ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਜਲੰਧਰ ਜ਼ਿਲ੍ਹੇ ਦੇ ਪਿੰਡ ਜਾਨੀਆਂ ਚਾਹਲ ਦੇ ਬਲਵੀਰ ਸਿੰਘ ਕਹਿੰਦਾ ਹੈ ਕਿ ਹੁਣ ਤਾਂ ਬੱਸ ਦਿਨ ਕੱਟਣੇ ਹੋਣਗੇ।
ਇਹ ਕਹਿ ਕੇ ਉਹ ਛੱਤ ਉੱਤੇ ਖੜ੍ਹੇ ਹੋ ਕੇ ਆਪਣੀ ਬਰਬਾਦ ਫ਼ਸਲ ਨੂੰ ਦੇਖਣ ਲੱਗ ਜਾਂਦਾ ਹੈ। ਉਹ ਕਹਿੰਦਾ ਹੈ, 'ਪਾਣੀ ਸਾਡਾ ਸਭ ਕੁਝ ਲੈ ਗਿਆ।'
ਤਕਰੀਬਨ 55 ਸਾਲਾ ਬਲਵੀਰ ਸਿੰਘ ਦਾ ਘਰ ਉਸ ਥਾਂ ਤੋਂ ਥੋੜ੍ਹੀ ਦੂਰੀ ਉੱਤੇ ਹੈ, ਜਿੱਥੇ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟਿਆ ਹੋਇਆ ਹੈ।
ਬਲਵੀਰ ਸਿੰਘ ਦਾ ਕਹਿਣਾ ਹੈ, "ਜਦੋਂ ਅਸੀਂ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਦੇਖਿਆ ਤਾਂ ਅਸੀਂ ਬੰਨ੍ਹ ਉੱਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਪਰ ਤਿੰਨ ਵਜੇ ਪਾਣੀ ਦੇ ਵਹਾਅ ਨੇ ਬੰਨ੍ਹ ਤੋੜ ਦਿੱਤਾ ਅਤੇ ਸਾਰਾ ਪਾਣੀ ਸਾਡੇ ਘਰਾਂ ਅਤੇ ਖੇਤਾਂ ਵੱਲ ਨੂੰ ਹੋ ਗਿਆ।"
ਉਨ੍ਹਾਂ ਦੱਸਿਆ ਕਿ ਉਹ ਤੁਰੰਤ ਘਰ ਪਹੁੰਚੇ ਅਤੇ ਜੋ ਹੱਥ ਆਇਆ ਉਸ ਨੂੰ ਲੈ ਕੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਸੁਰੱਖਿਅਤ ਥਾਵਾਂ ਉੱਤੇ ਪਹੁੰਚ ਗਏ।
ਬਲਵੀਰ ਸਿੰਘ ਦੇ ਘਰ ਦੀਆਂ ਕੰਧਾਂ ਉੱਤੇ ਪਾਣੀ ਦੇ ਨਿਸ਼ਾਨ ਅਜੇ ਵੀ ਬਰਕਰਾਰ ਸੀ। ਜੇਕਰ ਖੇਤਾਂ ਵੱਲ ਨਜ਼ਰ ਮਾਰੀਏ ਤਾਂ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਦੋ ਹਫ਼ਤੇ ਪਹਿਲਾਂ ਤੱਕ ਇੱਥੇ ਕੋਈ ਫ਼ਸਲ ਬੀਜੀ ਹੋਈ ਸੀ ਕਿਉਂਕਿ ਖੇਤ ਹੁਣ ਦਰਿਆ ਬਣ ਚੁੱਕੇ ਸਨ, ਜਿੱਥੇ ਰੇਤ ਦੀ ਮੋਟੀ ਪਰਤ ਸੀ। ਪਿੰਡ ਜਾਨੀਆਂ ਚਾਹਲ ਦੇ ਆਸ-ਪਾਸ ਦੇ ਪਿੰਡਾਂ ਦੀ ਹਾਲਤ ਵੀ ਕੁਝ ਅਜਿਹੀ ਹੈ।
ਕਿਵੇਂ ਪੂਰਿਆ ਜਾ ਪਾੜ
