ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਪੰਜਾਬ ਭਾਰਤੀ ਉੱਪ-ਮਹਾਦੀਪ ਦੇ ਅੰਤਲੇ ਇਲਾਕਿਆਂ ’ਚੋਂ ਇਕ ਸੀ, ਜਿਸ ’ਚ 5 ਪ੍ਰਸ਼ਾਸਨਿਕ ਡਵੀਜ਼ਨ ਦਿੱਲੀ, ਜਲੰਧਰ, ਲਾਹੌਰ, ਮੁਲਤਾਨ ਅਤੇ ਰਾਵਲਪਿੰਡੀ ਸ਼ਾਮਲ ਸਨ। ਪਹਿਲਾਂ ਪੇਸ਼ਾਵਰ ਵੀ ਇਸੇ ਦਾ ਹਿੱਸਾ ਸੀ ਪਰ 1901 ’ਚ ਸੁਚਾਰੂ ਪ੍ਰਸ਼ਾਸਨ ਦੇ ਲਈ ਇਸ ਨੂੰ ਪੰਜਾਬ ਸੂਬੇ ਨਾਲੋਂ ਵੱਖ ਕਰ ਦਿੱਤਾ ਗਿਆ। ਭਾਰਤ ਦੀ ਵੰਡ ਦੇ ਬਾਅਦ ਇਸ ਨੂੰ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ’ਚ ਵੰਡ ਦਿੱਤਾ ਗਿਆ। ਪੱਛਮੀ ਪੰਜਾਬ ਪਾਕਿਸਤਾਨ ’ਚ ਚਲਾ ਗਿਆ ਅਤੇ ਭਾਰਤ ਦੇ ਹਿੱਸੇ ਵਾਲੇ ਪੂਰਬੀ ਪੰਜਾਬ ਨੂੰ 3 ਹਿੱਸਿਆਂ ’ਚ ਵੰਡ ਕੇ 3 ਸੂਬੇ ਪੰਜਾਬ, ਹਿਮਾਚਲ ਅਤੇ ਹਰਿਆਣਾ ਬਣਾ ਦਿੱਤੇ ਗਏ।
ਪਾਕਿਸਤਾਨ ਬਣਨ ਦੇ ਬਾਅਦ ਉਧਰੋਂ ਵੱਡੀ ਗਿਣਤੀ ’ਚ ਉਜੜ ਕੇ ਆਏ ਪੰਜਾਬੀਆਂ ਨੂੰ ਹਰਿਆਣਾ ’ਚ ਜ਼ਮੀਨਾਂ ਅਲਾਟ ਕੀਤੇ ਜਾਣ ਦੇ ਕਾਰਨ ਉੱਥੇ ਵੀ ਕਾਫੀ ਗਿਣਤੀ ਵਿਚ ਪੰਜਾਬੀ ਭਾਸ਼ੀ ਲੋਕ ਰਹਿੰਦੇ ਹਨ। ਹਰਿਆਣਾ ਜੋ ਕਦੀ ਖੇਤੀਬਾੜੀ ਅਤੇ ਆਪਣੇ ਨੌਜਵਾਨਾਂ ਨੂੰ ਫੌਜ ’ਚ ਭੇਜਣ ਲਈ ਪ੍ਰਸਿੱਧ ਸੀ, ਹੁਣ ਜ਼ਮੀਨ ਵੰਡੇ ਜਾਣ ਅਤੇ ਫੌਜ ਦੀਆਂ ਨੌਕਰੀਆਂ ’ਚ ਕਮੀ ਦੇ ਕਾਰਨ ਪੰਜਾਬ ਦੇ ਨੌਜਵਾਨਾਂ ਵਾਂਗ ਉਥੋਂ ਦੇ ਜਵਾਨਾਂ ਵਿਚ ਵੀ ਵਿਦੇਸ਼ ਜਾ ਕੇ ਨੌਕਰੀ ਕਰਨ ਦਾ ਰੁਝਾਨ ਵਧਿਆ ਹੈ। ਵਿਦੇਸ਼ਾਂ ’ਚ ਹਿਜਰਤ ਦੇ ਕਾਰਨ ਕਈ ਪਿੰਡਾਂ ’ਚ ਸਿਰਫ ਬੁੱਢੇ ਮਾਂ-ਬਾਪ ਹੀ ਰਹਿ ਗਏ ਹਨ। ਕੁੱਝ ਨੇ ਆਪਣੇ ਘਰਾਂ ਨੂੰ ਪ੍ਰਵਾਸੀ ਲੋਕਾਂ ਨੂੰ ਰਹਿਣ ਲਈ ਦੇ ਦਿੱਤਾ ਹੈ। ਪਹਿਲਾਂ ਤਾਂ ਵਧੇਰੇ ਜ਼ਿਮੀਂਦਾਰ ਜਾਂ ਵਪਾਰੀ ਵਰਗ ਹੀ ਆਪਣੇ ਬੱਚਿਆਂ ਨੂੰ ਪੜ੍ਹਾਈ ਜਾਂ ਨੌਕਰੀ ਦੇ ਲਈ ਵਿਦੇਸ਼ ਭੇਜਦੇ ਸਨ ਪਰ ਹੁਣ ਨੌਕਰੀਪੇਸ਼ਾ ਲੋਕ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲੱਗੇ ਹਨ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਬਾਹਰੀ ਦੇਸ਼ਾਂ ਨੂੰ ਉਸੇ ਤਰ੍ਹਾਂ ਜ਼ਿਆਦਾਤਰ ਛੋਟੇ-ਮੋਟੇ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਹੈ, ਜਿਸ ਤਰ੍ਹਾਂ ਦੇ ਕੰਮ ਪੰਜਾਬ ’ਚ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆ ਕੇ ਪ੍ਰਵਾਸੀ ਕਰਦੇ ਹਨ। ਇਸ ਸਥਿਤੀ ਦੇ ਨਤੀਜੇ ਵਜੋਂ ਕੁਝ ਗੈਰ-ਲੋੜੀਂਦੇ ਤੱਤਾਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗਣ ਦੇ ਮਾਮਲਿਆਂ ’ਚ ਵੀ ਵਾਧਾ ਹੋ ਰਿਹਾ ਹੈ ਅਤੇ ਟ੍ਰੇਂਡ ਤੇ ਅਨਟ੍ਰੇਂਡ ਦੋਵਾਂ ਹੀ ਕਿਸਮਾਂ ਦੇ ਨੌਜਵਾਨ ਇਨ੍ਹਾਂ ਦੇ ਸ਼ਿਕਾਰ ਬਣ ਰਹੇ ਹਨ। ਸ਼ੁਰੂ ’ਚ ਤਾਂ ਹਰਿਆਣਾ ਦੇ ਨੌਜਵਾਨ ਅਮਰੀਕਾ ਅਤੇ ਕੈਨੇਡਾ ਦੇ ਇਲਾਵਾ ਫਿਜੀ ਅਤੇ ਅਫਰੀਕੀ ਦੇਸ਼ਾਂ ਨੂੰ ਹੀ ਜਾਂਦੇ ਸਨ ਪਰ ਹੁਣ ਉਹ ਅਰਬ ਦੇਸ਼ਾਂ ਦੇ ਨਾਲ-ਨਾਲ ਜਰਮਨੀ ਅਤੇ ਇਟਲੀ ਵਰਗੇ ਯੂਰਪੀਅਨ ਦੇਸ਼ਾਂ ਦੇ ਇਲਾਵਾ ਆਸਟ੍ਰੇਲੀਆ ਵੱਲ ਵੀ ਰੁਖ ਕਰਨ ਲੱਗੇ ਹਨ।
ਕਿਸੇ ਵੀ ਤਰ੍ਹਾਂ ਵਿਦੇਸ਼ ਜਾਣ ਦੇ ਮੋਹ ’ਚ ਕਈ ਲੋਕ ਆਪਣੀ ਜ਼ਮੀਨ-ਜਾਇਦਾਦ ਗਹਿਣੇ ਰੱਖ ਕੇ ਜਾਂ ਵੇਚ ਕੇ ਗੈਰ-ਲੋੜੀਂਦੇ ਤੱਤਾਂ ਨੂੰ 30-30, 40-40 ਲੱਖ ਰੁਪਏ ਤੱਕ ਦੇ ਦਿੰਦੇ ਹਨ ਪਰ ਅਕਸਰ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੜ ਲਏ ਜਾਣ ’ਤੇ ਜਾਂ ਤਾਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਜਾਂ ਫਿਰ ਜੇਲ ਦੀ ਹਵਾ ਖਾਣੀ ਪੈ ਜਾਂਦੀ ਹੈ। ਵਿਦੇਸ਼ ਜਾਣ ’ਚ ਅਸਫਲ ਰਹਿਣ ਦੀ ਪ੍ਰੇਸ਼ਾਨੀ ’ਚ ਕਈ ਨੌਜਵਾਨ ਗਲਤ ਕਦਮ ਵੀ ਚੁੱਕ ਲੈਂਦੇ ਹਨ। ਪਿਛਲੇ ਦਿਨੀਂ ਇਕ ਨੌਜਵਾਨ ਨੇ ਕੈਨੇਡਾ ਦੇ ਲਈ ਵੀਜ਼ਾ ਮਿਲਣ ’ਚ ਦੇਰੀ ਦੇ ਕਾਰਨ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਆਈ. ਜੀ. ਕਰਨਾਲ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਹੈ, ਜਿਸ ਨੇ ਇਸ ਸਾਲ 15 ਅਕਤੂਬਰ ਤੱਕ ਸੂਬਾ ਭਰ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੇ 486 ਮਾਮਲਿਆਂ ’ਚ 634 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 20 ਕਰੋੜ ਰੁਪਏ ਤੋਂ ਵੱਧ ਰਕਮ ਜ਼ਬਤ ਕੀਤੀ ਹੈ।
