ਜਿਸ ਤਰ੍ਹਾਂ ਸੰਸਾਰਕ ਪੱਧਰ 'ਤੇ ਅੱਤਵਾਦ 'ਤੇ ਕਾਬੂ ਪਾਉਣ ਦੇ ਯਤਨ ਵਧ ਰਹੇ ਹਨ, ਉਸੇ ਤਰ੍ਹਾਂ ਇਸ ਨੂੰ ਫੈਲਾਉਣ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਹੋ ਵਜ੍ਹਾ ਹੈ ਕਿ ਅਮਰੀਕਾ, ਇੰਗਲੈਂਡ, ਫਰਾਂਸ, ਆਸਟਰੀਆ ਤੇ ਬੈਲਜੀਅਮ ਵਰਗੇ ਪੱਛਮੀ ਦੇਸ਼ਾਂ ਨੂੰ ਵੀ ਹੁਣ ਇਹ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਚੁੱਕਾ ਹੈ।
ਹਰੇਕ ਦੇਸ਼ 'ਚ ਅੱਤਵਾਦੀਆਂ ਦੇ ਗਿਰੋਹ ਬਣ ਗਏ ਹਨ, ਜੋ ਕਦੇ ਆਪਸ 'ਚ ਮਿਲ ਕੇ ਅਤੇ ਕਦੇ ਇਕੱਲੇ ਵਾਰਦਾਤਾਂ ਕਰ ਕੇ ਬੇਕਸੂਰ ਲੋਕਾਂ ਦੀ ਜਾਨ ਨਾਲ ਖੇਡਦੇ ਆ ਰਹੇ ਹਨ। ਸਿਰਫ ਪਿਛਲੇ 7 ਮਹੀਨਿਆਂ 'ਚ ਹੋਈਆਂ ਚੰਦ ਅੱਤਵਾਦੀ ਘਟਨਾਵਾਂ ਹੇਠਾਂ ਦਰਜ ਹਨ :
* 14 ਨਵੰਬਰ 2015 ਨੂੰ ਪੈਰਿਸ 'ਚ ਹੋਏ 6 ਧਮਾਕਿਆਂ 'ਚ 160 ਵਿਅਕਤੀ ਮਾਰੇ ਗਏ।
* 01 ਅਕਤੂਬਰ 2015 ਨੂੰ ਅਮਰੀਕਾ ਦੇ ਰੋਜ਼ਬਰਗ ਸ਼ਹਿਰ ਦੇ ਕਮਿਊਨਿਟੀ ਕਾਲਜ 'ਚ ਹੋਈ ਗੋਲੀਬਾਰੀ ਦੌਰਾਨ 10 ਵਿਅਕਤੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋਏ।
* 10 ਮਾਰਚ 2016 ਨੂੰ ਅਮਰੀਕਾ ਦੇ ਪੈਨੀਸਿਲਵੇਨੀਆ 'ਚ ਇਕ ਪਾਰਟੀ ਦੌਰਾਨ ਹੋਈ ਫਾਇਰਿੰਗ 'ਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ।
* 22 ਮਾਰਚ 2016 ਨੂੰ ਬੈਲਜੀਅਮ ਦੀ ਰਾਜਧਾਨੀ ਬ੍ਰਸਲਜ਼ ਦੇ ਹਵਾਈ ਅੱਡੇ ਅਤੇ ਸਿਟੀ ਮੈਟ੍ਰੋ ਸਟੇਸ਼ਨ 'ਤੇ ਤਿੰਨ ਧਮਾਕੇ ਕਰ ਕੇ ਆਈ. ਐੱਸ. ਆਈ. ਐੱਸ. ਨੇ 37 ਵਿਅਕਤੀਆਂ ਨੂੰ ਮਾਰ ਦਿੱਤਾ ਤੇ 200 ਤੋਂ ਜ਼ਿਆਦਾ ਨੂੰ ਜ਼ਖਮੀ ਕਰ ਦਿੱਤਾ।