ਪੰਜਾਬ ਸਰਕਾਰ ਮੁਤਾਬਕ ਇਹ ਪਿੰਡ ਜਾਨੀਆਂ ਚਾਹਲ ਦਾ ਬੰਨ੍ਹ 500 ਫੁੱਟ ਚੌੜਾ ਹੈ ਅਤੇ ਇਸ ਨੂੰ ਬੰਨ੍ਹਣ ਲਈ ਇੱਥੇ ਸਰਕਾਰ, ਭਾਰਤੀ ਫ਼ੌਜ ਅਤੇ ਧਾਰਮਿਕ ਸੰਸਥਾਵਾਂ ਦੇ ਨਾਲ-ਨਾਲ ਆਮ ਲੋਕ ਦਿਨ ਰਾਤ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ:
ਬੁੱਧਵਾਰ ਨੂੰ ਜਦੋਂ ਬੀਬੀਸੀ ਪੰਜਾਬੀ ਦੀ ਟੀਮ ਬੰਨ੍ਹ ਉੱਤੇ ਪਹੁੰਚੀ ਤਾਂ ਦੇਖਿਆ ਕਿ ਵੱਡੀ ਗਿਣਤੀ ਵਿੱਚ ਬੰਨ੍ਹ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।
ਹੜ੍ਹ ਆਏ ਨੂੰ 10 ਦਿਨ ਬੀਤ ਗਏ ਹਨ ਪਰ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਘੱਟ ਨਹੀਂ ਹੋਈਆਂ।
ਸਥਾਨਕ ਵਾਸੀਆਂ ਮੁਤਾਬਕ ਹੜ੍ਹ ਤੋਂ ਬਾਅਦ ਇਹ ਜੋ ਬਦਬੂ ਫ਼ੈਲ੍ਹ ਗਈ ਹੈ, ਉਸ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ।
ਜਾਨੀਆਂ ਚਾਹਲ, ਫ਼ਤਿਹਪੁਰ, ਕੰਗ ਖ਼ੁਰਦ ਅਤੇ ਜਲਾਲਪੁਰ ਖ਼ੁਰਦ ਪਿੰਡਾਂ ਵਿੱਚ ਹੜ੍ਹ ਦੀਆਂ ਨਿਸ਼ਾਨੀਆਂ ਅਜੇ ਵੀ ਬਰਕਰਾਰ ਸਨ। ਪਾਣੀ ਕਾਰਨ ਕਈ ਥਾਵਾਂ ਉੱਤੇ ਸੜਕਾਂ ਵੀ ਰੁੜ੍ਹ ਗਈਆਂ ਹਨ ਜਿਸ ਨਾਲ ਲੋਕਾਂ ਦੀਆਂ ਮੁਸੀਬਤਾਂ ਹੋਰ ਵੀ ਵਧ ਗਈਆਂ ਹਨ।
ਪੰਜਾਬ ਦੇ ਸਿੰਜਾਈ ਵਿਭਾਗ ਮੁਤਾਬਕ ਜਲੰਧਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਕੁੱਲ 24 ਪਾੜ ਪਏ ਸਨ। ਇਨ੍ਹਾਂ ਵਿੱਚ 11 ਫਿਲੌਰ ਸਬ-ਡਿਵੀਜ਼ਨ ਦੇ ਹਨ। ਇਸ ਇਲਾਕੇ ਦੇ 6 ਬੰਨ੍ਹ ਬਣਾ ਦਿੱਤੇ ਗਏ ਹਨ ਜਿਨ੍ਹਾਂ 'ਚ ਪ੍ਰਮੁੱਖ ਮੀਓਵਾਲ, ਮਾਓ ਸਾਹਿਬ, ਭੁੱਲੇਵਾਲ, ਨਵਾਂ ਪਿੰਡ ਖਹਿਰਾ ਦੇ ਬੰਨ੍ਹ ਹਨ।
ਸ਼ਾਹਕੋਟ ਇਲਾਕੇ 'ਚ 7 ਥਾਵਾਂ 'ਤੇ ਪਾੜ ਪਏ ਸਨ, ਜਿਨ੍ਹਾਂ ਵਿਚੋਂ ਜਾਨੀਆਂ ਚਾਹਲ ਬੰਨ੍ਹ ਸਭ ਤੋਂ ਵੱਡਾ ਸੀ, ਜਿਸ ਉੱਤੇ ਕੰਮ ਅਜੇ ਵੀ ਚੱਲ ਰਿਹਾ ਹੈ।
ਪਿੰਡ ਲੋਹੀਆ ਗਿੱਦੜ ਪਿੰਡੀ ਦੇ ਹਾਲਾਤ
ਜਲੰਧਰ ਦੇ ਪਿੰਡ ਲੋਹੀਆ ਗਿੱਦੜ ਪਿੰਡੀ ਵਿਚ ਸਥਿਤੀ ਕਾਫ਼ੀ ਖ਼ਰਾਬ ਦੇਖਣ ਨੂੰ ਮਿਲੀ। ਇਸ ਇਲਾਕੇ ਵਿੱਚ ਅਜੇ ਵੀ ਹੜ੍ਹ ਦਾ ਪਾਣੀ ਨੀਵੀਂਆਂ ਥਾਵਾਂ ਉੱਤੇ ਖੜ੍ਹਾ ਸੀ।