ਸ਼ੁਰੂ ’ਚ ਤਾਂ ਕੁਝ ਹੀ ਜ਼ਿਲਿਆਂ ਤੋਂ ਗੈਰ-ਲੋੜੀਂਦੇ ਤੱਤਾਂ ਵੱਲੋਂ ਠੱਗੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਪਰ ਹੁਣ ਲਗਭਗ ਸਮੁੱਚੇ ਹਰਿਆਣਾ ਤੋਂ ਹੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਫਰਾਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਬਚਾਅ ਦੇ ਲਈ ਕੁਝ ਕਦਮ ਚੁੱਕੇ ਗਏ ਹਨ, ਜਿਨ੍ਹਾਂ ਦੇ ਅਧੀਨ ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਲਈ ਅਧਿਕਾਰਤ ਟ੍ਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਹ ਵੀ ਵਰਨਣਯੋਗ ਹੈ ਕਿ ਕੁਝ ਦਹਾਕੇ ਪਹਿਲਾਂ ਤੱਕ ਦੇਸ਼ ਦੀ ਆਬਾਦੀ ’ਚ ਵਾਧਾ ਹੋ ਰਿਹਾ ਸੀ ਪਰ ਹੁਣ ਸਾਖਰਤਾ ਵਧਣ ਦੇ ਨਤੀਜੇ ਵਜੋਂ ਲੋਕਾਂ ਵੱਲੋਂ ਦੇਰ ਨਾਲ ਵਿਆਹ ਕਰਨ ਅਤੇ 2-2 ਬੱਚੇ ਹੀ ਪੈਦਾ ਕਰਨ ਦਾ ਰੁਝਾਨ ਵਧਣ ਦੇ ਕਾਰਨ ਆਬਾਦੀ ਵਾਧੇ ’ਚ ਸਥਿਰਤਾ ਆ ਗਈ ਹੈ।
ਬੱਚੇ ਘੱਟ ਹੋਣ ਦੇ ਕਾਰਨ ਉਹ ਮਾਤਾ-ਪਿਤਾ ਦੇ ਵੱਧ ਲਾਡਲੇ ਬਣ ਰਹੇ ਹਨ ਅਤੇ ਦੂਜਿਆਂ ਦੀ ਦੇਖਾ-ਦੇਖੀ ਸਿੱਖਿਆ ਜਾਂ ਰੋਜ਼ਗਾਰ ਦੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇਣ ਦੇ ਲਈ ਆਪਣੇ ਮਾਪਿਆਂ ਨੂੰ ਮਜਬੂਰ ਕਰਦੇ ਹਨ। ਅਜਿਹੇ ’ਚ ਬੱਚਿਆਂ ਦੇ ਮਾਪਿਆਂ ਦਾ ਫਰਜ਼ ਹੈ ਕਿ ਉਹ ਉਨ੍ਹਾਂ ਨੂੰ ਵਿਦੇਸ਼ ਜਾਣ ਦੇ ਮੋਹ ’ਚ ਗੈਰ-ਲੋੜੀਂਦੇ ਤੱਤਾਂ ਦੇ ਝਾਂਸੇ ’ਚ ਨਾ ਆਉਣ ਦੇ ਲਈ ਸਮਝਾਉਣ ਅਤੇ ਦੇਸ਼ ’ਚ ਹੀ ਰਹਿ ਕੇ ਆਪਣਾ ਭਵਿੱਖ ਬਣਾਉਣ ਦੇ ਲਈ ਪ੍ਰੇਰਿਤ ਕਰਨ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਦੇ ਲਈ ਬਿਹਤਰ ਰੋਜ਼ਗਾਰ ਦੇ ਮੌਕੇ ਪੈਦਾ ਕਰੇ ਤਾਂ ਕਿ ਉਹ ਵਿਦੇਸ਼ ਜਾਣ ਦੀ ਜ਼ਰੂਰਤ ਹੀ ਮਹਿਸੂਸ ਨਾ ਕਰਨ।
–ਵਿਜੇ ਕੁਮਾਰ
ਵਿਸ਼ਵ ਦਾ ਘਟਨਾਕ੍ਰਮ ਦੇ ਰਿਹਾ ਚੰਗੇ ਬਦਲਾਵਾਂ ਦੇ ਸੰਕੇਤ
NEXT STORY