ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਇੱਕ ਵਾਰ ਫਿਰ ਚੰਨ 'ਤੇ ਆਪਣਾ ਉਪਗ੍ਰਹਿ ਭੇਜਣ ਜਾ ਰਿਹਾ ਹੈ।
ਇਸ ਉਪਗ੍ਰਹਿ ਨੂੰ 15 ਜੁਲਾਈ ਨੂੰ ਸਵੇਰੇ 2:51 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਛੱਡਿਆ ਜਾਵੇਗਾ।
ਇਸ ਤੋਂ ਪਹਿਲਾਂ ਅਕਤੂਬਰ 2008 'ਚ ਇਸਰੋ ਨੇ ਚੰਦਰਯਾਨ-1 ਉਪਗ੍ਰਹਿ ਚੰਨ 'ਤੇ ਭੇਜਿਆ ਸੀ।
ਇਹ ਅਭਿਆਨ ਇਸ ਲਈ ਖ਼ਾਸ ਬਣ ਗਿਆ ਹੈ ਕਿਉਂਕਿ ਇਹ ਪਹਿਲਾ ਅਜਿਹਾ ਅੰਤਰਗ੍ਰਹੀ ਮਿਸ਼ਨ ਹੋਵੇਗਾ ਜਿਸ ਦੀ ਕਮਾਨ ਦੋ ਔਰਤਾਂ ਦੇ ਹੱਥ 'ਚ ਹੈ।
ਰਿਤੂ ਕਰੀਧਲ ਮਿਸ਼ਨ ਡਾਇਕੈਟਕਰ ਅਤੇ ਪ੍ਰੋਜੈਕਟ ਡਾਇਰੈਕਟਰ ਐੱਮ. ਵਨੀਤਾ ਹਨ।
ਇਹ ਵੀ ਪੜ੍ਹੋ-
ਇਸਰੋ ਦੇ ਪ੍ਰਧਾਨ ਡਾ. ਕੇ ਸਿਵਨ ਨੇ ਚੰਦਰਯਾਨ-2 ਦੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ, "ਅਸੀਂ ਔਰਤਾਂ ਅਤੇ ਪੁਰਸ਼ਾਂ 'ਚ ਕੋਈ ਅੰਤਰ ਨਹੀਂ ਰੱਖਦੇ। ਇਸਰੋ 'ਚ ਕਰੀਬ 30 ਫੀਸਦ ਔਰਤਾਂ ਕੰਮ ਕਰਦੀਆਂ ਹਨ।"
ਇਹ ਪਹਿਲੀ ਵਾਰ ਨਹੀਂ ਹੈ ਇਸਰੋ 'ਚ ਔਰਤਾਂ ਕਿਸੇ ਵੱਡੇ ਅਭਿਆਨ 'ਚ ਮੁੱਖ ਭੂਮਿਕਾ ਨਿਭਾ ਰਹੀਆਂ ਹੋਣ। ਇਸ ਤੋਂ ਪਹਿਲਾਂ ਮੰਗਲ ਮਿਸ਼ਨ 'ਚ ਵੀ 8 ਔਰਤਾਂ ਦੀ ਵੱਡੀ ਭੂਮਿਕਾ ਰਹੀ ਸੀ।
ਇਸ ਵਾਰ ਚੰਦਰਯਾਨ-2 ਦੀ ਕਮਾਨ ਸੰਭਾਲਣ ਵਾਲੀ ਰਿਤੂ ਕਰੀਧਲ ਅਤੇ ਐੱਮ ਵਨੀਤਾ ਕੌਣ ਹਨ, ਇਹ ਜਾਣਦੇ ਹਾਂ-
ਰਾਕੇਟ ਵੂਮੈਨ ਆਫ ਇੰਡੀਆ ਅਖਵਾਉਣ ਵਾਲੀ ਰਿਤੂ
ਚੰਦਰਯਾਨ-2 ਦੀ ਮਿਸ਼ਨ ਡਾਇਰੈਕਟਰ ਰਿਤੂ ਕਰੀਧਲ ਨੂੰ 'ਰਾਕੇਟ ਵੂਮੈਨ ਆਫ ਇੰਡੀਆ' ਵੀ ਕਿਹਾ ਜਾਂਦਾ ਹੈ।