ਇੱਥੇ ਸਾਨੂੰ ਘਰ ਦੀ ਛੱਤ ਉੱਤੇ ਖੁੱਲ੍ਹੇ ਅਸਮਾਨ ਹੇਠ ਕਰੀਬ ਇੱਕ ਹਫ਼ਤੇ ਤੋਂ ਰਹਿ ਰਹੀ ਸਰਬਜੀਤ ਕੌਰ ਮਿਲੀ।
ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਪਾਣੀ ਅਜੇ ਵੀ ਭਰਿਆ ਹੋਇਆ ਹੈ ਅਤੇ ਇਸ ਲਈ ਜਦੋਂ ਦਾ ਹੜ੍ਹ ਆਇਆ ਹੈ ਉਹ ਪਿੰਡ ਦੇ ਹੋਰਨਾਂ ਲੋਕਾਂ ਵਾਂਗ ਦਿਨ ਰਾਤ ਛੱਤ ਉੱਤੇ ਬੈਠੇ ਹਨ। ਛੱਤ ਉੱਤੇ ਸਿਰਫ਼ ਇੱਕ ਤਰਪਾਲ ਸੀ, ਜਿਸ ਹੇਠ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੋਇਆ ਸੀ।
ਸਰਬਜੀਤ ਕੌਰ ਦਾ ਕਹਿਣਾ ਹੈ, "ਮੈਂ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਢਿੱਡ ਪਾਲ ਰਹੀ ਹਾਂ ਕਿਉਂਕਿ ਮੇਰੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਹੜ੍ਹ ਕਾਰਨ ਘਰ ਵਿਚ ਤਰੇੜਾਂ ਆ ਗਈਆਂ ਹਨ ਜਿੱਥੇ ਰਹਿਣਾ ਹੁਣ ਸੁਰੱਖਿਅਤ ਨਹੀਂ ਹੈ।"
ਜਿਸ ਸਮੇਂ ਬੀਬੀਸੀ ਪੰਜਾਬੀ ਦੀ ਟੀਮ ਸਰਬਜੀਤ ਕੌਰ ਨਾਲ ਗੱਲ ਕਰ ਰਹੀ ਸੀ ਤਾਂ ਆਸ-ਪਾਸ ਦੇ ਇਲਾਕੇ ਵਿੱਚ ਬਦਬੂ ਫੈਲੀ ਹੋਈ ਸੀ ਜਿੱਥੇ ਜ਼ਿਆਦਾ ਖੜ੍ਹਾ ਹੋਣਾ ਮੁਸ਼ਕਿਲ ਸੀ ਪਰ ਇਹ ਲੋਕ ਦਿਨ ਰਾਤ ਇੱਥੇ ਰਹਿਣ ਲਈ ਮਜਬੂਰ ਸਨ।
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੰਜਾਬ ਵਿੱਚ ਪਤਾ ਨਹੀਂ ਕਿਥੋਂ-ਕਿਥੋਂ ਉਨ੍ਹਾਂ ਨੂੰ ਮਦਦ ਆ ਰਹੀ ਹੈ ਪਰ ਭਵਿੱਖ ਦਾ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ।
ਕਾਰ ਸੇਵਾ ਰਾਹੀਂ ਬੰਨ੍ਹ ਪੂਰਨ ਦਾ ਕੰਮ
ਜਲੰਧਰ ਜ਼ਿਲ੍ਹੇ ਦਾ ਪਿੰਡ ਜਾਨੀਆਂ ਚਾਹਲ ਵਿਖੇ ਸਤਲੁਜ ਦਰਿਆ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਅਜੇ ਵੀ ਜਾਰੀ ਹੈ। ਪੰਜਾਬ ਸਰਕਾਰ ਦੇ ਮੁਤਾਬਕ ਇਹ ਪਾੜ ਕਰੀਬ 500 ਫੁੱਟ ਚੌੜਾ ਹੈ ਅਤੇ ਇਸ ਨੂੰ ਪੂਰਨ ਦਾ ਕੰਮ ਸਰਕਾਰੀ ਏਜੰਸੀਆਂ ਦੇ ਨਾਲ-ਨਾਲ ਆਮ ਲੋਕ ਵੀ ਵੱਡੇ ਪੱਧਰ ਉੱਤੇ ਕਾਰ ਸੇਵਾ ਰਾਹੀਂ ਕਰ ਰਹੇ ਹਨ।
