ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਸੰਵਿਧਾਨ ਦੀ ਆਰਟੀਕਲ-370 ਖਤਮ ਕਰਨ ’ਤੇ ਪਾਕਿਸਤਾਨ ਵਲੋਂ ਵਿਸ਼ਵ ਦੇ ਨੇਤਾਵਾਂ ਅੱਗੇ ਸਮਰਥਨ ਦੀ ਦੁਹਾਈ ਦੇਣ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਅਮਰੀਕਾ, ਚੀਨ ਅਤੇ ਰੂਸ ਵਲੋਂ ਇਸ ਮਾਮਲੇ ’ਚ ਪਾਕਿਸਤਾਨ ਦੇ ਨਾਲ ਖੜ੍ਹੇ ਹੋਣ ਤੋਂ ਇਨਕਾਰ ਕਰ ਦੇਣ ਨਾਲ ਪਾਕਿਸਤਾਨ ਬਿਲਕੁਲ ਅਲੱਗ-ਥਲੱਗ ਪੈ ਗਿਆ ਹੈ।
ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ‘‘ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਵੀ ਸਾਨੂੰ ਸਮਰਥਨ ਮਿਲਣਾ ਮੁਸ਼ਕਿਲ ਹੈ। ਸਾਨੂੰ ਮੂਰਖਾਂ ਦੇ ਸਵਰਗ ਵਿਚ ਨਹੀਂ ਰਹਿਣਾ ਚਾਹੀਦਾ। ਪਾਕਿਸਤਾਨੀ ਅਤੇ ਕਸ਼ਮੀਰੀਆਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਕੋਈ ਤੁਹਾਡੇ ਲਈ ਨਹੀਂ ਖੜ੍ਹਾ ਹੈ। ਭਾਵਨਾਵਾਂ ਉਭਾਰਨਾ ਅਤਿਅੰਤ ਆਸਾਨ ਹੈ ਪਰ ਹੁਣ ਇਸ ਮੁੱਦੇ ਨੂੰ ਹੋਰ ਅੱਗੇ ਲਿਜਾਣਾ ਮੁਸ਼ਕਿਲ ਹੈ।’’
ਦੂਜੇ ਪਾਸੇ ਦਿੱਲੀ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਅਬਦੁੱਲ ਬਾਸਿਤ ਨੇ ਭਾਰਤ ਨਾਲ ਜੰਗ ਦੀ ਧਮਕੀ ਦਿੰਦਿਆਂ ਕਿਹਾ ਹੈ ਕਿ ‘‘ਜੇਕਰ ਭਾਰਤ ਹੱਦ ਪਾਰ ਕਰੇ ਤਾਂ ਜੰਗ ਕਰਨੀ ਚਾਹੀਦੀ ਹੈ ਅਤੇ ਕਸ਼ਮੀਰ ਦੇ ਮਾਮਲੇ ’ਚ ਵਿਦੇਸ਼ ਮੰਤਰਾਲੇ ਨੂੰ ਵੱਖਰਾ ਸੈੱਲ ਬਣਾਉਣਾ ਚਾਹੀਦਾ ਹੈ।’’
ਇਤਿਹਾਸ ਗਵਾਹ ਹੈ ਕਿ ਭਾਰਤ ਨੇ ਕਿਸੇ ਵੀ ਦੇਸ਼ ’ਤੇ ਕਦੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਲਿਹਾਜ਼ਾ, ਪਾਕਿਸਤਾਨ ਦੇ ਸ਼ਾਸਕਾਂ ਨੇ ਹੋਂਦ ’ਚ ਆਉਣ ਦੇ ਸਮੇਂ ਤੋਂ ਲੈ ਕੇ ਹੁਣ ਤਕ ਆਪਣੇ ਪਾਲੇ ਹੋਏ ਅਤੇ ਕਸ਼ਮੀਰ ਵਿਚ ਵੱਖਵਾਦੀ ਸਰਗਰਮੀਆਂ ਨੂੰ ਭੜਕਾਉਣ ਵਾਲੇ ਭਾਰਤ ਵਿਰੋਧੀ ਅਨਸਰਾਂ ਨੂੰ ‘ਸੀਕ੍ਰੇਟ ਫੰਡ’ ਦੇ ਕੇ ਆਪਣੀ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਰਾਹੀਂ ਭਾਰਤ ਵਿਰੋਧੀ ਸਰਗਰਮੀਆਂ ਦਾ ਸਿਲਸਿਲਾ ਜ਼ਰੂਰ ਜਾਰੀ ਰੱਖਿਆ ਹੋਇਆ ਹੈ।
ਜਿੱਥੋਂ ਤਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਸਬੰਧ ਹੈ, ਉਨ੍ਹਾਂ ਦਾ ਇਹ ਮੰਨਣਾ ਬਿਲਕੁਲ ਸਹੀ ਹੈ ਕਿ ਅੱਜ ਕਸ਼ਮੀਰ ਦੇ ਮਾਮਲੇ ’ਤੇ ਪਾਕਿਸਤਾਨ ਵਿਸ਼ਵ ਭਾਈਚਾਰੇ ’ਚ ਬਿਲਕੁਲ ਅਲੱਗ-ਥਲੱਗ ਪੈ ਗਿਆ ਹੈ ਪਰ ਸਾਬਕਾ ਡਿਪਲੋਮੈਟ ਅਬਦੁਲ ਬਾਸਿਤ ਦੀ ਭਾਰਤ ਨੂੰ ਜੰਗ ਦੀ ਧਮਕੀ ਗਿੱਦੜ ਭਬਕੀ ਤੋਂ ਸਿਵਾਏ ਕੁਝ ਨਹੀਂ ਹੈ।
ਭਾਰਤ ਨੂੰ ਜੰਗ ਦੀ ਧਮਕੀ ਵਰਗੀਆਂ ਗੱਲਾਂ ਕਹਿ ਕੇ ਉਹ ਆਪਣੀ ਜਨਤਾ ਨੂੰ ਹੀ ਗੁੰਮਰਾਹ ਕਰ ਰਹੇ ਹਨ ਪਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਹੀ ਕਹਿ ਰਹੇ ਹਨ ਕਿ ‘‘ਸਾਨੂੰ ਮੂਰਖਾਂ ਦੇ ਸਵਰਗ ਵਿਚ ਨਹੀਂ ਰਹਿਣਾ ਚਾਹੀਦਾ ਅਤੇ ਹੁਣ ਇਸ ਮੁੱਦੇ ਨੂੰ ਹੋਰ ਅੱਗੇ ਲਿਜਾਣਾ ਮੁਸ਼ਕਿਲ ਹੈ।’’
–ਵਿਜੇ ਕੁਮਾਰ
ਜਮਹੂਰੀ ਪ੍ਰਣਾਲੀ ਦੀ ਬਹਾਲੀ ਨੂੰ ਲੈ ਕੇ ਹਾਂਗਕਾਂਗ ’ਚ ਹਿੰਸਾ ਅਤੇ ਪ੍ਰਦਰਸ਼ਨ ਜਾਰੀ
NEXT STORY