ਉਹ ਮਾਰਸ ਆਰਬੀਟਰ ਮਿਸ਼ਨ 'ਚ ਡਿਪਟੀ ਆਪਰੇਸ਼ਨਸ ਡਾਇਰੈਕਟਰ ਵੀ ਰਹੀ ਹੈ। ਕਰੀਧਲ ਕੋਲ ਐਰੋਸਪੇਸ 'ਚ ਇੰਜੀਨੀਅਰਿੰਗ ਡਿਗਰੀ ਹੈ। ਉਹ ਲਖਨਊ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ।
ਸਾਲ 2007 'ਚ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਕੋਲੋਂ ਇਸਰੋ ਯੰਗ ਸਾਇੰਟਿਸਟ ਐਵਾਰਡ ਵੀ ਮਿਲਿਆ ਹੈ।
ਕਰੀਧਲ ਦੀ ਬਚਪਨ ਤੋਂ ਹੀ ਵਿਗਿਆਨ 'ਚ ਖ਼ਾਸ ਦਿਲਚਸਪੀ ਸੀ।
ਮਾਰਸ ਆਰਬੀਟਰ ਮਿਸ਼ਨ ਤੋਂ ਬਾਅਦ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ, "ਮੈਂ ਚੰਨ ਦਾ ਆਕਾਰ ਘਟਣ ਅਤੇ ਵਧਣ ਨੂੰ ਲੈ ਕੇ ਹੈਰਾਨ ਹੁੰਦੀ ਸੀ ਅਤੇ ਪੁਲਾੜ ਦੇ ਹਨੇਰੇ ਤੋਂ ਪਾਰ ਦੀ ਦੁਨੀਆਂ ਬਾਰੇ ਜਾਣਨਾ ਚਾਹੁੰਦੀ ਸੀ।"
ਫਿਜ਼ਿਕਸ ਅਤੇ ਮੈਥਸ ਰਿਤੂ ਕਰੀਧਲ ਦੇ ਪਸੰਦ ਦੇ ਵਿਸ਼ੇ ਰਹੇ ਹਨ। ਉਹ ਨਾਸਾ ਅਤੇ ਇਸਰੋ ਪ੍ਰੋਜੈਕਟਸ ਬਾਰੇ ਅਖ਼ਬਾਰਾਂ ਦੀ ਕਟਿੰਗ ਰੱਖ ਲੈਂਦੇ ਹੁੰਦੇ ਸਨ।
ਸਪੇਸ ਸਾਇੰਸ ਨਾਲ ਜੁੜੀ ਹਰੇਕ ਛੋਟੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸਨ।
ਸਾਇੰਸ ਅਤੇ ਪੁਲਾੜ ਨੂੰ ਲੈ ਕੇ ਉਨ੍ਹਾਂ ਦਾ ਅਜਿਹਾ ਜਨੂਨ ਉਨ੍ਹਾਂ ਨੂੰ ਇਸਰੋ ਤੱਕ ਲੈ ਗਿਆ।
ਉਹ ਦੱਸਦੇ ਹਨ, "ਪੋਸਟ ਗ੍ਰੇਜੂਏਟ ਡਿਗਰੀ ਪੂਰੀ ਕਰਨ ਤੋਂ ਬਾਅਦ ਮੈਂ ਇਸਰੋ 'ਚ ਨੌਕਰੀ ਲਈ ਅਪਲਾਈ ਕੀਤਾ ਸੀ ਅਤੇ ਇਸ ਤਰ੍ਹਾਂ ਮੈਂ ਸਪੇਸ ਸਾਇੰਟਿਸਟ ਬਣ ਸਕੀ।"
ਇਸਰੋ ਵਿੱਚ ਖੁਸ਼ੀ ਮਨਾਉਂਦੀਆਂ ਔਰਤਾਂ
ਉਨ੍ਹਾਂ ਨੇ ਕਰੀਬ 20-21 ਸਾਲਾਂ 'ਚ ਇਸਰੋ 'ਚ ਕਈ ਪ੍ਰੋਜੈਕਟਾਂ 'ਤੇ ਕੰਮ ਕੀਤਾ ਹੋਇਆ ਹੈ। ਇਨ੍ਹਾਂ 'ਚੋਂ ਮਾਰਸ ਆਰਬੀਟਰ ਮਿਸ਼ਨ ਬਹੁਤ ਮਹੱਤਵਪੂਰਨ ਰਿਹਾ ਹੈ।
ਮੰਗਲ ਦੀਆਂ ਔਰਤਾਂ
