ਗਰੀਬਾਂ ਦੀ ਭਲਾਈ ਦੇ ਨਾਂ ’ਤੇ ਬੰਗਾਲ ਦੇ ਛੋਟੇ ਜਿਹੇ ਪਿੰਡ ਨਕਸਲਬਾੜੀ ਤੋਂ 1967 ’ਚ ਸ਼ੁਰੂ ਹੋਇਆ ਮਾਓਵਾਦੀ ਅੰਦੋਲਨ ਪੂਰੀ ਤਰ੍ਹਾਂ ਆਪਣੇ ਰਾਹ ਤੋਂ ਭਟਕ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਭਾਰੀ ਖਤਰਾ ਬਣ ਚੁੱਕਾ ਹੈ।
ਮਾਓਵਾਦ ਤੋਂ ਪ੍ਰਭਾਵਿਤ ਇਲਾਕਿਅਾਂ ’ਚ ਹਿੰਸਕ ਸਰਗਰਮੀਅਾਂ ’ਚ ਸ਼ਾਮਿਲ ਹੋ ਕੇ ਇਹ ਵੱਡੇ ਪੱਧਰ ’ਤੇ ਅਧਿਕਾਰੀਅਾਂ ਦੇ ਅਗ਼ਵਾ, ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਹੋਰਨਾਂ ਬੇਕਸੂਰ ਲੋਕਾਂ ਦੀ ਹੱਤਿਆ, ਲੁੱਟਮਾਰ, ਜ਼ਬਰਦਸਤੀ ਵਸੂਲੀ ਅਤੇ ਆਪਣੇ ਹੀ ਗਿਰੋਹਾਂ ’ਚ ਸ਼ਾਮਿਲ ਔਰਤਾਂ ਤੇ ਹੋਰਨਾਂ ਔਰਤਾਂ ਦਾ ਸੈਕਸ ਸ਼ੋਸ਼ਣ ਕਰ ਰਹੇ ਹਨ।
14 ਮਈ 2017 ਨੂੰ ਝਾਰਖੰਡ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰਨ ਵਾਲੇ 15 ਲੱਖ ਦੇ ਇਨਾਮੀ ਮਾਓਵਾਦੀ ਸਰਗਣੇ ‘ਕੁੰਦਨ ਪਾਹਨ’ ਅਨੁਸਾਰ, ‘‘ਮਾਓਵਾਦੀ ਨੇਤਾ ਹੁਣ ਰਾਹ ਤੋਂ ਭਟਕ ਗਏ ਹਨ। ਉਹ ਭ੍ਰਿਸ਼ਟ ਅਤੇ ਔਰਤਖੋਰ ਬਣ ਗਏ ਹਨ। ਰੰਗੀਨ ਜ਼ਿੰਦਗੀ ਬਿਤਾਉਂਦੇ ਹਨ ਅਤੇ ਬਲਾਤਕਾਰ ਕਰਦੇ ਹਨ।’’
ਇਸੇ ਸਾਲ 19 ਜੂਨ ਨੂੰ ਝਾਰਖੰਡ ’ਚ ਖੂੰਟੀ ਜ਼ਿਲੇ ਦੀ ਕੋਚਾਂਗ ਬਸਤੀ ’ਚ ਮਨੁੱਖੀ ਤਸਕਰੀ ਵਿਰੁੱਧ ਨੁੱਕੜ ਨਾਟਕ ਕਰਨ ਗਈਅਾਂ 5 ਮੁਟਿਆਰਾਂ ਦੇ ਅਗ਼ਵਾ ਤੇ ਗੈਂਗਰੇਪ ’ਚ ਸ਼ਾਮਿਲ ਸਾਰੇ 7 ਦੋਸ਼ੀ ਮਾਓਵਾਦ ਦੇ ਸਮਰਥਕ ਦੱਸੇ ਜਾਂਦੇ ਹਨ।
