ਕੋਰੋਨਾ ਵਾਇਰਸ ਕਾਰਨ ਆਈ ਵਿਸ਼ਵ ਪੱਧਰੀ ਮੰਦੀ ਕਾਰਨ ਕਰੋੜਾਂ ਦੀ ਗਿਣਤੀ 'ਚ ਲੋਕ ਬੇਰੋਜ਼ਗਾਰ ਹੋ ਗਏ ਹਨ। ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਦੂਜ਼ੀ ਲਹਿਰ ਨੇ ਵੀ ਦੇਸ਼ 'ਚ ਰੋਜ਼ਗਾਰ 'ਤੇ ਬਹੁਤ ਬੁਰਾ ਅਸਰ ਪਾਇਆ ਹੈ।
'ਸੈਂਟਰ ਫਾਰ ਮਨਿਸਟਰਿੰਗ ਇੰਡੀਅਨ ਇਕਾਨਮੀ' (ਸੀ. ਐੱਮ. ਆਈ. ਈ.) ਅਨੁਸਾਰ ਦੇਸ਼ 'ਚ ਧਨਖਾਹ ਲੈਣ ਵਾਲਿਆਂ ਅਤੇ ਹੋਰ ਰੋਜ਼ਗਾਰ ਵਾਲਿਆਂ ਦੀ ਗਿਣਤੀ, ਜੋ ਜਨਵਰੀ 2021 'ਚ 40.7 ਕਰੋੜ ਸੀ, ਫਰਵਰੀ 'ਚ 39.82 ਕਰੋੜ, ਮਾਰਚ 'ਚ 39.81 ਕਰੋੜ ਅਤੇ ਅਪ੍ਰੈਲ 'ਚ ਹੋਰ ਵੀ ਘਟ ਕੇ 39.08 ਕਰੋੜ ਰਹਿ ਗਈ। ਉਕਤ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਜਨਵਰੀ ਤੋਂ ਬਾਅਦ ਦੇਸ਼ 'ਚ ਰੋਜ਼ਗਾਰ 'ਚ ਲਗਾਤਾਰ ਗਿਰਾਵਟ ਆਈ ਹੈ।
ਕੋਰੋਨਾ ਇਨਫੈਕਸ਼ਨ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਕਾਰਨ ਬੇਰੋਜ਼ਗਾਰ ਹੋਏ ਛੋਟੇ-ਵੱਡੇ ਕਾਰੋਬਾਰਾਂ ਨਾਲ ਜੁੜੇ ਦਰਮਿਆਨੇ ਵਰਗ ਅਤੇ ਨੌਕਰੀ 'ਚੋਂ ਕੱਢੇ ਗਏ ਲੋਕ ਹੁਣ ਛੋਟੇ-ਵੱਡੇ ਕੰਮ ਕਰਨ ਲਈ ਮਜ਼ਬੂਰ ਹੋ ਗਏ ਹਨ:
1. ਜੰਮੂ ਦੇ ਇਕ ਸਾਫਟਵੇਅਰ ਇੰਜੀਨਿਅਰ ਨੌਜਵਾਨ ਨੂੰ ਜਦੋਂ ਨੌਕਰੀ ਨਹੀਂ ਮਿਲੀ ਤਾਂ ਉਸ ਨੇ ਇਕ ਆਟੋ ਫਾਈਨਾਂਸ ਕਰਵਾ ਕੇ ਉਸ 'ਤੇ ਫਲ ਅਤੇ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਸਬਜ਼ੀਆਂ ਅਤੇ ਫਲਾਂ ਦੀ ਹੋਮ ਡਲਿਵਰੀ ਵੀ ਕਰ ਰਿਹਾ ਹੈ।
