ਗੁਜਰਾਤ ’ਚ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ 156 ਸੀਟਾਂ ’ਤੇ ਜੇਤੂ ਰਹੀ ਸੀ ਜਦਕਿ ਕਾਂਗਰਸ ਨੂੰ 17, ਆਮ ਆਦਮੀ ਪਾਰਟੀ ਨੂੰ 5, ਸਮਾਜਵਾਦੀ ਪਾਰਟੀ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ’ਤੇ ਜਿੱਤ ਹਾਸਲ ਹੋਈ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਲਗਭਗ 1 ਸਾਲ ਪਹਿਲਾਂ ਸਤੰਬਰ 2021 ’ਚ ਭਾਜਪਾ ਲੀਡਰਸ਼ਿਪ ਨੇ ਸੂਬੇ ਦੇ ਤਤਕਾਲੀ ਮੁੱਖ ਮੰਤਰੀ ‘ਸਵਰਗੀ ਵਿਜੇ ਰੁਪਾਣੀ’ ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਤੋਂ ਅਸਤੀਫਾ ਲੈ ਕੇ ‘ਭੂਪੇਂਦਰ ਪਟੇਲ’ ਦੀ ਅਗਵਾਈ ’ਚ ਨਵੀਂ ਸਰਕਾਰ ਦਾ ਗਠਨ ਕੀਤਾ ਸੀ।
ਭੂਪੇਂਦਰ ਪਟੇਲ ਕੈਬਨਿਟ ’ਚ ‘ਵਿਜੇ ਰੁਪਾਣੀ’ ਦੀ ਸਰਕਾਰ ’ਚ ਸ਼ਾਮਲ ਜ਼ਿਆਦਾਤਰ ਪੁਰਾਣੇ ਚਿਹਰਿਆਂ ਨੂੰ ਬਾਹਰ ਕਰ ਦੇਣ ਦੇ ਸਿੱਟੇ ਵਜੋਂ 2022 ਦੀਆਂ ਚੋਣਾਂ ’ਚ ਭਾਜਪਾ ਦੇ ਵਿਰੁੱਧ ਕੋਈ ਸੱਤਾ ਵਿਰੋਧੀ ਲਹਿਰ ਦਿਖਾਈ ਨਹੀਂ ਦਿੱਤੀ ਅਤੇ ਲੰਬੇ ਸਮੇਂ ਤੋਂ ਸੱਤਾ ’ਚ ਰਹਿਣ ਦੇ ਬਾਵਜੂਦ 2022 ’ਚ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਸੀ। ਹੁਣ ਫਿਰ ਭਾਜਪਾ ਅਗਲੀਆਂ ਲੋਕਲ ਬਾਡੀ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੂਰੀ ਤਰ੍ਹਾਂ ਫਰੈੱਸ਼ ਚਿਹਰਿਆਂ ਦੇ ਨਾਲ ਮੈਦਾਨ ’ਚ ਉਤਰਨਾ ਚਾਹੁੰਦੀ ਹੈ।
ਇਸੇ ਉਦੇਸ਼ ਲਈ 12 ਅਕਤੂਬਰ ਨੂੰ ਨਵੀਂ ਦਿੱਲੀ ’ਚ ਸੂਬੇ ਦੇ ਨੇਤਾਵਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਲੇ ਹੋਈ ਬੈਠਕ ’ਚ ਪ੍ਰਦੇਸ਼ ਮੰਤਰੀ ਪ੍ਰੀਸ਼ਦ ’ਚ ਫਰੈੱਸ਼ ਚਿਹਰੇ ਸ਼ਾਮਲ ਕਰਨ ਦਾ ਸੂਬੇ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਨਿਰਦੇਸ਼ ਦਿੱਤਾ ਿਗਆ ਸੀ।