* 22 ਮਈ 2016 ਨੂੰ ਪੱਛਮੀ ਆਸਟਰੀਆ 'ਚ ਸੰਗੀਤ ਕੰਸਰਟ ਦੇ ਬਾਅਦ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ।
* 3 ਜੂਨ ਨੂੰ ਅਮਰੀਕਾ ਦੇ ਫਲੋਰੀਡਾ 'ਚ ਇਕ ਥਿਏਟਰ 'ਚ ਇਕ ਸਨਕੀ ਵਿਅਕਤੀ ਨੇ ਗਾਇਕਾ ਕ੍ਰਿਸਟੀਨਾ ਗ੍ਰਿਮੀ ਦੀ ਹੱਤਿਆ ਕਰ ਦਿੱਤੀ।
* 12 ਜੂਨ ਨੂੰ ਅਮਰੀਕਾ ਦੇ ਓਰਲੈਂਡੋ 'ਚ ਪਲੱਸ ਐੱਲ. ਜੀ. ਬੀ. ਟੀ. ਨਾਈਟ ਕਲੱਬ 'ਚ ਅਸਾਲਟ ਰਾਈਫਲ ਤੇ ਵਿਸਫੋਟਕਾਂ ਨਾਲ ਭਰੀ ਜੈਕੇਟ ਪਹਿਨ ਕੇ ਦਾਖਲ ਹੋਏ ਅੱਤਵਾਦੀ ਵੱਲੋਂ ਕੀਤੀ ਫਾਇਰਿੰਗ 'ਚ 53 ਵਿਅਕਤੀ ਮਾਰੇ ਗਏ ਤੇ 50 ਤੋਂ ਜ਼ਿਆਦਾ ਜ਼ਖਮੀ ਹੋ ਗਏ।
ਇਹ ਅਮਰੀਕਾ ਦੇ ਇਤਿਹਾਸ 'ਚ ਵਰਲਡ ਟਰੇਡ ਸੈਂਟਰ 'ਤੇ ਅਲਕਾਇਦਾ ਵੱਲੋਂ ਕੀਤੇ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ ਅਤੇ ਇਸਲਾਮਿਕ ਸਟੇਟ ਦੇ ਰਸਾਲੇ 'ਅਮਕ' ਅਨੁਸਾਰ ''ਇਸ ਨੂੰ ਆਈ. ਐੱਸ. ਆਈ. ਐੱਸ. ਨੇ ਹੀ ਅੰਜਾਮ ਦਿੱਤਾ ਹੈ।''
* 14 ਜੂਨ ਨੂੰ ਅਮਰੀਕਾ ਦੇ ਟੈਕਸਾਸ ਸ਼ਹਿਰ ਦੇ ਇਕ ਸਟੋਰ 'ਚ ਫਾਇਰਿੰਗ ਹੋਣ ਨਾਲ ਭਾਜੜ ਮਚ ਗਈ। ਇਸੇ ਦਿਨ ਫਰਾਂਸ ਦੇ ਮੈਗਨਨ ਵਿਲੇ 'ਚ ਆਈ. ਐੱਸ. ਆਈ. ਐੱਸ. ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਇਕ ਅੱਤਵਾਦੀ ਨੇ ਇਕ ਫ੍ਰਾਂਸੀਸੀ ਪੁਲਸ ਮੁਲਾਜ਼ਮ ਅਤੇ ਉਸ ਦੀ ਪਤਨੀ ਦੀ ਹੱਤਿਆ ਕਰ ਦਿੱਤੀ।
