ਅੰਗ੍ਰੇਜ਼ਾਂ ਦੇ ਸ਼ਾਸਨਕਾਲ ਦੌਰਾਨ 1837 ’ਚ ਭਾਰਤ ’ਚ ਪਹਿਲੀ ਮਾਲਗੱਡੀ ਗ੍ਰੇਨਾਈਟ ਦੀ ਢਲਾਈ ਲਈ ਮਦਰਾਸ ’ਚ ‘ਲਾਲ ਪਹਾੜੀਆਂ’ ਅਤੇ ਉੱਥੋਂ ਸਿਰਫ 25 ਕਿਲੋਮੀਟਰ ਦੂਰ ‘ਚਿੰਤਾਦ੍ਰੀਪੇਟ ਪੁਲ’ ਦਰਮਿਆਨ ਚੱਲੀ ਸੀ ਅਤੇ ਇਸ ਦਾ ਨਿਰਮਾਣ ‘ਸਰ ਆਰਥਰ ਕਾਟਨ’ ਨਾਂ ਦੇ ਇੰਜੀਨੀਅਰ ਨੇ ਕੀਤਾ ਸੀ।
176 ਸਾਲ ਪਹਿਲਾਂ 21 ਅਗਸਤ, 1847 ਨੂੰ ‘ਈਸਟ ਇੰਡੀਆ ਕੰਪਨੀ’ ਨਾਲ ਮਿਲ ਕੇ ‘ਦਿ ਗ੍ਰੇਟ ਇੰਡੀਅਨ ਪੈਨਿਨਸੁਲਾ ਰੇਲਵੇ’ ਨੇ 56 ਕਿਲੋਮੀਟਰ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਅਤੇ 16 ਅਪ੍ਰੈਲ, 1853 ਨੂੰ ਇਸੇ ਟ੍ਰੈਕ ’ਤੇ ਪਹਿਲੀ ਯਾਤਰੀ ਰੇਲ ਗੱਡੀ ਵਰਤਮਾਨ ਮੁੰਬਈ ਦੇ ਬੋਰੀਬੰਦਰ ਤੋਂ ਠਾਣੇ ਦਰਮਿਆਨ ਚਲਾਈ ਗਈ। ਇਸ ਦਾ ਸਿਹਰਾ ਭਾਰਤ ਦੇ ਤਤਕਾਲੀ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਰਤਾਨਵੀ ਸਰਕਾਰ ਨੂੰ ਭਾਰਤ ’ਚ ਰੇਲਵੇ ਸ਼ੁਰੂ ਕਰਨ ਲਈ ਰਾਜ਼ੀ ਕੀਤਾ।
ਇਸ ’ਚ 400 ਯਾਤਰੀ ਸਵਾਰ ਸਨ ਅਤੇ ਇਸ ਦਿਨ ਜਨਤਕ ਛੁੱਟੀ ਐਲਾਨੀ ਗਈ ਸੀ। ਕੁਲ ਲਗਭਗ 34 ਕਿਲੋਮੀਟਰ ਦਾ ਸਫਰ ਤੈਅ ਕਰਨ ਵਾਲੀ ਇਸ ਰੇਲਗੱਡੀ ਨੂੰ ‘ਸਾਹਬ’, ‘ਸਿੰਧ’ ਅਤੇ ‘ਸੁਲਤਾਨ’ ਨਾਂ ਦੇ ਤਿੰਨ ਇੰਜਣ ਖਿੱਚਦੇ ਸਨ।
ਉਦੋਂ ਤੋਂ ਅੱਜ ਤੱਕ ਭਾਰਤੀ ਰੇਲਵੇ ਨੇ ਇਕ ਲੰਬਾ ਸਫਰ ਤੈਅ ਕੀਤਾ ਹੈ ਅਤੇ ਅੱਜ ਦੇ ਮਹਿੰਗਾਈ ਦੇ ਯੁੱਗ ’ਚ ਇਹ ਆਵਾਜਾਈ ਅਤੇ ਮਾਲ ਢੁਆਈ ਦਾ ਸਭ ਤੋਂ ਸਸਤਾ ਅਤੇ ਪਸੰਦੀਦਾ ਜ਼ਰੀਆ ਹੈ। ਭਾਰਤੀ ਰੇਲਵੇ ਨੈੱਟਵਰਕ ਦੀ ਕੁਲ ਲੰਬਾਈ ਲਗਭਗ 115,000 ਕਿਲੋਮੀਟਰ ਹੈ ਅਤੇ ਰੇਲਾਂ ਰੋਜ਼ਾਨਾ ਲਗਭਗ ਢਾਈ ਕਰੋੜ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਤੋਂ ਇਲਾਵਾ ਲਗਭਗ 93 ਲੱਖ ਟਨ ਤੋਂ ਵੱਧ ਸਾਮਾਨ ਢੋਂਹਦੀਆਂ ਹਨ।
