ਹਾਲਾਂਕਿ ਕੁਝ ਹੀ ਮਹੀਨਿਆਂ ’ਚ ਹੋਣ ਜਾ ਰਹੀਆਂ ਦਿੱਲੀ, ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਦੀਆਂ ਮਿਤੀਆਂ ਅਜੇ ਐਲਾਨੀਆਂ ਨਹੀਂ ਗਈਆਂ ਹਨ ਪਰ ਇਨ੍ਹਾਂ ਤਿੰਨਾਂ ਹੀ ਸੂਬਿਆਂ ’ਚ ਚੋਣ ਸਰਗਰਮੀਆਂ ਵਧ ਗਈਆਂ ਹਨ। ਇਸੇ ਲੜੀ ’ਚ ਦਿੱਲੀ ਦੀ ਸੱਤਾ ’ਤੇ ਕਬਜ਼ਾ ਕਾਇਮ ਰੱਖਣ ਲਈ ‘ਆਪ’ ਸਰਕਾਰ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਲੁਭਾਉਣ ਲਈ ਕਈ ਰਿਆਇਤਾਂ ਦਿੱਤੀਆਂ ਹਨ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵਾਲਿਆਂ ਨੂੰ ਇਕ ਹੋਰ ਸੌਗਾਤ ਦਿੰਦੇ ਹੋਏ ਦਿੱਲੀ ਸਰਕਾਰ ਨੇ ਈ, ਐੱਫ, ਜੀ ਅਤੇ ਐੱਚ ਸ਼੍ਰੇਣੀ ਦੀਆਂ ਚਾਰ ਕਾਲੋਨੀਆਂ ਵਿਚ ਰਹਿਣ ਵਾਲੇ ਖਪਤਕਾਰਾਂ ਦੇ ਜਲ ਬੋਰਡ ਦੇ ਘਰੇਲੂ ਮੀਟਰ ਚਾਲੂ ਹਾਲਤ ਵਿਚ ਹੋਣ ਦੀ ਸਥਿਤੀ ਵਿਚ ਉਨ੍ਹਾਂ ਦੇ ਪਾਣੀ ਦਾ ਬਕਾਇਆ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ ਹੈ।
ਏ ਤੋਂ ਡੀ ਸ਼੍ਰੇਣੀ ਦੀਆਂ ਕਾਲੋਨੀਆਂ ਵਿਚ ਰਹਿਣ ਵਾਲੇ ਖਪਤਕਾਰਾਂ ਨੂੰ ਵੀ ਪਾਣੀ ਦੇ ਬਿੱਲਾਂ ਵਿਚ ਭਾਰੀ ਛੋਟ ਦਿੱਤੀ ਗਈ ਹੈ। ਪਾਣੀ ਦੇ ਕਮਰਸ਼ੀਅਲ ਕੁਨੈਕਸ਼ਨ ਆਦਿ ਦੇ ਮਾਮਲੇ ਵਿਚ ਵੀ ਅਨੇਕ ਰਿਆਇਤਾਂ ਦਿੱਤੀਆਂ ਗਈਆਂ ਹਨ ਅਤੇ ਇਹ ਸਹੂਲਤ ਉਨ੍ਹਾਂ ਸਹੂਲਤਾਂ ਤੋਂ ਇਲਾਵਾ ਹੈ, ਜਿਨ੍ਹਾਂ ਦਾ ਐਲਾਨ ਵੋਟਰਾਂ ਨੂੰ ਲੁਭਾਉਣ ਲਈ ‘ਆਪ’ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ।
ਇਨ੍ਹਾਂ ’ਚੋਂ 1 ਅਗਸਤ 2019 ਤੋਂ 200 ਯੂਨਿਟ ਪ੍ਰਤੀ ਮਹੀਨਾ ਫ੍ਰੀ ਬਿਜਲੀ ਦੇਣ, 29 ਅਕਤੂਬਰ ਤੋਂ ਔਰਤਾਂ ਨੂੰ ਬੱਸਾਂ ਵਿਚ ਮੁਫਤ ਯਾਤਰਾ ਸਹੂਲਤ, ਆਟੋ ਰਿਕਸ਼ਿਆਂ ਲਈ 1 ਸਤੰਬਰ ਤੋਂ ਫਿੱਟਨੈੱਸ ਫੀਸ ਅਤੇ ਜੀ. ਪੀ. ਐੱਸ. ਡਿਊਟੀ ਵਿਚ ਛੋਟ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੱਤਰ-ਵਿਹਾਰ ਪਾਠਕ੍ਰਮ ਦੇ ਵਿਦਿਆਰਥੀਆਂ ਲਈ ਸੀ. ਬੀ. ਐੱਸ. ਈ. 2020 ਪ੍ਰੀਖਿਆ ਫੀਸ ਵਿਚ ਛੋਟ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਮੁਫਤ ਵਾਈ-ਫਾਈ ਅਤੇ ਔਰਤਾਂ ਲਈ ਮੈਟਰੋ ’ਚ ਮੁਫਤ ਯਾਤਰਾ ਸਹੂਲਤਾਂ ਦੇ ਪ੍ਰਸਤਾਵ ਸ਼ਾਮਿਲ ਹਨ।
ਭਾਜਪਾ ਨੇ ਇਨ੍ਹਾਂ ਰਿਆਇਤਾਂ ਨੂੰ ‘ਆਪ’ ਵਲੋਂ ਦਿੱਲੀ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦਾ ਇਕ ਹੋਰ ਯਤਨ ਦੱਸਿਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਦਿੱਲੀ ਜਲ ਬੋਰਡ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਪਾਣੀ ਦੇ ਭਾਰੀ-ਭਰਕਮ ਬਿੱਲ ਭੇਜ ਦਿੱਤੇ ਅਤੇ ਜਦੋਂ ਲੋਕਾਂ ਨੇ ਇਨ੍ਹਾਂ ਦੀ ਅਦਾਇਗੀ ਕਰਨ ਤੋਂ ਇਨਕਾਰ ਕੀਤਾ ਤਾਂ ਸਰਕਾਰ ਬਿੱਲਾਂ ਦੀ ਮੁਆਫੀ ਦੀ ਯੋਜਨਾ ਲੈ ਆਈ।
ਰਾਜ ਸਭਾ ਦੇ ਸੰਸਦ ਮੈਂਬਰ ਵਿਜੇ ਗੋਇਲ ਦਾ ਵੀ ਕਹਿਣਾ ਹੈ ਕਿ ਕੇਜਰੀਵਾਲ ਨੇ ਇਕ ਵੀ ਝੁੱਗੀ ਨੂੰ ਪਾਣੀ ਦੀਆਂ ਪਾਈਪ ਲਾਈਨਾਂ ਨਾਲ ਨਹੀਂ ਜੋੜਿਆ ਅਤੇ ਇਸ ਤਰ੍ਹਾਂ ਦੀਆਂ ਰਿਆਇਤਾਂ ਉਨ੍ਹਾਂ ਦੀ ਨਿਰਾਸ਼ਾ ਹੀ ਦਰਸਾਉਂਦੀਆਂ ਹਨ।
ਵਿਰੋਧੀ ਜੋ ਵੀ ਕਹਿਣ, ਹਰੇਕ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਰਿਆਇਤਾਂ ਦਿੰਦੀ ਹੀ ਹੈ, ਜਿਨ੍ਹਾਂ ਨਾਲ ਲੋਕਾਂ ਨੂੰ ਕੁਝ ਲਾਭ ਵੀ ਹੁੰਦਾ ਹੈ। ਇਸ ਲਈ ਕੇਜਰੀਵਾਲ ਵਲੋਂ ਵੀ ਰਿਆਇਤਾਂ ਦਾ ਐਲਾਨ ਕਰਨਾ ਸੁਭਾਵਿਕ ਹੀ ਹੈ।
–ਵਿਜੇ ਕੁਮਾਰ\\\
ਜੰਗੀ ਜਨੂੰਨ ਦੇ ਸ਼ਿਕਾਰ ‘ਪਾਕਿਸਤਾਨੀ ਸ਼ਾਸਕਾਂ’ ਨੂੰ ਸਾਬਕਾ ਵਿਦੇਸ਼ ਮੰਤਰੀ ‘ਹਿਨਾ ਰੱਬਾਨੀ’ ਦੀ ਸਹੀ ਚਿਤਾਵਨੀ
NEXT STORY