ਇਸੇ ਦੇ ਅਨੁਸਾਰ ਮੁੱਖ ਮੰਤਰੀ ‘ਭੂਪੇਂਦਰ ਪਟੇਲ’ ਨੇ ਭਾਜਪਾ ਹਾਈਕਮਾਨ ਦੇ ਨਿਰਦੇਸ਼ ’ਤੇ ਆਪਣੀ ਸਰਕਾਰ ਦੇ ਗਠਨ ਦੇ ਸਿਰਫ 3 ਸਾਲ ਦੇ ਅੰਦਰ 16 ਅਕਤੂਬਰ, 2025 ਨੂੰ ਆਪਣੀ ਪੂਰੀ ਕੈਬਨਿਟ ਤੋਂ ਅਸਤੀਫਾ ਲੈ ਕੇ ਨਵੀਂ ਕੈਬਨਿਟ ਬਣਾਉਣ ਦਾ ਫੈਸਲਾ ਕੀਤਾ।
ਇਸੇ ਦੇ ਅਨੁਸਾਰ 17 ਅਕਤੂਬਰ ਨੂੰ ਹੋਏ ਸਹੁੰ ਚੁੱਕ ਸਮਾਗਮ ’ਚ ‘ਭੂਪੇਂਦਰ ਪਟੇਲ’ ਨੇ ਇਕ ਵੱਡੇ ਫੇਰਬਦਲ ’ਚ ਆਪਣੀ ਮੰਤਰੀ ਪ੍ਰੀਸ਼ਦ ’ਚ 19 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਅਤੇ ਿਪਛਲੀ ਟੀਮ ਤੋਂ 6 ਮੰਤਰੀਆਂ ਨੂੰ ਕਾਇਮ ਰੱਖਿਆ ਹੈ, ਜਿਨ੍ਹਾਂ ਦੇ ਅਸਤੀਫੇ ਉਨ੍ਹਾਂ ਨੇ ਸਵੀਕਾਰ ਨਹੀਂ ਕੀਤੇ ਸਨ। ਇਸ ਦੇ ਨਾਲ ਹੀ ਹੁਣ ‘ਭੂਪੇਂਦਰ ਪਟੇਲ’ ਸਮੇਤ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਗਿਣਤੀ 26 ਹੋ ਗਈ ਹੈ। ਇਸ ਨਵੀਂ ਕੈਬਨਿਟ ’ਚ ਕ੍ਰਿਕਟਰ ‘ਰਵਿੰਦਰ ਜਡੇਜਾ’ ਦੀ ਪਤਨੀ ‘ਰਿਵਾਬਾ ਜਡੇਜਾ’ ਨੂੰ ਵੀ ਸ਼ਾਮਲ ਕੀਤਾ ਿਗਆ ਹੈ।
ਮੁੱਖ ਮੰਤਰੀ ਦੇ ਰੂਪ ’ਚ ਭੂਪੇਂਦਰ ਪਟੇਲ ਦੇ ਕਾਰਜਕਾਲ ’ਚ ਪਹਿਲੀ ਵਾਰ ‘ਹਰਸ਼ ਸੰਘਵੀ’ ਨੂੰ, ਜੋ ਹੁਣ ਤੱਕ ਗ੍ਰਹਿ ਮੰਤਰੀ ਸਨ, ਉਪ ਮੁੱਖ ਮੰਤਰੀ ਬਣਾਇਆ ਿਗਆ ਹੈ। ਉਕਤ ਬਦਲਾਅ ਦੇ ਨਾਲ-ਨਾਲ ਭਾਜਪਾ ਨੇ ‘ਸੀ. ਆਰ. ਪਾਟਿਲ’ ਦੀ ਜਗ੍ਹਾ ‘ਜਗਦੀਸ਼ ਿਵਸ਼ਵਕਰਮਾ’ ਨੂੰ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਬਣਾ ਿਦੱਤਾ ਹੈ ਜੋ ‘ਭੂਪੇਂਦਰ ਪਟੇਲ’ ਸਰਕਾਰ ’ਚ ਸਹਿਕਾਰਤਾ ਮੰਤਰੀ ਸਨ।
ਜਾਣਕਾਰਾਂ ਅਨੁਸਾਰ ਅਗਲੇ ਕੁਝ ਹੀ ਮਹੀਨਿਆਂ ਦੌਰਾਨ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਜੂਨਾਗੜ੍ਹ ਅਤੇ ਗਾਂਧੀਨਗਰ ਤੋਂ ਇਲਾਵਾ ਅਹਿਮਦਾਬਾਦ, ਵਡੋਦਰਾ, ਸੂਰਤ ਅਤੇ ਰਾਜਕੋਟ ਸਮੇਤ ਨਵੀਆਂ ਨਗਰ ਨਿਗਮਾਂ ਦੀਆਂ ਹੋਣ ਵਾਲੀਆਂ ਚੋਣਾਂ ’ਚ ਪਾਰਟੀ ਦੀ ਜਿੱਤ ਪੱਕੀ ਕਰਨ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਿਗਆ ਹੈ।
