(ਮਨਜੀਤ ਸਿੰਘ ਬੱਧਣ)
ਰੋਜ਼ ਸਵੇਰੇ ਰੱਬ ਨੂੰ ਮਨਾਉਂਦੇ ਸਪੀਕਰ, ਭਗਤਾਂ ਦੀ ਲਿਵ ਬਿਨ ਰੌਲ਼ੇ ਜੁੜ ਜਾਂਦੀ ਹੈ।
ਸਪੀਕਰਾਂ ਦੀ ਆਵਾਜ਼, ਦਿਹਾੜੀ ਦੀ ਚਿੰਤਾ, ਜੀਤੇ ਦੀ ਨੀਂਦ ਕਿਤੇ ਉੜ ਜਾਂਦੀ ਹੈ।
ਬੰਨ੍ਹ ਪਰਨਾ ਤੁਰ ਜਾਂਦਾ ਬਾਹਰ ਹੌਲ਼ੇ ਹੌਲ਼ੇ,
ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲ਼ੇ,
ਉੱਠ ਜਾਂਦੀ ਹੈ ਜਲਦੀ ਰਾਣੋ ਵੀ, ਲਾ ਬਹੁਕਰ ਚੁੱਲ੍ਹੇ ਅੱਗ ਪਾਉਂਦੀ ਹੈ।
ਝਾੜ ਲੈਂਦੀ ਪ੍ਰਾਤ ਵਿੱਚ ਸਾਰਾ ਆਟਾ, ਬੱਚਿਆਂ ਨੂੰ ਫਿਰ ਜਗਾਉਂਦੀ ਹੈ।
ਗੁੰਨ੍ਹ ਰਹੀ ਹੈ ਆਟਾ ਮੂੰਹੋਂ ਕੁਝ ਨਾ ਬੋਲੇ,
ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲ਼ੇ
ਜੀਤਾ-ਰਾਣੋ ਜਿੰਦ-ਜਾਨ ਇਕ-ਦੂਜੇ ਦੀ, ਲਾਡਲਾ ਪੁੱਤ, ਧੀ ਬੜੀ ਪਿਆਰੀ ਏ।
ਰੁੱਖਾ-ਮਿੱਸਾ ਰਲ-ਮਿਲ ਖਾ-ਪੀ ਲੈਂਦੇ, ਖੁਸ਼ੀ-ਗ਼ਮੀ ਵਾਲੀ ਜ਼ਿੰਦਗੀ ਨਿਆਰੀ ਏ।
ਔਖੇ-ਸੌਖੇ ਪੜ੍ਹ ਜਾਵਣ ਬੜੇ ਨੇ ਓਲ਼ੇ–ਭੋਲ਼ੇ,
ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲ਼ੇ
ਰਾਣੋ! ਮੁੜ ਆਇਆ ਬਾਹਰੋਂ ਬੰਦਾ ਤੇਰਾ, ਇਸ ਨਾਲ ਗ਼ਮਾਂ ‘ਚ ਜੀਅ ਰਹੀ ਏਂ।
ਜੋ ਭਾਗਾਂ ਵਿੱਚ ਲਿਖਿਆ ਓਹੀ ਹੋ ਰਿਹਾ, ਕਿਉਂ ਲੁਕ-ਲੁਕ ਤੂੰ ਹੰਝੂ ਪੀ ਰਹੀ ਏਂ।
ਚਾਵਾਂ ਨਾਲ ਹਿੱਥੇ ਆਈ ਸੀ ਚੜ੍ਹ ਡੋਲ਼ੇ,
ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲ਼ੇ
ਇੱਕ-ਦੋ-ਤਿੰਨ ਦਿਨਾਂ ਦੀ ਝੜੀ ਵਿੱਚ, ਮੀਂਹ ਜਲ-ਥਲ ਇੱਕ ਕਰ ਗਿਆ ਹੈ।
ਨਾ ਮਿਲੀ ਦਿਹਾੜੀ, ਚੋ ਰਹੇ ਕੋਠੇ, ਕਿਸਾਨ-ਮਜ਼ਦੂਰ ਜਾਣੋਂ ਮਰ ਗਿਆ ਹੈ।
ਕਿਸ ਦਰ ਜਾ ਕੇ ਆਪਣਾ ਦੁੱਖ ਫਰੋਲੇ,
ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲ਼ੇ
ਮਾਰ ਹੱਥ ਕਾਠੀ ‘ਤੇ, ਤੁਰ ਪਿਆ ਜੀਤਾ, ਆ ਗੁਰਦਵਾਰੇ ਕੋਲ ਸਿਰ ਝੁਕ ਗਿਆ।
