ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਵਸੇ ਜਿਆਗੰਜ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੇ ਕਤਲ ਨੂੰ ਲੈ ਕੇ ਕਾਫੀ ਚਰਚਾ ਹੈ।
ਇੱਕ ਤਾਂ ਜਿਸ ਤਰ੍ਹਾਂ ਘਰ 'ਚ ਵੜ ਕੇ ਤਿੰਨ ਲੋਕਾਂ ਦਾ ਕਤਲ ਕੀਤਾ ਗਿਆ, ਇਸ ਕਰਕੇ ਵੀ ਹੈ ਪਰ ਚਰਚਾ ਦਾ ਵੱਡਾ ਕਾਰਨ ਇਹ ਹੈ ਕਿ ਮ੍ਰਿਤਕ ਅਧਿਆਪਕ ਨੂੰ ਆਰਐੱਸਐੱਸ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਇਸ ਚਰਚਿਤ ਕਤਲਕਾਂਡ ਨਾਲ ਜੁੜੇ ਕਈ ਸਵਾਲ ਹਨ ਜਿਨ੍ਹਾਂ ਦਾ ਹੁਣ ਤੱਕ ਜਵਾਬ ਨਹੀਂ ਮਿਲਿਆ ਹੈ।
ਪੱਛਮੀ ਬੰਗਾਲ ਪੁਲਿਸ ਅਤੇ ਸੀਆਈਡੀ ਇਨ੍ਹਾਂ ਰਹੱਸਾਂ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਘਟਨਾ ਦੇ ਹਫ਼ਤੇ ਬਾਅਦ ਵੀ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਸਕੀ ਹੈ।
ਕੁਝ ਲੋਕ ਹਿਰਾਸਤ ਵਿੱਚ ਲਏ ਗਏ ਹਨ, ਜਿਨ੍ਹਾਂ ਵਿੱਚ ਮ੍ਰਿਤਕ ਬੰਧੂ ਪ੍ਰਕਾਸ਼ਪਾਲ ਦੇ ਪਿਤਾ ਅਮਰ ਪਾਲ ਵੀ ਸ਼ਾਮਿਲ ਹੈ। ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਕੋਈ ਵੀ ਗ਼ੈਰ-ਹਿੰਦੂ ਨਹੀਂ ਹੈ।
ਪੁਲਿਸ ਦਾ ਕਹਿਣਾ ਹੈ, "ਹਿਰਾਸਤ ਵਿੱਚ ਲਏ ਗਏ ਕੁਝ ਲੋਕਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡਿਆ ਵੀ ਜਾ ਸਕਦਾ ਹੈ।"
ਇਹ ਵੀ ਪੜ੍ਹੋ-
ਆਰਐੱਸਐੱਸ ਨਾਲ ਸਬੰਧ ਨਹੀਂ
ਮ੍ਰਿਤਕ ਦੀ ਮਾਂ ਦਾ ਦਾਅਵਾ ਹੈ ਕਿ ਬੰਧੂ ਪ੍ਰਕਾਸ਼ਪਾਲ ਦਾ ਸਬੰਧ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਜਾਂ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਸੀ।