ਬੀਬੀਸੀ ਪੰਜਾਬੀ ਦੀ ਟੀਮ ਜਦੋਂ ਬੁੱਧਵਾਰ ਨੂੰ ਬੰਨ੍ਹ ਉੱਤੇ ਪਹੁੰਚੀ ਤਾਂ ਕਈ ਕਿੱਲੋਮੀਟਰ ਤੱਕ ਟਰੈਕਟਰ ਟਰਾਲੀਆਂ ਉੱਤੇ ਮਿੱਟੀ ਦੇ ਥੱਲੇ ਲੱਦੇ ਨਜ਼ਰ ਆ ਰਹੇ ਸਨ। ਪੁੱਛਣ ਉੱਤੇ ਦੱਸਿਆ ਗਿਆ ਕਿ ਇਹ ਮਿੱਟੀ ਲੋਕ ਆਪੋ ਆਪਣੇ ਪਿੰਡਾਂ ਤੋ ਲੈ ਕੇ ਆਏ ਹਨ ਤਾਂ ਜੋ ਬੰਨ੍ਹ ਨੂੰ ਪੂਰਿਆ ਜਾ ਸਕੇ।
ਅਸਲ ਵਿਚ ਜਾਨੀਆਂ ਚਹਿਲ ਪਿੰਡ ਵਿਚ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਪੰਜ ਸੋ ਫੁੱਟ ਚੌੜਾ ਪਾੜ ਗਿਆ ਹੈ ਜਿਸ ਨਾਲ ਇਲਾਕੇ ਦੇ ਕਈ ਪਿੰਡ ਪ੍ਰਭਾਵਿਤ ਹੋਏ ਹਨ। ਇਸ ਬੰਨ੍ਹ ਉੱਤੇ ਮੁੱਖ ਤੌਰ ਉੱਤੇ ਕੰਮ ਆਮ ਲੋਕਾਂ ਦੇ ਨਾਲ-ਨਾਲ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਉੱਤੇ ਵੱਲੋਂ ਕੀਤਾ ਜਾ ਰਿਹਾ ਹੈ।
ਮਦਦ ਲਈ ਕਈ ਹੱਥ ਆਏ ਅੱਗੇ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਡੀ ਪੱਧਰ ਉੱਤੇ ਰਾਹਤ ਕਾਰਜ ਚੱਲ ਰਿਹਾ ਹੈ। ਸਰਕਾਰ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਦੇ ਨਾਲ-ਨਾਲ ਸੂਬੇ ਦੇ ਵੱਖ ਪਿੰਡਾਂ ਦੇ ਲੋਕਾਂ ਰਾਹਤ ਕਾਰਜ ਲਈ ਅੱਗੇ ਆ ਆਏ ਹਨ। ਖਾਣ ਪੀਣ ਦੇ ਸਮਾਨ ਤੋਂ ਇਲਾਵਾ, ਜਾਨਵਰਾਂ ਲਈ ਹਰਾ ਚਾਰਾ, ਦਵਾਈਆਂ ਵੰਡੀਆਂ ਜਾ ਰਹੀਆਂ ਹਨ।
ਮੁਹਾਲੀ ਤੋਂ ਆਪਣੇ ਸਾਥੀਆਂ ਨਾਲ ਜਾਨੀਆਂ ਚਾਹਲ ਪਹੁੰਚੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਨਾਲ ਪਿੰਡ ਦੇ ਵੀਹ ਨੌਜਵਾਨਾਂ ਨੂੰ ਲੈ ਕੇ ਆਇਆ ਹੈ ਤਾਂ ਜੋ ਇੱਥੇ ਪੀੜਤਾਂ ਦੀ ਮਦਦ ਕੀਤੀ ਜਾ ਜਾਵੇ।
ਉਨ੍ਹਾਂ ਦੱਸਿਆ ਕਿ ਹੋਏ ਨੁਕਸਾਨ ਦੀ ਭਰਪਾਈ ਤਾਂ ਉਹ ਨਹੀਂ ਕਰ ਸਕਦਾ ਹੈ ਪਰ ਦੁੱਖ ਦੀ ਘੜੀ ਵਿਚ ਉਹ ਪੀੜਤਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਲੋਕ ਇੱਥੇ ਮਦਦ ਲਈ ਆ ਰਹੇ ਹਨ।
