ਇੱਕ ਨਿੱਕੀ ਜਿਹੀ ਕੁੜੀ ਜੋ ਕਿ ਜੰਗੀ ਖੇਤਰ ਲਾਤਵੀਆ 'ਚੋਂ 50 ਸਾਲ ਤੋਂ ਵੀ ਵੱਧ ਸਮਾਂ ਬਾਹਰ ਰਹੀ ਪਰ ਜਿਉਂ ਹੀ ਉਸ ਨੇ ਵਤਨ ਵਾਪਸੀ ਕੀਤੀ ਤਾਂ ਉਹ ਰਾਸ਼ਟਰਪਤੀ ਦੇ ਅਹੁਦੇ 'ਤੇ ਵਿਰਾਜਮਾਨ ਹੋ ਗਈ।
ਸਿਰਫ਼ ਇਹੀ ਨਹੀਂ ਵਾਇਰਾ ਵਿੱਕ ਫਰੇਬਰਗ ਸਾਬਕਾ ਸੋਵੀਅਤ ਰਾਜ ਦੀ ਪਹਿਲੀ ਮਹਿਲਾ ਮੁਖੀ ਵੀ ਬਣੀ।
ਉਸ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਮਾਪਿਆਂ ਨੇ ਮੈਨੂੰ ਕਦੇ ਵੀ ਭੁਲੱਣ ਨਹੀਂ ਸੀ ਦਿੱਤਾ ਕਿ ਮੈਂ ਇੱਕ ਲਾਤਵੀਅਨ ਹਾਂ।"
ਬਾਲਟਿਕ ਰਾਜ ਦੂਜੀ ਵਿਸ਼ਵ ਜੰਗ ਦੌਰਾਨ ਨਾਜ਼ੀ ਜਰਮਨ ਅਤੇ ਸੋਵੀਅਤ ਯੂਨੀਅਨ ਵੱਲੋਂ ਕੀਤੇ ਹਮਲੇ ਦਾ ਸ਼ਿਕਾਰ ਹੋਇਆ।
ਜੁਲਾਈ 1941 'ਚ ਜਰਮਨ ਵਾਸੀ ਲਾਤਵੀਆ ਆਏ ਅਤੇ ਕਈ ਸੋਵੀਅਤ ਕੈਦੀਆਂ ਨੂੰ ਲੈ ਗਏ।
ਇਹ ਵੀ ਪੜ੍ਹੋ:
ਉਸ ਤਣਾਅਪੂਰਨ ਸਮੇਂ ਦੀਆਂ ਉਸ ਕੋਲ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਮੌਜੂਦ ਸਨ, ਖਾਸ ਕਰਕੇ 1944 ਦੀਆਂ ਜਦੋਂ ਰੂਸੀ ਸੈਨਿਕਾਂ ਵੱਲੋਂ ਲਾਤਵੀਆ 'ਚ ਵਾਪਸੀ ਕੀਤੀ ਗਈ।
ਉਸ ਨੇ ਕਿਹਾ ਕਿ ਉਹ ਲਾਲ ਝੰਡੇ ਤੋਂ ਬਹੁਤ ਪ੍ਰਭਾਵਿਤ ਹੋਈ ਸੀ।
"ਇਸ ਲਈ ਇੱਕ ਸਮੇਂ 'ਤੇ ਜਦੋਂ ਮੈਂ ਉਨ੍ਹਾਂ ਨੂੰ ਮਾਰਚ ਕਰਦਿਆਂ ਵੇਖਿਆ ਤਾਂ ਮੇਰੇ ਮੂੰਹ 'ਚੋਂ ਉਲਾਸ ਦੀਆਂ ਆਵਾਜ਼ਾਂ ਨਿਕਲੀਆਂ ਅਤੇ ਮੈਂ ਹਵਾ 'ਚ ਆਪਣਾ ਹੱਥ ਹਿਲਾ ਕੇ ਖੁਸ਼ੀ ਜ਼ਾਹਰ ਕੀਤੀ।"
"ਪਰ ਉਸ ਸਮੇਂ ਮੇਰੀ ਮਾਂ ਜੋ ਕਿ ਖੰਭੇ ਨਾਲ ਢੇਹ ਲਗਾ ਕੇ ਖੜ੍ਹੀ ਸੀ ਉਸ ਦੀਆਂ ਅੱਖਾਂ 'ਚ ਹੰਝੂ ਸਨ ਅਤੇ ਮਾਂ ਨੇ ਮੈਨੂੰ ਕਿਹਾ ਕਿ ਬੇਟਾ ਇਸ ਤਰ੍ਹਾਂ ਨਾ ਕਰੋ। ਲਾਤਵੀਆ ਲਈ ਇਹ ਬਹੁਤ ਹੀ ਦੁਖਦਾਈ ਦਿਨ ਹੈ।"
