ਧਾਰਾ-370 ਦੇ ਮੁੱਦੇ ’ਤੇ ਹਾਏ-ਤੌਬਾ ਮਚਾ ਕੇ ਦੁਨੀਆ ਭਰ ’ਚ ਕਿਰਕਿਰੀ ਕਰਵਾ ਚੁੱਕੇ ਪਾਕਿਸਤਾਨੀ ਸ਼ਾਸਕ ਅਜੇ ਵੀ ਬਾਜ਼ ਨਹੀਂ ਆ ਰਹੇ ਅਤੇ ਭਾਰਤ ਵਿਰੋਧੀ ਬਿਆਨਬਾਜ਼ੀ ਨਾਲ ਪਾਕਿਸਤਾਨ ਦੀਆਂ ਅਸਲੀ ਸਮੱਸਿਆਵਾਂ ਵੱਲ ਉਥੋਂ ਦੀ ਜਨਤਾ ਦਾ ਧਿਆਨ ਭਟਕਾਉਣ ਲਈ ਭਾਰਤ ਵਿਰੋਧੀ ਜੰਗੀ ਜਨੂੰਨ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੀ ਤਾਜ਼ਾ ਉਦਾਹਰਣ ਪਾਕਿਸਤਾਨ ਸਰਕਾਰ ਵਲੋਂ ਇਕਜੁੱਟਤਾ ਦਿਵਸ ਮਨਾਉਣ ਦਾ ਐਲਾਨ ਹੈ। ਇਮਰਾਨ ਖਾਨ ਨੇ ਪਾਕਿਸਤਾਨ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸ਼ੁੱਕਰਵਾਰ 30 ਅਗਸਤ ਨੂੰ ਦੁਪਹਿਰ 12 ਤੋਂ 12.30 ਦੇ ਦਰਮਿਆਨ ਜਿੱਥੇ ਕਿਤੇ ਵੀ ਹੋਣ, ਬਾਹਰ ਨਿਕਲ ਕੇ ਕਸ਼ਮੀਰੀਆਂ ਨਾਲ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ ਅਤੇ ਕਸ਼ਮੀਰੀ ਜਨਤਾ ਨੂੰ ਸੰਦੇਸ਼ ਦੇਣ ਕਿ ਉਹ ਭਾਰਤ ਦੇ ‘ਫ਼ਾਸ਼ੀਵਾਦੀ ਜ਼ੁਲਮ’ ਦੇ ਵਿਰੁੱਧ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਇਸ ਤੋਂ ਪਹਿਲਾਂ ਜਿੱਥੇ ਇਮਰਾਨ ਖਾਨ ਭਾਰਤ ਵਿਰੁੱਧ ਪ੍ਰਮਾਣੂ ਜੰਗ ਤਕ ਦੀ ਧਮਕੀ ਦੇ ਚੁੱਕਾ ਹੈ, ਉਥੇ ਹੀ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਤਾਂ ਹੁਣ ਦੋਹਾਂ ਦੇਸ਼ਾਂ ’ਚ ਜੰਗ ਦਾ ਸਮਾਂ ਵੀ ਐਲਾਨ ਕਰਦਿਆਂ ਕਿਹਾ ਹੈ ਕਿ ‘‘ਪਾਕਿਸਤਾਨ ਫੌਜ ਦੇ ਕੋਲ ਹਥਿਆਰ ਦਿਖਾਉਣ ਲਈ ਨਹੀਂ, ਸਗੋਂ ਵਰਤਣ ਲਈ ਹਨ ਅਤੇ ਮੈਂ ਅਕਤੂਬਰ-ਨਵੰਬਰ ’ਚ ਭਾਰਤ-ਪਾਕਿਸਤਾਨ ਦਰਮਿਆਨ ਜੰਗ ਹੁੰਦੀ ਦੇਖ ਰਿਹਾ ਹਾਂ।’’