ਪੰਜਾਬ ਦੇ ਬੰਨ੍ਹਾਂ ਦੀ ਸਥਿਤੀ :
ਪੰਜਾਬ ਦੇ ਸਿੰਜਾਈ ਵਿਭਾਗ ਮੁਤਾਬਕ ਹੜ੍ਹ ਕਾਰਨ ਸਤਲੁਜ ਦੇ ਧੁੱਸੀ ਬੰਨ੍ਹ ਵਿੱਚ ਕੁਲ 31 ਥਾਵਾਂ ਤੋਂ ਪਾੜ ਪਏ ਸਨ।
ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਹੁਣ ਤੱਕ ਸਤਲੁਜ ਦਰਿਆ ਦੇ 12 ਪਾੜ ਸਫਲਤਾਪੂਰਵਕ ਪੂਰੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਪਾੜਾਂ ਨੂੰ ਪੂਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ, ਜਿਨ੍ਹਾਂ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ ਪੂਰ ਦਿੱਤਾ ਜਾਵੇਗਾ।"
ਇਹ ਵੀ ਪੜ੍ਹੋ:
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਫਿਲੌਰ ਸਬ ਡਿਵੀਜ਼ਨ ਦੇ ਪਿੰਡ ਮਿਓਵਾਲ ਅਤੇ ਮਾਊ ਸਾਹਿਬ ਵਿਖੇ 9 ਪਾੜ ਪੂਰੇ ਜਾਣ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੋਲੇਵਾਲ ਵਿਖੇ 168 ਫੁੱਟ ਚੌੜੇ ਪਾੜ ਨੂੰ ਸਨਿੱਚਰਵਾਰ ਨੂੰ ਪੂਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਵਿਖੇ ਵੀ ਦੋ ਪਾੜ ਪੂਰੇ ਗਏ ਹਨ।
ਸਰਕਾਰੀਆ ਮੁਤਾਬਕ ਜਲੰਧਰ ਜ਼ਿਲ੍ਹੇ ਦੇ ਪਿੰਡ ਜਾਨੀਆਂ ਚਾਹਲ ਵਿਖੇ 500 ਫੁੱਟ ਚੌੜੇ ਪਾੜ ਅਤੇ ਸੰਗੋਵਾਲ ਵਿਖੇ 200 ਫੁੱਟ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਪਿੰਡ ਭਾਉਵਾਲ ਵਿੱਚ 50 ਫੁੱਟ, ਪਿੰਡ ਖੈਰਾਬਾਦ ਵਿੱਚ 150 ਫੁੱਟ ਅਤੇ ਪਿੰਡ ਸੁਰਤਾਪੁਰ ਵਿੱਚ 60 ਫੁੱਟ ਪਾੜ ਨੂੰ ਪੂਰਿਆ ਜਾ ਰਿਹਾ ਹੈ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=Lu63Z0G84wI
https://www.youtube.com/watch?v=5DaVHi0YUBg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਨਨਕਾਣਾ ਸਾਹਿਬ: ਸਿੱਖ ਕੁੜੀ ਦਾ ਵਿਆਹ ਜਬਰਨ ਜਾਂ ਮਰਜ਼ੀ ਨਾਲ
NEXT STORY