ਜਿੱਥੇ ਇਕ ਪਾਸੇ ਦੇਸ਼ ’ਚ ਜਾਤੀ ਅਤੇ ਧਰਮ ਦੇ ਨਾਂ ’ਤੇ ਕੁਝ ਲੋਕ ਨਫਰਤ ਫੈਲਾ ਕੇ ਆਪਣੇ ਕਾਰਿਆਂ ਨਾਲ ਮਾਹੌਲ ਵਿਗਾੜ ਰਹੇ ਹਨ, ਉੱਥੇ ਹੀ ਕਈ ਸਥਾਨਾਂ ’ਤੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਮੈਂਬਰ ਭਾਈਚਾਰੇ ਅਤੇ ਸਦਭਾਵ ਦੀਆਂ ਮਿਸਾਲੀ ਉਦਾਹਰਣਾਂ ਪੇਸ਼ ਕਰ ਰਹੇ ਹਨ :
* 19 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ‘ਕੋਲਾਰਸ’ ’ਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਵਲੋਂ ਕੱਢੇ ਗਏ ‘ਚੇਹਲਮ’ ਦੇ ‘ਤਾਜ਼ੀਆਂ’ ਦੇ ਜਲੂਸ ’ਚ ਸੈਂਕੜੇ ਹਿੰਦੂਆਂ ਨੇ ਹਿੱਸਾ ਲਿਆ ਅਤੇ ਮੁਸਲਿਮ ਭਰਾਵਾਂ ਨਾਲ ਗਲੇ ਵੀ ਮਿਲੇ।
ਹਿੰਦੂਆਂ ਦੀ ਫਰਮਾਇਸ਼ ’ਤੇ ਜਲੂਸ ’ਚ ਸ਼ਾਮਲ ਮੁਹੰਮਦ ਰਿਜਵਾਨ ਅਖਤਰ ਹੁਸੈਨ ਨਾਂ ਦੇ ਮੁਸਲਿਮ ਨੌਜਵਾਨ ਨੇ ਬੈਂਡ ਦੇ ਸੁਰਤਾਲ ਦੇ ਨਾਲ ਰਾਮ ਭਜਨ ਗਾ ਕੇ ਲੋਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੁਹੰਮਦ ਰਿਜਵਾਨ ਦਾ ਕਹਿਣਾ ਹੈ ਕਿ ਇੱਥੇ ਉਸ ਨੂੰ ਇਕ ਵੱਖਰੀ ਹੀ ਤਰ੍ਹਾਂ ਦਾ ਵਾਤਾਵਰਣ ਦੇਖਣ ਨੂੰ ਮਿਲਦਾ ਹੈ।
* 19 ਸਤੰਬਰ ਨੂੰ ਹੀ ਰਾਜਸਥਾਨ ਦੇ ਚੁਰੂ ਸ਼ਹਿਰ ’ਚ ਮਨੁੱਖਤਾ ਦੀ ਇਕ ਮਿਸਾਲ ਸਾਹਮਣੇ ਆਈ। ਇੱਥੋਂ ਦੇ ਇਕ ਹਿੰਦੂ ਜੋੜੇ ਦੀ ਆਪਣੇ ਸਾਰੇ 3 ਮੰਦਬੁੱਧੀ ਬੱਚਿਆਂ ਦੇ ਇਲਾਜ ’ਤੇ ਸਾਰੀ ਜ਼ਮੀਨ-ਜਾਇਦਾਦ ਵਿਕ ਗਈ ਪਰ ਬੱਚਿਆਂ ਨੂੰ ਆਰਾਮ ਨਾ ਆਇਆ। ਇਸ ਬੇਘਰ ਜੋੜੇ ਦੀ ਤਰਸਯੋਗ ਹਾਲਤ ਦਾ ਪਤਾ ਲੱਗਣ ’ਤੇ ਸ਼ਹਿਰ ਦੇ ਵਾਰਡ ਨੰ. 42 ਦੇ ਮੁਸਲਿਮ ਸਮਾਜ ਦੇ ਮੈਂਬਰ ਅੱਗੇ ਆਏ।