ਇਹ ਉਹੀ ਸ਼ੇਖ ਰਸ਼ੀਦ ਹੈ, ਜਿਸ ਨੇ ਇਸ ਸਾਲ ਪੁਲਵਾਮਾ ਹਮਲੇ ਦੇ ਬਾਅਦ ਫਰਵਰੀ ’ਚ ਇਹ ਕਿਹਾ ਸੀ ਕਿ ‘‘ਇਮਰਾਨ ਖਾਨ ਨੇ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਜੇਕਰ ਕੋਈ ਪਾਕਿਸਤਾਨ ਵੱਲ ਟੇਢੀ ਅੱਖ ਨਾਲ ਦੇਖੇਗਾ ਤਾਂ ਉਸ ਦੀਆਂ ਅੱਖਾਂ ਕੱਢ ਲਈਆਂ ਜਾਣਗੀਆਂ। ਨਾ ਫਿਰ ਚਿੜੀਆਂ ਚਹਿਕਣਗੀਆਂ ਅਤੇ ਨਾ ਹੀ ਮੰਦਰਾਂ ’ਚ ਘੰਟੀਆਂ ਵੱਜਣਗੀਆਂ।’’
ਸ਼ੇਖ ਰਸ਼ੀਦ ਦੀਆਂ ਅਜਿਹੀਆਂ ਹੀ ਗੱਲਾਂ ਕਾਰਣ ਬੀਤੇ ਦਿਨੀਂ ਲੰਡਨ ਯਾਤਰਾ ਦੌਰਾਨ ਜਦੋਂ ਉਹ ਹੋਟਲ ’ਚੋਂ ਬਾਹਰ ਆ ਰਿਹਾ ਸੀ ਤਾਂ ਪਾਕਿਸਤਾਨ ਪੀਪੁਲਜ਼ ਪਾਰਟੀ ਦੇ 2 ਮੈਂਬਰਾਂ ਨੇ ਉਸ ਨੂੰ ਫੜ ਕੇ ਜੁੱਤੀਆਂ ਨਾਲ ਕੁੱਟਿਆ ਅਤੇ ਉਸ ’ਤੇ ਆਂਡੇ ਸੁੱਟੇ ਸਨ।
ਲਿਹਾਜ਼ਾ ਜਿੱਥੇ ਭਾਰਤ ਨਾਲ ਚੱਲ ਰਹੇ ਤਣਾਅ ਦਰਮਿਆਨ ਪਾਕਿਸਤਾਨ ਨੇ ਗਜ਼ਨਵੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕਰ ਕੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਵਿਚ ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਸਪੱਸ਼ਟ ਸ਼ਬਦਾਂ ਵਿਚ ਪਾਕਿਸਤਾਨ ਦੇ ਸ਼ਾਸਕਾਂ ਨੂੰ ਭਾਰਤ ਨਾਲ ਨਾ ਉਲਝਣ ਦੀ ਚਿਤਾਵਨੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ‘‘ਪਾਕਿਸਤਾਨ ਦਾ ਭਲਾ ਇਸੇ ’ਚ ਹੈ ਕਿ ਉਹ ਅਮਰੀਕਾ ਅਤੇ ਚੀਨ ਦੇ ਚੱਕਰ ਵਿਚ ਨਾ ਪੈ ਕੇ ਆਪਣੇ ਗੁਆਂਢੀਆਂ ਨਾਲ ਸਬੰਧ ਸੁਧਾਰੇ, ਖਾਸ ਕਰ ਕੇ ਭਾਰਤ ਨਾਲ ਸਬੰਧ ਸੁਧਾਰੇ ਬਿਨਾਂ ਉਸ ਦੇ ਕੋਲ ਕੋਈ ਚਾਰਾ ਨਹੀਂ ਹੈ।’’
