ਹੁਣ ਤੱਕ ਤਾਂ ਰੇਲਗੱਡੀਆਂ ’ਚ ਹੀ ਅੱਗ ਲੱਗਣ ਦੀਆਂ ਘਟਨਾਵਾਂ ਸੁਣਨ ’ਚ ਆਉਂਦੀਆਂ ਸਨ, ਪਰ ਪਿਛਲੇ ਕੁਝ ਸਮੇਂ ਤੋਂ ਯਾਤਰੀ ਬੱਸਾਂ ’ਚ ਵੀ ਅੱਗ ਲੱਗਣ ਦੀਆਂ ਘਟਨਾਵਾਂ ’ਚ ਕਾਫੀ ਵਾਧਾ ਹੋਇਆ ਹੈ, ਜਿਸ ਨਾਲ ਯਾਤਰੀਆਂ ਦੀਆਂ ਜਾਨਾਂ ਜੋਖਮ ’ਚ ਪੈ ਰਹੀਆਂ ਹਨ। ਪਿਛਲੇ 1 ਹਫਤੇ ’ਚ ਵਾਪਰੀਆਂ ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 28 ਨਵੰਬਰ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ’ਚ ‘ਦਿੱਲੀ’ ਤੋਂ ‘ਵਾਰਾਣਸੀ’ ਜਾ ਰਹੀ ਇਕ ਸਲੀਪਰ ਬੱਸ ’ਚ ਅੱਗ ਲੱਗ ਜਾਣ ਨਾਲ ਪੂਰੀ ਬੱਸ ਹੀ ਸੜ ਕੇ ਸਵਾਹ ਹੋ ਗਈ।
* 2 ਦਸੰਬਰ ਨੂੰ ‘ਮਹਾਰਾਜਗੰਜ’ (ਉੱਤਰ ਪ੍ਰਦੇਸ਼) ਦੇ ‘ਸਨੋਲੀ’ ਤੋਂ ‘ਦਿੱਲੀ’ ਜਾ ਰਹੀ ਬੱਸ ਦੀ ਇਕ ਟਰੱਕ ਨਾਲ ਟੱਕਰ ਹੋ ਜਾਣ ਦੇ ਕਾਰਨ ਬੱਸ ’ਚ ਅੱਗ ਲੱਗ ਜਾਣ ਨਾਲ 2 ਯਾਤਰੀ ਜ਼ਿੰਦਾ ਸੜ ਗਏ ਜਦਕਿ ਇਕ ਹੋਰ ਯਾਤਰੀ ਦੀ ਟਰੱਕ ਦੇ ਹੇਠਾਂ ਆ ਜਾਣ ਕਾਰਨ ਜਾਨ ਚਲੀ ਗਈ ਅਤੇ 24 ਹੋਰ ਯਾਤਰੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
* 3 ਦਸੰਬਰ ਨੂੰ ‘ਦਿੱਲੀ-ਕੱਟੜਾ’ ਰੂਟ ’ਤੇ ਚੱਲਣ ਵਾਲੀ ਏ. ਸੀ. ਸਲੀਪਰ ਬੱਸ ’ਚ ਅਚਾਨਕ ਭਿਆਨਕ ਅੱਗ ਲੱਗ ਜਾਣ ਨਾਲ ਪੂਰੀ ਬੱਸ ਸੜ ਕੇ ਸਵਾਹ ਹੋ ਗਈ।
* 4 ਦਸੰਬਰ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ’ਚ ਸੜਕ ਕੰਢੇ ਖੜ੍ਹੀ ਇਕ ਬੱਸ ’ਚੋਂ ਅਚਾਨਕ ਧੂੰਆਂ ਨਿਕਲਣ ਲੱਗਾ, ਦੇਖਦੇ ਹੀ ਦੇਖਦੇ ਬੱਸ ਅੱਗ ਦਾ ਗੋਲਾ ਬਣ ਗਈ ਅਤੇ ਸੜ ਕੇ ਸੁਆਹ ਹੋ ਗਈ।
* 4 ਦਸੰਬਰ ਨੂੰ ਹੀ ‘ਬਰਗੜ’ (ਓਡਿਸ਼ਾ) ਦੇ ‘ਬੀਜੇਪੁਰ’ ’ਚ ਇਕ ਯਾਤਰੀ ਬੱਸ ’ਚ ਭਿਆਨਕ ਅੱਗ ਲੱਗ ਗਈ। ਸਮੇਂ ’ਤੇ ਹੀ ਚਾਲਕ ਵਲੋਂ ਬੱਸ ਰੋਕ ਕੇ ਸਾਰੇ ਯਾਤਰੀਆਂ ਨੂੰ ਹੇਠਾਂ ਉਤਾਰ ਦੇਣ ਦੇ ਸਿੱਟੇ ਵਜੋਂ ਜਾਨੀ ਨੁਕਸਾਲ ਟਲ ਗਿਆ।