ਇਸ ਬਦਲਾਅ ਦਾ ਇਕ ਹੋਰ ਕਾਰਨ ਮੰਤਰੀ ਪ੍ਰੀਸ਼ਦ ’ਚ ਸਾਰੇ ਵਰਗਾਂ ਦੀ ਹਿੱਸੇਦਾਰੀ ਯਕੀਨੀ ਕਰਨਾ ਵੀ ਹੈ। ਇਸ ਦੇ ਨਾਲ ਹੀ ਭਾਜਪਾ ਲੀਡਰਸ਼ਿਪ ਦੀ ਯੋਜਨਾ ਇਕ ਪੂਰੀ ਤਰ੍ਹਾਂ ਨਵੀਂ ਟੀਮ ਦੇ ਨਾਲ 2027 ਦੀਆਂ ਚੋਣਾਂ ’ਚ ਉਤਰਨ ਦੀ ਵੀ ਰਹੀ ਹੈ।
ਵਰਣਨਯੋਗ ਹੈ ਕਿ ਗੁਜਰਾਤ ’ਚ ਭਾਜਪਾ ਸ਼ੁਰੂ ਤੋਂ ਹੀ ਗ੍ਰਾਮੀਣ ਇਲਾਕਿਆਂ ਦੀ ਤੁਲਨਾ ’ਚ ਸ਼ਹਿਰੀ ਇਲਾਕਿਆਂ ’ਚ ਮਜ਼ਬੂਤ ਰਹੀ ਹੈ। ਅਜਿਹੇ ’ਚ ਭਾਜਪਾ ਇਨ੍ਹਾਂ ਚੋਣਾਂ ’ਚ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ।
ਇਹੀ ਕਾਰਨ ਹੈ ਕਿ ਇਨ੍ਹਾਂ ਚੋਣਾਂ ਨੂੰ ‘ਿਮੰਨੀ ਿਵਧਾਨ ਸਭਾ ਚੋਣਾਂ’ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ’ਚ ਆਪਣਾ ਦਬਦਬਾ ਬਣਾਈ ਰੱਖਣ ਲਈ ਭਾਜਪਾ ਨੂੰ ਿਵਰੋਧੀ ਦਲਾਂ ਦੀ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕਰਨ ਲਈ ਪਾਰਟੀ ਦੀ ਹਾਈਕਮਾਨ ਨੇ ਇਕ ਵਾਰ ਫਿਰ 2021 ਵਾਲਾ ਪ੍ਰਯੋਗ ਦੁਹਰਾਇਆ ਹੈ।
ਭਾਜਪਾ ਇਸ ਤੋਂ ਪਹਿਲਾਂ ਕਰਨਾਟਕ, ਗੋਆ, ਹਰਿਆਣਾ, ਉੱਤਰਾਖੰਡ ਅਤੇ ਤ੍ਰਿਪੁਰਾ ’ਚ ਵੀ ਇਹ ਪ੍ਰਯੋਗ ਕਰ ਚੁੱਕੀ ਹੈ ਅਤੇ ਕਰਨਾਟਕ ਨੂੰ ਛੱਡ ਕੇ ਹੋਰ ਸੂਬਿਆਂ ’ਚ ਭਾਜਪਾ ਦੀ ਇਹ ਰਣਨੀਤੀ ਸਫਲ ਰਹੀ ਹੈ, ਜਿੱਥੇ ਉਹ 2023 ਦੀਆਂ ਚੋਣਾਂ ਨਹੀਂ ਜਿੱਤ ਸਕੀ ਸੀ।
ਗੁਜਰਾਤ ’ਚ ਦੁਬਾਰਾ ਇਹ ਪ੍ਰਯੋਗ ਕਿੰਨਾ ਸਫਲ ਹੋਵੇਗਾ, ਇਸ ਦਾ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਜਲਦੀ ਹੀ ਹੋਣ ਵਾਲੀਆਂ ਨਗਰ ਨਿਗਮ ਚੋਣਾਂ ’ਚ ਹੀ ਮਿਲ ਜਾਵੇਗਾ।
–ਵਿਜੇ ਕੁਮਾਰ
ਅਤੀਤ ਤੋਂ ਵਿਰਾਮ ਦੀ ਲੋੜ ਹੈ ਬਿਹਾਰ ਨੂੰ
NEXT STORY