ਰਿਤੂ ਕਰੀਧਲ ਕਹਿੰਦੀ ਹੈ ਕਿ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਆਪਣਾ ਟੀਚਾ ਪੂਰਾ ਨਹੀਂ ਕਰ ਸਕਦਾ ਹੈ।
ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਬੇਟਾ ਅਤੇ ਬੇਟੀ। ਉਹ ਕਹਿੰਦੇ ਹਨ ਕਿ ਮਾਂ ਬਣਨ ਤੋਂ ਬਾਅਦ ਉਹ ਘਰ ਰਹਿ ਕੇ ਵੀ ਦਫ਼ਤਰ ਦਾ ਕੰਮ ਕਰਦੇ ਸਨ ਅਤੇ ਉਦੋਂ ਉਨ੍ਹਾਂ ਦੇ ਪਤੀ ਬੱਚਿਆਂ ਨੂੰ ਸੰਭਾਲਣ 'ਚ ਉਨ੍ਹਾਂ ਦੀ ਪੂਰੀ ਮਦਦ ਕਰਦੇ ਸਨ।
"ਜਦੋਂ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡਾ ਜਨੂਨ ਅਤੇ ਮਿਹਨਤ ਦੇਖਦੇ ਹਨ ਤਾਂ ਉਹ ਵੀ ਉਸ 'ਚ ਤੁਹਾਡੇ ਨਾਲ ਜੁੜ ਜਾਂਦੇ ਹਨ।"
ਇਹ ਵੀ ਪੜ੍ਹੋ-
ਉਨ੍ਹਾਂ ਨੇ ਦੱਸਿਆ, "ਜਦੋਂ ਮੇਰਾ ਬੇਟਾ 11 ਸਾਲ ਦਾ ਅਤੇ ਬੇਟੀ 5 ਸਾਲ ਦੀ ਸੀ ਉਦੋਂ ਅਸੀਂ ਸਮੇਂ ਬਚਾਉਣ ਲਈ ਮਲਟੀਟਾਸਕਿੰਗ ਕਰਦੇ ਸੀ। ਦਫ਼ਤਰ 'ਚ ਬੁਰੀ ਤਰ੍ਹਾਂ ਥੱਕ ਜਾਣ ਦੇ ਬਾਵਜੂਦ ਜਦੋਂ ਮੈਂ ਘਰ ਜਾ ਕੇ ਆਪਣੇ ਬੱਚਿਆਂ ਨੂੰ ਦੇਖਦੀ ਹੈ ਅਤੇ ਉਨ੍ਹਾਂ ਨਾਲ ਸਮੇਂ ਬਿਤਾਉਂਦੀ ਸੀ ਤਾਂ ਮੈਨੂੰ ਬਹੁਤ ਚੰਗਾ ਲਗਦਾ ਸੀ।"
ਉਹ ਕਹਿੰਦੇ ਹਨ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੁਰਸ਼ ਮੰਗਲ ਗ੍ਰਹਿ ਤੋਂ ਆਉਂਦੇ ਹਨ ਅਤੇ ਔਰਤਾਂ ਸ਼ੁਕਰ ਗ੍ਰਹਿ ਤੋਂ ਆਉਂਦੀਆਂ ਹਨ। ਪਰ ਮੰਗਲ ਅਭਿਆਨ ਦੀ ਸਫ਼ਲਤਾ ਤੋਂ ਬਾਅਦ ਕਈ ਲੋਕ ਔਰਤ ਵਿਗਿਆਨੀਆਂ ਨੂੰ 'ਮੰਗਲ ਦੀਆਂ ਔਰਤਾਂ' ਕਹਿਣ ਲੱਗੇ ਹਨ।
ਉਨ੍ਹਾਂ ਨੇ ਕਿਹਾ, "ਮੈਂ ਧਰਤੀ 'ਤੇ ਰਹਿਣ ਵਾਲੀ ਔਰਤ ਹਾਂ, ਇੱਕ ਭਾਰਤੀ ਜਿਸ ਨੂੰ ਬਿਹਤਰੀਨ ਮੌਕਾ ਮਿਲਿਆ ਹੈ।"