ਮਾਓਵਾਦੀਅਾਂ ਵਲੋਂ ਗਰੀਬ ਕਬਾਇਲੀ ਔਰਤਾਂ ਦੇ ਸ਼ੋਸ਼ਣ ਦੇ ਸੈਂਕੜੇ ਕਿੱਸੇ ਹਨ। ਆਤਮ-ਸਮਰਪਣ ਕਰਨ ਵਾਲੀਅਾਂ ਮਹਿਲਾ ਮਾਓਵਾਦੀਅਾਂ ਦਾ ਦੋਸ਼ ਹੈ ਕਿ ਮਰਦ ਕਾਮਰੇਡਾਂ ਨੇ ਉਨ੍ਹਾਂ ਦਾ ਖੂਬ ਸ਼ੋਸ਼ਣ ਕੀਤਾ। ਇਕ ਮਹਿਲਾ ਮਾਓਵਾਦੀ ਅਨੁਸਾਰ ਉਸ ਨੂੰ ਦਾਰਜੀਲਿੰਗ ਅਤੇ ਗੋਆ ਵਰਗੀਅਾਂ ਥਾਵਾਂ ’ਤੇ ਲਿਜਾ ਕੇ ਲਗਜ਼ਰੀ ਹੋਟਲਾਂ ’ਚ ਰੱਖਿਆ ਗਿਆ। 2004 ’ਚ ਮਾਓਵਾਦੀ ਅੰਦੋਲਨ ’ਚ ਸ਼ਾਮਿਲ ਹੋਏ ਡਾ. ਸੰਜੇ ਪ੍ਰਮਾਣਿਕ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ਉਸ ਨੂੰ 4-5 ਕੁੜੀਅਾਂ ਨਾਲ ‘ਗਰੁੱਪ ਸੈਕਸ’ ਪਸੰਦ ਹੈ।
2008 ’ਚ ਮਾਓਵਾਦੀਅਾਂ ਨੇ ਰਾਂਚੀ ਵਿਖੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਕੈਸ਼ ਵੈਨ ’ਚੋਂ 5 ਕਰੋੜ ਰੁਪਏ ਲੁੱਟੇ। ਮਾਓਵਾਦੀ ਸਰਗਣਿਅਾਂ ਸੁਧਾਕਰ ਤੇ ਮਾਧਵੀ ਨੇ ਠੇਕੇਦਾਰਾਂ ’ਤੇ ਦਬਾਅ ਪਾ ਕੇ 50-50 ਲੱਖ ਰੁਪਏ ਅਤੇ ਅੱਧਾ-ਅੱਧਾ ਕਿਲੋ ਸੋਨਾ ਆਪਣੇ ਪਰਿਵਾਰਾਂ ਨੂੰ ਹੈਦਰਾਬਾਦ ਭਿਜਵਾਇਆ।
ਕੁਝ ਸਮਾਂ ਪਹਿਲਾਂ ਮਾਓਵਾਦੀਅਾਂ ਨੇ ਬੰਗਾਲ ’ਚ ਹਥਿਆਰਾਂ ਲਈ ਕੱਚਾ ਮਾਲ ਖਰੀਦਣ ਵਾਸਤੇ 1 ਕਰੋੜ ਰੁਪਏ ਖਰਚ ਕੀਤੇ। ਇਨ੍ਹਾਂ ਦੀ ਬਿਹਾਰ-ਝਾਰਖੰਡ ਦੀ ਸਪੈਸ਼ਲ ਏਰੀਆ ਕਮੇਟੀ ਦੇ ਮੈਂਬਰ ਪ੍ਰਦੁਮਨ ਸ਼ਰਮਾ ਨੇ ਪਿਛਲੇ ਸਾਲ ਇਕ ਪ੍ਰਾਈਵੇਟ ਮੈਡੀਕਲ ਕਾਲਜ ’ਚ ਆਪਣੀ ਭਤੀਜੀ ਦੇ ਦਾਖਲੇ ਲਈ 22 ਲੱਖ ਰੁਪਏ ਫੀਸ ਦਿੱਤੀ। ਮਾਓਵਾਦੀ ਸਰਗਣੇ ਸੰਦੀਪ ਯਾਦਵ ਨੇ ਨੋਟਬੰਦੀ ਦੌਰਾਨ 15 ਲੱਖ ਰੁਪਏ ਦੇ ਨੋਟ ਬਦਲਵਾਏ। ਉਸ ਦੀ ਬੇਟੀ ਅਤੇ ਬੇਟੇ ਮਸ਼ਹੂਰ ਪ੍ਰਾਈਵੇਟ ਵਿੱਦਿਅਕ ਅਦਾਰਿਅਾਂ ’ਚ ਪੜ੍ਹਦੇ ਹਨ।