ਇਹ ਘਟਨਾਵਾਂ ਜਿਥੇ ਦੁਨੀਆ 'ਚ ਲਗਾਤਾਰ ਫੈਲ ਰਹੇ ਅੱਤਵਾਦ ਦੀਆਂ ਪ੍ਰਤੀਕ ਹਨ, ਉਥੇ ਹੀ ਇਹ ਦੁਨੀਆ 'ਚ ਆਸਾਨੀ ਨਾਲ ਮੁਹੱਈਆ ਹੋਣ ਵਾਲੇ ਹਥਿਆਰਾਂ ਦਾ ਵੀ ਨਤੀਜਾ ਹਨ। ਇਸ 'ਤੇ ਜਿਥੇ ਪੋਪ ਫ੍ਰਾਂਸਿਸ ਨੇ ਚਿੰਤਾ ਪ੍ਰਗਟਾਈ ਹੈ, ਉਥੇ ਹੀ ਡੋਨਾਲਡ ਟਰੰਪ ਨੇ ਇਸ ਨੂੰ 'ਵਧ ਰਹੇ ਇਸਲਾਮੀ ਕੱਟੜਵਾਦ' ਅਤੇ ਹਿਲੇਰੀ ਕਲਿੰਟਨ ਨੇ 'ਅਮਰੀਕਾ ਦੀ ਨਰਮ ਹਥਿਆਰ ਨੀਤੀ' ਦਾ ਨਤੀਜਾ ਦੱਸਿਆ ਹੈ।
ਰਾਸ਼ਟਰਪਤੀ ਓਬਾਮਾ ਵੱਲੋਂ ਲਗਾਤਾਰ 'ਗੰਨ ਕੰਟਰੋਲ ਪਾਲਿਸੀ' ਦੀ ਵਕਾਲਤ ਕਰਨ ਦੇ ਬਾਵਜੂਦ 'ਗੰਨ ਲਾਬੀ' ਦਾ ਅਮਰੀਕੀ ਕਾਂਗਰਸ 'ਤੇ ਪੂਰੀ ਤਰ੍ਹਾਂ ਕਬਜ਼ਾ ਹੈ ਅਤੇ ਹਥਿਆਰਾਂ 'ਤੇ ਰੋਕ ਲਗਾ ਸਕਣ 'ਚ ਓਬਾਮਾ ਨੂੰ ਕੋਈ ਸਫਲਤਾ ਨਹੀਂ ਮਿਲ ਸਕੀ ਹੈ।
ਇਨ੍ਹਾਂ ਹਮਲਿਆਂ ਤੋਂ ਇਹ ਗੱਲ ਵੀ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਜਿਥੇ ਆਈ. ਐੱਸ. ਆਈ. ਐੱਸ. ਵਰਗੇ ਗਿਰੋਹ ਅਮਰੀਕਾ, ਇੰਗਲੈਂਡ ਆਦਿ 'ਚ ਆਪਣੇ ਅੱਤਵਾਦੀਆਂ ਦੀ ਭਰਤੀ ਦੀ ਮੁਹਿੰਮ ਜਾਰੀ ਰੱਖਣ 'ਚ ਸਫਲ ਰਹੇ ਹਨ, ਉਥੇ ਹੀ ਇਹ ਦੇਸ਼ ਅੱਤਵਾਦੀ ਗਿਰੋਹਾਂ ਤੋਂ ਲੋਕਾਂ ਦਾ ਮੋਹ ਭੰਗ ਕਰਨ ਤੇ ਉਨ੍ਹਾਂ ਪ੍ਰਤੀ ਨਫਰਤ ਪੈਦਾ ਕਰਨ 'ਚ ਨਾਕਾਮ ਰਹੇ ਹਨ।
ਇਸ ਕਾਰਨ ਇਨ੍ਹਾਂ ਦੇਸ਼ਾਂ ਤੋਂ ਆਈ. ਐੱਸ. ਆਈ. ਐੱਸ. 'ਚ ਭਰਤੀ ਹੋਣ ਅਤੇ ਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਹੋਣ ਵਾਲੇ ਸਥਾਨਕ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਓਰਲੈਂਡੋ 'ਚ ਕਤਲੇਆਮ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਅਮਰੀਕਾ ਦਾ ਹੀ ਸ਼ਹਿਰੀ ਸੀ ਤੇ 14 ਜੂਨ ਨੂੰ ਫਰਾਂਸ 'ਚ ਕਾਂਡ ਕਰਨ ਵਾਲਾ ਅੱਤਵਾਦੀ ਵੀ ਯੂਰਪੀਅਨ ਹੀ ਹੈ।
