ਲੱਖ ਸਮਝਾਉਣ ਦੇ ਬਾਵਜੂਦ ਬਹੁਤ ਸਾਰੇ ਲੋਕ ਪਾਣੀ ਦੀ ਮਹੱਤਤਾ ਨਾ ਸਮਝਦੇ ਹੋਏ ਇਸ ਨੂੰ ਬੇਦਰਦੀ ਨਾਲ ਰੋੜ੍ਹ ਰਹੇ ਹਨ ਅਤੇ ਇਸ ਤੱਥ ਵਲੋਂ ਉਨ੍ਹਾਂ ਨੇ ਬਿਲਕੁਲ ਹੀ ਅੱਖਾਂ ਮੀਚੀਆਂ ਹੋਈਆਂ ਹਨ ਕਿ ਅਗਲੀ ਸੰਸਾਰ ਜੰਗ ਪਾਣੀ ਲਈ ਹੀ ਲੜੀ ਜਾਵੇਗੀ। ਦੇਸ਼ ਦੇ ਜ਼ਿਆਦਾਤਰ ਸੂਬਿਆਂ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡਿਸ਼ਾ, ਝਾਰਖੰਡ, ਛੱਤੀਸਗੜ੍ਹ, ਪੰਜਾਬ, ਰਾਜਸਥਾਨ, ਦਿੱਲੀ, ਗੁਜਰਾਤ, ਮਹਾਰਾਸ਼ਟਰ ਆਦਿ ’ਚ ਪਾਣੀ ਦਾ ਪੱਧਰ ਬਹੁਤ ਹੇਠਾਂ ਚਲੇ ਜਾਣ ਕਾਰਣ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ’ਚੋਂ ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਕੁਝ ਸੂਬਿਆਂ ਦੀ ਸਥਿਤੀ ਤਾਂ ਬਹੁਤ ਹੀ ਖਰਾਬ ਹੋ ਗਈ ਹੈ। ਗੁਜਰਾਤ ਦੇ ਕੁਝ ਇਲਾਕਿਆਂ ’ਚ ਪਾਣੀ ਦੀ ਇੰਨੀ ਕਿੱਲਤ ਪੈਦਾ ਹੋ ਗਈ ਹੈ ਕਿ ਲੋਕਾਂ ਦਾ ਨਹਾਉਣਾ ਤਕ ਛੁੱਟਣ ਲੱਗਾ ਹੈ। ਪਾਟਨ ਅਤੇ ਬਨਾਸਕਾਂਠਾ ਆਦਿ ’ਚ ਇਕ ਬਾਲਟੀ ਪਾਣੀ ਲਈ ਔਰਤਾਂ ਨੂੰ 3-3 ਘੰਟੇ ਲਾਈਨ ’ਚ ਲੱਗਣਾ ਪੈ ਰਿਹਾ ਹੈ। ਇਸੇ ਕਾਰਣ ਲੋਕਾਂ ਨੇ ਆਪਣੇ ਵਿਆਹ ਸਮਾਰੋਹ ਪਿੰਡਾਂ ’ਚ ਕਰਨ ਦੀ ਬਜਾਏ ਸ਼ਹਿਰਾਂ ’ਚ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਥੇ ਘੱਟੋ-ਘੱਟ ਪੈਸਾ ਖਰਚ ਕਰ ਕੇ ਤਾਂ ਉਹ ਪਾਣੀ ਹਾਸਲ ਕਰ ਸਕਦੇ ਹਨ ਤਾਂ ਕਿ ਮਹਿਮਾਨਾਂ ਨੂੰ ਪ੍ਰੇਸ਼ਾਨੀ ਨਾ ਹੋ ਸਕੇ। ਇਹੋ ਨਹੀਂ, ਲੋਕ ਅੰਤਿਮ ਸੰਸਕਾਰ ਦੇ ਨਿਯਮ ਤਕ ਬਦਲਣ ਲਈ ਮਜਬੂਰ ਹੋ ਗਏ ਹਨ। ਟੂਟੀਆਂ ’ਚ ਪਾਣੀ ਨਾ ਆਉਣ ਕਾਰਣ ਅੰਤਿਮ ਸੰਸਕਾਰ ਤੋਂ ਬਾਅਦ ਨਹਾਉਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਚਿਹਰੇ ’ਤੇ ਪਾਣੀ ਦੇ ਕੁਝ ਛਿੱਟੇ ਮਾਰ ਕੇ ਹੀ ਸਬਰ ਕਰ ਰਹੇ ਹਨ। ਇਹ ਸਥਿਤੀ ਪਾਣੀ ਦੀ ਘਾਟ ਨਾਲ ਮਨੁੱਖੀ ਜਾਤ ਨੂੰ ਹੀ ਨਹੀਂ, ਹੋਰ ਜੀਵ-ਜੰਤੂਆਂ, ਪੇੜ-ਪੌਦਿਆਂ ਅਤੇ ਵਾਤਾਵਰਣ ਤਕ ਨੂੰ ਹੋਣ ਵਾਲੇ ਭਾਰੀ ਨੁਕਸਾਨ ਵੱਲ ਇਸ਼ਾਰਾ ਕਰਦੀ ਹੈ ਅਤੇ ਸਾਵਧਾਨ ਕਰਦੀ ਹੈ ਕਿ ਜੇਕਰ ਅਸੀਂ ਪਾਣੀ ਦੀ ਦੁਰਵਰਤੋਂ ਬੰਦ ਨਾ ਕੀਤੀ ਤਾਂ ਆਉਣ ਵਾਲੇ ਸਮੇਂ ’ਚ ਸਾਨੂੰ ਹੋਰ ਵੀ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਬਿਨਾਂ ਸੋਚੇ-ਸਮਝੇ ਪਾਣੀ ਬਰਬਾਦ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
–ਵਿਜੇ ਕੁਮਾਰ\\\
ਚੋਣ ਨਤੀਜਿਆਂ ਨੂੰ ਲੈ ਕੇ ਨੇਤਾਵਾਂ ਦੇ ਘਬਰਾਹਟ ਭਰੇ ਬਿਆਨ
NEXT STORY