ਮਾਓਵਾਦੀ ਆਮ ਲੋਕਾਂ, ਛੋਟੇ ਵਪਾਰੀਅਾਂ, ਤੇਂਦੂਪੱਤਾ ਠੇਕੇਦਾਰਾਂ, ਸੜਕਾਂ, ਪੁਲਾਂ, ਸਕੂਲਾਂ ਤੇ ਕਮਿਊਨਿਟੀ ਕੇਂਦਰਾਂ ’ਚ ਕੰਮ ਕਰਨ ਵਾਲੇ ਸਰਕਾਰੀ ਠੇਕੇਦਾਰਾਂ ਤੋਂ ਇਲਾਵਾ ਕੋਲਾ ਤੇ ਸਟੀਲ ਉਤਪਾਦਕ ਖੇਤਰਾਂ, ਸਟੋਨ ਕ੍ਰਸ਼ਰਾਂ, ਟਰਾਂਸਪੋਰਟਰਾਂ ਤੇ ਸਥਾਨਕ ਠੇਕੇਦਾਰਾਂ ਆਦਿ ਤੋਂ ਧਨ ਦੀ ਜ਼ਬਰਦਸਤੀ ਵਸੂਲੀ ਕਰਦੇ ਹਨ। ਇਸ ਦਾ ਵੱਡਾ ਹਿੱਸਾ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਖਰੀਦਣ ’ਤੇ ਖਰਚ ਕੀਤਾ ਜਾਂਦਾ ਹੈ।
ਜਿੱਥੋਂ ਤਕ ਲੁੱਟੇ ਹੋਏ ਧਨ ਨੂੰ ਸੰਭਾਲਣ ਦੀ ਗੱਲ ਹੈ, ਇਸ ਨੂੰ ਸੰਭਾਲਣ ਦੇ ਉਨ੍ਹਾਂ ਦੇ ਤਰੀਕੇ ਵੀ ਹੈਰਾਨ ਕਰਨ ਵਾਲੇ ਹਨ ਅਤੇ ਉਨ੍ਹਾਂ ਨੇ ਕਈ ਤਰੀਕਿਅਾਂ ਨਾਲ ਆਪਣਾ ਧਨ ਟਿਕਾਣੇ ਲਾਇਆ ਹੈ। ਉਹ ਨੋਟਾਂ ਦੇ ਵੱਡੇ ਬੰਡਲਾਂ ਨੂੰ ਪਾਲੀਥੀਨ ਦੇ ਲਿਫਾਫਿਅਾਂ ’ਚ ਲਪੇਟ ਕੇ ਉਨ੍ਹਾਂ ਨੂੰ ਲੋਹੇ ਦੇ ਬਕਸਿਅਾਂ ’ਚ ਬੰਦ ਕਰ ਕੇ ਦੂਰ ਜੰਗਲਾਂ ’ਚ ਟੋਏ ਪੁੱਟ ਕੇ ਦਬਾ ਦਿੰਦੇ ਹਨ।
ਮਾਓਵਾਦੀ ਇਸ ਧਨ ਨੂੰ ਸੋਨੇ ਦੇ ਬਿਸਕੁਟ ਅਤੇ ਪ੍ਰਾਪਰਟੀ ਖਰੀਦਣ ਤੋਂ ਇਲਾਵਾ ਫਿਕਸ ਡਿਪਾਜ਼ਿਟਾਂ ’ਚ ਲਾ ਰਹੇ ਹਨ। ਉਹ ਪ੍ਰਾਪਰਟੀ ਡੀਲਰਾਂ ਕੋਲ ਵੀ ਆਪਣੀ ਰਕਮ ਰੱਖ ਦਿੰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਜ਼ਿਆਦਾ ਭਰੋਸੇਮੰਦ ਮੰਨਦੇ ਹਨ।