ਅਜਿਹੇ ਵਿੱਚ ਰਹੱਸ ਹੋਰ ਵੱਧ ਗਿਆ ਹੈ ਕਿ ਪ੍ਰਕਾਸ਼ਪਾਲ ਉਨ੍ਹਾਂ ਦੀ ਗਰਭਵਤੀ ਪਤਨੀ ਬਿਊਟੀ ਪਾਲ ਅਤੇ 7 ਸਾਲਾ ਬੇਟੇ ਆਰਿਆ ਪਾਲ ਦਾ ਬੇਰਹਿਮੀ ਨਾਲ ਕਤਲ ਕਿਸ ਨੇ ਅਤੇ ਕਿਉਂ ਕੀਤਾ।
ਪੁਲਿਸ ਨੂੰ ਸ਼ੱਕ ਹੈ ਕਿ ਇਸ ਤੀਹਰੇ ਕਤਲਕਾਂਡ ਦਾ ਕਾਰਨ ਵਿਅਕਤੀਗਤ ਹੈ, ਨਾ ਕਿ ਰਾਜਨੀਤਕ।
ਪੱਛਮੀ ਬੰਗਾਲ ਪੁਲਿਸ ਦੇ ਏਡੀਜੀ (ਲਾਅ ਐਂਡ ਆਰਡਰ) ਗਿਆਨਵੰਤ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਹੁਣ ਤੱਕ ਜਾਂਚ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਇਸ ਤੀਹਰੇ ਕਤਲਕਾਂਡ ਦਾ ਕਾਰਨ ਰਾਜਨੀਤਕ ਜਾਂ ਧਾਰਮਿਕ ਨਹੀਂ ਹੈ, ਜਿਵੇਂ ਕਿ ਸੋਸ਼ਲ ਮੀਡੀਆ 'ਤੇ ਪ੍ਰਚਾਰਿਕ-ਪ੍ਰਸਾਰਿਤ ਕੀਤਾ ਰਿਹਾ ਹੈ।"
ਮ੍ਰਿਤਕ ਬੰਧੂ ਪ੍ਰਕਾਸ਼ਪਾਲ ਪੇਸ਼ੇ ਤੋਂ ਅਧਿਆਪਕ ਸਨ। ਉਹ ਬੀਮਾ ਅਤੇ ਚੇਨ ਮਾਰਕੇਟਿੰਗ ਦਾ ਕੰਮ ਵੀ ਕਰਦੇ ਸਨ। ਪੁਲਿਸ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਕਤਲ ਦਾ ਕਾਰਨ ਮਾਲੀ ਜਾਂ ਨਿਸ਼ਚਿਤ ਤੌਰ 'ਤੇ ਪਰਿਵਾਰਕ ਹੋਵੇ। ਪੁਲਿਸ ਅਜੇ ਇਨ੍ਹਾਂ ਸਾਰੇ ਬਿੰਦੂਆਂ ਦੀ ਜਾਂਚ ਕਰ ਰਹੀ ਹੈ।
ਸੀਆਈਡੀ ਕਰ ਰਹੀ ਸਹਿਯੋਗ
ਸੀਆਈਡੀ ਦੀ ਇੱਕ ਟੀਮ ਨੇ ਐਤਵਾਰ ਨੂੰ ਸਾਗਰਦਿਘੀ ਪੁਲਿਸ ਥਾਣੇ ਦੇ ਸ਼ਾਹਪੁਰਾ-ਬਰਲਾ ਪਿੰਡ ਵਿੱਚ ਮ੍ਰਿਤਕ ਦੀ ਮਾਂ ਮਾਇਆ ਪਾਲ ਨਾਲ ਗੱਲਬਾਤ ਕੀਤੀ।
ਉਸ ਟੀਮ ਵਿੱਚ ਸ਼ਾਮਿਲ ਲੋਕ ਉਥੋਂ 19 ਕਿਲੋਮੀਟਰ ਦੂਰ ਜਿਆਗੰਜ ਥਾਣੇ ਦੇ ਲੇਬੁਬਗਾਨ ਵਿਚਲੇ ਉਸ ਘਰ 'ਚ ਵੀ ਗਏ, ਜਿੱਥੇ ਬੰਧੂ ਪ੍ਰਕਾਸ਼ਪਾਲ ਆਪਣੀ ਪਤਨੀ ਅਤੇ ਬੱਚੇ ਨਾਲ ਰਹਿੰਦੇ ਸਨ।