ਦੇਸ਼ ਦੀ ਆਜ਼ਾਦੀ ਪਿੱਛੋਂ ਹੁਣ ਤੱਕ ਆਉਣ ਵਾਲੇ ਰੇਲ ਮੰਤਰੀਆਂ ਨੇ ਰੇਲਵੇ ’ਚ ਆਪਣੇ-ਆਪਣੇ ਢੰਗ ਨਾਲ ਸੁਧਾਰ ਤੇ ਵਿਸਥਾਰ ਕੀਤਾ। ਜਿੱਥੇ ਤਤਕਾਲੀ ਰੇਲ ਮੰਤਰੀ ਲਾਲੂ ਯਾਦਵ ਨੇ 2005 ’ਚ ਚਾਰ ਦਰਜਨ ਦੇ ਲਗਭਗ ਨਵੀਆਂ ਰੇਲਗੱਡੀਆਂ ਚਲਾਈਆਂ, ਉੱਥੇ ਕਈ ਰੇਲਗੱਡੀਆਂ ਦੀ ਰਫਤਾਰ ਅਤੇ ਡੱਬਿਆਂ ਦੀ ਗਿਣਤੀ ਵਧਾਈ।
ਬਾਅਦ ਦੇ ਰੇਲ ਮੰਤਰੀਆਂ ਦੇ ਦੌਰ ’ਚ ਵੀ ਇਹ ਸਿਲਸਿਲਾ ਜਾਰੀ ਰਿਹਾ। ਇਸ ਦੌਰਾਨ ਜਿੱਥੇ ਦੇਸ਼ ’ਚ ਪੈਸੰਜਰ ਮੇਲ ਅਤੇ ਐਕਸਪ੍ਰੈੱਸ ਗੱਡੀਆਂ ਦੇ ਇਲਾਵਾ 34 ਤੇਜ਼ ਰਫਤਾਰ ‘ਵੰਦੇ ਭਾਰਤ’ ਰੇਲਗੱਡੀਆਂ ਚੱਲ ਰਹੀਆਂ ਹਨ ਉੱਥੇ ‘ਬੁਲੇਟ ਟ੍ਰੇਨ’ ਸ਼ੁਰੂ ਕਰਨ ਦੀ ਯੋਜਨਾ ’ਤੇ ਵੀ ਕੰਮ ਹੋ ਰਿਹਾ ਹੈ, ਜਿਸ ਦੀ ਰਫਤਾਰ 320 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਇਸ ਦੌਰਾਨ 16 ਨਵੰਬਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਹੈ ਕਿ ਆਬਾਦੀ ’ਚ ਵਾਧੇ ਕਾਰਨ ਉਹ ਅਗਲੇ 4-5 ਸਾਲਾਂ ’ਚ ਰੇਲਵੇ ਦੀ ਮੌਜੂਦਾ ਯਾਤਰੀ ਢੋਹਣ ਦੀ ਸਮਰੱਥਾ 800 ਕਰੋੜ ਤੋਂ ਵਧਾ ਕੇ 1000 ਕਰੋੜ ਕਰਨ ਲਈ 3000 ਨਵੀਆਂ ਰੇਲਗੱਡੀਆਂ ਸ਼ੁਰੂ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ, ਜਿਸ ਨਾਲ 2027 ਤੱਕ ਸਾਰੇ ਯਾਤਰੀਆਂ ਨੂੰ ਕਨਫਰਮ ਟਿਕਟ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯਾਤਰਾ ਦਾ ਸਮਾਂ ਘੱਟ ਕਰਨਾ ਉਨ੍ਹਾਂ ਦੇ ਮੰਤਰਾਲਾ ਦਾ ਇਕ ਹੋਰ ਮਹੱਤਵਪੂਰਨ ਟੀਚਾ ਹੈ।
ਭਾਰਤੀ ਰੇਲ ਸੇਵਾਵਾਂ ’ਚ ਵਿਸਥਾਰ ਕਰਨ ਦੀ ਰੇਲ ਮੰਤਰੀ ਦੀ ਯੋਜਨਾ ਸ਼ਲਾਘਾਯੋਗ ਹੈ ਪਰ ਭਾਰਤੀ ਰੇਲ ਪ੍ਰਣਾਲੀ ਇਸ ਸਮੇਂ ਸੁਰੱਖਿਆ ਸਬੰਧੀ ਕਈ ਸਮੱਸਿਆਵਾਂ ਤੋਂ ਪੀੜਤ ਹੈ ਅਤੇ ਪਿਛਲੇ ਲਗਭਗ 18 ਦਿਨਾਂ ’ਚ ਹੀ ਘੱਟ ਤੋਂ ਘੱਟ 4 ਰੇਲ ਹਾਦਸੇ ਹੋ ਚੁੱਕੇ ਹਨ :