ਕੌਮੀ ਜਾਂਚ ਏਜੰਸੀ ਨੇ ਖੱਬੇਪੱਖੀ ਅੱਤਵਾਦ ਤੋਂ ਪ੍ਰਭਾਵਿਤ 90 ਜ਼ਿਲਿਅਾਂ ’ਚ 6 ਮਹੀਨਿਅਾਂ ਦੀ ਪੜਤਾਲ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ ਕਿ ਚੋਟੀ ਦੇ ਮਾਓਵਾਦੀ ਨੇਤਾ ਪ੍ਰਾਪਰਟੀ, ਸ਼ੇਅਰ ਬਾਜ਼ਾਰ ਅਤੇ ਕਾਰੋਬਾਰ ’ਚ ਨਿਵੇਸ਼ ਕਰਨ ਤੋਂ ਇਲਾਵਾ ਆਪਣੇ ਬੱਚਿਅਾਂ ਦੀ ਪੜ੍ਹਾਈ ’ਤੇ ਵੀ ਭਾਰੀ ਰਕਮਾਂ ਖਰਚ ਕਰਦੇ ਹਨ।
ਕੌਮੀ ਜਾਂਚ ਏਜੰਸੀ ਖੱਬੇਪੱਖੀ ਅੱਤਵਾਦ ਤੋਂ ਪ੍ਰਭਾਵਿਤ ਜ਼ਿਲਿਅਾਂ ’ਚ ‘ਟੈਰਰ ਫੰਡਿੰਗ’ ਦੇ 10 ਮਾਮਲਿਅਾਂ ਦੀ ਜਾਂਚ ਕਰ ਰਹੀ ਹੈ ਤੇ ਇਸ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਵੱਖ-ਵੱਖ ਏਜੰਸੀਅਾਂ ਦੇ ਮੋਟੇ ਅੰਦਾਜ਼ੇ ਮੁਤਾਬਿਕ ਮਾਓਵਾਦੀ ਹਰ ਸਾਲ ਘੱਟੋ-ਘੱਟ 100-120 ਕਰੋੜ ਰੁਪਏ ਇਕੱਠੇ ਕਰ ਰਹੇ ਹਨ।
ਮਾਓਵਾਦੀਅਾਂ ਦੀਅਾਂ ਅਜਿਹੀਅਾਂ ਹੀ ਦੇਸ਼-ਵਿਰੋਧੀ ਸਰਗਮੀਅਾਂ ਨੂੰ ਦੇਖਦਿਅਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਨ੍ਹਾਂ ਨੂੰ ਦੇਸ਼ ਲਈ ਅੱਤਵਾਦ ਤੋਂ ਵੀ ਵੱਡਾ ਖਤਰਾ ਦੱਸਿਆ ਸੀ, ਜਿਨ੍ਹਾਂ ਨੂੰ ਕੁਚਲਣ ਵਾਸਤੇ ਸਰਕਾਰ ਨੂੰ ਉਸੇ ਤਰ੍ਹਾਂ ਸਖਤ ਕਦਮ ਚੁੱਕਣ ਦੀ ਲੋੜ ਹੈ, ਜਿਸ ਤਰ੍ਹਾਂ ਸ਼੍ਰੀਲੰਕਾ ਸਰਕਾਰ ਨੇ ਲਿੱਟੇ ਅੱਤਵਾਦੀਅਾਂ ਵਿਰੁੱਧ ਕਾਰਵਾਈ ਕਰ ਕੇ 6 ਮਹੀਨਿਅਾਂ ’ਚ ਹੀ ਆਪਣੇ ਦੇਸ਼ ’ਚੋਂ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ।
–ਵਿਜੇ ਕੁਮਾਰ
‘ਮਨ ਨੂੰ ਸਕੂਨ ਦੇਣ ਵਾਲੇ’ 2 ਚੰਗੇ ਜਨ-ਹਿਤੈਸ਼ੀ ‘ਫੈਸਲੇ’
NEXT STORY