ਅਮਰੀਕਾ ’ਚ ਪ੍ਰਚੱਲਿਤ ‘ਬੰਦੂਕ ਸੱਭਿਆਚਾਰ’ ਕਾਰਨ ਪਿਛਲੇ ਕੁਝ ਸਾਲਾਂ ਤੋਂ ਉੱਥੇ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਦੇਸ਼ ਦਾ ਕੋਈ ਵੀ ਸੂਬਾ ਇਸ ਸਮੱਸਿਆ ਤੋਂ ਮੁਕਤ ਨਹੀਂ ਹੈ।
ਸ਼ੁਰੂ ’ਚ ਅਮਰੀਕਾ ਦੇ ਦੂਰ-ਦੁਰਾਡੇ ਅਤੇ ਘੱਟ ਆਬਾਦੀ ਵਾਲੇ ਇਲਾਕਿਆਂ ’ਚ ਲੋਕ ਹਿੰਸਕ ਪਸ਼ੂਆਂ ਤੋਂ ਬਚਾਅ ਲਈ ਬੰਦੂਕਾਂ ਰੱਖਦੇ ਸਨ ਪਰ ਹੁਣ ਆਪਣਾ ਦਬਦਬਾ ਦਿਖਾਉਣ ਲਈ ਇਹ ਰਿਵਾਜ਼ ਸ਼ਹਿਰਾਂ ’ਚ ਵੀ ਆ ਗਿਆ ਹੈ।
ਗੈਰ-ਸਰਕਾਰੀ ਸੰਗਠਨ ‘ਗੰਨ ਵਾਇਲੈਂਸ ਆਰਕਾਈਵ’ ਅਨੁਸਾਰ ਇਸ ਸਾਲ ਅਮਰੀਕਾ ’ਚ ਸਮੂਹਿਕ ਗੋਲੀਬਾਰੀ ਦੀਆਂ 500 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ। ਇਹ ਸੰਸਥਾ ਹਰ ਉਸ ਘਟਨਾ ਨੂੰ ਸਮੂਹਿਕ ਗੋਲੀਬਾਰੀ ਮੰਨਦੀ ਹੈ, ਜਿਸ ’ਚ 4 ਜਾਂ ਵੱਧ ਲੋਕ ਜ਼ਖਮੀ ਜਾਂ ਮਾਰੇ ਗਏ ਹੋਣ।
ਅਮਰੀਕਾ ’ਚ ਗੋਲੀਬਾਰੀ ਦੀ ਦਿਲ ਦਹਿਲਾਉਣ ਵਾਲੀ ਤਾਜ਼ਾ ਘਟਨਾ 25 ਅਕਤੂਬਰ ਨੂੰ ਦੇਰ ਰਾਤ ‘ਐਂਡ੍ਰੋਸਕੋਗਿਨ ਕਾਊਂਟੀ’ ਦੇ ਤਹਿਤ ਪੈਣ ਵਾਲੇ ‘ਲੈਵਿਸਟਨ’ ਸ਼ਹਿਰ ’ਚ ਕੋਈ ਜਿੱਥੇ ਇਕ ਬੰਦੂਕਧਾਰੀ ਵੱਲੋਂ ਇਕ ਬਾਲਿੰਗ ਐਲੀ (ਗਲੀ) ਅਤੇ ਇਕ ਰੇਸਤਰਾਂ ’ਚ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਦੇ ਨਤੀਜੇ ਵਜੋਂ ਘੱਟੋ-ਘੱਟ 22 ਲੋਕ ਮਾਰੇ ਗਏ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।
ਅਧਿਕਾਰੀਆਂ ਅਨੁਸਾਰ ਸਥਾਨਕ ਹਸਪਤਾਲ ਗੋਲੀਬਾਰੀ ਦੇ ਸਿੱਟੇ ਵਜੋਂ ਮ੍ਰਿਤਕਾਂ ਜਾਂ ਜ਼ਖਮੀਆਂ ਨਾਲ ਭਰ ਜਾਣ ਕਾਰਨ ਪੁਲਸ ਨੂੰ ਲੋਕਾਂ ਨੂੰ ਇਹ ਅਪੀਲ ਕਰਨੀ ਪਈ ਕਿ ‘‘ਮਿਹਰਬਾਨੀ ਕਰ ਕੇ ਐਮਰਜੈਂਸੀ ਗੱਡੀਆਂ ਨੂੰ ਹਸਪਤਾਲਾਂ ’ਚ ਪਹੁੰਚਣ ’ਚ ਸੌਖ ਹੋਵੇ, ਇਸ ਲਈ ਸੜਕਾਂ ਨੂੰ ਖਾਲੀ ਕਰ ਦੇਣ।’’
