ਇਸ ਸਮੇਂ ਜਦੋਂ ਦੇਸ਼ ਦੇ ਕਈ ਹਿੱਸਿਅਾਂ ਦੇ ਨੌਜਵਾਨਾਂ ’ਚ ਨਸ਼ੇ ਦੇ ਵਧਦੇ ਚਲਨ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ, ਹੁਣ ਇਹ ਖੁਲਾਸਾ ਹੋਇਅਾ ਹੈ ਕਿ ਅੱਤਵਾਦ ਨਾਲ ਜੂਝ ਰਹੇ ਜੰਮੂ-ਕਸ਼ਮੀਰ ਦੀ ਕਸ਼ਮੀਰ ਵਾਦੀ ਵਿਚ ਵੀ ਨਸ਼ੇ ਦੀ ਲਤ ਗੰਭੀਰ ਰੂਪ ਅਖਤਿਅਾਰ ਕਰਦੀ ਜਾ ਰਹੀ ਹੈ।
ਸੂਬੇ ’ਚ ਨਸ਼ੇ ਵਾਲੇ ਪਦਾਰਥ ਮੁੱਖ ਤੌਰ ’ਤੇ ਪਾਕਿਸਤਾਨ ਤੋਂ ਅਾ ਰਹੇ ਹਨ ਅਤੇ ਅੱਤਵਾਦੀ ਹਿੰਸਾ ਕਾਰਨ ਪਲਾਇਨ ਕਰਨ ਦੀ ਕੋਸ਼ਿਸ਼ ’ਚ ਕਈ ਨੌਜਵਾਨ ਨਸ਼ਿਅਾਂ ਦੀ ਲਤ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। 2008 ’ਚ ਵਾਦੀ ਵਿਚ ਨਸ਼ੇ ਵਾਲੇ ਪਦਾਰਥਾਂ ਦੇ ਸ਼ਿਕਾਰ ਨੌਜਵਾਨਾਂ ਦੀ ਗਿਣਤੀ ਸਿਰਫ 5 ਫੀਸਦੀ ਸੀ, ਜੋ ਹੁਣ ਵਧ ਕੇ 40 ਫੀਸਦੀ ਹੋ ਗਈ ਹੈ।
ਫੌਜ ਵਲੋਂ ਬਾਰਾਮੂਲਾ ’ਚ ਚਲਾਇਆ ਜਾ ਰਿਹਾ ਨਸ਼ਾ-ਮੁਕਤੀ ਕੇਂਦਰ ਸਥਾਨਕ ਲੋਕਾਂ ਨੂੰ ਨਸ਼ੇ ਦੀ ਲਤ ’ਚੋਂ ਬਾਹਰ ਕੱਢਣ ਦੀ ਦਿਸ਼ਾ ’ਚ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਮਾਹਿਰਾਂ ਅਨੁਸਾਰ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ’ਚ ਤਣਾਅ ਵੱਡੀ ਭੂਮਿਕਾ ਨਿਭਾਅ ਰਿਹਾ ਹੈ, ਜਦਕਿ ਸੂਬੇ ਵਿਚ ਨਸ਼ੇ ਵਾਲੇ ਪਦਾਰਥਾਂ ਦੀ ਅਾਸਾਨੀ ਨਾਲ ਉਪਲੱਬਧਤਾ ਕਾਰਨ ਸਥਿਤੀ ਹੋਰ ਵਿਗੜ ਰਹੀ ਹੈ।
ਫੌਜ ਦੇ ਨਸ਼ਾ-ਮੁਕਤੀ ਕੇਂਦਰ ਦੇ ਇਕ ਅਧਿਕਾਰੀ ਅਰਜੁਮੰਦ ਮਜੀਦ ਅਨੁਸਾਰ ਅਾਸਾਨੀ ਨਾਲ ਮਿਲਣ ਵਾਲੀ ਹੈਰੋਇਨ ਅਤੇ ਕੋਕੀਨ ਤੋਂ ਇਲਾਵਾ ਭੰਗ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਣ ਵਾਲਾ ਨਸ਼ਾ ਹੈ। ਇਸ ਤੋਂ ਇਲਾਵਾ ਕਸ਼ਮੀਰੀ ਨੌਜਵਾਨਾਂ ਵਲੋਂ ਲੱਕੜੀ ਦੇ ਕੰਮ ਵਿਚ ਵਰਤੇ ਜਾਣ ਵਾਲੇ ਰਸਾਇਣਿਕ ਪਦਾਰਥਾਂ ਦੀ ਵੀ ਨਸ਼ਿਆਂ ਵਜੋਂ ਵਰਤੋਂ ਕੀਤੀ ਜਾ ਰਹੀ ਹੈ।
10-10 ਸਾਲ ਦੀ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਨਸ਼ਿਆਂ ਦਾ ਸੇਵਨ ਕਰਦੇ ਵੇਖਿਆ ਗਿਆ ਹੈ। ਕਈ ਸਕੂਲੀ ਵਿਦਿਆਰਥੀ, ਜਿਨ੍ਹਾਂ ’ਚ ਕੁੜੀਆਂ ਵੀ ਸ਼ਾਮਲ ਹਨ, ਨਸ਼ੇ ਲਈ ਨਿਕੋਟੀਨ, ਬਾਮ, ਨੀਂਦ ਦੀਆਂ ਗੋਲੀਆਂ, ਬੂਟਾਂ ਦੀ ਪਾਲਿਸ਼ ਅਤੇ ਨੇਲ ਪਾਲਿਸ਼ ਰਿਮੂਵਰ ਦੀ ਵਰਤੋਂ ਵੀ ਕਰ ਰਹੇ ਹਨ।
ਪਹਿਲਾਂ ਹੀ ਅੱਤਵਾਦੀ ਹਿੰਸਾ ਤੋਂ ਪੀੜਤ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦਾ ਨਸ਼ਿਆਂ ਦੀ ਗ੍ਰਿਫਤ ਵਿਚ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਤੋਂ ਨੌਜਵਾਨਾਂ ਨੂੰ ਛੇਤੀ ਤੋਂ ਛੇਤੀ ਮੁਕਤ ਕਰਵਾਉਣ ਦੇ ਉਪਾਅ ਕਰਨਾ ਬਹੁਤ ਜ਼ਰੂਰੀ ਹੈ। ਅਜਿਹਾ ਨਾ ਹੋਣ ’ਤੇ ਸੂਬੇ ਦੀ ਸੁਰੱਖਿਆ ਨੂੰ ਖਤਰਾ ਹੋਰ ਵਧ ਜਾਏਗਾ।
-ਵਿਜੇ ਕੁਮਾਰ
ਚੀਨ ਵਲੋਂ ਦੇਸ਼ ’ਚ ਮੁਸਲਮਾਨਾਂ ਦਾ ਦਮਨ, ਵਿਦੇਸ਼ ’ਚ ਮੁਸਲਿਮ ਅੱਤਵਾਦੀਅਾਂ ਦਾ ਸਮਰਥਨ
NEXT STORY