2. ਮੇਰਠ 'ਚ ਪਿਤਾ ਦੀ ਨੌਕਰੀ ਚਲੇ ਜਾਣ 'ਤੇ ਕੌਮੀ ਪੱਧਰ 'ਤੇ 2 ਖਿਡਾਰੀ ਭਰਾਵਾਂ ਨੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਹੈ।
3. ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਵਿਖੇ ਬੀ.ਏ.,ਬੀ.ਬੀ.ਏ. ਅਤੇ ਹੋਰ ਉੱਚ ਸਿੱਖਿਆ ਪ੍ਰਾਪਤ ਕੁੱਝ ਨੌਜਵਾਨ ਨੌਕਰੀ ਚਲੇ ਜਾਣ 'ਤੇ ਕੰਬਲ, ਚਾਦਰਾਂ, ਖਿਡੌਣੇ, ਟਾਇਲਟ ਕਲੀਨਰ, ਖਾਣ-ਪੀਣ ਦੀਆਂ ਚੀਜ਼ਾਂ, ਗੁਬਾਰੇ ਆਦਿ ਵੇਚ ਕੇ ਘਰ ਦਾ ਖਰਚ ਚਲਾ ਰਹੇ ਹਨ।
4. ਤਾਮਿਲਨਾਡੂ ਦੇ 'ਪੁਡੂਕੋਟੇਈ' ਸ਼ਹਿਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਆਨੰਦ ਨਾਮੀ ਬੀ. ਏ. (ਇਕਨਾਮਿਕਸ) ਅਤੇ ਆਈ. ਟੀ. ਆਈ. ਦਾ ਡਿਪਲੋਮਾ ਪ੍ਰਾਪਤ ਮਨੀਕੰਦਨ ਨਾਮੀ 2 ਬੇਰੋਜ਼ਗਾਰ ਨੌਜਵਾਨ ਨੈਸ਼ਨਲ ਹਾਈਵੇਅ 'ਤੇ ਫਲ ਵੇਚ ਰਹੇ ਹਨ।
5. ਹਰਿਆਣਾ ਦੇ ਕਲਾਨੌਰ ਵਿਖੇ 2 ਭਰਾਵਾਂ ਨੇ ਕੋਰੋਨਾ ਕਾਰਨ ਆਪਣਾ ਵਧੀਆ ਚੱਲਦਾ ਫਾਸਟ ਫੂਡ ਦਾ ਕਾਰੋਬਾਰ ਬੰਦ ਹੋ ਜਾਣ ਦੇ ਸਿੱਟੇ ਵਜੋਂ ਹੁਣ ਫਲ ਅਤੇ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ।
6. ਛੱਤੀਸਗੜ੍ਹ ਦੇ ਰਾਏਪੁਰ 'ਚ ਜਿੱਥੇ ਕਈ ਪੜ੍ਹੇ-ਲਿਖੇ ਨੌਜਵਾਨ ਈ-ਰਿਕਸ਼ਾ ਚਲਾ ਰਹੇ ਹਨ, ਉੱਥੇ ਕਈਂ ਨੌਜਵਾਨ ਫਲ-ਸਬਜ਼ੀ ਵੇਚਣ ਲੱਗੇ ਹਨ। ਇਕ ਵਪਾਰੀ ਧੰਦਾ ਠੱਪ ਹੋਣ ਪਿੱਛੋਂ ਆਪਣੀ ਕਾਰ ਦੀ ਡਿੱਕੀ 'ਚ ਫਲ ਵੇਚਦਾ ਪਾਇਆ ਗਿਆ।