ਇਨ੍ਹਾਂ ’ਚੋਂ ਲਤੀਫ ਖਾਨ ਨੇ ਆਪਣੀ 3 ਬਿੱਘੇ ਜ਼ਮੀਨ ’ਚੋਂ ਨਾ ਸਿਰਫ 300 ਗਜ਼ ਜ਼ਮੀਨ ਮਕਾਨ ਬਣਾਉਣ ਲਈ ਇਸ ਜੋੜੇ ਦੇ ਨਾਂ ਕਰ ਦਿੱਤੀ ਸਗੋਂ ਹੋਰਨਾਂ ਲੋਕਾਂ ਦੇ ਸਹਿਯੋਗ ਨਾਲ 80,000 ਰੁਪਏ ਇਕੱਠੇ ਕਰ ਕੇ ਉਸ ’ਤੇ ਕਮਰਾ ਬਣਵਾ ਦਿੱਤਾ ਅਤੇ ਪਾਣੀ ਦਾ ਕਨੈਕਸ਼ਨ ਵੀ ਲਗਵਾ ਦਿੱਤਾ ਕਿਉਂਕਿ ਮਕਾਨ ’ਚ ਅਜੇ ਥੋੜ੍ਹਾ ਕੰਮ ਬਾਕੀ ਹੈ, ਇਸ ਲਈ ਇਨ੍ਹਾਂ ਲੋਕਾਂ ਨੇ ਉਦੋਂ ਤੱਕ ਇਸ ਜੋੜੇ ਨੂੰ ਰਹਿਣ ਦੇ ਲਈ ਕਿਰਾਏ ’ਤੇ ਕਮਰਾ ਵੀ ਲੈ ਕੇ ਦਿੱਤਾ ਹੈ।
* 19 ਸਤੰਬਰ ਨੂੰ ਸੰਗਰੂਰ ਦੇ ਰਾਮਪੁਰ ਗੁੱਜਰਾਂ ਪਿੰਡ ’ਚ ਮਸਜਿਦ ਉਸਾਰੀ ਦੇ ਲਈ ਇਕ ਹਿੰਦੂ ਪਰਿਵਾਰ ਵੱਲੋਂ ਜ਼ਮੀਨ ਦੇਣ ਦੇ ਬਾਅਦ ਹੁਣ ਹਿੰਦੂ ਭਾਈਚਾਰੇ ਦੇ ਹੀ ਹੋਰ ਲੋਕ ਇਸ ਦੀ ਉਸਾਰੀ ਪੂਰੀ ਕਰਨ ਲਈ ਧਨ ਅਤੇ ਦੂਜੇ ਸਾਮਾਨ ਦੇ ਰੂਪ ’ਚ ਆਪਣਾ ਯੋਗਦਾਨ ਪਾ ਰਹੇ ਹਨ। ਅਜੇ ਤੱਕ ਇਸ ਪਿੰਡ ’ਚ ਰਹਿਣ ਵਾਲੇ ਮੁਸਲਿਮ ਪਰਿਵਾਰਾਂ ਨੂੰ ਨਮਾਜ਼ ਅਦਾ ਕਰਨ ਲਈ 3 ਕਿ. ਮੀ. ਦੂਰ ਦਿੜ੍ਹਬਾ ਕਸਬੇ ’ਚ ਜਾਣਾ ਪੈਂਦਾ ਹੈ। ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਹੀ ਮਸਜਿਦ ਦੇ ਲਈ ਜ਼ਮੀਨ ਦੀ ਮੰਗ ਪਿੰਡ ਦੀ ਪੰਚਾਇਤ ਦੇ ਸਾਹਮਣੇ ਰੱਖੀ ਸੀ, ਜਿਸ ਨੇ ਇਸ ਸਬੰਧੀ ਮਤਾ 3-4 ਸਾਲ ਪਹਿਲਾਂ ਪਾਸ ਕੀਤਾ ਸੀ ਪਰ ਇਸ ਮਾਮਲੇ ’ਚ ਅੱਗੇ ਕੋਈ ਕਾਰਵਾਈ ਨਹੀਂ ਹੋਈ ਸੀ।