ਬੇਰਹਿਮ ਸਬਕ
ਸੱਤ ਸਾਲਾ ਵਾਇਰਾ ਦਾ ਪਰਿਵਾਰ ਆਪਣੀ ਉਜਾੜੇ ਦੀ ਯਾਤਰਾ ਦੇ ਸ਼ੁਰੂਆਤੀ ਸਮੇਂ 'ਚ ਸਭ ਤੋਂ ਪਹਿਲਾਂ ਜਰਮਨੀ ਵੱਲ ਵਧਿਆ ਅਤੇ ਬਾਅਦ 'ਚ ਫਰਾਂਸ ਸ਼ਾਸਿਤ ਮੋਰਾਕੋ ਅਤੇ ਫਿਰ ਕੈਨੇਡਾ ਪਹੁੰਚ ਗਏ।
1998 ਤੱਕ ਉਹ 60 ਸਾਲ ਦੀ ਉਮਰ ਭੋਗ ਚੁੱਕੀ ਸੀ ਅਤੇ ਲਾਤਵੀਆ ਨਹੀਂ ਸੀ ਪਰਤੀ। ਬਾਅਦ 'ਚ ਲਾਤਵੀਆ ਪਰਤਦਿਆਂ ਹੀ ਅੱਠ ਮਹੀਨਿਆਂ 'ਚ ਉਹ ਰਾਸ਼ਟਰਪਤੀ ਵੀ ਬਣ ਗਈ।
ਵਾਇਰਾ ਯਾਦ ਕਰਦੀ ਹੈ ਕਿ ਉਸ ਦੇ ਪਿਤਾ 1944 'ਚ ਬੀਬੀਸੀ ਵਰਲਡ ਸਰਵਿਸ ਨੂੰ ਸੁਣਿਆ ਕਰਦੇ ਸਨ ਤਾਂ ਜੋ ਉਹ ਇਹ ਜਾਣ ਸਕਣ ਕਿ ਜੰਗ ਕਿਸ ਪਾਸੇ ਵੱਧ ਰਹੀ ਸੀ।
ਉਸ ਸਾਲ ਤੋਂ ਬਾਅਦ ਉਸ ਦੇ ਮਾਪਿਆਂ ਨੇ ਇਕ ਸਖ਼ਤ ਫ਼ੈਸਲਾ ਕੀਤਾ ਕਿ ਉਹ ਲਾਤਵੀਆ ਛੱਡ ਦੇਣਗੇ।
ਵਾਇਰਾ ਨੇ ਕਿਹਾ, "1945 ਨੂੰ ਨਵੇਂ ਸਾਲ ਦੀ ਪਹਿਲੀ ਰਾਤ ਨੂੰ ਅਸੀਂ ਜਹਾਜ਼ ਲਿਆ ਜੋ ਕਿ ਇੱਕ ਟਰਾਂਸਪੋਰਟ ਸਮੁੰਦਰੀ ਜਹਾਜ਼ ਸੀ ਅਤੇ ਇਸ 'ਚ ਸੈਨਿਕ ਅਤੇ ਹਥਿਆਰ ਵੀ ਲਿਜਾਏ ਜਾ ਰਹੇ ਸਨ।"
"ਇਹ ਸੁਭਾਵਿਕ ਹੀ ਸੀ ਕਿ ਜੇਕਰ ਇਹ ਜਹਾਜ਼ ਫੜਿਆ ਜਾਂਦਾ ਤਾਂ ਇਸ ਨੂੰ ਸ਼ਾਇਦ ਉਡਾ ਦਿੱਤਾ ਜਾਂਦਾ।"
"ਪਰ ਇਸ 'ਚ ਕੁੱਝ ਆਮ ਨਾਗਰਿਕ ਵੀ ਮੌਜੂਦ ਸਨ,ਜੋ ਕਿ ਕਿਸੇ ਵੀ ਸਥਿਤੀ 'ਚ ਇੱਥੋਂ ਬਾਹਰ ਨਿਕਲਣਾ ਚਾਹੁੰਦੇ ਸਨ। ਸਾਰੇ ਲਾਤਵੀਅਨ ਡੈੱਕ 'ਤੇ ਇੱਕਠੇ ਹੋਏ ਅਤੇ ਸਾਰਿਆਂ ਨੇ ਮਿਲ ਕੇ ਲਾਤਵੀਅਨ ਗਾਣਾ ਗਾਇਆ।"
ਉਨ੍ਹਾਂ ਦਾ ਪਰਿਵਾਰ ਜਰਮਨੀ 'ਚ ਲੱਗੇ ਸ਼ਰਨਾਰਥੀ ਕੈਂਪ 'ਚ ਪਹੁੰਚਿਆਂ। ਹਾਲਾਤ ਬਹੁਤ ਹੀ ਨਾਜ਼ੁਕ ਸਨ ਅਤੇ ਉਸ ਦੀ ਛੋਟੀ ਭੈਣ ਨਮੂਨੀਆ ਨਾਲ ਬਿਮਾਰ ਹੋ ਗਈ।