7. ਗਾਜ਼ੀਆਬਾਦ ਦੀ ਇਕ ਫੈਕਟਰੀ 'ਚ ਨੌਕਰੀ ਤੋਂ ਕੱਢਿਆ ਗਿਆ ਅਮਰ ਸਿੰਘ ਯਾਦਵ ਪਹਿਲਾਂ 12,000 ਰੁਪਏ ਮਾਸਿਕ 'ਤੇ ਨੌਕਰੀ ਕਰਦਾ ਸੀ ਪਰ ਨੌਕਰੀ ਦੇ ਚਲੇ ਜਾਣ ਪਿੱਛੋਂ ਹੁਣ ਆਪਣੇ ਪਿੰਡ 'ਚ 100 ਰੁਪਏ ਦਿਹਾੜੀ 'ਤੇ ਮਜ਼ਦੂਰੀ ਕਰਨ ਲਈ ਮਜਬੂਰ ਹੈ।
8. ਦਿੱਲੀ 'ਚ ਮਿੰਨੀ ਟਰੱਕ ਚਲਾਉਣ ਵਾਲਾ ਸ਼ਾਹਜਹਾਂਪੁਰ ਦਾ ਅਮੀਰ ਹਸਨ ਨੌਕਰੀ ਦੇ ਚਲੇ ਜਾਣ ਪਿੱਛੋਂ ਹੁਣ 200 ਰੁਪਏ ਦਿਹਾੜੀ 'ਤੇ ਨੌਕਰੀ ਕਰ ਰਿਹਾ ਹੈ।
9. ਉੱਤਰ ਪ੍ਰਦੇਸ਼ ਦੇ ਸਾਹਿਬਗੰਜ ਵਿਖੇ ਪੇਸ਼ੇ ਤੋਂ ਇੰਜੀਨੀਅਰ ਮੁਹੰਮਦ ਸ਼ਾਦਾਬ ਮਹਿੰਦੀ ਨੇ ਨੌਕਰੀ ਚਲੇ ਜਾਣ ਪਿੱਛੋਂ ਪਿੰਡ 'ਚ ਹਾਰਡਵੇਅਰ ਦੀ ਦੁਕਾਨ ਖੋਲ੍ਹ ਲਈ ਹੈ।
10. ਬਠਿੰਡਾ 'ਚ ਇਕ ਵਿਧਵਾ ਆਪਣਾ ਸੈਲੂਨ ਬੰਦ ਹੋ ਜਾਣ ਪਿੱਛੋਂ ਆਪਣੀ ਬੇਟੀ ਅਤੇ ਮਾਂ ਦਾ ਪੇਟ ਪਾਲਣ ਲਈ ਫੁੱਟਪਾਥ 'ਤੇ ਸਬਜ਼ੀਆਂ ਵੇਚਣ ਲਈ ਮਜਬੂਰ ਹੈ।
11. ਤੇਲੰਗਾਨਾ ਦੇ ਵਾਰੰਗਲ ਵਿਖੇ ਕੋਰੋਨਾ ਮਹਾਮਾਰੀ ਕਾਰਨ ਬੇਰੋਜ਼ਗਾਰ ਹੋਈ ਸ਼ਾਰਦਾ ਨਾਮੀ ਸਾਫਟਵੇਅਰ ਇੰਜੀਨੀਅਰ ਸ਼ਹਿਰ 'ਚ ਸਬਜ਼ੀ ਵੇਚ ਰਹੀ ਹੈ।
12. ਗੁਜਰਾਤ 'ਚ ਨਿਮੇਸ਼ ਕੁਮਾਰ (ਐੱਮ. ਫਿਲ.), ਆਸ਼ੀਸ਼ ਸੋਲੰਕੀ (ਗ੍ਰੈਜੂਏਟ), ਕੁਨਾਲ ਰਾਠੌੜ (ਆਈ. ਟੀ. 'ਚ ਗ੍ਰੈਜੂਏਟ) ਅਤੇ ਤਰੁਣ ਪਰਮਾਰ ਨਾਮੀ 4 ਉੱਚ ਸਿੱਖਿਆ ਪ੍ਰਾਪਤ ਬੇਰੋਜ਼ਗਾਰ ਨੌਜਵਾਨ ਅੱਜਕਲ ਨੌਕਰੀ ਦੀ ਭਾਲ ਕਰਨ ਦੇ ਨਾਲ-ਨਾਲ ਮਠਿਆਈ ਵੇਚ ਰਹੇ ਹਨ।