ਉਨ੍ਹਾਂ ਨੇ ਡੇਢ ਸਾਲ ਪਹਿਲਾਂ ਹੀ ਉੱਥੇ ਆਪਣਾ ਘਰ ਬਣਵਾਇਆ ਸੀ। ਉਦੋਂ ਉਹ ਆਪਣੀ ਮਾਂ ਦੇ ਪਿੰਡ ਸ਼ਾਹਪੁਰ-ਬਰਲਾ ਤੋਂ ਇੱਥੇ ਆ ਕੇ ਰਹਿਣ ਲੱਗੇ ਸਨ। ਹਾਲਾਂਕਿ ਉਹ ਰੋਜ਼ ਟਰੇਨ ਰਾਹੀਂ ਆਪਣੇ ਪਿੰਡ ਬਰਲਾ ਜਾਂਦੇ ਸਨ, ਤਾਂ ਜੋ ਉਥੋਂ ਦੇ ਪ੍ਰਾਈਮਰੀ ਸਕੂਲ ਵਿੱਚ ਪੜ੍ਹਾ ਸਕਣ।
ਉਹ ਸਕੂਲ ਉਨ੍ਹਾਂ ਦੀ ਮਾਂ ਦੇ ਘਰੋਂ ਕੁਝ ਕਦਮਾਂ ਦੀ ਦੂਰੀ 'ਤੇ ਸੀ। ਉੱਥੇ ਪੜਾਉਣ ਤੋਂ ਬਾਅਦ ਉਹ ਰੋਜ਼ਾਨਾ ਵਾਪਸ ਜਿਆਗੰਜ ਆ ਜਾਂਦੇ ਸਨ, ਤਾਂ ਜੋ ਪਤਨੀ ਅਤੇ ਇਕਲੌਤੇ ਬੇਟੇ ਨਾਲ ਰਹਿ ਸਕਣ।
ਇਸ ਵਿਚਾਲੇ ਮੁਰਸ਼ਿਦਾਬਾਦ ਦੇ ਐੱਸਪੀ ਮੁਕੇਸ਼ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੂੰ ਕਈ ਤੱਥ ਮਿਲੇ ਹਨ। ਉਹ ਕਹਿੰਦੇ ਹਨ ਕਿ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਹੁਤ ਛੇਤੀ ਇਸ ਕੇਸ ਨੂੰ ਸੁਲਝਾ ਲਿਆ ਜਾਵੇਗਾ।
ਮੁਕੇਸ਼ ਕੁਮਾਰ ਨੇ ਕਿਹਾ, "ਸਾਨੂੰ ਮ੍ਰਿਤਕ ਦੇ ਸਬੰਧ ਭਾਜਪਾ ਜਾਂ ਆਰਐੱਸਐੱਸ ਨਾਲ ਹੋਣ ਦੇ ਅਜੇ ਤੱਕ ਕੋਈ ਸਬੂਤ ਨਹੀਂ ਮਿਲੇ। ਅਜਿਹਾ ਲੱਗ ਰਿਹਾ ਹੈ ਕਿ ਇਹ ਗੱਲ ਗ਼ਲਤ ਢੰਗ ਨਾਲ ਪ੍ਰਚਾਰਿਤ ਕੀਤੀ ਜਾ ਰਹੀ ਹੈ।"
ਕੀ ਹੈ ਸੱਚ ਅਤੇ ਕੀ ਹੈ ਝੂਠ?
ਭਾਰਤੀ ਜਨਤਾ ਪਾਰਟੀ ਦੇ ਜਿਆਗੰਜ ਮੰਡਲ ਮੁਖੀ ਪ੍ਰਤਾਪ ਹਾਲਦਾਰ ਲੇਬੁਬਗਾਨ ਇਲਾਕੇ ਵਿੱਚ ਬੰਧੂ ਪ੍ਰਕਾਸ਼ ਪਾਲ ਦੇ ਗੁਆਂਢੀ ਹਨ।
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਬੰਧੂ ਪ੍ਰਕਾਸ਼ ਭਾਜਪਾ ਦੇ ਵਰਕਰ ਨਹੀਂ ਸਨ ਪਰ ਲੋਕ ਕਹਿ ਰਹੇ ਹਨ ਕਿ ਉਹ ਆਰਐੱਸਐੱਸ ਨਾਲ ਜੁੜੇ ਸਨ।"