10 ਮਹੀਨਿਆਂ ਦੀ ਉਸ ਦੀ ਛੋਟੀ ਭੈਣ ਬਿਮਾਰੀ ਦੀ ਹਾਲਤ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
ਇੱਕ ਸਾਲ ਦੇ ਅੰਦਰ ਹੀ ਵਾਇਰਾ ਦੀ ਮਾਂ ਨੇ ਇਕ ਬੱਚੇ ਨੂੰ ਜਨਮ ਦਿੱਤਾ ਜੋ ਕਿ ਉਸ ਦਾ ਭਰਾ ਸੀ। ਪਰ ਵਾਇਰਾ ਲਈ ਇਹ ਖੁਸ਼ੀ ਦਾ ਮੌਕਾ ਨਹੀਂ ਸੀ ਕਿਉਂਕਿ ਉਹ ਹੋਰ ਕਈ ਦੁਖਦਾਈ ਘਟਨਾਵਾਂ ਤੋਂ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ:
ਵਾਇਰਾ ਨੇ ਦੱਸਿਆ ਕਿ ਇੱਕ 18 ਸਾਲਾਂ ਕੁੜੀ ਵੀ ਉਸ ਦੀ ਮਾਂ ਨਾਲ ਉਸੇ ਕਮਰੇ 'ਚ ਪਈ ਹੋਈ ਸੀ। ਉਸ ਨੇ ਇਕ ਧੀ ਨੂੰ ਜਨਮ ਦਿੱਤਾ ਸੀ, ਪਰ ਉਹ ਉਸ ਨੂੰ ਅਪਣਾਉਣਾ ਨਹੀਂ ਸੀ ਚਾਹੁੰਦੀ।
ਉਹ 18 ਸਾਲਾ ਕੁੜੀ ਆਪਣੀ ਧੀ ਨੂੰ ਆਪਣਾ ਨਾਮ ਨਹੀਂ ਸੀ ਦੇਣਾ ਚਾਹੁੰਦੀ ਕਿਉਂਕਿ ਇਹ ਬੱਚਾ ਉਸ ਨਾਲ ਹੋਏ ਜਿਣਸੀ ਟਕਰਾਅ ਦਾ ਨਤੀਜਾ ਸੀ। ਦਰਅਸਲ ਰੂਸ ਦੇ ਸੈਨਿਕਾਂ ਦੇ ਇਕ ਸਮੂਹ ਵੱਲੋਂ ਉਸ ਨਾਲ ਜ਼ਬਰਦਸਤੀ ਕੀਤੀ ਗਈ ਸੀ।
ਜਿਵੇਂ ਹੀ ਨਰਸ ਉਸ ਕੋਲ ਨਵਜੰਮੀ ਬੱਚੀ ਲਿਆਉਂਦੀ, ਉਹ ਉਸ ਤੋਂ ਮੂੰਹ ਮੋੜ ਲੈਂਦੀ ਅਤੇ ਉੱਚੀ-ਉੱਚੀ ਰੋਣ ਲੱਗ ਪੈਂਦੀ। ਨਰਸਾਂ ਨੇ ਹੀ ਉਸ ਨਵਜੰਮੀ ਬੱਚੀ ਨੂੰ ਮਾਰਾ ਦਾ ਨਾਮ ਦਿੱਤਾ, ਜੋ ਕਿ ਵਾਇਰਾ ਦੀ ਛੋਟੀ ਭੈਣ ਦਾ ਨਾਮ ਸੀ।
ਵਾਇਰਾ ਨੇ ਕਿਹਾ, "ਉਸ ਸਮੇਂ ਮੈਨੂੰ ਲੱਗ ਰਿਹਾ ਸੀ ਕਿ ਇਹ ਕਿੰਨੀ ਅਜੀਬ ਸਥਿਤੀ ਹੈ ਕਿ ਇਹ ਮਾਰਾ ਜਿਸ ਦਾ ਜਨਮ ਹੋਇਆ ਪਰ ਉਸ ਨੂੰ ਕੋਈ ਵੀ ਅਪਣਾਉਣਾ ਨਹੀਂ ਚਾਹੁੰਦਾ ਹੈ।"
"ਇੱਕ ਸਾਡੀ ਮਾਰਾ ਸੀ ਜਿਸ ਨੂੰ ਕਿ ਅਸੀਂ ਐਨਾ ਪਿਆਰ ਕਰਦੇ ਸਾਂ ਉਹ ਸਾਡੇ ਤੋਂ ਦੂਰ ਚਲੀ ਗਈ। ਸੱਚ 'ਚ ਇਹ ਜ਼ਿੰਦਗੀ ਬਹੁਤ ਅਜੀਬ ਹੈ ਅਤੇ ਇਸ ਬਾਰੇ ਕੁਝ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।"