* 31 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਰੇਲਵੇ ਸਟੇਸ਼ਨ ’ਤੇ ਸੁਹੇਲਦੇਵ ਐਕਸਪ੍ਰੈੱਸ ਦੇ 2 ਡੱਬੇ ਅਤੇ ਇੰਜਣ ਲੀਹੋਂ ਲੱਥ ਗਏ।
* 14 ਨਵੰਬਰ ਨੂੰ ਓਡਿਸ਼ਾ ਦੇ ਪੁਰੀ ਰੇਲਵੇ ਸਟੇਸ਼ਨ ਦੇ ਡਿਪੂ ’ਚ ਖੜ੍ਹੀ ਇਕ ਬੋਗੀ ਨੂੰ ਅੱਗ ਲੱਗ ਗਈ ਜਿਸ ਨਾਲ ਉਸ ਦਾ ਹੇਠਲਾ ਹਿੱਸਾ ਨੁਕਸਾਨਿਆ ਗਿਆ।
* 15 ਨਵੰਬਰ ਨੂੰ ਇਟਾਵਾ ਦੇ ਨੇੜੇ ਦਿੱਲੀ-ਹਾਵੜਾ ਰੇਲ ਮਾਰਗ ’ਤੇ ਸਿਰਫ 40 ਕਿਲੋਮੀਟਰ ਦੀ ਰਫਤਾਰ ਨਾਲ ਦੌੜ ਰਹੀ ਨਵੀਂ ਦਿੱਲੀ-ਦਰਭੰਗਾ ਐਕਸਪ੍ਰੈੱਸ ’ਚ ਧਮਾਕੇ ਪਿੱਛੋਂ ਅੱਗ ਲੱਗ ਜਾਣ ਨਾਲ 2 ਬੋਗੀਆਂ ਅਤੇ ਇਕ ਪਾਰਸਲ ਕੋਚ ਸੜ ਕੇ ਸਵਾਹ ਹੋ ਗਏ।
* 16 ਨਵੰਬਰ ਨੂੰ ਇਟਾਵਾ ਜ਼ਿਲੇ ’ਚ ਦਿੱਲੀ-ਸਹਰਸਾ ਵੈਸ਼ਾਲੀ ਐਕਸਪ੍ਰੈੱਸ ਦੇ ਇਕ ਡੱਬੇ ’ਚ ਅੱਗ ਲੱਗ ਜਾਣ ਨਾਲ 21 ਯਾਤਰੀ ਝੁਲਸ ਗਏ।
ਧਿਆਨ ਰਹੇ ਕਿ 2 ਜੂਨ ਨੂੰ ਓਡਿਸ਼ਾ ਦੇ ਬਾਲਾਸੌਰ ’ਚ ਹੋਏ ਰੇਲ ਹਾਦਸੇ ਪਿੱਛੋਂ ਹੁਣ ਤੱਕ ਦੇਸ਼ ’ਚ ਵੱਖ-ਵੱਖ ਰੇਲ ਹਾਦਸਿਆਂ ’ਚ ਘੱਟ ਤੋਂ ਘੱਟ 304 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਜਾਇਦਾਦ ਦੀ ਜੋ ਹਾਨੀ ਹੋਈ ਉਹ ਵੱਖਰੀ।
ਇਸ ਲਈ ਅਸੀਂ ਰੇਲ ਮੰਤਰੀ ਨੂੰ ਕਹਿਣਾ ਚਾਹਾਂਗੇ ਕਿ ਜਿੱਥੇ ਨਵੀਆਂ ਗੱਡੀਆਂ ਚਲਾਉਣ ਤੋਂ ਪਹਿਲਾਂ ਰੇਲਵੇ ਪ੍ਰਣਾਲੀ ’ਚ ਸੁਰੱਖਿਆ ਵਿਵਸਥਾ ਨੂੰ ਤੁਰੰਤ ਮਜ਼ਬੂਤ ਕਰਨ ਦੀ ਲੋੜ ਹੈ, ਉੱਥੇ 4 ਸਾਲ ਬਾਅਦ 2027 ’ਚ ਕਨਫਰਮ ਟਿਕਟ ਮੁਹੱਈਆ ਕਰਨ ਦੀ ਗੱਲ ’ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਛੇਤੀ ਕਿਉਂ ਨਹੀਂ?
- ਵਿਜੇ ਕੁਮਾਰ
ਦੇਸ਼ ’ਚ ‘ਫਰਜ਼ੀ ਡਾਕਟਰ’ ਬਣ ਕੇ ਖੇਡ ਰਹੇ ਮਰੀਜ਼ਾਂ ਦੀ ਜ਼ਿੰਦਗੀ ਨਾਲ
NEXT STORY