ਸਟਾਰ ਪਲੱਸ ਦੇ ਇੱਕ ਪ੍ਰੋਗਰਾਮ 'ਟੈਡ ਟੌਕ' 'ਚ ਰਿਤੂ ਕਰੀਧਲ ਨੇ ਕਿਹਾ ਸੀ, "ਮੈਨੂੰ ਲਗਦਾ ਹੈ ਜੋ ਆਤਮ-ਵਿਸ਼ਵਾਸ਼ ਮੈਨੂੰ ਮੇਰੇ ਮਾਤਾ-ਪਿਤਾ ਨੇ 20 ਸਾਲ ਪਹਿਲਾਂ ਦਿੱਤਾ ਸੀ ਉਹ ਅੱਜ ਲੋਕ ਆਪਣੀ ਬੱਚੀਆਂ 'ਚ ਦਿਖਾ ਰਹੇ ਹਨ।"
"ਪਰ ਸਾਨੂੰ ਦੇਸ ਦੇ ਪਿੰਡਾਂ, ਕਸਬਿਆਂ 'ਚ ਇਹ ਭਾਵਨਾ ਲਿਆਉਣੀ ਹੈ ਕਿ ਕੁੜੀਆਂ ਚਾਹੇ ਵੱਡੇ ਸ਼ਹਿਰ ਦੀਆਂ ਹੋਣ ਜਾਂ ਕਸਬੇ ਦੀਆਂ ਪਰ ਜੇਕਰ ਮਾਂ-ਬਾਪ ਦਾ ਸਹਿਯੋਗ ਹੋਵੇ ਤਾਂ ਉਹ ਬਹੁਤ ਅੱਗੇ ਵੱਧ ਸਕਦੀਆਂ ਹਨ।"
ਪ੍ਰੋਜੈਕਟ ਡਾਇਰੈਕਟਰ ਐੱਮ ਵਨੀਤਾ
ਐੱਮ ਵਨੀਤਾ ਚੰਦਰਯਾਨ-2 'ਚ ਪ੍ਰੋਜੈਕਟ ਡਾਇਰੈਕਟਕ ਵਜੋਂ ਕੰਮ ਕਰ ਰਹੇ ਹਨ। ਵਨੀਤਾ ਦੇ ਕੋਲ ਡਿਜ਼ਾਈਨ ਇੰਜੀਨੀਅਰ ਦੀ ਸਿਖਲਾਈ ਹੈ ਅਤੇ ਐਸਟਰੋਨਾਮਿਕਲ ਸੁਸਾਇਟੀ ਆਫ ਇੰਡੀਆ ਤੋਂ 2006 'ਚ ਬੈਸਟ ਵੂਮੈਨ ਸਾਇੰਟਿਸਟ ਦਾ ਐਵਾਰਡ ਮਿਲਿਆ ਹੋਇਆ ਹੈ।
ਉਹ ਬਹੁਤ ਸਾਲਾਂ ਤੋਂ ਸੈਟੇਲਾਈਟ 'ਤੇ ਕੰਮ ਕਰ ਰਹੇ ਹਨ।
ਵਿਗਿਆਨਿਕ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਦੱਸਦੇ ਹਨ ਕਿ ਪ੍ਰੋਜੈਕਟ ਡਾਇਰੈਕਟਰ 'ਤੇ ਕਿਸੇ ਅਭਿਆਨ ਦੀ ਪੂਰੀ ਜ਼ਿੰਮੇਵਾਦੀ ਹੁੰਦੀ ਹੈ।
ਇੱਕ ਮਿਸ਼ਨ ਦਾ ਇੱਕ ਹੀ ਪ੍ਰੋਜੈਕਟ ਡਾਇਰੈਕਟਰ ਹੁੰਦਾ ਹੈ। ਜਦ ਕਿ ਕਿਸੇ ਮਿਸ਼ਨ 'ਤੇ ਇੱਕ ਤੋਂ ਵਧੇਰੇ ਮਿਸ਼ਨ ਡਾਇਰੈਕਟਰ ਹੋ ਸਕਦੇ ਹਨ ਜਿਵੇਂ ਆਰਬਿਟ ਡਾਇਰੈਕਟਰ, ਸੈਟੇਲਾਈਟ ਜਾਂ ਰਾਕੇਟ ਡਾਇਰੈਕਟਰ।
ਰਿਤੂ ਕਰੀਧਲ ਕਿਹੜੇ ਮਿਸ਼ਨ ਦੀ ਡਾਇਰੈਕਟਰ ਹੈ ਅਜੇ ਤੱਕ ਸਾਫ਼ ਨਹੀਂ ਹੈ।
ਐੱਮ ਵਨੀਤਾ ਨੂੰ ਪ੍ਰੋਜੈਕਟ ਦੇ ਸਾਰੇ ਪਹਿਲੂਆਂ ਨੂੰ ਦੇਖਣਾ ਪਵੇਗਾ ਤਾਂ ਜੋ ਅਭਿਆਨ ਸਫ਼ਲ ਹੋ ਸਕੇ।
ਪ੍ਰੋਜੈਕਟ ਦਾ ਹਰ ਕੰਮ ਉਨ੍ਹਾਂ ਦੀ ਨਿਗਰਾਨੀ 'ਚ ਹੋਵੇਗਾ। ਉਨ੍ਹਾਂ ਤੋਂ ਉੱਤੇ ਇੱਕ ਪ੍ਰੋਗਰਾਮ ਡਾਇਰੈਕਟਰ ਹੁੰਦਾ ਹੈ।
ਕੀ ਹੈ ਚੰਦਰਯਾਨ-2 ਅਭਿਆਨ