13. ਵਿਆਹ-ਸ਼ਾਦੀਆਂ 'ਚ ਫੁੱਲਾਂ ਦੀ ਸਜਾਵਟ ਕਰ ਕੇ ਹਰ ਮਹੀਨੇ 60-70 ਹਜ਼ਾਰ ਰੁਪਏ ਕਮਾਉਣ ਵਾਲੇ ਪਟਿਆਲਾ ਦੇ ਸ਼ਾਮ ਸਿੰਘ ਨੂੰ ਹੁਣ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਇਸ ਤੋਂ ਇਲਾਵਾ ਵੀ ਅਨੇਕਾਂ ਅਜਿਹੇ ਮਾਮਲੇ ਹੋਣਗੇ ਜਿਨ੍ਹਾਂ 'ਚ ਕੋਰੋਨੀ ਮਹਾਮਾਰੀ ਕਾਰਨ ਲੋਕ ਆਪਣਾ ਧੰਦਾ ਬਦਲਣ ਲਈ ਮਜਬੂਰ ਹੋ ਗਏ ਜਾਂ ਨੌਕਰੀ ਦੇ ਚਲੇ ਜਾਣ ਕਾਰਨ ਬੇਰੋਜ਼ਗਾਰ ਹੋ ਕੇ ਛੋਟਾ-ਮੋਟਾ ਕੰਮ ਕਰਨ ਲੱਗੇ ਹਨ ਤਾਂ ਜੋ ਆਪਣੇ ਪਰਿਵਾਰ ਵਾਲਿਆਂ ਦਾ ਪੇਟ ਪਾਲ ਸਕਣ।
ਹਾਲਾਂਕਿ ਦੇਸ਼ ਦੀਆਂ ਕੁਝ ਵੱਡੀਆਂ ਕੰਪਨੀਆਂ ਨੇ ਹੁਣ ਯੂਨੀਵਰਸਿਟੀਆਂ ਦੇ ਕੈਂਪਸ 'ਚ ਜਾ ਕੇ ਪਲੇਸਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਤੀਜੇ ਆਉਣ ਵਾਲੇ ਮਹੀਨਿਆਂ ਦੇ ਰੋਜ਼ਗਾਰ ਦੇ ਵਧਦੇ ਅੰਕੜਿਆਂ 'ਚ ਵੇਖਣ ਨੂੰ ਮਿਲਣਗੇ ਪਰ ਇਕੱਲਾ ਪ੍ਰਾਈਵੇਟ ਸੈਕਟਰ ਇਸ ਵੱਡੀ ਸਮੱਸਿਆ 'ਤੇ ਕਾਬੂ ਨਹੀਂ ਪਾ ਸਕਦਾ।
ਇਸ ਲਈ ਸਰਕਾਰ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਕੁੱਝ ਵੱਡੇ ਕਦਮ ਚੁੱਕ ਕੇ ਰੋਜ਼ਗਾਰ ਦੇ ਸਾਧਨ ਜੁਟਾਉਣੇ ਪੈਣਗੇ। ਤਦ ਨੌਕਰੀਆਂ 'ਚ ਵਾਧਾ ਹੋਵੇਗਾ ਲੋਕਾਂ ਦਾ ਰਹਿਣ-ਸਹਿਣ ਸੁਧਰੇਗਾ ਅਤੇ ਉਹ ਪਹਿਲਾਂ ਵਾਂਗ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਤੇ ਬੱਚਿਆਂ ਦੀ ਸਿੱਖਿਆ-ਦੀਕਸ਼ਾ ਆਦਿ ਕਰ ਸਕਣਗੇ।
-ਵਿਜੇ ਕੁਮਾਰ
ਖੇਤਰ 'ਚ ਸ਼ਾਂਤੀ ਤੇ ਸਥਿਰਤਾ ਦੇ ਲਈ ਹੁਣ ਸਾਊਦੀ ਅਰਬ ਨੇ ਦਿੱਤਾ ਭਾਰਤ-ਪਾਕਿ ਦਰਮਿਆਨ ਗੱਲਬਾਤ ਦਾ ਸੱਦਾ
NEXT STORY