* 4 ਦਸੰਬਰ ਨੂੰ ਹੀ ‘ਚੰਡੀਗੜ੍ਹ’ ਤੋਂ ‘ਬਠਿੰਡਾ’ ਜਾ ਰਹੀ ਇਕ ਸਲੀਪਰ ਬੱਸ ’ਚ ਅਚਾਨਕ ਅੱਗ ਲੱਗ ਜਾਣ ਨਾਲ ਬੱਸ ਸੜ ਕੇ ਸੁਆਹ ਹੋ ਗਈ।
* 5 ਦਸੰਬਰ ਨੂੰ ‘ਦਿੱਲੀ’ ਦੇ ਜਨਕਪੁਰੀ ’ਚ ਤਾਮਿਲਨਾਡੂ ਪੁਲਸ ਦੀ ਬੱਸ ’ਚ ਅੱਗ ਲੱਗ ਜਾਣ ਨਾਲ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
* ਅਤੇ ਹੁਣ 5 ਦਸੰਬਰ ਨੂੰ ਹੀ ‘ਜਾਲੌਨ’ (ਉੱਤਰ ਪ੍ਰਦੇਸ਼) ਦੇ ‘ਉਮਰੀ’ ਪਿੰਡ ’ਚ ਇਕ ਬੱਸ ’ਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਜਾਣ ਨਾਲ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਵਰਣਨਯੋਗ ਹੈ ਕਿ ਟਰਾਂਸਪੋਰਟ ਵਿਭਾਗ ਵਲੋਂ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰਨ, ਟਰਾਂਸਪੋਰਟ ਆਪ੍ਰੇਟਰਾਂ ਵਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਸਹੀ ਢੰਗ ਨਾਲ ਰੱਖ-ਰਖਾਅ ਨਾ ਕਰਨ ਦੇ ਕਾਰਨ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ।
ਵਿਸ਼ੇਸ਼ ਤੌਰ ’ਤੇ ਏ. ਸੀ. ਬੱਸਾਂ ’ਚ ਅਕਸਰ ਖਰਾਬ ਅਤੇ ਘਟੀਆ ਵਾਇਰਿੰਗ ਦੀ ਸਮੱਸਿਆ ਦੇਖੀ ਜਾਂਦੀ ਹੈ। ਢਿੱਲੇ ਕੁਨੈਕਸ਼ਨ ਅਤੇ ਫਿਊਜ਼ ਪ੍ਰੋਟੈਕਸ਼ਨ ਦਾ ਨਾ ਹੋਣਾ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੇ ਵੱਡੇ ਕਾਰਨ ਹਨ।
ਖਰਾਬ ਕੂਲਿੰਗ ਸਿਸਟਮ ਜਾਂ ਰੇਡੀਏਟਰ ’ਚ ਰਸਾਅ ਦੇ ਕਾਰਨ ਇੰਜਣ ਜ਼ਿਆਦਾ ਗਰਮ ਹੋ ਸਕਦਾ ਹੈ। ਇਸ ਨਾਲ ਆਸ-ਪਾਸ ਦੇ ਪਲਾਸਟਿਕ ਜਾਂ ਤੇਲ ’ਚ ਅੱਗ ਲੱਗ ਸਕਦੀ ਹੈ। ਵਾਹਨਾਂ ਦੀ ਟੱਕਰ ਨਾਲ ਵੀ ਈਂਧਨ ਟੈਂਕ ’ਚ ਰਿਸਾਅ ਹੋਣ, ਵਾਹਨਾਂ ’ਚ ਬੈਟਰੀ ’ਚ ਸ਼ਾਰਟ ਸਰਕਟ ਜਾਂ ਖਰਾਬੀ ਵੀ ਅੱਗ ਲੱਗਣ ਦਾ ਕਾਰਨ ਬਣ ਸਕਦੀ ਹੈ।
