ਲੋਕ ਸਭਾ 'ਚ ਹੁਣ ਤਕ ਕੇਂਦਰ ਸਰਕਾਰ ਵਿਰੁੱਧ ਵੱਖ-ਵੱਖ ਮੌਕਿਆਂ 'ਤੇ 26 ਬੇਭਰੋਸਗੀ ਮਤੇ ਆ ਚੁੱਕੇ ਹਨ ਅਤੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਵਿਰੁੱਧ ਪੇਸ਼ ਬੇਭਰੋਸਗੀ ਮਤੇ ਨਾਲ ਹੁਣ ਤਕ ਇਨ੍ਹਾਂ ਦੀ ਗਿਣਤੀ 27 ਹੋ ਗਈ ਹੈ।
ਮੋਦੀ ਸਰਕਾਰ ਦੇ ਸਵਾ ਚਾਰ ਸਾਲਾਂ 'ਚ ਪਹਿਲੀ ਵਾਰ ਵਿਰੋਧੀ ਧਿਰ ਬੇਭਰੋਸਗੀ ਮਤਾ ਲਿਆਈ ਹੈ। ਇਸ 'ਤੇ ਬਹਿਸ ਲਈ 7 ਘੰਟੇ ਰੱਖੇ ਗਏ ਸਨ ਪਰ ਬਹਿਸ ਲੰਮੀ ਚੱਲੀ ਅਤੇ ਦੋਹਾਂ ਹੀ ਧਿਰਾਂ ਨੇ ਇਕ-ਦੂਜੀ 'ਤੇ ਦੋਸ਼ਾਂ ਦੇ ਖੂਬ ਤੀਰ ਚਲਾਏ।
ਕਾਂਗਰਸ ਨੇ ਜਿਥੇ ਸਰਕਾਰ 'ਤੇ ਕਿਸਾਨਾਂ ਦੀਆਂ ਸਮੱਸਿਆਵਾਂ, ਬੇਰੋਜ਼ਗਾਰੀ, ਮਹਿਲਾ ਸੁਰੱਖਿਆ ਵਰਗੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਮੁੱਦੇ ਉਠਾਏ, ਉਥੇ ਹੀ ਭਾਜਪਾ ਨੇ ਕਾਂਗਰਸ ਦੇ 48 ਵਰ੍ਹਿਆਂ ਦੇ ਰਾਜ 'ਚ ਘਪਲਿਆਂ ਦੀ ਸਿਆਸਤ ਕਰਨ ਅਤੇ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਪਿਛਲੇ 48 ਮਹੀਨਿਆਂ 'ਚ ਯੋਜਨਾਵਾਂ ਦੀ ਸਿਆਸਤ ਕਰਨ ਦੀ ਗੱਲ ਕਹੀ।
ਬਹਿਸ ਦੀ ਸ਼ੁਰੂਆਤ 'ਚ ਹੀ ਬੀਜੂ ਜਨਤਾ ਦਲ ਦੇ ਮੈਂਬਰ ਵਾਕਆਊਟ ਕਰ ਗਏ। ਬੀਜਦ ਨੇਤਾ ਭ੍ਰਿਤਹਰੀ ਮਹਿਤਾਬ ਨੇ ਕਿਹਾ ਕਿ ਯੂ. ਪੀ. ਏ. ਦੇ 10 ਅਤੇ ਐੱਨ. ਡੀ. ਏ. ਸਰਕਾਰ ਦੇ 4 ਵਰ੍ਹਿਆਂ ਦੇ ਕਾਰਜਕਾਲ 'ਚ ਓਡਿਸ਼ਾ ਦੇ ਲੋਕਾਂ ਨਾਲ ਬੇਇਨਸਾਫੀ ਹੋਈ ਹੈ।
ਭਰੋਸੇ ਦੀ ਵੋਟ 'ਤੇ ਸਭ ਤੋਂ ਪਹਿਲਾਂ ਬੋਲਦਿਆਂ ਮਤਾ ਪੇਸ਼ ਕਰਨ ਵਾਲੀ ਪਾਰਟੀ ਤੇਲਗੂਦੇਸ਼ਮ ਦੇ ਨੇਤਾ ਜੈਦੇਵ ਗੱਲਾ ਨੇ ਕੇਂਦਰ ਸਰਕਾਰ ਵੱਲੋਂ ਹਰ ਖੇਤਰ 'ਚ ਆਂਧਰਾ ਪ੍ਰਦੇਸ਼ ਨਾਲ ਵਿਤਕਰਾ ਅਤੇ ਸਰਕਾਰ ਵੱਲੋਂ ਆਪਣਾ ਇਕ ਵੀ ਵਾਅਦਾ ਪੂਰਾ ਨਾ ਕਰਨ ਅਤੇ ਆਂਧਰਾ ਪ੍ਰਦੇਸ਼ ਨਾਲ ਧੋਖਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਨੇ ਜਾਣਨਾ ਚਾਹਿਆ ਕਿ ਨਰਿੰਦਰ ਮੋਦੀ ਦਾ 'ਨਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ' ਵਾਲਾ ਵਾਅਦਾ ਕਿੱਥੇ ਗਿਆ?
ਭਾਜਪਾ ਦੇ ਰਾਕੇਸ਼ ਸਿੰਘ ਨੇ ਬੇਭਰੋਸਗੀ ਮਤੇ 'ਤੇ ਬੋਲਦਿਆਂ ਕਿਹਾ ਕਿ ਤੇਦੇਪਾ ਲਈ ਬੇਭਰੋਸਗੀ ਮਤਾ ਲਿਆਉਣ ਦੀ ਕੋਈ ਠੋਸ ਵਜ੍ਹਾ ਨਹੀਂ ਸੀ। ਦੇਸ਼ 'ਤੇ 48 ਸਾਲ ਰਾਜ ਕਰਨ ਵਾਲੀ ਕਾਂਗਰਸ ਨੇ ਸਕੈਮ (ਘਪਲਿਆਂ) ਦੀ ਸਿਆਸਤ ਕੀਤੀ ਹੈ, ਜਦਕਿ ਭਾਜਪਾ ਨੇ ਸਕੀਮਜ਼ (ਯੋਜਨਾਵਾਂ) ਦੀ ਸਿਆਸਤ ਕੀਤੀ ਹੈ। ਜਿਥੇ ਕਾਂਗਰਸ ਨੇ ਦਾਗ਼ਦਾਰ ਸਰਕਾਰ ਦਿੱਤੀ ਹੈ, ਉਥੇ ਹੀ ਭਾਜਪਾ ਨੇ ਦਮਦਾਰ ਸਰਕਾਰ ਦਿੱਤੀ ਹੈ।
ਰਾਕੇਸ਼ ਸਿੰਘ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ 'ਚ ਰੱਖਿਆ ਸੌਦੇ, ਕਿਸਾਨਾਂ ਦੇ ਕਰਜ਼ੇ ਮੁਆਫ ਨਾ ਕੀਤੇ ਜਾਣ ਅਤੇ ਪੈਟਰੋਲੀਅਮ ਉਤਪਾਦਾਂ ਦੇ ਭਾਅ 'ਚ ਵਾਧਾ ਕਰ ਕੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਵਰਗੇ ਮੁੱਦੇ ਉਠਾਏ। ਉਨ੍ਹਾਂ ਕਿਹਾ ਕਿ ਲੋਕ ਮਾਰੇ ਅਤੇ ਕੁੱਟੇ ਜਾ ਰਹੇ ਹਨ ਤੇ ਦੋਸ਼ੀਆਂ ਦੇ ਗਲ਼ਾਂ 'ਚ ਹਾਰ ਪਾਏ ਜਾ ਰਹੇ ਹਨ। ਆਪਣੇ ਭਾਸ਼ਣ 'ਚ ਉਹ ਜ਼ਿਆਦਾਤਰ ਮੱਧ ਪ੍ਰਦੇਸ਼ 'ਤੇ ਹੀ ਕੇਂਦ੍ਰਿਤ ਰਹੇ।
ਅੱਜ ਬੇਰੋਜ਼ਗਾਰੀ 8 ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਜੀ. ਐੱਸ. ਟੀ. ਕਾਂਗਰਸ ਪਾਰਟੀ ਲਿਆਈ ਸੀ, ਉਦੋਂ ਤੁਸੀਂ ਵਿਰੋਧ ਕੀਤਾ ਸੀ। ਗੁਜਰਾਤ ਦੇ ਮੁੱਖ ਮੰਤਰੀ ਨੇ ਵਿਰੋਧ ਕੀਤਾ ਸੀ। ਅਸੀਂ ਚਾਹੁੰਦੇ ਸੀ ਕਿ ਇਕ ਜੀ. ਐੱਸ. ਟੀ. ਹੋਵੇ, ਪੈਟਰੋਲ-ਡੀਜ਼ਲ ਉਸ 'ਚ ਹੋਵੇ। ਪ੍ਰਧਾਨ ਮੰਤਰੀ ਦੀ ਜੀ. ਐੱਸ. ਟੀ. 5 ਵੱਖ-ਵੱਖ ਸਲੈਬਾਂ ਵਾਲੀ ਹੈ, ਜਿਸ ਨੇ ਕਰੋੜਾਂ ਲੋਕਾਂ ਨੂੰ ਬਰਬਾਦ ਕੀਤਾ। ਛੋਟੇ ਕਾਰੋਬਾਰ ਕਰਨ ਵਾਲਿਆਂ ਦੀ ਜੇਬ 'ਚ ਹੱਥ ਪਾ ਕੇ ਤੁਸੀਂ ਉਨ੍ਹਾਂ ਦਾ ਪੈਸਾ ਖੋਹ ਲਿਆ।