ਬਾਲ ਵਿਆਹ ਦਾ ਡਰ
11 ਸਾਲ ਦੀ ਉਮਰ 'ਚ ਵਾਇਰਾ ਨੂੰ ਇਕ ਵਾਰ ਫਿਰ ਪ੍ਰਵਾਸ ਕਰਨਾ ਪਿਆ। ਹੁਣ ਉਹ ਫਰਾਂਸ ਮੋਰਾਕੋ ਦੇ ਕੈਸਾਬਲੈਂਕ ਵੇਖੇ ਗਏ।
ਉਸ ਨੇ ਕਿਹਾ ਕਿ ਅੱਧੀ ਰਾਤ ਨੂੰ ਟਰੱਕ 'ਚੋਂ ਸਾਨੂੰ ਬਾਹਰ ਸੁੱਟ ਦਿੱਤਾ ਗਿਆ, ਜਿੱਥੇ ਕਿ ਇੱਕ ਛੋਟਾ ਅਤੇ ਅਸਥਾਈ ਪਿੰਡ ਸਥਾਪਿਤ ਹੋ ਗਿਆ। ਇਹ ਇੱਕ ਛੋਟਾ ਜਿਹਾ ਸੰਸਾਰ ਸੀ।
ਇੱਥੇ ਭਾਂਤ-ਭਾਂਤ ਦੇ ਲੋਕ ਰਹਿ ਰਹੇ ਸਨ। ਫਰਾਂਸ ਦੇ ਲੋਕ, ਵਿਦੇਸ਼ੀ, ਘਰੇਲੂ ਯੁੱਧ ਦੇ ਸ਼ਿਕਾਰ ਸਪੇਨ ਦੇ ਲੋਕ, ਇਟਲੀ ਅਤੇ ਰੂਸ ਦੇ ਪ੍ਰਵਾਸੀ ਵੀ ਇੱਥੇ ਮੌਜੂਦ ਸਨ।
ਉਸ ਦੇ ਪਿਤਾ ਦੇ ਇਕ ਅਰਬੀ ਸਹਿਕਰਮੀ ਨੇ ਕਿਹਾ ਕਿ ਵਾਇਰਾ ਵਿਆਹ ਦੇ ਯੋਗ ਹੈ ਭਾਵੇਂ ਕਿ ਉਹ ਅਜੇ ਬੱਚੀ ਹੀ ਸੀ।
ਵਾਇਰਾ ਨੇ ਦੱਸਿਆ, "ਮੇਰੇ ਪਿਤਾ ਨੇ ਘਰ ਆਉਂਦਿਆ ਹੀ ਕਿਹਾ ਕਿ ਉਹ ਮੈਨੂੰ 15,000 ਫਰਾਂਸੀਸੀ ਕਰੰਸੀ ਦਾਜ 'ਚ ਦੇਣਗੇ। ਫਿਰ ਉਨ੍ਹਾਂ ਨੇ ਮੈਨੂੰ ਦੋ ਗਧੇ ਅਤੇ ਇੱਕ ਪਸ਼ੂ ਵੀ ਦੇਣ ਦਾ ਲਾਲਚ ਦਿੱਤਾ ਅਤੇ ਬਾਅਦ 'ਚ ਪੈਸਿਆਂ ਦੀ ਰਕਮ ਵੀ ਵਧਾ ਦਿੱਤੀ।"
"ਪਰ ਮੈਂ ਕਿਹਾ ਕਿ ਮੈਂ ਅਜੇ ਬੱਚੀ ਹੈ ਅਤੇ ਇਹ ਸਮਾਂ ਸਕੂਲ ਜਾਣ ਦਾ ਹੈ।"
ਉਸ ਦੇ ਪਿਤਾ ਨੇ ਕਿਹਾ, " ਇਹ ਠੀਕ ਹੈ, ਸਾਨੂੰ ਪਹਿਲਾਂ ਉਸ ਨੂੰ ਸਕੂਲ ਖ਼ਤਮ ਕਰਨ ਦੇਣਾ ਚਾਹੀਦਾ ਹੈ।"
ਵਾਇਰਾ ਦੇ ਮਾਪੇ ਹੱਸ ਪਏ ਪਰ ਉਸ ਲਈ ਇਹ ਇੱਕ ਤਰ੍ਹਾਂ ਨਾਲ ਚਿਤਾਵਨੀ ਸੀ।
ਹਾਲਾਂਕਿ ਛੇਤੀ ਹੀ ਉਨ੍ਹਾਂ ਦਾ ਪਰਿਵਾਰ ਕੈਨੇਡਾ ਚਲਾ ਗਿਆ ਜਿੱਥੇ 16 ਸਾਲ ਦੀ ਉਮਰ 'ਚ ਵਾਇਰਾ ਨੇ ਇੱਕ ਬੈਂਕ ਦੀ ਨੌਕਰੀ ਸ਼ੁਰੂ ਕੀਤੀ ਅਤੇ ਰਾਤ ਨੂੰ ਸਕੂਲ ਜਾਣਾ ਸ਼ੁਰੁ ਕੀਤਾ।