ਪਾਕਿਸਤਾਨੀ ਰੋਜ਼ਾਨਾ ਅਖਬਾਰ ‘ਡਾਨ’ ਵਿਚ ਪ੍ਰਕਾਸ਼ਿਤ ਇਕ ਖ਼ਬਰ ਅਨੁਸਾਰ ਇਕ ਸਭਾ ’ਚ ਇਮਰਾਨ ਖਾਨ ਦੇ ਸਿਆਸੀ ਗਿਆਨ ਦੀਆਂ ਧੱਜੀਆਂ ਉਡਾਉਂਦੇ ਹੋਏ ਹਿਨਾ ਨੇ ਕਿਹਾ, ‘‘ਇਮਰਾਨ ਖਾਨ ਨੂੰ ਤਾਂ ਭੂਗੋਲ ਤਕ ਦੀ ਜਾਣਕਾਰੀ ਨਹੀਂ ਅਤੇ ਉਹ ਜਰਮਨੀ ਅਤੇ ਜਾਪਾਨ ਨੂੰ ਪਾਕਿਸਤਾਨ ਦਾ ਗੁਆਂਢੀ ਦੱਸਦੇ ਹਨ। ਪਹਿਲਾਂ ਉਹ ਟ੍ਰੇਨਿੰਗ ਲੈ ਕੇ ਆਉਣ ਅਤੇ ਫਿਰ ਸਿਆਸਤ ਕਰਨ। ਪਾਕਿਸਤਾਨ ਦਾ ਸਭ ਤੋਂ ਮਹੱਤਵਪੂਰਨ ਰਿਸ਼ਤਾ ਅਮਰੀਕਾ ਦੀ ਬਜਾਏ ਭਾਰਤ, ਅਫਗਾਨਿਸਤਾਨ ਅਤੇ ਈਰਾਨ ਨਾਲ ਹੋਣਾ ਚਾਹੀਦਾ।’’
ਹਿਨਾ ਰੱਬਾਨੀ ਨੇ ਇਹ ਵੀ ਕਿਹਾ, ‘‘ਪਾਕਿਸਤਾਨ ਨੂੰ ਜ਼ਰੂਰ ਹੀ ਅਫਗਾਨ ਜੰਗ ’ਚੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ ਕਿਉਂਕਿ 17 ਸਾਲਾਂ ਤੋਂ ਚੱਲੀ ਆ ਰਹੀ ਇਸ ਜੰਗ ’ਚ ਪਾਕਿਸਤਾਨ ਨੂੰ ਹੀ ਸਭ ਤੋਂ ਵੱਧ ਨੁਕਸਾਨ ਉਠਾਉਣਾ ਪਿਆ ਹੈ।’’
ਹਿਨਾ ਰੱਬਾਨੀ ਵਲੋਂ ਅਜਿਹਾ ਬਿਆਨ ਦੇਣ ਦਾ ਇਹ ਪਹਿਲਾ ਮੌਕਾ ਨਹੀਂ ਹੈ। ਪਹਿਲਾਂ ਵੀ ਉਹ ਕਈ ਵਾਰ ਪਾਕਿਸਤਾਨ ਦੇ ਸ਼ਾਸਕਾਂ ਨੂੰ ਸ਼ੀਸ਼ਾ ਦਿਖਾਉਂਦਿਆਂ ਕਹਿ ਚੁੱਕੀ ਹੈ ਕਿ ‘‘ਭਾਰਤ ਨਾਲ ਲੜ ਕੇ ਪਾਕਿਸਤਾਨ ਕਸ਼ਮੀਰ ਨੂੰ ਨਹੀਂ ਜਿੱਤ ਸਕਦਾ।’’
ਗਲ਼ ਤਕ ਕਰਜ਼ੇ ਵਿਚ ਡੁੱਬੇ, ਕੰਗਾਲੀ ਅਤੇ ਭੁੱਖਮਰੀ ਦੇ ਕੰਢੇ ’ਤੇ ਪਹੁੰਚੇ ਪਾਕਿਸਤਾਨ ਦੇ ਸ਼ਾਸਕਾਂ ਨੂੰ ਆਪਣੇ ਦੇਸ਼ ’ਚ ਉੱਠਣ ਵਾਲੀਆਂ ਇਹ ਆਵਾਜ਼ਾਂ ਸੁਣਨੀਆਂ ਚਾਹੀਦੀਆਂ ਹਨ ਅਤੇ ਭਾਰਤ ਵਿਰੋਧੀ ਰਵੱਈਆ ਜਾਰੀ ਰੱਖ ਕੇ ਆਪਣੇ ਹੀ ਹਿੱਤਾਂ ’ਤੇ ਧੋਖਾਦੇਹੀ ਕਰਨ ਦੀ ਬਜਾਏ ਸ਼ਾਂਤੀਪੂਰਨ, ਸਹਿ-ਹੋਂਦ ਦੀ ਵਿਚਾਰਧਾਰਾ ਅਪਣਾ ਕੇ ਆਪਣੇ ਤਬਾਹ ਹੋ ਰਹੇ ਦੇਸ਼ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣ ਦਾ ਯਤਨ ਕਰਨਾ ਚਾਹੀਦਾ ਹੈ।
–ਵਿਜੇ ਕੁਮਾਰ
ਚੋਣਾਂ ਨੇੜੇ ਆਉਂਦਿਆਂ ਹੀ ਹਰਿਆਣਾ, ਦਿੱਲੀ ਅਤੇ ਮਹਾਰਾਸ਼ਟਰ ’ਚ ਸ਼ੁਰੂ ਹੋਇਆ ਚੋਣ ਯਾਤਰਾਵਾਂ ਦਾ ਦੌਰ
NEXT STORY