ਇਸ ਸਮੇਂ ਦੇਸ਼ ’ਚ ਨਾਰੀ ਜਾਤੀ ’ਤੇ ਅੱਤਿਆਚਾਰਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ ਅਤੇ ਅਪਰਾਧਾਂ ’ਤੇ ਰੋਕ ਲਾਉਣ ਦੇ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਇਨ੍ਹਾਂ ’ਚ ਕਮੀ ਨਹੀਂ ਆ ਰਹੀ। ਇਥੋਂ ਤਕ ਕਿ ਸਕੂਲਾਂ ’ਚ ਪੜ੍ਹਨ ਵਾਲੀਆਂ ਬੱਚੀਆਂ ਵੀ ਸੁਰੱਖਿਅਤ ਨਹੀਂ ਹਨ ਅਤੇ ਅਕਸਰ ਉਥੋਂ ਬੱਚੀਆਂ ਦੇ ਯੌਨ ਸ਼ੋਸ਼ਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸੇ ਨੂੰ ਦੇਖਦੇ ਹੋਏ ਹਰਿਆਣਾ ’ਚ ਜੀਂਦ ਜ਼ਿਲੇ ਦੇ ਬੁੱਢਾਖੇੜਾ ਲਾਠਰ ਪਿੰਡ ਦੀ ਸਰਪੰਚ ਕਵਿਤਾ ਲਾਠਰ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਸੁਰੱਖਿਆ ਲਈ ਅੱਗੇ ਆਈ ਹੈ। ਉਨ੍ਹਾਂ ਨੇ ਸਕੂਲ ’ਚ ਚੱਲ ਰਹੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ 9ਵੀਂ ਤੋਂ 11ਵੀਂ ਦੀਆਂ ਕਲਾਸਾਂ ਦੇ ਕਮਰਿਆਂ, ਸਟਾਫ ਰੂਮ, ਖੇਡ ਦੇ ਮੈਦਾਨ ਅਤੇ ਮੁੱਖ ਗੇਟ ’ਤੇ 28 ਸੀ. ਸੀ. ਟੀ. ਵੀ. ਕੈਮਰੇ ਲਗਵਾਏ ਹਨ। ਕਵਿਤਾ ਲਾਠਰ ਅਨੁਸਾਰ ਉਨ੍ਹਾਂ ਨੂੰ ਇਸ ਦੇ ਲਈ ਸਿੱਖਿਆ ਵਿਭਾਗ ਤੋਂ ਕੋਈ ਵਿਸ਼ੇਸ਼ ਫੰਡ ਨਹੀਂ ਮਿਲਿਆ ਹੈ ਅਤੇ ਇਹ ਕੈਮਰੇ ਉਨ੍ਹਾਂ ਨੇ ਕੁਝ ਸਮਾਜਿਕ ਸੰਸਥਾਵਾਂ ਵਲੋਂ ਦਿੱਤੀ ਗਈ ਆਰਥਿਕ ਸਹਾਇਤਾ ਨਾਲ ਲਗਵਾਏ ਹਨ। ਉਨ੍ਹਾਂ ਦੇ ਇਸ ਯਤਨ ਦਾ ਸਕੂਲ ਦੀਆਂ ਵਿਦਿਆਰਥਣਾਂ ਸਵਾਗਤ ਕਰ ਰਹੀਆਂ ਹਨ ਅਤੇ ਖੁਦ ਨੂੰ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਸਕੂਲ ਦੇ ਸਟਾਫ ਨੇ ਵੀ ਕਿਹਾ ਹੈ ਕਿ ਸੀ. ਸੀ. ਟੀ. ਵੀ. ਕੈਮਰੇ ਲੱਗਣ ਤੋਂ ਬਾਅਦ ਵਿਦਿਆਰਥੀਆਂ ’ਚ ਅਨੁਸ਼ਾਸਨ ਵਧਿਆ ਹੈ। ਇੰਨਾ ਹੀ ਨਹੀਂ, ਕਵਿਤਾ ਲਾਠਰ ਸਕੂਲ ਦੀਆਂ ਵਿਦਿਆਰਥਣਾਂ ਦੀ ਸੁਰੱਖਿਆ ਅਤੇ ਸਮੱਸਿਆਵਾਂ ਆਦਿ ਬਾਰੇ ਜਾਣਨ ਲਈ ਮਹੀਨੇ ’ਚ ਦੋ ਵਾਰ ਸਕੂਲ ’ਚ ਜਾ ਕੇ ਉਨ੍ਹਾਂ ਨੂੰ ਮਿਲਦੀ ਹੈ ਅਤੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਦੀ ਹੈ। ਬੱਚੀਆਂ ਦੀ ਸੁਰੱਖਿਆ ਦੀ ਦਿਸ਼ਾ ’ਚ ਕਵਿਤਾ ਲਾਠਰ ਦਾ ਇਹ ਯਤਨ ਸ਼ਲਾਘਾਯੋਗ ਹੈ। ਇਸ ਨਾਲ ਜਿਥੇ ਸਕੂਲ ’ਚ ਅਨੁਸ਼ਾਸਨ ਆਉਣ ਦੇ ਨਾਲ ਬੱਚੀਆਂ ਦੀ ਸੁਰੱਖਿਆ ਯਕੀਨੀ ਕਰਨ ’ਚ ਕੁਝ ਸਹਾਇਤਾ ਮਿਲੇਗੀ, ਉਥੇ ਹੀ ਸਕੂਲ ਦਾ ਸਟਾਫ ਵੀ ਚੌਕਸ ਰਹੇਗਾ। ਜੀਂਦ ਜ਼ਿਲੇ ’ਚ ਸੀ. ਸੀ. ਟੀ. ਵੀ. ਕੈਮਰਿਆਂ ਵਾਲਾ ਇਹ ਪੰਜਵਾਂ ਸਰਕਾਰੀ ਸਕੂਲ ਹੈ। ਇਸ ਲਈ ਜੇਕਰ ਹੋਰਨਾਂ ਪਿੰਡਾਂ-ਸ਼ਹਿਰਾਂ ’ਚ ਵੀ ਲੋਕਾਂ ਦੇ ਸਹਿਯੋਗ ਨਾਲ ਅਜਿਹਾ ਕੀਤਾ ਜਾ ਸਕੇ ਤਾਂ ਇਸ ਨਾਲ ਸਕੂਲਾਂ ’ਚ ਬੱਚੀਆਂ ਦੀ ਸੁਰੱਖਿਆ ਹੋਵੇਗੀ।
–ਵਿਜੇ ਕੁਮਾਰ
ਸੜਕਾਂ ’ਚ ਟੋਇਆਂ ਕਾਰਣ ਦੇਸ਼ ’ਚ ਹੋ ਰਹੀਆਂ ਲਗਾਤਾਰ ਮੌਤਾਂ
NEXT STORY