ਰਾਹੁਲ ਗਾਂਧੀ ਨੇ ਰਾਫੇਲ ਲੜਾਕੂ ਜਹਾਜ਼ ਸੌਦੇ 'ਚ ਧਾਂਦਲੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੌਕੀਦਾਰ ਨਹੀਂ ਸਗੋਂ ਹਿੱਸੇਦਾਰ ਹਨ। ਯੂ. ਪੀ. ਏ. ਦੀ ਡੀਲ 'ਚ ਰਾਫੇਲ ਜਹਾਜ਼ ਦੀ ਕੀਮਤ 520 ਕਰੋੜ ਰੁਪਏ ਸੀ, ਜੋ 1600 ਕਰੋੜ ਰੁਪਏ ਪ੍ਰਤੀ ਜਹਾਜ਼ ਹੋ ਗਈ।
ਜਿਥੇ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਤੋਂ ਬਾਅਦ ਅਣਕਿਆਸੇ ਤੌਰ 'ਤੇ ਨਰਿੰਦਰ ਮੋਦੀ ਕੋਲ ਜਾ ਕੇ ਉਨ੍ਹਾਂ ਨੂੰ ਗਲ਼ੇ ਲਾ ਲਿਆ ਤੇ ਫਿਰ ਆਪਣੀ ਜਗ੍ਹਾ ਵਾਪਿਸ ਜਾ ਕੇ ਆਪਣੇ ਸਾਥੀ ਨੂੰ ਅੱਖ ਮਾਰ ਕੇ ਇਸ਼ਾਰਾ ਕੀਤਾ ਤਾਂ ਸਾਰੇ ਹੈਰਾਨ ਰਹਿ ਗਏ।
ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ ਨੇ ਕਿਹਾ ਕਿ 25 ਲੱਖ ਨੌਕਰੀਆਂ ਨੋਟਬੰਦੀ ਕਾਰਨ ਗਈਆਂ। ਮੋਦੀ ਦੀ ਇਕਾਨਮੀ ਨਾਲ ਸਿਰਫ ਇਕ ਮੋਟਾ ਭਾਈ ਨੂੰ ਫਾਇਦਾ ਹੋਇਆ, ਜਿਨ੍ਹਾਂ ਦੇ ਅਹਿਮਦਾਬਾਦ ਦੀ ਕੋਆਪ੍ਰੇਟਿਵ ਬੈਂਕ 'ਚ 700 ਕਰੋੜ ਰੁਪਏ ਜਮ੍ਹਾ ਹਨ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਹਿਸ 'ਚ ਬੋਲਦਿਆਂ ਕਿਹਾ ਕਿ ਲੋਕਤੰਤਰ 'ਚ ਵਿਰੋਧੀ ਧਿਰ ਦੀ ਵੀ ਅਹਿਮੀਅਤ ਹੁੰਦੀ ਹੈ। ਇਸ ਲਈ ਅਸੀਂ ਸਰਬਸੰਮਤੀ ਨਾਲ ਇਸ ਬੇਭਰੋਸਗੀ ਮਤੇ ਨੂੰ ਲਿਆਉਣ ਲਈ ਆਪਣੀ ਸਹਿਮਤੀ ਦਿੱਤੀ। ਉਨ੍ਹਾਂ ਨੇ ਜਿਥੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉਥੇ ਹੀ ਇਹ ਵੀ ਕਿਹਾ ਕਿ ਵਿਰੋਧੀ ਧਿਰ ਸ਼ੱਕ ਦੀ ਸਥਿਤੀ 'ਚ ਹੈ। ਉਨ੍ਹਾਂ ਨੂੰ ਗੱਠਜੋੜ ਨੇਤਾ ਅਤੇ ਨੀਤੀਆਂ ਦਾ ਪਤਾ ਹੀ ਨਹੀਂ ਹੈ। ਜਿਹੜੀਆਂ ਪਾਰਟੀਆਂ ਨੇ ਬੇਭਰੋਸਗੀ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਪਾਰਟੀਆਂ ਦਾ ਆਪਸ 'ਚ ਹੀ ਭਰੋਸਾ ਨਹੀਂ ਹੈ। ਰਾਜਨਾਥ ਸਿੰਘ ਦੇ ਇਸ ਬਿਆਨ ਤੋਂ ਬਾਅਦ ਇਕ ਵਾਰ ਫਿਰ ਸਦਨ 'ਚ ਹੰਗਾਮਾ ਸ਼ੁਰੂ ਹੋ ਗਿਆ ਤੇ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ।
ਕਾਂਗਰਸ ਦੇ ਸ਼੍ਰੀ ਮਲਿਕਾਰਜੁਨ ਖੜਗੇ ਨੇ ਕੇਂਦਰ ਦੀ ਐੱਨ. ਡੀ. ਏ. ਸਰਕਾਰ ਨੂੰ ਇਹ ਦੱਸਣ ਲਈ ਕਿਹਾ ਕਿ 4 ਸਾਲ ਅਤੇ 4 ਮਹੀਨਿਆਂ 'ਚ ਇਸ ਨੇ ਕੀ ਕੀਤਾ। ਭਾਜਪਾ 'ਤੇ ਸਮਾਜ ਨੂੰ ਤੋੜਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਮੂੰਹ 'ਚ ਰਾਮ ਅਤੇ ਬਗਲ 'ਚ ਛੁਰੀ ਹੈ। ਜਿਸ ਰਾਹ 'ਤੇ ਸਰਕਾਰ ਚੱਲ ਰਹੀ ਹੈ, ਉਸ ਨਾਲ ਦੇਸ਼ 'ਚ ਲੋਕਤੰਤਰ ਖਤਮ ਹੋ ਸਕਦਾ ਹੈ, ਭਾਜਪਾ ਦੀ ਵਿਚਾਰਧਾਰਾ ਤਾਂ ਅੰਬੇਡਕਰ ਦੇ ਵੀ ਵਿਰੁੱਧ ਹੈ।
ਵੱਖ-ਵੱਖ ਪਾਰਟੀਆਂ ਦੇ ਬੁਲਾਰਿਆਂ ਵੱਲੋਂ ਉਨ੍ਹਾਂ ਨੂੰ ਅਲਾਟ ਕੀਤੇ ਗਏ ਸਮੇਂ ਨਾਲੋਂ ਜ਼ਿਆਦਾ ਸਮਾਂ ਲੈਣ ਅਤੇ ਲੋਕ ਸਭਾ 'ਚ ਹੰਗਾਮਾ ਹੋਣ ਕਾਰਨ ਰਾਤ 10 ਵਜੇ ਤਕ ਵੀ ਵੋਟਿੰਗ ਨਹੀਂ ਹੋ ਸਕੀ ਸੀ ਅਤੇ ਜਦੋਂ ਪ੍ਰਧਾਨ ਮੰਤਰੀ ਨੇ ਬਹਿਸ ਦਾ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਸਦਨ ਵਿਚ ਬਹੁਤ ਜ਼ਿਆਦਾ ਹੰਗਾਮਾ ਹੋਣ ਕਰ ਕੇ ਪ੍ਰਧਾਨ ਮੰਤਰੀ ਦਾ ਭਾਸ਼ਣ ਖਤਮ ਹੋਣ ਵਿਚ ਦੇਰੀ ਕਾਰਨ ਵੋਟਿੰਗ 'ਚ ਹੋਰ ਦੇਰੀ ਹੋਈ ਅਤੇ ਦੇਰ ਰਾਤ ਸੰਪੰਨ ਹੋਈ ਵੋਟਿੰਗ 'ਚ ਭਾਜਪਾ ਸਰਕਾਰ ਨੇ ਸਫਲਤਾ ਹਾਸਲ ਕਰ ਲਈ।
—ਵਿਜੇ ਕੁਮਾਰ
ਅਜਿਹੀਆਂ ਹਨ ਸਾਡੀਆਂ ਕੁਝ ਪੰਚਾਇਤਾਂ ਬਲਾਤਕਾਰੀਆਂ ਦੇ ਜੁਰਮਾਨੇ ਦੀ ਰਕਮ ਨਾਲ ਦਾਅਵਤ ਅਤੇ ਪੰਛੀ ਦਾ ਆਂਡਾ ਟੁੱਟਣ 'ਤੇ ਝੌਂਪੜੀ 'ਚ ਰਹਿਣ ਦੀ ਸਜ਼ਾ
NEXT STORY