ਕੀ ਇਸ ਦਾ ਕੋਈ ਸਬੂਤ ਹੈ? ਇਸ ਸਵਾਲ 'ਤੇ ਉਨ੍ਹਾਂ ਨੇ ਕਿਹਾ, "ਆਰਐੱਸਐੱਸ ਦੀਆਂ ਸ਼ਾਖਾਵਾਂ ਦਾ ਕੋਈ ਰਜਿਸਟਰ ਨਹੀਂ ਹੁੰਦਾ, ਲਿਹਾਜਾ ਇਹ ਸਬੂਤ ਦੇਣਾ ਅਸੰਭਵ ਹੈ ਕਿ ਉਹ ਸੰਘ ਦੀਆਂ ਸ਼ਾਖਾਵਾਂ ਵਿੱਚ ਜਾਂਦੇ ਸਨ ਜਾਂ ਨਹੀਂ। ਵੈਸੇ ਇਹ ਗੱਲ ਸੰਘ ਦੇ ਲੋਕ ਵਧੀਆ ਦੱਸਣਗੇ।"
ਇਹ ਵੀ ਪੜ੍ਹੋ-
ਪੱਕੇ ਤੌਰ 'ਤੇ ਕਹਿਣਾ ਮੁਸ਼ਕਲ
ਆਰਐੱਸਐੱਸ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਮੁਖੀ ਸਮਰ ਰਾਏ ਨੇ ਬੀਬੀਸੀ ਨਾਲ ਗੱਲਬਾਤ 'ਚ ਦਾਅਵਾ ਕੀਤਾ ਕਿ ਬੰਧੂ ਪ੍ਰਕਾਸ਼ਪਾਲ ਸੰਘ ਦੇ ਸਵੈਮਸੇਵਕ ਸਨ ਅਤੇ ਜਿਆਗੰਜ ਵਾਲੇ ਉਨ੍ਹਾਂ ਦੇ ਘਰ ਸੰਘ ਦੀਆਂ ਕੁਝ ਬੈਠਕਾਂ ਵੀ ਹੋਈਆਂ ਪਰ ਉਨ੍ਹਾਂ ਦੀ ਬੰਧੂ ਪ੍ਰਕਾਸ਼ ਨਾਲ ਕੋਈ ਮੁਲਾਕਾਤ ਨਹੀਂ ਹੈ।
ਸਮਰ ਰਾਏ ਨੇ ਬੀਬੀਸੀ ਨੂੰ ਕਿਹਾ, "ਉਨ੍ਹਾਂ ਨੇ ਮੇਰੇ ਨਾਲ ਸੰਘ ਦੀ ਕਿਸੇ ਵੀ ਬੈਠਕ ਜਾਂ ਸ਼ਾਖਾ ਵਿੱਚ ਹਿੱਸਾ ਨਹੀਂ ਲਿਆ ਸੀ। ਪਰ ਮੈਨੂੰ ਸੰਘ ਦੇ ਹੀ ਕੁਝ ਸਵੈਮਸੇਵਕਾਂ ਨੇ ਦੱਸਿਆ ਸੀ ਕਿ ਬੰਧੂ ਪ੍ਰਕਾਸ਼ ਪਾਲ ਸਾਡੀਆਂ ਸ਼ਾਖਾਵਾਂ ਵਿੱਚ ਆਉਂਦੇ ਰਹਿੰਦੇ ਸਨ। ਇਸ ਆਧਾਰ 'ਤੇ ਅਸੀਂ ਉਨ੍ਹਾਂ ਦੇ ਸਵੈਮਸੇਵਕ ਹੋਣ ਦੀ ਗੱਲ ਕਹਿ ਰਹੇ ਹਾਂ ਪਰ ਸਾਡੇ ਕੋਲ ਇਸ ਦੀ ਕੋਈ ਤਸਵੀਰ ਜਾ ਦਸਤਾਵੇਜ਼ ਨਹੀਂ ਹਨ।"
ਮ੍ਰਿਤਕ ਬੰਧੂ ਪ੍ਰਕਾਸ਼ਪਾਲ ਆਪਣੀ ਮਾਂ ਮਾਇਆ ਪਾਲ ਦੇ ਇਕਲੌਤੇ ਪੁੱਤਰ ਸਨ। ਉਹ ਹੁਣ 70 ਸਾਲ ਦੀ ਹੋ ਗਈ ਹੈ।
ਮਾਇਆ ਪਾਲ ਆਪਣੇ 7 ਭੈਣ-ਭਰਾਵਾਂ ਵਿੱਚ ਸਭ ਤੋਂ ਵੱਡੀ ਹੈ। ਵਿਆਹ ਦੇ ਕੁਝ ਸਾਲਾਂ ਬਾਅਦ ਹੀ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਰਹਿਣਾ ਛੱਡ ਦਿੱਤਾ ਸੀ। ਉਸ ਤੋਂ ਬਾਅਦ ਉਹ ਆਪਣੇ ਪੇਕੇ ਪਿੰਡ ਸ਼ਾਹਪੁਰ-ਬਰਲਾ ਆ ਗਈ ਅਤੇ ਆਪਣੇ ਭਰਾ ਦੇ ਘਰ ਰਹਿਣ ਲੱਗੀ।
ਇੱਥੇ ਹੀ ਰਹਿੰਦਿਆਂ ਹੋਇਆ ਉਨ੍ਹਾਂ ਨੇ ਬੇਟੇ ਬੰਧੂ ਪ੍ਰਕਾਸ਼, ਉਨ੍ਹਾਂ ਦੀ ਜੁੜਵਾਂ ਭੈਣ ਬੰਧੂ ਪ੍ਰਿਆ ਅਤੇ ਆਪਣੀ ਵੱਡੀ ਬੇਟੀ ਬੰਧੂ ਪ੍ਰੀਤੀ ਦਾ ਪਾਲਣ-ਪੋਸ਼ਣ ਕੀਤਾ। ਹੁਣ ਇਨ੍ਹਾਂ ਦੋਵਾਂ ਦਾ ਵਿਆਹ ਹੋ ਗਿਆ ਹੈ।
ਉਨ੍ਹਾਂ ਦੀ ਛੋਟੀ ਧੀ ਪ੍ਰਿਆ ਦਾ ਘਰ ਵੀ ਜਿਆਗੰਜ ਦੇ ਉਸੇ ਮੁਹੱਲੇ 'ਚ ਹੈ, ਜਿੱਥੇ ਬੰਧੂ ਪ੍ਰਕਾਸ਼ ਨੇ ਨਵਾਂ ਘਰ ਬਣਵਾ ਕੇ ਰਹਿਣਾ ਸ਼ੁਰੂ ਕੀਤਾ ਸੀ।
ਹਾਲਾਂਕਿ, ਬਾਅਦ ਸਾਲਾਂ ਵਿੱਚ ਉਨ੍ਹਾਂ ਨੇ ਆਪਣੇ ਭਰਾ ਦੇ ਘਰ ਤੋਂ ਕੁਝ ਦੂਰ ਘਰ ਖਰੀਦ ਲਿਆ ਸੀ। ਉਦੋਂ ਉਹ ਆਪਣੇ ਬੇਟੇ, ਨਹੂੰ ਅਤੇ ਪੋਤਰੇ ਨਾਲ ਉਸੇ ਘਰ 'ਚ ਰਹਿੰਦੀ ਸੀ।
ਡੇਢ ਸਾਲ ਪਹਿਲਾਂ ਜਦੋਂ ਬੰਧੂ ਪ੍ਰਕਾਸ਼ ਬਰਲਾ ਛੱਡ ਜਿਆਗੰਜ ਚਲੇ ਗਏ, ਉਦੋਂ ਤੋਂ ਉਹ ਇੱਥੇ ਇਕੱਲੀ ਰਹਿੰਦੀ ਹੈ।
'ਮੇਰਾ ਬੇਟਾ ਕਿਸੇ ਪਾਰਟੀ 'ਚ ਨਹੀਂ ਸੀ'
ਮਾਇਆ ਪਾਲ ਨੇ ਬੀਬੀਸੀ ਨੂੰ ਦੱਸਿਆ, ਬੰਧੂ ਪ੍ਰਕਾਸ਼ ਦਾ ਭਾਜਪਾ, ਆਰਐੱਸਐੱਸ ਜਾਂ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਸੀ। ਉਸ ਕੋਲੋਂ ਜੋ ਚੰਦਾ ਮੰਗਣ ਆਉਂਦਾ ਸੀ, ਉਹ ਦੇ ਦਿੰਦਾ ਸੀ। ਪਰ ਉਹ ਸਿਰਫ਼ ਆਪਣਾ ਕੰਮ ਕਰਦਾ ਸੀ। ਸਿਆਸਤ ਨਾਲ ਕੋਈ ਦੂਰ-ਦੂਰ ਸਬੰਧ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਲੋਕ ਝੂਠ ਕਿਉਂ ਬੋਲ ਰਹੇ ਹਨ ਅਤੇ ਟੀਵੀ-ਅਖ਼ਬਾਰ ਵਿੱਚ ਫਰਜ਼ੀ ਖ਼ਬਰਾਂ ਕਿਉਂ ਛਾਪ ਰਹੇ ਹਨ।"
ਮਾਇਆ ਪਾਲ ਨੇ ਇਹ ਵੀ ਕਿਹਾ, "ਪੁਲਿਸ ਜੇਕਰ ਚਾਹੁੰਦੀ ਤਾਂ ਉਸੇ ਦਿਨ ਕਾਤਲ ਫੜਿਆ ਜਾ ਸਕਦਾ ਸੀ ਪਰ 6 ਦਿਨਾਂ ਬਾਅਦ ਵੀ ਕੋਈ ਨਹੀਂ ਫੜਿਆ ਗਿਆ। ਅਜਿਹੇ ਵਿੱਚ ਪੁਲਿਸ 'ਤੇ ਕਿਵੇਂ ਵਿਸ਼ਵਾਸ਼ ਕਰੀਏ।"
ਪ੍ਰਕਾਸ਼ ਦੇ ਪਿਤਾ ਦੇ ਹਨ ਦੋ ਵਿਆਹ
