ਸਿਰਫ 52 ਸੈਕੰਡ ’ਚ ਜ਼ੀਰੋ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਨ ’ਚ ਸਮਰੱਥ ‘ਵੰਦੇ ਭਾਰਤ ਐਕਸਪ੍ਰੈੱਸ’ ਸੈਮੀ ਹਾਈਸਪੀਡ ਰੇਲ ਗੱਡੀਆਂ ਹਨ। ਪਹਿਲੀ ‘ਵੰਦੇ ਭਾਰਤ’ ਰੇਲਗੱਡੀ 15 ਫਰਵਰੀ, 2019 ਨੂੰ ਨਵੀਂ ਦਿੱਲੀ ਤੋਂ ਵਾਰਾਣਸੀ ਦੇ ਦਰਮਿਆਨ ਸ਼ੁਰੂ ਕੀਤੀ ਗਈ ਸੀ ਅਤੇ ਇਸ ਸਮੇਂ 6 ‘ਵੰਦੇ ਭਾਰਤ’ ਰੇਲਗੱਡੀਆਂ ਦੇਸ਼ ’ਚ ਚੱਲ ਰਹੀਆਂ ਹਨ।ਟ੍ਰਾਇਲ ਰਨ ’ਚ ਇਨ੍ਹਾਂ ਦੀ ਵੱਧ ਤੋਂ ਵੱਧ ਸਪੀਡ 180 ਕਿਲੋਮੀਟਰ ਤੱਕ ਦਾ ਦਾਅਵਾ ਕੀਤਾ ਗਿਆ ਸੀ ਪਰ ਜ਼ਿਆਦਾਤਰ ‘ਵੰਦੇ ਭਾਰਤ’ ਗੱਡੀਆਂ ਇਸ ਸਪੀਡ ਤੱਕ ਨਹੀਂ ਪਹੁੰਚ ਸਕੀਆਂ। ਹਾਦਸੇ ਤੋਂ ਬਚਾਅ ਪ੍ਰਣਾਲੀ ਨਾਲ ਲੈਸ ਇਨ੍ਹਾਂ ਗੱਡੀਆਂ ਦੇ ਸਾਰੇ ਕੋਚ ਸਵੈਚਲਿਤ ਦਰਵਾਜ਼ਿਆਂ, ਜੀ. ਪੀ. ਐੱਸ. ਆਧਾਰਿਤ ਆਡੀਓ ਵਿਜ਼ੁਅਲ ਯਾਤਰੀ ਸੂਚਨਾ ਪ੍ਰਣਾਲੀ, ਮਨੋਰੰਜਨ ਦੇ ਮਕਸਦ ਨਾਲ ਆਨ ਬੋਰਡ ਹਾਟ-ਸਪਾਟ ਵਾਈ-ਫਾਈ ਅਤੇ ਆਰਾਮਦਾਇਕ ਸੀਟਾਂ ਤੋਂ ਇਲਾਵਾ ਹੋਰ ਕਈ ਸਹੂਲਤਾਂ ਨਾਲ ਲੈਸ ਹਨ।
ਪਰ ਯਾਤਰਾ ਦਾ ਸਮਾਂ ਬਚਾਉਣ ਵਾਲੀਆਂ ਇਨ੍ਹਾਂ ਰੇਲਗੱਡੀਆਂ ’ਤੇ ਅਗਿਆਤ ਕਾਰਨਾਂ ਨਾਲ ਲਗਾਤਾਰ ਅਣਪਛਾਤੇ ਹਮਲਾਵਰਾਂ ਵੱਲੋਂ ਪਥਰਾਅ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ :
* 8 ਨਵੰਬਰ, 2022 ਨੂੰ ਦੇਰ ਰਾਤ ਗੁਜਰਾਤ ’ਚ ਅਹਿਮਦਾਬਾਦ ਤੋਂ ਸੂਰਤ ਜਾ ਰਹੀ ‘ਵੰਦੇ ਭਾਰਤ’ ਐਕਸਪ੍ਰੈੱਸ ’ਤੇ ਅਣਪਛਾਤੇ ਹਮਲਾਵਰਾਂ ਦੀ ਪੱਥਰਬਾਜ਼ੀ ਦੇ ਨਤੀਜੇ ਵਜੋਂ ਇਸ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ।
* 20 ਨਵੰਬਰ, 2022 ਨੂੰ ਹਿਮਾਚਲ ਦੇ ਊਨਾ ’ਚ ਦਿੱਲੀ ਤੋਂ ਊਨਾ ਤੱਕ ਚੱਲਣ ਵਾਲੀ ‘ਵੰਦੇ ਭਾਰਤ’ ਐਕਸਪ੍ਰੈੱਸ ’ਤੇ ਪੱਥਰਬਾਜ਼ੀ ਕਰਨ ਦੀ ਘਟਨਾ ਸਾਹਮਣੇ ਆਈ।
* 15 ਦਸੰਬਰ, 2022 ਨੂੰ ਨਾਗਪੁਰ ਤੋਂ ਬਿਲਾਸਪੁਰ ਜਾ ਰਹੀ ‘ਵੰਦੇ ਭਾਰਤ’ ਟਰੇਨ ’ਤੇ ਦੁਰਗ ਅਤੇ ਪਿਲਾਈ ਸਟੇਸ਼ਨਾਂ ਦਰਮਿਆਨ ਪਥਰਾਅ ਨਾਲ ਇਸ ਦਾ ਇਕ ਸ਼ੀਸ਼ਾ ਟੁੱਟਾ।