ਇਕ ਪਿੰਡ ਵਾਸੀ ਦਾ ਕਹਿਣਾ ਹੈ ਕਿ ਲਗਭਗ 4 ਹਫਤੇ ਪਹਿਲਾਂ ਉਨ੍ਹਾਂ ਨੇ ਪਿੰਡ ਦੇ ਇਕ ਇਕੱਠ ’ਚ ਇਹ ਮਾਮਲਾ ਚੁੱਕਿਆ ਤਾਂ 2 ਹਿੰਦੂ ਭਰਾਵਾਂ ਨੇ ਇਸ ਦੇ ਲਈ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ। ਪਿੰਡ ਦੇ ਮੁਸਲਿਮ ਸਮਾਜ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੇ ਦਾਨੀ ਭਰਾਵਾਂ ਨਾਲ ਵਾਅਦਾ ਕੀਤਾ ਹੈ ਕਿ ਮਸਜਿਦ ਦੀ ਉਸਾਰੀ ਪੂਰੀ ਹੋਣ ’ਤੇ ਉਹ ਆਪਣੇ ਲਈ ਪ੍ਰਾਰਥਨਾ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਖੈਰੀਅਤ ਦੇ ਲਈ ਦੁਆ ਮੰਗਣਗੇ।
* 20 ਸਤੰਬਰ ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਇਕ ਮੁਸਲਿਮ ਜੋੜੇ ਸੁਬੀਨਾ ਬਾਨੋ ਅਤੇ ਅਬਦੁਲ ਗਨੀ ਨੇ ਆਂਧਰਾ ਪ੍ਰਦੇਸ਼ ’ਚ ਤਿਰੂਮਾਲਾ ਸਥਿਤ ‘ਤਿਰੂਮਾਲਾ ਮੰਦਰ’ ’ਚ 1.02 ਕਰੋੜ ਰੁਪਏ ਦਾਨ ਕੀਤੇ ਹਨ।
ਇਹ ਮੰਦਰ ਵਿਸ਼ਵ ਦੇ ਸਭ ਤੋਂ ਵੱਧ ਅਮੀਰ ਮੰਦਰਾਂ ’ਚੋਂ ਇਕ ਹੈ। ਇਸ ਰਕਮ ’ਚੋਂ 15 ਲੱਖ ਰੁਪਏ ‘ਸ਼੍ਰੀ ਵੈਂਕਟੇਸ਼ਵਰ ਅਨ ਪ੍ਰਸਾਦਮ ਟਰੱਸਟ’ ਦੇ ਲਈ ਹਨ, ਜੋ ਰੋਜ਼ਾਨਾ ਮੰਦਰ ’ਚ ਆਉਣ ਵਾਲੇ ਹਜ਼ਾਰਾਂ ਭਗਤਾਂ ਨੂੰ ਮੁਫਤ ਭੋਜਨ ਮੁਹੱਈਆ ਕਰਦਾ ਹੈ। ਬਾਕੀ 87 ਲੱਖ ਰੁਪਏ ‘ਸ਼੍ਰੀ ਪਦਮਾਵਤੀ ਗੈਸਟ ਹਾਊਸ’ ’ਚ ਰਸੋਈ ’ਚ ਨਵੇਂ ਫਰਨੀਚਰ ਅਤੇ ਹੋਰ ਚੀਜ਼ਾਂ ਲਈ ਦਿੱਤੇ ਗਏ ਹਨ। ਇਹ ਜੋੜਾ ਇਸ ਤੋਂ ਪਹਿਲਾਂ ਸਬਜ਼ੀਆ ਦੀ ਟ੍ਰਾਂਸਪੋਰਟ ਲਈ ਮੰਦਰ ਨੂੰ 35 ਲੱਖ ਰੁਪਏ ਦਾ ਰੈਫ੍ਰੀਜਿਰੇਟਡ ਟਰੱਕ ਵੀ ਦਾਨ ’ਚ ਦੇ ਚੁੱਕਾ ਹੈ।