ਆਖ਼ਰਕਾਰ ਉਹ ਟੋਰੰਟੋ ਯੂਨੀਵਰਸਿਟੀ 'ਚ ਪਹੁੰਚੀ ਅਤੇ ਇੱਥੇ ਉਸ ਦੀ ਮੁਲਾਕਾਤ ਇਮਾਂਤਸ ਫਰੇਬਰਗ ਨਾਲ ਹੋਈ, ਜੋ ਕਿ ਉਸ ਦੀ ਤਰ੍ਹਾਂ ਹੀ ਲਾਤਵੀਅਨ ਤੋਂ ਪਰਵਾਸ ਕਰ ਚੁੱਕਾ ਸੀ ਅਤੇ ਬਾਅਦ 'ਚ ਦੋਵਾਂ ਦਾ ਵਿਆਹ ਹੋਇਆ।
ਵਾਇਰਾ ਨੇ ਮਨੋਵਿਗਿਆਨ ਦਾ ਅਧਿਐਨ ਕੀਤਾ ਅਤੇ 1965 'ਚ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਉਸ ਦਾ ਕਹਿਣਾ ਸੀ ਕਿ ਇਸ ਵਿਸ਼ੇ ਦੀ ਚੋਣ ਤਾਂ ਸਿਰਫ ਸਮੇਂ ਅਤੇ ਕਿਸਮਤ ਵੱਲੋਂ ਦਿੱਤੇ ਤਜ਼ਰਬੇ ਸਨ।
ਰਜਿਸਟਰ 'ਚ ਕਈ ਵਿਸ਼ੇ ਮੌਜੂਦ ਸਨ ਅਤੇ ਮੈਂ ਉਪਰ ਤੇ ਹੇਠਾਂ ਵੱਲ ਵੇਖ ਰਹੀ ਸੀ। ਫਿਰ ਮੈਂ ਇੱਕ ਵੱਡਾ ਜਿਹਾ ਸ਼ਬਦ ਵੇਖਿਆ ਜੋ ਕਿ ਪੀ ਨਾਲ ਸ਼ੁਰੂ ਹੋ ਕਿ ਵਾਈ ਨਾਲ ਖ਼ਤਮ ਹੋ ਰਿਹਾ ਸੀ।
"ਮੈਂ ਆਪਣੀ ਉਂਗਲੀ ਉਸ 'ਤੇ ਰੱਖੀ ਅਤੇ ਕਿਹਾ ਕਿ ਸਰ ਮੈਂ ਇਹ ਵਿਸ਼ਾ ਲੈਣਾ ਚਾਹੁੰਦੀ ਹਾਂ।"
ਉਹ ਇਸ ਗੱਲ ਤੋਂ ਜਲਦੀ ਹੀ ਜਾਣੂ ਹੋ ਗਈ ਸੀ ਕਿ ਮਹਿਲਾਵਾਂ ਨੂੰ ਸਿਰਫ ਸਹਿਣ ਕੀਤਾ ਜਾਂਦਾ ਹੈ ਨਾਂ ਕਿ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ।
ਵਾਇਰਾ ਨੇ ਕਿਹਾ, "ਇੱਕ ਸੈਮੀਨਾਰ 'ਚ ਸਾਡੇ ਪ੍ਰੋਫੈਸਰ ਨੇ ਕਿਹਾ ਕਿ ਇਸ ਸਮੇਂ ਪੀ.ਐਚ.ਡੀ. ਪ੍ਰੋਗਰਾਮ 'ਚ ਸਾਡੇ ਕੋਲ ਤਿੰਨ ਵਿਆਹੁਤਾ ਮਹਿਲਾਵਾਂ ਹਨ। ਇਹ ਇਕ ਬਰਬਾਦੀ ਹੈ ਕਿਉਂਕਿ ਉਹ ਵਿਆਹ ਕਰਕੇ ਬੱਚੇ ਪੈਦਾ ਕਰਨ ਵਾਲੀਆਂ ਹਨ।"
"ਉਹ ਸਾਰੀਆਂ ਉਹ ਸਥਾਨ ਹਾਸਿਲ ਕਰਨ ਜਾ ਰਹੀਆਂ ਹਨ ਜੋ ਕਿ ਕਿਸੇ ਮੁੰਡੇ ਨੂੰ ਮਿਲਣਾ ਚਾਹੀਦਾ ਹੈ ਅਤੇ ਉਹ ਅਸਲ ਵਿਗਿਆਨੀ ਬਣ ਸਕਦਾ ਹੈ।"