ਪੁਲਸ ਅਨੁਸਾਰ ਹਮਲਾਵਰ ਦੋਸ਼ੀ ਦੀ ਪਛਾਣ ‘ਰਾਬਰਟ ਕਾਰਡ’ ਵਜੋਂ ਕੀਤੀ ਗਈ ਹੈ। ਉਹ ਅਮਰੀਕੀ ਰਿਜ਼ਰਵ ਫੌਜ ’ਚ ਸੀ ਅਤੇ ਹਥਿਆਰ ਚਲਾਉਣ ਦਾ ਟ੍ਰੇਨਰ ਰਹਿ ਚੁੱਕਾ ਹੈ। ਉਸ ਨੂੰ ‘ਮੇਨ’ ਸੂਬੇ ’ਚ ਇਕ ਟ੍ਰੇਨਿੰਗ ਸੈਂਟਰ ’ਚ ਨਿਯੁਕਤ ਕੀਤਾ ਗਿਆ ਸੀ। ਉਹ ਇਸ ਸਾਲ ਦੋ ਹਫਤੇ ਇਕ ਮਾਨਸਿਕ ਸਿਹਤ ਕੇਂਦਰ ’ਚ ਵੀ ਭਰਤੀ ਰਿਹਾ ਸੀ।
* 14 ਅਕਤੂਬਰ ਨੂੰ ਡੈਨਵਰ ’ਚ ਇਕ ਗੋਲੀ ਕਾਂਡ ’ਚ 3 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖਮੀ ਹੋ ਗਏ।
*7 ਅਕਤੂਬਰ ਨੂੰ ਕੈਲੀਫੋਰਨੀਆ ’ਚ ਹੋਏ ਇਕ ਗੋਲੀ ਕਾਂਡ ’ਚ 2 ਲੋਕ ਮਾਰੇ ਗਏ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ।
* 1 ਅਕਤੂਬਰ ਨੂੰ ਹੈਰਿਸ ਕਾਊਂਟੀ, ਲੈਕਿੰਸਗਟਨ ਅਤੇ ਓਮਾਹਾ ’ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ 3 ਲੋਕਾਂ ਦੀ ਮੌਤ ਅਤੇ 11 ਲੋਕ ਜ਼ਖਮੀ ਹੋ ਗਏ।
* 24 ਅਗਸਤ ਨੂੰ ਕੈਲੀਫੋਰਨੀਆ ਦੀ ਇਕ ਬਾਰ ’ਚ ਇਕ ਬੰਦੂਕਧਾਰੀ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਨ ਨਾਲ 5 ਲੋਕਾਂ ਦੀ ਮੌਤ ਅਤੇ 6 ਹੋਰ ਜ਼ਖਮੀ ਹੋ ਗਏ।
* 4 ਜੁਲਾਈ ਨੂੰ ਫਿਲਾਡੈਲਫੀਆ ਦੇ ‘ਕਿੰਗਸਸਿੰਗ’ ’ਚ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 4 ਲੋਕਾਂ ਦੀ ਹੱਤਿਆ ਅਤੇ 4 ਹੋਰਾਂ ਨੂੰ ਜ਼ਖਮੀ ਕਰ ਦਿੱਤਾ।
ਇਕ ਅੰਦਾਜ਼ੇ ਅਨੁਸਾਰ ਅੱਜ ਅਮਰੀਕਾ ’ਚ ਘੱਟ ਤੋਂ ਘੱਟ 46 ਫੀਸਦੀ ਲੋਕਾਂ ਕੋਲ ਬੰਦੂਕਾਂ ਹਨ। ਹਥਿਆਰਾਂ ਦੀ ਕਿਸੇ ਵੀ ਦੁਕਾਨ ’ਤੇ ਕੁਝ ਨਿਯਮਾਂ ਦਾ ਪਾਲਣ ਕਰਦਿਆਂ ਕੁਝ ਹੀ ਸਮੇਂ ਅੰਦਰ ਬੰਦੂਕ ਖਰੀਦੀ ਜਾ ਸਕਦੀ ਹੈ।