ਆਈ. ਐੱਸ. ਆਈ. ਐੱਸ. ਨੇ ਆਪਣੇ ਇਰਾਦੇ ਇੰਨੇ ਖਤਰਨਾਕ ਬਣਾ ਲਏ ਹਨ ਕਿ ਉਹ ਆਪਣੇ ਸੈਨਿਕਾਂ ਨੂੰ 'ਫਸਾਉਣ' ਲਈ ਉਤਸ਼ਾਹ ਵਜੋਂ ਦੁਸ਼ਮਣਾਂ ਦੀਆਂ ਫੜੀਆਂ ਔਰਤਾਂ ਵੀ ਬਲਾਤਕਾਰ ਕਰਨ ਲਈ ਇਨਾਮ ਵਜੋਂ ਦੇ ਰਿਹਾ ਹੈ।
ਪਹਿਲੀ ਵਾਰ ਹਿਲੇਰੀ ਨੇ ਸਾਊਦੀ ਅਰਬ ਵਰਗੇ ਆਪਣੇ ਸਹਿਯੋਗੀ ਦੇਸ਼ਾਂ ਨੂੰ ਵੀ ਅੱਤਵਾਦੀਆਂ ਦੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਅੱਤਵਾਦ 'ਤੇ ਕਾਬੂ ਪਾਉਣ ਲਈ ਇਹ ਜ਼ਰੂਰੀ ਵੀ ਹੈ ਕਿ ਕੋਈ ਅੱਤਵਾਦੀਆਂ ਦੀ ਸਹਾਇਤਾ ਨਾ ਕਰੇ।
ਹੁਣ ਤਕ ਦੇ ਤਜਰਬਿਆਂ ਤੋਂ ਸਪੱਸ਼ਟ ਹੈ ਕਿ ਅੱਤਵਾਦ ਨੂੰ ਮਿਟਾਉਣ ਦੇ ਵੱਖ-ਵੱਖ ਦੇਸ਼ਾਂ ਵੱਲੋਂ ਵੱਖ-ਵੱਖ ਅਤੇ ਨਿੱਜੀ ਤੌਰ 'ਤੇ ਕੀਤੇ ਯਤਨ ਨਾਕਾਮ ਰਹੇ ਹਨ ਤੇ ਅੱਤਵਾਦ ਨੂੰ ਰੋਕ ਸਕਣਾ ਹੁਣ ਕਿਸੇ ਇਕੱਲੇ ਦੇਸ਼ ਦੇ ਵੱਸ ਦੀ ਗੱਲ ਨਹੀਂ।
ਇਸ ਲਈ ਵਿਸ਼ਵ ਭਾਈਚਾਰੇ ਨੂੰ ਇਸ ਨਾਲ ਨਜਿੱਠਣ ਲਈ ਇਕਜੁਟ ਹੋ ਕੇ ਸਾਂਝੀ ਰਣਨੀਤੀ ਬਣਾਉਣੀ ਪਵੇਗੀ ਅਤੇ ਉਸ 'ਤੇ ਅਮਲ ਕਰਨਾ ਪਵੇਗਾ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ 'ਚ ਬੀਤੀ 8 ਜੂਨ ਨੂੰ ਅਮਰੀਕੀ ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਵੀ ਹੈ ਕਿ ''ਅੱਤਵਾਦ ਵਿਰੁੱਧ ਇਕ ਸੁਰ 'ਚ ਲੜਾਈ ਲੜਨ ਤੇ ਬੋਲਣ ਦੀ ਲੋੜ ਹੈ।''
—ਵਿਜੇ ਕੁਮਾਰ
ਜਦ ਸੁਰੱਖਿਆ ਮੁਲਾਜ਼ਮ ਹੀ ਨਸ਼ਿਆਂ ਦੀ ਸਮੱਗਲਿੰਗ ਕਰਨਗੇ ਤਾਂ ਰੋਕੇਗਾ ਕੌਣ
NEXT STORY