"ਉਸ ਸੈਮੀਨਾਰ 'ਚ ਮੌਜੂਦ ਅਸੀਂ ਸਾਰੀਆਂ ਕੁੜੀਆਂ ਨੂੰ ਇਹ ਗੱਲ ਤਾ ਉਮਰ ਭਰ ਯਾਦ ਰਹੀ।"
ਉਸ ਨੇ ਕਿਹਾ ਕਿ ਉਹ ਆਪਣੇ ਪ੍ਰੋਫੈਸਰ ਨੂੰ ਦੱਸਣਾ ਚਾਹੁੰਦੀਆਂ ਸਨ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਅਤੇ ਮੁੰਡਿਆਂ ਤੋਂ ਵੀ ਵੱਧ ਤਰੱਕੀ ਕਰ ਸਕਦੀਆਂ ਹਨ।
ਵਾਇਰਾ ਨੇ ਮੋਨਰੇਲਾ ਯੂਨੀਵਰਸਿਟੀ 'ਚ 33 ਸਾਲ ਦਾ ਸਮਾਂ ਬਤੀਤ ਕੀਤਾ। ਉਸ ਨੇ 10 ਕਿਤਾਬਾਂ ਲਿਖੀਆਂ ਅਤੇ ਉਹ 5 ਭਾਸ਼ਾਵਾਂ 'ਚ ਮਾਹਰ ਸੀ।
ਇਹ ਵੀ ਪੜ੍ਹੋ:
ਆਖਰਕਾਰ ਘਰ ਹੋਈ ਵਾਪਸੀ
1998 'ਚ 60 ਸਾਲ ਦੀ ਉਮਰ 'ਚ ਉਹ ਪ੍ਰੋਫੈਸਰ ਇਮੇਰਿਟਸ ਚੁਣੀ ਗਈ ਅਤੇ ਉਸ ਨੇ ਸੇਵਾਮੁਕਤ ਹੋਣ ਦਾ ਫ਼ੈਸਲਾ ਲਿਆ।
ਪਰ ਇੱਕ ਸ਼ਾਮ ਉਸ ਦਾ ਫੋਨ ਵੱਜਿਆ। ਇਹ ਫੋਨ ਲਾਤਵੀਆ ਦੇ ਪ੍ਰਧਾਨ ਮੰਤਰੀ ਦਾ ਸੀ। ਉਨ੍ਹਾਂ ਵੱਲੋਂ ਵਾਇਰਾ ਨੂੰ ਇੱਕ ਨਵੀਂ ਲਾਤਵੀਅਨ ਸੰਸਥਾ ਦੇ ਮੁੱਖੀ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ।
ਉਸ ਨੇ ਦੱਸਿਆ ਕਿ ਉਹ ਚਾਹੁੰਦੇ ਸਨ ਕਿ ਇਸ ਸੰਸਥਾ ਦੀ ਅਗਵਾਈ ਕਰਨ ਵਾਲਾ ਬਹੁ-ਭਾਸ਼ਾਈ ਪ੍ਰਵਾਸੀ ਹੋਵੇ ਅਤੇ ਪੱਛਮੀ ਮਾਨਸਿਕਤਾ ਨੂੰ ਚੰਗੀ ਤਰਾਂ ਸਮਝਦਾ ਹੋਵੇ। ਇਸ ਦੇ ਨਾਲ ਹੀ ਉਸ ਨੂੰ ਲਾਤਵੀਅਨ ਸੱਭਿਆਚਾਰ ਦੀ ਵੀ ਵਧੀਆ ਸਮਝ ਹੋਵੇ।
ਪਰ ਜਲਦ ਹੀ ਵਾਇਰਾ ਨੇ ਆਪਣੇ ਆਪ ਨੂੰ ਲਾਤਵੀਆ ਦੇ ਰਾਸ਼ਟਰਪਤੀ ਦੀ ਦੌੜ 'ਚ ਪਾਇਆ।
ਉਸ ਨੇ ਆਪਣਾ ਕੈਨੇਡੀਅਨ ਪਾਸਪੋਰਟ ਛੱਡ ਦਿੱਤਾ ਅਤੇ ਲਾਤਵੀਆ ਵਾਪਿਸ ਆਉਣ ਦੇ ਅੱਠ ਮਹੀਨਿਆਂ ਦੇ ਅੰਦਰ ਹੀ ਉਹ ਲਾਤਵੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੀ ਗਈ।