ਇਹੀ ਨਹੀਂ, 5 ਅਕਤੂਬਰ ਨੂੰ ਮਨਾਏ ਜਾਣ ਵਾਲੇ ਵਿਜੇਦਸਮੀ ਤਿਉਹਾਰ ਦੇ ਲਈ ਜੰਮੂ ’ਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਅਕਾਰ ਦੇ ਪੁਤਲਿਆਂ ਦਾ ਨਿਰਮਾਣ ਮੇਰਠ ਤੋਂ ਆਏ 30 ਕਾਰੀਗਰਾਂ ਦੀ ਇਕ ਟੀਮ ਕਰ ਰਹੀ ਹੈ, ਜਿਨ੍ਹਾਂ ’ਚ 15 ਮੁਸਲਮਾਨ ਅਤੇ ਹੋਰ ਹਿੰਦੂ ਕਾਰੀਗਰ ਸ਼ਾਮਲ ਹਨ। ਆਗਰਾ ਦੇ ਰਾਮਲੀਲਾ ਮੈਦਾਨ ’ਚ ਦੁਸਹਿਰਾ ਤਿਉਹਾਰ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਵਾਰ 100 ਫੁੱਟ ਤੋਂ ਵੀ ਵੱਧ ਉੱਚਾ ਰਾਵਣ ਦਾ ਪੁਤਲਾ ਬਣਾਇਆ ਜਾ ਰਿਹਾ ਹੈ, ਜਿਸ ਦੇ ਨਿਰਮਾਣ ’ਚ ਮੁਸਲਿਮ ਭਾਈਚਾਰੇ ਦੇ ਮੈਂਬਰ ਯੋਗਦਾਨ ਪਾ ਰਹੇ ਹਨ।
ਇਹੀ ਨਹੀਂ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦਾ ਵੀ ਕਹਿਣਾ ਹੈ,‘‘ਭਾਰਤ ਫਿਰਕੂ ਨਹੀਂ, ਇਕ ਧਰਮ ਨਿਰਪੱਖ ਦੇਸ਼ ਹੈ, ਮੈਂ ਵੀ ਭਜਨ ਗਾਉਂਦਾ ਹਾਂ ਅਤੇ ਇਸ ’ਚ ਕੁਝ ਵੀ ਗਲਤ ਨਹੀਂ ਹੈ। ਜੇਕਰ ਹਿੰਦੂ ਅਜਮੇਰ ਦੀ ਦਰਗਾਹ ’ਤੇ ਜਾਵੇਗਾ ਤਾਂ ਕੀ ਉਹ ਮੁਸਲਮਾਨ ਬਣ ਜਾਵੇਗਾ!’’ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਬੇਸ਼ੱਕ ਹੀ ਕੁਝ ਲੋਕ ਜਾਤੀ, ਧਰਮ ਦੇ ਨਾਂ ’ਤੇ ਸਮਾਜ ’ਚ ਨਫਰਤ ਫੈਲਾਉਂਦੇ ਹੋਣ ਪਰ ਇਸੇ ਸਮਾਜ ’ਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀ ਬਦੌਲਤ ਦੇਸ਼ ਅਤੇ ਸਮਾਜ ’ਚ ਆਪਸੀ ਪ੍ਰੇਮਪੂਰਵਕ ਮਿਲ-ਜੁਲ ਕੇ ਰਹਿਣ ਦੀ ਭਾਵਨਾ ਜ਼ਿੰਦਾ ਹੈ। ਜਦੋਂ ਤੱਕ ਭਾਈਚਾਰੇ ਅਤੇ ਸਦਭਾਵ ਦੇ ਇਹ ਬੰਧਨ ਕਾਇਮ ਰਹਿਣਗੇ, ਸਾਡੇ ਦੇਸ਼ ਦੇ ਵੱਲ ਕੋਈ ਟੇਢੀ ਅੱਖ ਨਾਲ ਦੇਖਣ ਦੀ ਹਿੰਮਤ ਨਹੀਂ ਕਰ ਸਕਦਾ।
–ਵਿਜੇ ਕੁਮਾਰ
ਜਾਗਰੂਕਤਾ ਦੀ ਘਾਟ, ਵਿਆਹ ’ਚ ਕਾਹਲੀ, ਨਤੀਜਾ ਲੁਟੇਰੀਆਂ ਲਾੜੀਆਂ ਦੇ ਵਧਦੇ ਸ਼ਿਕਾਰ
NEXT STORY