ਸਿਆਸੀ ਆਬਜ਼ਰਵਰਾਂ ਅਨੁਸਾਰ ਅਮਰੀਕਾ ’ਚ ‘ਬੰਦੂਕ ਸੱਭਿਆਚਾਰ’ ਵਧਾਉਣ ’ਚ ਉੱਥੇ ਦੀ ਨਕਾਰਾਤਮਕ ਸਿਆਸਤ ਦੀ ਵੱਡੀ ਭੂਮਿਕਾ ਹੈ। ਆਮ ਜਨਤਾ ਤਾਂ ਹਥਿਆਰਾਂ ’ਤੇ ਰੋਕ ਲਾਉਣ ਦੇ ਹੱਕ ’ਚ ਹੈ ਪਰ ਆਪਣੇ ਨਿਹਿਤ ਸਵਾਰਥਾਂ ਕਾਰਨ ਅਮਰੀਕਾ ’ਚ ਹਥਿਆਰਾਂ ਨੂੰ ਬੜ੍ਹਾਵਾ ਦੇਣ ਵਾਲੀ ਉੱਥੋਂ ਦੀ ਤਾਕਤਵਰ ਹਥਿਆਰ ਲਾਬੀ ਅਤੇ ਸਿਆਸਤ ਨਾਲ ਜੁੜੇ ਲੋਕ ਇਸ ’ਤੇ ਰੋਕ ਨਹੀਂ ਲੱਗਣ ਿਦੰਦੇ।
ਜਦ ਵੀ ਬੰਦੂਕ ਸੱਭਿਆਚਾਰ ਨੂੰ ਕੰਟ੍ਰੋਲ ਕਰਨ ਦੀ ਗੱਲ ਉੱਠਦੀ ਹੈ ਤਾਂ ਹਥਿਆਰ ਰੱਖਣ ਦੇ ਸੰਵਿਧਾਨਕ ਅਧਿਕਾਰ ਦੀ ਕੱਟੜ ਹਮਾਇਤੀ ਮੰਨੀ ਜਾਣ ਵਾਲੀ ‘ਰਿਪਬਲੀਕਨ ਪਾਰਟੀ’ ਦੇ ਆਗੂ ਅਤੇ ਉਨ੍ਹਾਂ ਦੇ ਹਮਾਇਤੀ ਇਸ ਦੇ ਵਿਰੋਧ ’ਚ ਉਤਰ ਆਉਂਦੇ ਹਨ, ਜਿਨ੍ਹਾਂ ਸਾਹਮਣੇ ਡੈਮੋਕ੍ਰੇਟਿਕ ਪਾਰਟੀ ਬੇਵੱਸ ਹੋ ਕੇ ਰਹਿ ਜਾਂਦੀ ਹੈ।
ਇਸੇ ਕਾਰਨ ਵਾਰ-ਵਾਰ ਹੋਣ ਵਾਲੀਆਂ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਲੋਕਾਂ ਦੇ ਰੋਹ ਅਤੇ ਲਗਭਗ 53 ਫੀਸਦੀ ਅਮਰੀਕੀ ਨਾਗਰਿਕ ਦੇਸ਼ ’ਚ ਹਥਿਆਰਾਂ ’ਤੇ ਰੋਕ ਦੇ ਸਖਤ ਕਾਨੂੰਨਾਂ ਦੇ ਪੱਖ ’ਚ ਹੋਣ ਦੇ ਬਾਵਜੂਦ ਉੱਥੇ ਬੰਦੂਕ ਸੱਭਿਆਚਾਰ ’ਤੇ ਰੋਕ ਲਾਉਣ ਲਈ ਕੋਈ ਮਹੱਤਵਪੂਰਨ ਕਾਨੂੰਨ ਪਾਸ ਨਹੀਂ ਕੀਤਾ ਜਾ ਸਕਿਆ।
ਇਸ ਲਈ ਜਦ ਤੱਕ ਅਜਿਹਾ ਨਹੀਂ ਹੋਵੇਗਾ ਤਦ ਤੱਕ ਉੱਥੇ ਗੋਲੀਬਾਰੀ ਹੁੰਦੀ ਹੀ ਰਹੇਗੀ ਅਤੇ ਲੋਕ ਇਸੇ ਤਰ੍ਹਾਂ ਮਰਦੇ ਰਹਿਣਗੇ। ਖੁਦ ਨੂੰ ਸੱਭਿਅਕ ਕਹਿਣ ਵਾਲੇ ਅਮਰੀਕਾ ’ਚ ਵਧ ਰਹੇ ‘ਬੰਦੂਕ ਸੱਭਿਆਚਾਰ’ ਦੇ ਨਾਲ-ਨਾਲ ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ ਅਤੇ ਆਸਾਨੀ ਨਾਲ ਹਥਿਆਰਾਂ ਦੀ ਉਪਲਬਧਤਾ ਦਾ ਬੁਰਾ ਨਤੀਜਾ ਦੁਖਦਾਈ ਘਟਨਾਵਾਂ ਦੇ ਰੂਪ ’ਚ ਨਿਕਲ ਰਿਹਾ ਹੈ।
- ਵਿਜੇ ਕੁਮਾਰ
‘ਆਵਾਰਾ ਕੁੱਤਿਆਂ ਤੋਂ’ ਪ੍ਰੇਸ਼ਾਨ-ਸਾਰਾ ਦੇਸ਼, ਹੋ ਰਹੀਆਂ ‘ਵੱਡੀ ਗਿਣਤੀ ’ਚ ਮੌਤਾਂ’!
NEXT STORY