ਇੱਕ ਸਮੇਂ 'ਤੇ ਉਸ ਦੀ ਮਨਜ਼ੂਰ ਦਰਜਾਬੰਦੀ 85% ਤੱਕ ਪਹੁੰਚ ਗਈ।
"ਮੈਂ ਅਜਿਹੀ ਸਖਸ਼ੀਅਤ ਸੀ ਜੋ ਕਿ ਪੈਸੇ ਬਣਾਉਣ ਜਾਂ ਫਿਰ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਦੀ ਚਾਹਵਾਨ ਨਹੀਂ ਸੀ। ਮੈਂ ਤਾਂ ਸਿਰਫ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੁੰਦੀ ਸੀ।"
ਉਸ ਨੇ ਅੱਗੇ ਕਿਹਾ ਕਿ ਕੁੱਝ ਅਖਬਾਰਾਂ ਨੇ ਮਨਘੜਤ ਗੱਲਾਂ ਛਾਪ ਕੇ ਮੇਰੀ ਅਲੋਚਨਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਪੱਛਮ 'ਚ ਇਕ ਸਾਨੋਸ਼ੌਕਤ ਵਾਲੀ ਜ਼ਿੰਦਗੀ ਜਿਉਣ ਵਾਲੀ ਹਸਤੀ ਰਹੀ ਹਾਂ।
"ਮੈਂ ਵੇਖਿਆ ਕਿ ਜੇਕਰ ਤੁਸੀਂ ਸਿੱਧੇ ਤੌਰ 'ਤੇ ਮੀਡੀਆ 'ਤੇ ਭਰੋਸਾ ਨਹੀਂ ਕਰ ਸਕਦੇ ਹੋ ਤਾਂ ਤੁਹਾਨੂੰ ਸਿੱਧੇ ਤੌਰ 'ਤੇ ਲੋਕਾਂ ਨਾਲ ਸੰਪਰਕ ਕਾਇਮ ਕਰਨਾ ਚਾਹੀਦਾ ਹੈ।"
ਉਸ ਨੇ ਲਾਤਵੀਆ 'ਚ ਸਾਲ 2004 'ਚ ਨਾਟੋ ਅਤੇ ਯੂਰੋਪੀਅਨ ਯੂਨੀਅਨ ਦੋਵਾਂ 'ਚ ਅਹਿਮ ਭੂਮਿਕਾ ਨਿਭਾਈ।
ਉਸ ਨੇ ਕਿਹਾ, "ਇੱਕ ਮਹਿਲਾ ਹੋਣਾ ਵੀ ਕਈ ਵਾਰ ਫਾਈਦੇਮੰਦ ਹੁੰਦਾ ਹੈ। ਮੈਨੂੰ ਯਾਦ ਹੈ ਕਿ ਇਸਤਨਾਬੁਲ ਨਾਟੋ ਸੰਮੇਲਨ 'ਚ ਰਾਸ਼ਟਰਪਤੀ ਜੋਰਜ ਡਬਲਿਊ ਬੁਸ਼ ਨੇ ਮੈਨੂੰ ਸਹਾਰਾ ਦਿੱਤਾ ਸੀ ਕਿਉਂਕਿ ਮੈਂ ਉੱਚੀ ਅੱਡੀ ਦੀ ਜੁੱਤੀ ਪਾਈ ਹੋਈ ਸੀ ਅਤੇ ਰਾਹ ਬੱਜਰੀ ਵਾਲਾ ਸੀ। ਅਸੀਂ ਹੌਲੀ-ਹੌਲੀ ਉਹ ਰਸਤਾ ਤੈਅ ਕੀਤਾ।"
"ਉਸ ਸਮੇਂ ਮੈਂ ਉਨ੍ਹਾਂ ਨੂੰ ਇਹ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਨਾਟੋ ਦਾ ਵਿਸਥਾਰ ਕਿੰਨਾ ਜ਼ਰੂਰੀ ਹੈ ਅਤੇ ਇਹ ਵੀ ਸੁਨਿਸ਼ਚਿਤ ਕੀਤਾ ਕਿ ਲਾਤਵੀਆ ਵੀ ਸ਼ਾਮਲ ਹੋਵੇ। ਇਸ ਦੇ ਨਾਲ ਹੀ ਦੱਸਿਆ ਕਿ ਅਸੀਂ ਕਿੰਨੀ ਤਰੱਕੀ ਕੀਤੀ ਹੈ ਅਤੇ ਅਸੀਂ ਕਿੰਨੀ ਸਦਭਾਵਨਾਂ ਰੱਖਦੇ ਹਾਂ।"
