ਲੰਬੇ ਸਮੇਂ ਤੱਕ ਭਾਰਤੀ ਹਵਾਈ ਫੌਜ ਦਾ ਮੁੱਖ ਆਧਾਰ ਰਹੇ ਲੜਾਕੂ ਜਹਾਜ਼ਾਂ ਮਿਗ-21 ਦੀ ਸੁਰੱਖਿਆ ਨੂੰ ਲੈ ਕੇ ਉਸ ਸਮੇਂ ਇਕ ਵਾਰ ਫਿਰ ਸਵਾਲ ਖੜ੍ਹੇ ਹੋਣ ਲੱਗੇ ਜਦੋਂ ਰਾਜਸਥਾਨ ਦੇ ਬਾੜਮੇਰ ’ਚ ਵੀਰਵਾਰ ਨੂੰ ਇਕ ਮਿਗ-21 ਬਾਈਸਨ ਟ੍ਰੇਨਿੰਗ ਏਅਰਕ੍ਰਾਫਟ ਹਾਦਸਾਗ੍ਰਸਤ ਹੋ ਗਿਆ ਤੇ ਉਸ ਨੂੰ ਉਡਾ ਰਹੇ ਹਵਾਈ ਫੌਜ ਦੇ 2 ਪਾਇਲਟ ਸ਼ਹੀਦ ਹੋ ਗਏ। 1960 ਦੇ ਦਹਾਕੇ ਤੋਂ ਹੀ ਭਾਰਤੀ ਹਵਾਈ ਫੌਜ ਇਸ ਰੂਸੀ ਜਹਾਜ਼ ਦੀ ਵਰਤੋਂ ਕਰ ਰਹੀ ਹੈ। ਇਨ੍ਹਾਂ ’ਚੋਂ ਪਹਿਲੇ ਜਹਾਜ਼ ਰੂਸ ’ਚ ਬਣੇ ਸਨ। ਇਨ੍ਹਾਂ ਨੂੰ ਅਸੈਂਬਲ ਕਰਨ ਦਾ ਅਧਿਕਾਰ ਅਤੇ ਤਕਨੀਕ ਹਾਸਲ ਕਰਨ ਦੇ ਬਾਅਦ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ ਨੇ ਭਾਰਤ ’ਚ 1967 ਤੋਂ ਮਿਗ-21 ਲੜਾਕੂ ਜਹਾਜ਼ਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਸੀ। ਰੂਸ ਨੇ 1985 ’ਚ ਇਨ੍ਹਾਂ ਦਾ ਨਿਰਮਾਣ ਬੰਦ ਕਰ ਦਿੱਤਾ ਪਰ ਭਾਰਤ ਇਸ ਦੇ ਅਪਗ੍ਰੇਡਿਡ ਵਰਸ਼ਨ ਮਿਗ-21 ਬਾਈਸਨ ਦੀ ਵਰਤੋਂ ਅੱਜ ਵੀ ਕਰ ਰਿਹਾ ਹੈ ਜਦਕਿ ਇਸ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਹਵਾਈ ਫੌਜ ਦੇ ਇਤਿਹਾਸ ’ਚ ਸਭ ਤੋਂ ਵੱਧ ਇਹੀ ਜਹਾਜ਼ ਕ੍ਰੈਸ਼ ਹੋਣ ਦੇ ਕਾਰਨ ਇਨ੍ਹਾਂ ਨੂੰ ‘ਉੱਡਦਾ ਤਾਬੂਤ’ ਕਿਹਾ ਜਾਣ ਲੱਗਾ।
ਅੰਕੜਿਆਂ ਅਨੁਸਾਰ ਬੀਤੇ 20 ਮਹੀਨਿਆਂ ’ਚ ਹੀ 6 ਮਿਗ-21 ਬਾਈਸਨ ਕ੍ਰੈਸ਼ ਹੋ ਚੁੱਕੇ ਹਨ। ਇਨ੍ਹਾਂ ’ਚੋਂ ਬੀਤੇ ਸਾਲ 5 ਅਤੇ ਇਸ ਸਾਲ ਹੁਣ ਤੱਕ 1 ਮਿਗ-21 ਜਹਾਜ਼ ਕ੍ਰੈਸ਼ ਹੋਇਆ ਹੈ। ਇਨ੍ਹਾਂ 6 ਹਾਦਸਿਆਂ ’ਚ 5 