AIIMS ਸਣੇ ਪੂਰੇ ਦੇਸ ਦੇ ਵੱਡੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਵਿੱਚ ਪੀਜੀਆਈ ਚੰਡੀਗੜ੍ਹ ਦੇ ਰੈਜੀਡੈਂਟ ਡਾਕਟਰ ਵੀ ਸ਼ਾਮਲ ਹੋ ਗਏ ਹਨ।
ਇਹ ਹੜਤਾਲ ਸੰਸਦ ਵਿੱਚ ਪਾਸ ਹੋਏ ਐਨਐਮਸੀ (ਨਿਊ ਮੈਡੀਕਲ ਕਮਿਸ਼ਨ ਬਿੱਲ) 2019 ਖ਼ਿਲਾਫ਼ ਚੱਲ ਰਹੀ ਹੈ।
ਪੀਜੀਆਈ ਦੇ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਸ਼ਨੀਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਤਹਿਤ ਪੀਜੀਆਈ ਦੀ ਓਪੀਡੀ ਬੰਦ ਰਹੇਗੀ। ਹਾਲਾਂਕਿ ਐਮਰਜੈਂਸੀ, ਟਰੌਮਾ ਸੈਂਟਰ ਅਤੇ ਵਾਰਡਜ਼ ਵਿੱਚ ਦਾਖ਼ਲ ਮਰੀਜਾਂ ਦਾ ਇਲਾਜ ਆਮ ਵਾਂਗ ਜਾਰੀ ਰਹੇਗਾ।
ਕੀ ਹੈ ਇਹ ਐਨਐਮਸੀ ਬਿੱਲ 2019?
ਇਸ ਬਿੱਲ ਤਹਿਤ ਮੈਡੀਕਲ ਸਿੱਖਿਆ ਨੂੰ ਰੈਗੂਲਰ ਕਰਨ ਵਾਲੀ ਕੇਂਦਰੀ ਮੈਡੀਕਲ ਕਾਊਂਸਿਲ ਆਫ ਇੰਡੀਆ (MCI) ਨੂੰ ਰੱਦ ਕਰਕੇ ਇਸ ਦੀ ਥਾਂ ਰਾਸ਼ਟਰੀ ਮੈਡੀਕਲ ਕਮਿਸ਼ਨ (NMC) ਦਾ ਗਠਨ ਕੀਤਾ ਜਾਵੇਗਾ।
ਹੁਣ ਦੇਸ ਵਿੱਚ ਮੈਡੀਕਲ ਸਿੱਖਿਆ ਅਤੇ ਮੈਡੀਕਲ ਸੇਵਾਵਾਂ ਨਾਲ ਸਬੰਧਤ ਸਾਰੀਆਂ ਨੀਤੀਆਂ ਬਣਾਉਣ ਦੀ ਕਮਾਨ ਇਸ ਕਮਿਸ਼ਨ ਦੇ ਹੱਥ ਵਿੱਚ ਹੋਵੇਗੀ।
ਇਹ ਵੀ ਪੜ੍ਹੋ-
ਪੀਜੀਆਈ ਚੰਡੀਗੜ੍ਹ ਦੇ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਐਤਵਾਰ ਤੱਕ ਇਹ ਬਿੱਲ ਸੋਧ ਲਈ ਵਾਪਸ ਨਾ ਲਿਆ ਗਿਆ ਤਾਂ ਸੋਮਵਾਰ ਨੂੰ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਪੂਰੇ ਦੇਸ ਦੇ ਡਾਕਟਰਾਂ ਵੱਲੋਂ ਚੁਣੇ ਪ੍ਰੋਗਰਾਮ ਮੁਤਾਬਕ ਚੱਲਣਗੇ।
ਹਾਲਾਂਕਿ ਐਸੋਸੀਏਸ਼ਨ ਨੇ ਸੋਮਵਾਰ ਤੋਂ ਵੀ ਐਮਰਜੈਂਸੀ ਸਰਵਿਸਜ਼ ਜਾਰੀ ਰਹਿਣ ਦਾ ਭਰੋਸਾ ਦਾ ਦਿੱਤਾ ਹੈ।
ਐਤਵਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਕੇਂਦਰੀ ਸਿਹਤ ਵਿਭਾਗ ਨਾਲ ਮੁਲਾਕਾਤ ਹੈ, ਇਸ ਮੀਟਿੰਗ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਏਗਾ।