ਵਾਇਰਾ ਨੇ ਸਾਲ 2006 'ਚ ਸਾਬਕਾ ਰਾਸ਼ਟਰਪਤੀ ਜੋਰਜ਼ ਡਬਲਿਊ ਬੁਸ਼ ਨਾਲ ਰੀਗਾ ਵਿਖੇ ਮੁਲਾਕਾਤ ਕੀਤੀ।
ਉਸ ਨੇ ਕਿਹਾ, "ਅਸੀਂ ਹੌਲੀ-ਹੌਲੀ ਤੁਰ ਰਹੇ ਸੀ ਅਤੇ ਇਸ ਸਮੇਂ ਦਾ ਆਨੰਦ ਮਾਣ ਰਹੇ ਸੀ। ਮੇਰਾ ਇੱਕ ਹੀ ਮਕਸਦ ਸੀ ਕਿ ਮੈਂ ਬੁਸ਼ ਦੇ ਕੰਨਾਂ ਤੱਕ ਲਾਤਵੀਆ ਦੀ ਵਿਚਾਰਧਾਰਾ ਨੂੰ ਪਹੁੰਚਾ ਸਕਾਂ ਅਤੇ ਮੈਂ ਅਜਿਹਾ ਕਰਨ 'ਚ ਸਫਲ ਵੀ ਹੋਈ।"
ਵਾਇਰਾ ਦਾ ਦੂਜਾ ਕਾਰਜਕਾਲ 2007 'ਚ ਖ਼ਤਮ ਹੋਇਆ। ਉਸ ਦੇ 70ਵੇਂ ਜਨਮ ਦਿਨ ਤੋਂ ਕੁੱਝ ਮਹੀਨੇ ਪਹਿਲਾਂ ਇਹ ਸਥਿਤੀ ਬਣੀ। ਉਸ ਨੇ ਕਲੱਬ ਡੇ ਮੈਡਰਿਡ ਦੀ ਸਹਿ ਸਥਾਪਨਾ ਕੀਤੀ।
ਇਹ ਅਜਿਹਾ ਕਲੱਬ ਹੈ ਜੋ ਕਿ ਸਾਬਕਾ ਆਗੂਆਂ ਦਾ ਸੰਗਠਨ ਹੈ ਅਤੇ ਜਿਸ ਦਾ ਉਦੇਸ਼ ਜਮਹੂਰੀ ਲੀਡਰਸ਼ਿਪ ਅਤੇ ਸ਼ਾਸਨ ਨੂੰ ਉਤਸ਼ਾਹਿਤ ਕਰਨਾ ਹੈ।
ਉਸ ਦਾ ਮਹਿਲਾ ਸਸ਼ਕਤੀਕਰਨ 'ਤੇ ਵੀ ਖਾਸ ਧਿਆਨ ਹੈ। ਕੈਨੇਡਾ 'ਚ ਉਸ ਪ੍ਰੋਫੈਸਰ ਵੱਲੋਂ ਕਹੀ ਗੱਲ ਨੂੰ ਧਿਆਨ 'ਚ ਰੱਖਦਿਆਂ ਉਸ ਨੂੰ ਪਤਾ ਹੈ ਕਿ ਅਜੇ ਵੀ ਜਿੱਤ ਕੋਸਾਂ ਦੂਰ ਹੈ।
ਇਹ ਵੀਡੀਓਜ਼ ਵੀ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=3I-WU2Ycr-k
https://www.youtube.com/watch?v=cnXhsw7a_t4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
ਅਸਤੀਫ਼ਾ ਸਵੀਕਾਰ ਕਰੋ ਨਹੀਂ ਤਾਂ ਮਜਬੂਰਨ ਸੁਪਰੀਮ ਕੋਰਟ ਜਾਣਾ ਪਵੇਗਾ: ਫੂਲਕਾ - 5 ਅਹਿਮ ਖ਼ਬਰਾਂ
NEXT STORY