ਕਿਣ-ਮਿਣ ਕਿਣ-ਮਿਣ ਵਿੱਚ ਚਲਾਵੇ ‘ਸੈਕਲ, ਮਜਦੂਰਾਂ ਕੋਲ ਆ ਰੁਕ ਗਿਆ।
ਰੱਬਾ! ਵੇਖੀਂ ਹੋ ਨਾ ਜਾਵੀਂ ਬੱਦਲਾਂ ਓਹਲੇ,
ਸੁਣ ਮੇਰੀ ਵੀ ਆਵਾਜ਼ ਨਾਲ ਲੋਕਾਂ ਦੇ ਰੌਲ਼ੇ
ਧੀ ਨੂੰ ਲੋੜ ਹੈ ਨਵੀਆਂ ਕਾਪੀਆਂ ਦੀ, ਪੁੱਤ ਮੰਗ ਰਿਹਾ ਸੈਲਾਂ ਵਾਲੀ ਕਾਰ ਹੈ।
ਫਟ ਰਹੀ ਹੈ ਚੁੰਨੀ ਰਾਣੋ ਦੀ ਵੀ, ਹੋ ਜਾਂਦੀ ਕਈ ਵਾਰ ਦੋਹਾਂ ਵਿੱਚ ਤਕਰਾਰ ਹੈ।
ਥੋੜ੍ਹਾ ਬਹੁਤ ਲੜ ਲੁੜ ਹੋ ਜਾਵਣ ਹੌਲੇ ,
ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲ਼ੇ
ਨੀਤਾਂ ਨੂੰ ਮੁਰਾਦਾਂ, ਲੱਗੀ ਦਿਹਾੜੀ ਜੀਤੇ ਦੀ, ਲੈ ਲਈ ਆਟੇ ਦੀ ਥੈਲੀ, ਥੋੜੀ ਦਾਲ,
ਪੁੱਤ ਲਈ ਗਡੀਰਾ, ਧੀ ਲਈ ਨਵੀਂ ਕਾਪੀ, ਰਾਣੋ ਬਣ ਜਾਊ ਰਾਣੀ ਲੈ ਕੇ ਚੁੰਨੀ ਲਾਲ
ਲੈ ਅਧੀਆ ਆਪਣੇ ਲਈ ਗਾਉਂਦਾ ਆਵੇ ਢੋਲੇ,
ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲ਼ੇ
------------------------
ਦੁਸ਼ਮਣ ਲਿਖ ਦਿਆਂ ਯਾਰ ਲਿਖ ਦਿਆਂ
ਗ਼ਜ਼ਲ ਲਿਖ ਦਿਆਂ ਗੀਤ ਲਿਖ ਦਿਆਂ
ਕਵਿਤਾ ਨਾਲ ਗੂੜ੍ਹੀ ਪ੍ਰੀਤ ਲਿਖ ਦਿਆਂ
ਘਰ ਲਿਖ ਦਿਆਂ ਬਾਹਰ ਲਿਖ ਦਿਆਂ
ਦੁਸ਼ਮਣ ਲਿਖ ਦਿਆਂ ਯਾਰ ਲਿਖ ਦਿਆਂ।
ਨਜ਼ਮ ਲਿਖ ਦਿਆਂ ਛੰਦ ਲਿਖ ਦਿਆਂ
ਮਨ ਦੀਆਂ ਅੱਖਾਂ ਕਰ ਬੰਦ ਲਿਖ ਦਿਆਂ
ਨਫ਼ਰਤ ਲਿਖ ਦਿਆਂ ਪਿਆਰ ਲਿਖ ਦਿਆਂ
ਦੁਸ਼ਮਣ ਲਿਖ ਦਿਆਂ ਯਾਰ ਲਿਖ ਦਿਆਂ।
ਦੋਹਰਾ ਲਿਖ ਦਿਆਂ ਬੋਲੀ ਲਿਖ ਦਿਆਂ
ਦੁਨੀਆਂ ਕਿੰਨੀ ਕੁ ਭੋਲੀ ਲਿਖ ਦਿਆਂ
ਬੰਬ ਲਿਖ ਦਿਆਂ ਹਥਿਆਰ ਲਿਖ ਦਿਆਂ
ਦੁਸ਼ਮਣ ਲਿਖ ਦਿਆਂ ਯਾਰ ਲਿਖ ਦਿਆਂ।
ਰਾਂਝਾ ਲਿਖ ਦਿਆਂ ਹੀਰ ਲਿਖ ਦਿਆਂ
ਸੁਖਚੈਨ, ਹੁੰਦਾ ਕੀ ਫ਼ਕੀਰ ਲਿਖ ਦਿਆਂ
ਆਰ ਲਿਖ ਦਿਆਂ ਪਾਰ ਲਿਖ ਦਿਆਂ
ਦੁਸ਼ਮਣ ਲਿਖ ਦਿਆਂ ਯਾਰ ਲਿਖ ਦਿਆਂ।
ਸੁਖਚੈਨ ਸਿੰਘ, ਠੱਠੀ ਭਾਈ,
‘ਇਹ ਹੈ ਭਾਰਤ ਦੇਸ਼ ਅਸਾਡਾ’: ਆਪਣਿਆਂ ਨਾਲ ‘ਸ਼ਰਮਨਾਕ ਕਰਤੂਤਾਂ’ ਕਰ ਰਹੇ ਆਪਣੇ ਹੀ
NEXT STORY