ਚੰਦਰਯਾਨ-2 ਬੇਹੱਦ ਖ਼ਾਸ ਉੁਪਗ੍ਰਹਿ ਹੈ ਕਿਉਂਕਿ ਇਸ ਵਿੱਚ ਇੱਕ ਆਰਬੀਟਰ ਹੈ, ਇੱਕ 'ਵਿਕਰਮ' ਨਾਮ ਦਾ ਲੈਂਡਰ ਹੈ ਅਤੇ ਇੱਕ 'ਪ੍ਰਗਿਆਨ' ਨਾਮ ਦਾ ਰੋਵਰ ਹੈ।
ਪਹਿਲੀ ਵਾਰ ਭਾਰਤ ਚੰਨ ਦੀ ਧਰਾਤਲ 'ਤੇ 'ਸਾਫਟ ਲੈਂਡਿੰਗ' ਕਰੇਗਾ ਜੋ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ।
ਇਸ ਦੀ ਕੁੱਲ ਲਾਗਤ 600 ਕਰੋੜ ਰੁਪਏ ਤੋਂ ਵਧੇਰੇ ਦੱਸੀ ਜਾ ਰਹੀ ਹੈ।
3.8 ਟਨ ਭਾਰ ਵਾਲੇ ਚੰਦਰਯਾਨ-2 ਨੂੰ ਯਾਨਿ ਜੀਐਸਐਲਵੀ ਮਾਰਕ-ਤਿੰਨ ਰਾਹੀਂ ਪੁਲਾੜ 'ਚ ਭੇਜਿਆ ਜਾਵੇਗਾ।
ਭਾਰਤ ਆਪਣੇ ਉਪਗ੍ਰਹਿ ਦੀ ਛਾਪ ਚੰਨ 'ਤੇ ਛੱਡੇਗਾ, ਇਹ ਬੇਹੱਦ ਹੀ ਆਮ ਮਿਸ਼ਨ ਹੈ। ਭਾਰਤ ਚੰਨ ਦੀ ਵਿਗਿਆਨਕ ਖੋਜ 'ਚ ਜਾ ਰਿਹਾ ਹੈ ਅਤੇ ਇਸਰੋ ਦਾ ਮੰਨਣਾ ਹੈ ਕਿ ਮਿਸ਼ਨ ਸਫ਼ਲ ਰਹੇਗਾ।
ਇਸ ਤੋਂ ਪਹਿਲਾਂ ਚੰਦਰਯਾਨ-1 ਦਾ ਮਿਸ਼ਨ ਦੋ ਸਾਲ ਦਾ ਸੀ ਪਰ ਉਸ ਵਿੱਚ ਖ਼ਰਾਬੀ ਆਉਣ ਤੋਂ ਬਾਅਦ ਇਹ ਮਿਸ਼ਨ ਇੱਕ ਸਾਲ 'ਚ ਹੀ ਖ਼ਤਮ ਹੋ ਗਿਆ।
ਉਸ ਲਿਹਾਜ਼ ਨਾਲ ਜੇਕਰ ਦੇਖਿਆ ਜਾਵੇ ਤਾਂ ਇਸਰੋ ਕਹਿੰਦਾ ਹੈ ਕਿ ਉਸ ਨੇ ਚੰਦਰਯਾਨ-1 ਤੋਂ ਸਬਕ ਲੈਂਦਿਆਂ ਹੋਇਆ ਚੰਦਰਯਾਨ-2 ਮਿਸ਼ਨ 'ਚ ਸਾਰੀਆਂ ਖਾਮੀਆਂ ਨੂੰ ਦੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਜ਼ਰੂਰ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=snpwzwr4ut8
https://www.youtube.com/watch?v=q3i3eK-dMrk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਏਐੱਨ32 ਹੈਲੀਕੌਪਟਰ ਹਾਦਸਾ: ''ਮੇਰਾ ਪੁੱਤਰ ਬਹੁਤ ਹੁਸ਼ਿਆਰ ਸੀ ਪਰ ਕਿਸਮਤ ਧੋਖਾ ਦੇ ਗਈ''
NEXT STORY