* 2, 3 ਅਤੇ 9 ਜਨਵਰੀ, 2023 ਨੂੰ ਪੱਛਮੀ ਬੰਗਾਲ ’ਚ ਹਾਵੜਾ ਤੋਂ ਨਿਊ ਜਲਪਾਈਗੁੜੀ ਦੇ ਦਰਮਿਆਨ ਚੱਲਣ ਵਾਲੀਆਂ ਵੰਦੇ ਭਾਰਤ ਟਰੇਨਾਂ ’ਤੇ 3 ਵਾਰ ਪਥਰਾਅ ਕੀਤਾ ਗਿਆ।
* 8 ਜਨਵਰੀ, 2023 ਨੂੰ ਬਿਹਾਰ ਦੇ ਬਾਰਸੋਈ ਇਲਾਕੇ ’ਚ ਨਿਊ ਜਲਪਾਈਗੁੜੀ ਤੋਂ ਹਾਵੜਾ ਜਾਣ ਵਾਲੀ ਇਸ ਟਰੇਨ ’ਤੇ ਪਥਰਾਅ ਦੇ ਦੋਸ਼ ’ਚ 3 ਨਾਬਾਲਗ ਫੜੇ ਗਏ।
* 11 ਜਨਵਰੀ, 2023 ਨੂੰ ਆਂਧਰਾ ਪ੍ਰਦੇਸ਼ ’ਚ ਵਿਸ਼ਾਖਾਪਟਨਮ ਦੇ ‘ਕਾਂਚਰਾਪਲੇਮ’ ’ਚ ਵੰਦੇ ਭਾਰਤ ਟਰੇਨ ’ਤੇ ਅਤੇ 19 ਜਨਵਰੀ ਨੂੰ ਇਸ ਦੇ ਉਦਘਾਟਨ ਤੋਂ ਪਹਿਲਾਂ ਹੀ ਅਣਪਛਾਤੇ ਲੋਕਾਂ ਨੇ ਪਥਰਾਅ ਕਰ ਕੇ ਇਸ ਦੇ ਇਕ ਕੋਚ ਦਾ ਸ਼ੀਸ਼ਾ ਤੋੜ ਦਿੱਤਾ। ਇਹ ਰੇਲਗੱਡੀ ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਦੇ ਦਰਮਿਆਨ ਹੁਣ ਚਲਾਈ ਜਾਵੇਗੀ।
ਇਨ੍ਹਾਂ ਤੋਂ ਇਲਾਵਾ ਵੀ ਵੰਦੇ ਭਾਰਤ ਰੇਲਗੱਡੀਆਂ ’ਤੇ ਹਮਲਿਆਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਹਮਲਿਆਂ ਦਾ ਕਾਰਨ ਇਕ ਰਹੱਸ ਹੀ ਬਣਿਆ ਹੋਇਆ ਹੈ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਸਿਆਸੀ ਈਰਖਾ ਵੀ ਹੋ ਸਕਦੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਨੁਸਾਰ ਲੋਕ ਇਨ੍ਹਾਂ ਰੇਲਗੱਡੀਆਂ ’ਤੇ ਇਸ ਲਈ ਹਮਲੇ ਕਰ ਰਹੇ ਹਨ ਕਿਉਂਕਿ ਉਹ ਇਨ੍ਹਾਂ ਤੋਂ ਖੁਸ਼ ਨਹੀਂ ਹਨ, ਜਦਕਿ ਭਾਜਪਾ ਨੇ ਬੰਗਾਲ ’ਚ ਇਨ੍ਹਾਂ ’ਤੇ ਪਥਰਾਅ ਦੇ ਪਿੱਛੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦਾ ਹੱਥ ਹੋਣ ਦਾ ਦੋਸ਼ ਵੀ ਲਗਾਇਆ ਹੈ। ਜੋ ਵੀ ਹੋਵੇ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਖੁਦ ਨੂੰ ਹੀ ਨੁਕਸਾਨ ਪਹੁੰਚਾਉਣ ਦੇ ਬਰਾਬਰ ਹੈ। ਇਸ ਲਈ ਇਨ੍ਹਾਂ ਰੇਲਗੱਡੀਆਂ ’ਤੇ ਪਥਰਾਅ ਕਰ ਕੇ ਇਨ੍ਹਾਂ ਨੂੰ ਹਾਨੀ ਪਹੁੰਚਾਉਣ ਵਾਲਿਆਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੀ ਤੁਰੰਤ ਲੋੜ ਹੈ।
-ਵਿਜੇ ਕੁਮਾਰ
ਵਿਵਾਦਿਤ ਬਿਆਨਾਂ ਦਾ ਸਿਲਸਿਲਾ ਰੁਕਣ ਵਾਲਾ ਨਹੀਂ...
NEXT STORY