ਪਾਇਲਟਾਂ ਦੀ ਮੌਤ ਹੋਈ ਹੈ। ਮਾਰਚ ’ਚ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਰਾਜ ਸਭਾ ’ਚ ਦੱਸਿਆ ਸੀ ਕਿ ਬੀਤੇ 5 ਸਾਲਾਂ ’ਚ ਹਵਾਈ ਫੌਜ, ਸਮੁੰਦਰੀ ਫੌਜ ਅਤੇ ਫੌਜ ਦੀਆਂ ਤਿੰਨਾਂ ਸੇਵਾਵਾਂ ਦੇ ਜਹਾਜ਼ ਅਤੇ ਹੈਲੀਕਾਪਟਰਾਂ ਦੇ ਹਾਦਸਿਆਂ ’ਚ 42 ਜਵਾਨਾਂ ਦੀ ਮੌਤ ਹੋ ਗਈ। ਬੀਤੇ 5 ਸਾਲਾਂ ’ਚ ਕੁਲ ਹਵਾਈ ਹਾਦਸਿਆਂ ਦੀ ਗਿਣਤੀ 45 ਸੀ, ਜਿਨ੍ਹਾਂ ’ਚੋਂ 29 ’ਚ ਭਾਰਤੀ ਹਵਾਈ ਫੌਜ ਦੇ ਜਹਾਜ਼ ਸ਼ਾਮਲ ਸਨ। ਇਸ ਸਮੇਂ ਦੇਸ਼ ’ਚ 70 ਮਿਗ-21 ਅਤੇ 50 ਮਿਗ-29 ਵਰਤੋਂ ’ਚ ਹਨ। ਦੱਸਿਆ ਜਾ ਰਿਹਾ ਹੈ ਕਿ 30 ਸਤੰਬਰ ਤੱਕ ਮਿਗ-21 ਬਾਈਸਨ ਦੀ ਸ਼੍ਰੀਨਗਰ ਸਥਿਤ 51 ਸਕਵਾਡ੍ਰਨ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ।
ਇਸ ਸਕਵਾਡ੍ਰਨ ਨੂੰ ਹਟਾਉਂਦੇ ਹੋਏ ਸਾਲ 2025 ਤੱਕ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀ ਯੋਜਨਾ ਹੈ ਪਰ ਇਸ ਨੂੰ ਵਿਦਾ ਕਰਨ ਦਾ ਫੈਸਲਾ ਕਾਫੀ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। ਏਅਰਫੋਰਸ ਦੇ ਬੇੜੇ ’ਚ ਇਨ੍ਹਾਂ ਦੀ ਥਾਂ ਸੁਖੋਈ-30 ਲੈਣਗੇ। ਮਿਗ-21 ਬਾਈਸਨ ਨੂੰ ਕਾਫੀ ਪਹਿਲਾਂ ਰਿਟਾਇਰ ਕੀਤਾ ਜਾਣਾ ਸੀ ਪਰ ਐੱਲ. ਸੀ. ਏ. ਤੇਜਸ ਨੂੰ ਸ਼ਾਮਲ ਕਰਨ ’ਚ ਦੇਰੀ ਦੇ ਕਾਰਨ ਹਵਾਈ ਫੌਜ ਨੂੰ ਇਨ੍ਹਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਮੌਜੂਦਾ ਸਮੇਂ ’ਚ ਹਵਾਈ ਫੌਜ ਕੋਲ 50 ਮਿਗ-29 ਵੀ ਹਨ ਅਤੇ ਇਨ੍ਹਾਂ ਦੇ ਬੇੜਿਆਂ ਨੂੰ ਵੀ ਰਿਟਾਇਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਉਹ ਪ੍ਰਕਿਰਿਆ ਅਗਲੇ 5 ਸਾਲ ’ਚ ਸ਼ੁਰੂ ਹੋ ਜਾਵੇਗੀ। ਆਪਣੇ ਪੁਰਾਣੇ ਲੜਾਕੂ ਬੇੜੇ ਨੂੰ ਬਦਲਣ ’ਚ ਮਦਦ ਕਰਨ ਲਈ ਰੱਖਿਆ ਮੰਤਰਾਲਾ ਨੇ ਬੀਤੇ ਸਾਲ ਫਰਵਰੀ ’ਚ 83 ਤੇਜਸ ਲੜਾਕੂ ਜਹਾਜ਼ਾਂ ਦੀ ਖਰੀਦ ਲਈ ‘ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ’ ਦੇ ਨਾਲ 48,000 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਹਵਾਈ ਫੌਜ 114 ਮਲਟੀ-ਰੋਲ ਫਾਈਟਰ ਏਅਰਕ੍ਰਾਫਟ ਖਰੀਦਣ ਦੀ ਪ੍ਰਕਿਰਿਆ ’ਚ ਵੀ ਹੈ।
ਇਕ ਸੀਨੀਅਰ ਅਧਿਕਾਰੀ ਅਨੁਸਾਰ ਮੌਜੂਦਾ ਯੋਜਨਾਵਾਂ ਦੇ ਅਧੀਨ ਸਾਰੇ ਜਹਾਜ਼ ਹਾਸਲ ਕਰਨ ਦੇ ਬਾਵਜੂਦ ਭਾਰਤੀ ਹਵਾਈ ਫੌਜ ਅਗਲੇ 10-15 ਸਾਲਾਂ ’ਚ 42 ਸਕਵਾਡ੍ਰਨ ਦੀ ਪ੍ਰਵਾਨਿਤ ਗਿਣਤੀ ਤੱਕ ਨਹੀਂ ਪਹੁੰਚ ਸਕੇਗੀ ਕਿਉਂਕਿ ਵੱਡੀ ਗਿਣਤੀ ’ਚ ਜਹਾਜ਼ਾਂ ਨੂੰ ਪੜਾਅਬੱਧ ਢੰਗ ਨਾਲ ਹਟਾਇਆ ਜਾ ਰਿਹਾ ਹੈ। ਭਾਰਤ ਆਪਣੀ ਹਵਾਈ ਸ਼ਕਤੀ ਸਮਰੱਥਾ ਨੂੰ ਮਹੱੱਤਵਪੂਰਨ ਤੌਰ ’ਤੇ ਵਧਾਉਣ ਦੇ ਲਈ ਪੰਜਵੀਂ ਪੀੜ੍ਹੀ ਦੇ ਮਾਧਿਅਮ-ਵਜ਼ਨ ਦੇ ਡੂੰਘੇ ਪੈਠ ਵਾਲੇ ਲੜਾਕੂ ਜੈੱਟ ਨੂੰ ਵਿਕਸਿਤ ਕਰਨ ਲਈ 5 ਬਿਲੀਅਨ ਡਾਲਰ ਦੇ ਖਾਹਿਸ਼ੀ ਪ੍ਰਾਜੈਕਟ ’ਤੇ ਵੀ ਕੰਮ ਕਰ ਰਿਹਾ ਹੈ ਪਰ ਅਜੇ ਨਿਰਮਾਣ ਕਾਰਜ ਤਾਂ ਸ਼ੁਰੂ ਵੀ ਨਹੀਂ ਹੋਇਆ ਜਦਕਿ ਪਾਕਿਸਤਾਨ ਅਤੇ ਚੀਨੀ ਹਵਾਈ ਫੌਜ ਤੋਂ ਲਗਾਤਾਰ ਖਤਰਾ ਵਧਦਾ ਜਾ ਰਿਹਾ ਹੈ। ਆਖਿਰ ਕਦੋਂ ਤੱਕ ਅਸੀਂ ਇਨ੍ਹਾਂ ਜਹਾਜ਼ਾਂ ਨੂੰ ਆਪਣੇ ਜਾਂਬਾਜ਼ ਪਾਇਲਟਾਂ ਦੀ ਬਲੀ ਲੈਣ ਦਿੰਦੇ ਰਹਾਂਗੇ।
ਅਮਿਤ ਸ਼ਾਹ ਅਤੇ ਸਿੱਖਿਆ ’ਚ ਕ੍ਰਾਂਤੀ
NEXT STORY