ਮਾੜੇ ਪ੍ਰਬੰਧਾਂ ਦੀਆਂ ਸ਼ਿਕਾਰ ਸਾਡੀਆਂ ਜੇਲਾਂ ਅੱਜ ਕਿਰਿਆਤਮਕ ਤੌਰ ’ਤੇ ਅਪਰਾਧੀਆਂ ਵੱਲੋਂ ਆਪਣੀਆਂ ਨਾਜਾਇਜ਼ ਸਰਗਰਮੀਆਂ ਚਲਾਉਣ ਦਾ ਸਥਾਨ ਬਣ ਗਈਆਂ ਹਨ ਅਤੇ ਹੋਰ ਗੱਲਾਂ ਤੋਂ ਇਲਾਵਾ ਹੁਣ ਤਾਂ ਜੇਲਾਂ ’ਚ ਸੈਕਸ ਅਪਰਾਧ ਹੋਣ ਦੀਆਂ ਖਬਰਾਂ ਵੀ ਆਉਣ ਲੱਗੀਆਂ ਹਨ।
ਕੁਝ ਸਮਾਂ ਪਹਿਲਾਂ ਕਲਕੱਤਾ ਹਾਈ ਕੋਰਟ ਨੇ ਇਕ ਨਿਆਂ ਮਿੱਤਰ (ਐਮੀਕਸ ਕਿਊਰੀ) ‘ਤਾਪਸ ਭੰਜਾਕ’ ਨੂੰ ਪੱਛਮੀ ਬੰਗਾਲ ਦੀਆਂ ਜੇਲਾਂ ਦਾ ਨਿਰੀਖਣ ਕਰ ਕੇ ਉੱਥੋਂ ਦੀਆਂ ਸਥਿਤੀਆਂ ’ਤੇ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਸੀ।
ਇਸ ਬਾਰੇ 8 ਫਰਵਰੀ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਜਸਟਿਸ ਟੀ. ਐੱਸ. ਸ਼ਿਵਗਨਾਮਨ ਅਤੇ ਜਸਟਿਸ ਸੁਪ੍ਰਤਿਮ ਭੱਟਾਚਾਰੀਆ ਦੀ ਬੈਂਚ ਦੇ ਸਾਹਮਣੇ ‘ਤਾਪਸ ਭੰਜਾਕ’ ਵਲੋਂ ਪੇਸ਼ ਰਿਪੋਰਟ ’ਚ ਇਹ ਹੈਰਾਨ ਕਰ ਦੇਣ ਵਾਲੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਕਿ ਸੂਬੇ ਦੀਆਂ ਜੇਲਾਂ ’ਚ ਸਜ਼ਾ ਕੱਟ ਰਹੀਆਂ ਮਹਿਲਾ ਕੈਦੀ ਗਰਭਵਤੀ ਹੋ ਰਹੀਆਂ ਹਨ। ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਸੂਬੇ ਦੀਆਂ ਜੇਲਾਂ ’ਚ 196 ਬੱਚਿਆਂ ਦਾ ਜਨਮ ਹੋਇਆ।
ਇਸੇ ਪਿਛੋਕੜ ’ਚ ਉਨ੍ਹਾਂ ਨੇ ਮਾਣਯੋਗ ਜੱਜਾਂ ਕੋਲ ਸੁਧਾਰ ਗ੍ਰਹਿਆਂ ’ਚ ਮਹਿਲਾ ਕੈਦੀਆਂ ਵਾਲੇ ਵਾਰਡਾਂ ’ਚ ਮਰਦ ਮੁਲਾਜ਼ਮਾਂ ਦੇ ਕੰਮ ਕਰਨ ’ਤੇ ਰੋਕ ਲਾਉਣ ਦੀ ਬੇਨਤੀ ਵੀ ਕੀਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਣਯੋਗ ਜੱਜਾਂ ਨੇ ਇਕ ਹੁਕਮ ਜਾਰੀ ਕਰ ਕੇ ਇਨ੍ਹਾਂ ਸਾਰੇ ਮਾਮਲਿਆਂ ਨੂੰ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਂਚ ਨੂੰ ਤਬਦੀਲ ਕਰਨ ਦਾ ਹੁਕਮ ਦਿੱਤਾ ਹੈ।
ਇਸ ਮਾਮਲੇ ’ਚ ਕਿਸੇ ਕੈਦੀ ਮਹਿਲਾ ਨੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ, ਇਸ ਲਈ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਇਹ ਕੈਦੀ ਮਹਿਲਾਵਾਂ ਦੀ ਜੇਲ ਸਟਾਫ ਨਾਲ ਮਿਲੀਭੁਗਤ ਨਾਲ ਤਾਂ ਨਹੀਂ ਹੋ ਰਿਹਾ।
ਇਹ ਤਾਂ ਸਿਰਫ ਇਕ ਸੂਬੇ ਦੀਆਂ ਜੇਲਾਂ ’ਚ ਬਦਇੰਤਜ਼ਾਮੀ ਦੀ ਮਿਸਾਲ ਹੈ। ਦੇਸ਼ ਦੀਆਂ ਹੋਰ ਜੇਲਾਂ ’ਚ ਵੀ ਅਜਿਹੇ ਮਾਮਲੇ ਹੋ ਰਹੇ ਹੋਣਗੇ। ਇਸ ਲਈ ਜੇਲਾਂ ’ਚ ਵੱਡੇ ਪੱਧਰ ’ਤੇ ਜਾਂਚ ਕਰ ਕੇ ਉੱਥੇ ਕਮੀਆਂ ਤੁਰੰਤ ਦੂਰ ਕਰਨ ਦੀ ਲੋੜ ਹੈ।
- ਵਿਜੇ ਕੁਮਾਰ
ਦੇਸ਼ ’ਚ ਫੈਲਿਆ ਰਿਸ਼ਵਤਖੋਰੀ ਦਾ ਮਹਾਰੋਗ ਪਟਵਾਰੀ ਵੀ ਕੰਮ ਦੇ ਬਦਲੇ ਲੈ ਰਹੇ ‘ਰਿਸ਼ਵਤ’
NEXT STORY