਜ ਭਵਨ ’ਚ ਚੰਨੀ ਦੇ ਸਹੁੰ ਚੁੱਕਣ ਤੋਂ ਠੀਕ ਪਹਿਲਾਂ ਵਿਧਾਇਕ ਓ. ਪੀ. ਸੋਨੀ (ਹਿੰਦੂ) ਅਤੇ ਸੁਖਜਿੰਦਰ ਸਿੰਘ ਰੰਧਾਵਾ (ਜੱਟ) ਦੇ ਨਾਂ ’ਤੇ ਸਹਿਮਤੀ ਬਣੀ।
ਇਸ ਤਰ੍ਹਾਂ ਕਾਂਗਰਸ ਨੇ ਦਲਿਤ ਨੂੰ ਪਹਿਲੀ ਵਾਰ ਪੰਜਾਬ ’ਚ ਸੀ. ਐੱਮ. ਅਤੇ ਜੱਟ ਤੇ ਹਿੰਦੂ ਨੂੰ ਡਿਪਟੀ ਸੀ. ਐੱਮ. ਬਣਾ ਕੇ ਸਭ ਵਰਗਾਂ ਨੂੰ ਸਾਧਨ ਦੀ ਕੋਸ਼ਿਸ਼ ਕੀਤੀ ਹੈ।
ਸਹੁੰ ਚੁੱਕਣ ਦੇ ਤੁਰੰਤ ਬਾਅਦ ਚੋਣ ਮੋਡ ’ਚ ਆਏ ਨਵੇਂ ਮੁੱਖ ਮੰਤਰੀ ਨੇ ਗਰੀਬਾਂ ਨੂੰ ਮੁਫਤ ਬਿਜਲੀ ਦੇਣ, ਬਿੱਲ ਘੱਟ ਕਰਨ, ਕਿਸੇ ਗਰੀਬ ਦਾ ਪਾਣੀ ਦਾ ਕੁਨੈਕਸ਼ਨ ਪੈਂਡਿੰਗ ਬਿੱਲ ਕਾਰਨ ਨਾ ਕੱਟਣ, ਬੀਤੇ 10 ਸਾਲਾਂ ’ਚ ਪੈਂਡਿੰਗ ਬਿੱਲ ਕਾਰਨ ਕੱਟੇ ਗਏ ਕੁਨੈਕਸ਼ਨ ਬਿੱਲ ਮਾਫ ਕਰ ਕੇ ਬਹਾਲ ਕਰਨ, ਸ਼ਹਿਰਾਂ ’ਚ 150-200 ਗਜ਼ ਦੇ ਮਕਾਨ ਵਾਲੇ ਲੋਕਾਂ ਲਈ ਵਾਟਰ ਸਪਲਾਈ-ਸੀਵਰੇਜ ਬਿੱਲ ਮੁਫਤ ਕਰਨ ’ਤੇ ਵਿਚਾਰ ਕਰਨ ਆਦਿ ਦੇ ਐਲਾਨ ਕੀਤੇ।
ਪਹਿਲੀ ਵਾਰ ਜਨਤਕ ਮੰਚ ਤੋਂ ਲੋਕਾਂ ਨਾਲ ਰੂ-ਬਰੂ ਹੋਏ ਚੰਨੀ ਇਸ ਹੱਦ ਤਕ ਭਾਵੁਕ ਹੋਏ ਕਿ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਕਿਹਾ ਕਿ ਉਹ ਰਿਕਸ਼ਾ ਚਲਾਉਣ ਵਾਲਿਆਂ ਦੇ ਨੁਮਾਇੰਦੇ ਹਨ ਕਿਉਂਕਿ ਉਨ੍ਹਾਂ ਖੁਦ ਰਿਕਸ਼ਾ ਚਲਾਇਆ ਹੈ।
ਉਨ੍ਹਾਂ ਰੇਤ ਦਾ ਬਿਜ਼ਨੈੱਸ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਨਾ ਮਿਲਣ ਅਤੇ ਲੰਮੇ ਸਮੇਂ ਤੋਂ ਸੜਕਾਂ ’ਤੇ ਉਤਰੇ ਸਰਕਾਰੀ ਮੁਲਾਜ਼ਮਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਭ ਮਸਲੇ ਹੱਲ ਕੀਤੇ ਜਾਣਗੇ।
ਬੇਸ਼ੱਕ ਕਾਂਗਰਸ ਹਾਈਕਮਾਨ ਨੇ ਪੰਜਾਬ ’ਚ ਲੀਡਰਸ਼ਿਪ ਬਦਲਣ ਦਾ ਇਹ ਤਜਰਬਾ ਭਾਜਪਾ ਦੀ ਨਕਲ ’ਤੇ ਕੀਤਾ ਹੈ ਪਰ ਇਕ ਫਰਕ ਇਹ ਰਿਹਾ ਕਿ ਜਿਥੇ ਗੁਜਰਾਤ ਭਾਜਪਾ ’ਚ ਸਾਬਕਾ ਮੁੱਖ ਮੰਤਰੀ ਦੀ ਪੂਰੀ ਟੀਮ ਦਾ ਪੱਤਾ ਸਾਫ ਕਰ ਦੇਣ ਦੇ ਬਾਵਜੂਦ ਕਿਸੇ ਨੇ ਉਫ ਤਕ ਨਹੀਂ ਕੀਤੀ, ਉਥੇ ਹੀ ਪੰਜਾਬ ’ਚ ਇਸ ਦੇ ਉਲਟ ਹੋਇਆ। ਆਖਰੀ ਸਮੇਂ ਤਕ ਇਲਜ਼ਾਮਤਰਾਸ਼ੀ ਹੁੰਦੀ ਰਹੀ, ਜੋ ਕਾਂਗਰਸ ’ਚ ਅਨੁਸ਼ਾਸਨ ’ਚ ਭਾਰੀ ਕਮੀ ਦਾ ਸੰਕੇਤ ਹੈ।
ਜੋ ਵੀ ਹੋਵੇ, ਹੁਣ ਜਦੋਂ ਕਿ ਪੰਜਾਬ ’ਚ ਨਵੀਂ ਕਾਂਗਰਸ ਸਰਕਾਰ ਹੋਂਦ ’ਚ ਆ ਚੁੱਕੀ ਹੈ ਤਾਂ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਪਣੇ ਕਾਰਜਕਾਲ ਦੇ ਬਾਕੀ ਬਚੇ ਮਹੀਨੇ ਕਿਸ ਤਰ੍ਹਾਂ ਬਿਤਾਉਂਦੀ ਹੈ।
–ਵਿਜੇ ਕੁਮਾਰ
ਚੋਣ ਜਿੱਤਣ ਦੇ ਲਈ ਪੁਤਿਨ ਦੇ ਹੱਥਕੰਡੇ
NEXT STORY