ਬਿੱਲ ਦੇ ਮੁੱਖ ਵਿਵਾਦ ਵਾਲੇ ਤਜਵੀਜ਼ਾ
ਪੀਜੀਆਈ ਦੇ ਜੂਨੀਅਰ ਡਾਕਟਰ ਦਮਨਪ੍ਰੀਤ ਨੇ ਦੱਸਿਆ, “ਸਰਕਾਰ ਐਨਐਮਸੀ ਬਿੱਲ ਤਹਿਤ ਛੇ ਮਹੀਨੇ ਦੇ ਕੋਰਸ ਕਰਵਾ ਕੇ ਮੈਡੀਕਲ ਬੈਕਗਰਾਊਂਡ ਦੇ ਲੋਕਾਂ ਨੂੰ ਪ੍ਰਾਇਮਰੀ ਹੈਲਥ ਕੇਅਰ ਲਈ ਡਾਕਟਰੀ ਦੇ ਲਾਈਸੈਂਸ ਦੇਣ ਜਾ ਰਹੀ ਹੈ, ਜੋ ਕਿ ਪੇਂਡੂ ਤੇ ਗਰੀਬ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ।”
“ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐਮਬੀਬੀਐਸ, ਐਮਡੀ ਜਿਹੀਆਂ ਡਿਗਰੀਆਂ ਲੈ ਕੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਡਾਕਟਰ ਬਣਨ ਵਾਲਿਆਂ ਨਾਲ ਵੀ ਇਹ ਬੇ-ਇਨਸਾਫੀ ਹੋਏਗੀ ਜਦੋਂ ਤੁਸੀਂ ਕਿਸੇ ਨੂੰ ਛੇ ਮਹੀਨੇ ਦਾ ਕੋਰਸ ਕਰਵਾ ਕੇ ਡਾਕਟਰ ਬਣਾ ਦੇਓਗੇ।”
ਇਸ ਤੋਂ ਇਲਾਵਾ ਮੈਡੀਕਲ ਕਾਲਜਾਂ ਵਿੱਚ ਮੈਨੇਜਮੈਂਟ ਕੋਟਾ ਵਧਾਉਣ ਦੀ ਤਜਵੀਜ਼ ਦਾ ਵੀ ਵਿਰੋਧ ਹੋ ਰਿਹਾ ਹੈ। ਡਾਕਟਰਾਂ ਮੁਤਾਬਕ, ਅਜਿਹਾ ਕਰਨ ਨਾਲ ਭ੍ਰਿਸ਼ਟਾਚਾਰੀ ਵਧੇਗੀ ਅਤੇ ਨਾ-ਕਾਬਿਲ ਡਾਕਟਰ ਬਣਨਗੇ।
ਡਾਕਟਰਾਂ ਨੇ ਦੱਸਿਆ ਕਿ ਐਮਬੀਬੀਐੱਸ ਤੋਂ ਬਾਅਦ ਡਾਕਟਰੀ ਦਾ ਲਾਈਸੈਂਸ ਲੈਣ ਲਈ ਪਹਿਲਾਂ ਜੋ ਥਿਓਰੀ ਅਤੇ ਪ੍ਰੈਕਟਿਕਲ ਟੈਸਟ ਹੁੰਦਾ ਸੀ, ਹੁਣ ਉਸ ਦੀ ਬਜਾਏ ਸਿਰਫ਼ ਇੱਕ MCQ ਟੈਸਟ ਕਰਨ ਦੀ ਤਜਵੀਜ਼ ਹੈ ਜੋ ਕਿ ਡਾਕਟਰ ਦੀ ਕਾਬਲੀਅਤ ਨੂੰ ਪਹਿਲਾਂ ਵਾਲੇ ਟੈਸਟਾਂ ਦੀ ਤਰ੍ਹਾਂ ਨਹੀਂ ਪਰਖ ਸਕੇਗਾ।
ਇਸ ਤਰ੍ਹਾਂ ਨਿਊ ਮੈਡੀਕਲ ਕਮਿਸ਼ਨ ਬਿੱਲ ਦੀਆਂ ਕਈ ਮਦਾਂ ਦੇ ਵਿਰੋਧ ਵਿੱਚ ਡਾਕਟਰ ਹੜਤਾਲ ਕਰ ਰਹੇ ਹਨ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=PT3cfTcHWCQ
https://www.youtube.com/watch?v=p8dHnsW5FUc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਜੰਮੂ-ਕਸ਼ਮੀਰ ਵਿੱਚ ਖਲਬਲੀ, ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਕੀਤਾ ਅਲਰਟ
NEXT STORY