ਪਾਬੰਦੀ ਲੱਗੇ ਜਲਣਸ਼ੀਲ ਪਦਾਰਥ ਲੈ ਕੇ ਯਾਤਰਾ ਕਰਨਾ ਵੀ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਬੱਸਾਂ ਦੇ ਅੱਗ ਦੀ ਲਪੇਟ ’ਚ ਆਉਣ ਨਾਲ ਹੁਣ ਇਹ ਸਵਾਲ ਉੱਠਣ ਲੱਗਾ ਹੈ ਕਿ ਕੀ ਸਾਡੀਆਂ ਯਾਤਰਾਵਾਂ ਸੁਰੱਖਿਅਤ ਹਨ। ਇਸੇ ਮੁੱਦੇ ’ਤੇ ਹੁਣ ‘ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ’ ਨੇ ਵੱਡਾ ਰੁਖ਼ ਅਪਣਾਉਂਦੇ ਹੋਏ ਸਾਰੇ ਸੂਬਿਆਂ ਨੂੰ ਨਾਜਾਇਜ਼ ਜਾਂ ਨਾਨ-ਸਟੈਂਡਰਡ ਸਲੀਪਰ ਬੱਸਾਂ ’ਤੇ ਤੁਰੰਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।
ਕਮਿਸ਼ਨ ਨੂੰ ਮਿਲੀ ਸ਼ਿਕਾਇਤ ’ਚ ਦੋਸ਼ ਲਗਾਇਆ ਿਗਆ ਹੈ ਕਿ ਕਈ ਬੱਸਾਂ ਦਾ ਡਿਜ਼ਾਈਨ ਵੀ ਜਾਨਲੇਵਾ ਹੈ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਬੱਸਾਂ ’ਚ ਜਿੱਥੇ ਡਰਾਈਵਰ ਕੈਬਿਨ ਅਤੇ ਪੈਸੰਜਰ ਕੰਪਾਰਟਮੈਂਟ ਦੇ ਵਿਚਾਲੇ ਪੂਰੀ ਤਰ੍ਹਾਂ ਕੰਧ ਬਣੀ ਹੁੰਦੀ ਹੈ। ਇਸ ਨਾਲ ਅੱਗ ਲੱਗਣ ਵਰਗੀ ਐਮਰਜੈਂਸੀ ’ਚ ਡਰਾਈਵਰ ਨੂੰ ਸਮੇਂ-ਸਿਰ ਪਤਾ ਹੀ ਨਹੀਂ ਲੱਗਦਾ ਅਤੇ ਯਾਤਰੀ ਬਾਹਰ ਨਹੀਂ ਨਿਕਲ ਪਾਉਂਦੇ।
ਬੱਸਾਂ ’ਚ ਅੱਗ ਲੱਗਣ ਨਾਲ ਨੁਕਸਾਨ ਇਸ ਲਈ ਵੀ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ’ਚ ਅੱਗ ਬੁਝਾਉਣ ਦੇ ਇੰਤਜ਼ਾਮ ਨਹੀਂ ਹੁੰਦੇ। ਕੁਲ ਮਿਲਾ ਕੇ ਇਹ ਘਟਨਾਵਾਂ ਬੱਸ ਬਾਡੀ ਬਿਲਡਰਾਂ, ਅਪਰੂਵਲ ਦੇਣ ਵਾਲੀਆਂ ਏਜੰਸੀਆਂ ਅਤੇ ਸਿਸਟਮ ਦੀ ਲਾਪਰਵਾਹੀ ਦਾ ਨਤੀਜਾ ਹਨ।
ਇਸ ਲਈ ਬੱਸਾਂ ਦੇ ਰੱਖ-ਰਖਾਅ ਵੱਲ ਧਿਆਨ ਨਾ ਦੇ ਕੇ ਯਾਤਰੀਆਂ ਦੀਆਂ ਜਾਨਾਂ ਨੂੰ ਸੰਕਟ ’ਚ ਪਾਉਣ ਵਾਲੇ ਟਰਾਂਸਪੋਰਟ ਆਪ੍ਰੇਟਰਾਂ ਦੇ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਨੂੰ ਵੀ ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਸੁਰੱਖਿਆ ਮਾਪਦੰਡਾਂ ਦਾ ਰੀਵਿਊ ਕਰਨਾ ਚਾਹੀਦਾ ਹੈ ਅਤੇ ਮਾਪਦੰਡਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।
–ਵਿਜੇ ਕੁਮਾਰ
ਹਿੰਦੂ-ਸਿੱਖ ਏਕਤਾ ਦੇ ਚਾਨਣ-ਮੁਨਾਰੇ ਸਨ ਅਮਰ ਸ਼ਹੀਦ ਰਾਮਪ੍ਰਕਾਸ਼ ਪ੍ਰਭਾਕਰ
NEXT STORY