ਪਹਿਲੀ ਪਤਨੀ ਮਾਇਆ ਪਾਲ ਤੋਂ ਤਿੰਨ ਬੱਚੇ ਹੋਣ ਤੋਂ ਬਾਅਦ ਬੰਧੂ ਪ੍ਰਕਾਸ਼ਪਾਲ ਦੇ ਪਿਤਾ ਅਮਰ ਪਾਲ ਰਾਮਪੁਰ ਹਾਟ ਸਥਿਤ ਆਪਣੇ ਘਰ ਇਕੱਲੇ ਰਹਿਣ ਲੱਗੇ ਸਨ।
ਬਾਅਦ ਦੇ ਸਾਲਾਂ ਵਿੱਚ ਉਨ੍ਹਾਂ ਨੇ ਦੂਜਾ ਵਿਆਹ ਕਰ ਲਿਆ। ਉਸ ਪਤਨੀ ਤੋਂ ਵੀ ਉਨ੍ਹਾਂ ਦੀਆਂ ਦੋ ਬੇਟੀਆਂ ਹੋਈਆਂ। ਪਿੰਡ ਵਾਲਿਆਂ ਨੇ ਦੱਸਿਆ ਕਿ ਬੰਧੂ ਪਾਲ ਦਾ ਇਸ ਕਾਰਨ ਆਪਣੇ ਪਿਤਾ ਨਾਲ ਵੀ ਵਿਵਾਦ ਸੀ। ਇਹੀ ਕਾਰਨ ਹੈ ਕਿ ਪੁਲਿਸ ਨੇ ਮ੍ਰਿਤਕ ਦੇ ਪਿਤਾ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਸੀ।
ਸਿਆਸਤ ਕਰਨ ਦਾ ਇਲਜ਼ਾਮ
ਤ੍ਰਿਣਮੂਲ ਕਾਂਗਰਸ ਤੋਂ ਸੰਸਦ ਮੈਂਬਰ ਅਤੇ ਮੁਰਸ਼ਿਦਾਬਾਦ ਦੇ ਜ਼ਿਲ੍ਹਾ ਮੁਖੀ ਅਬੂ ਤਾਹੇਰ ਖ਼ਾਨ ਨੇ ਬੀਬੀਸੀ ਨੂੰ ਕਿਹਾ, "ਭਾਜਪਾ ਗੰਦੀ ਸਿਆਸਤ ਰਹੀ ਹੈ। ਸਾਨੂੰ ਨਹੀਂ ਪਤਾ ਹੈ ਕਿ ਉਹ ਝੂਠੀਆਂ ਖ਼ਬਰਾਂ ਫੈਲਾ ਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ। ਹੁਣ ਜਦੋਂ ਪਰਿਵਰਾ ਦੇ ਲੋਕਾਂ ਨੇ ਹੀ ਕਹਿ ਦਿੱਤਾ ਕਿ ਉਸ ਅਧਿਆਪਕ ਦਾ ਸਬੰਧ ਆਰਐੱਸਐੱਸ ਨਾਲ ਨਹੀਂ ਸੀ, ਤਾਂ ਅਸੀਂ ਕੀ ਟਿੱਪਣੀ ਕਰੀਏ।"
"ਇਸ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਸਮੇਂ ਰਹਿੰਦਿਆਂ ਇਸ ਦਾ ਖੁਲਾਸਾ ਵੀ ਹੋ ਜਾਵੇਗਾ ਕਿ ਇਸ ਕਤਲਕਾਂਡ ਵਿੱਚ ਕੌਣ ਸ਼ਾਮਿਲ ਹੈ।"
ਕਤਲਕਾਂਡ ਦਾ ਅਸਲੀ ਮਕਸਦ ਕੀ ਸੀ, ਇਹ ਕਾਤਲਾਂ ਦੇ ਫੜੇ ਜਾਣ 'ਤੇ ਹੀ ਪਤਾ ਲੱਗ ਸਕੇਗਾ ਕਿ ਮਾਮਲੇ ਵਿੱਚ ਕੋਈ ਸਿਆਸੀ ਐਂਗਲ ਸੀ ਜਾਂ ਨਹੀਂ, ਅਜੇ ਤਾਂ ਤਰ੍ਹਾਂ-ਤਰ੍ਹਾਂ ਦੇ ਦਾਅਵੇ ਹੀ ਹਨ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=SX6DdrrZmOI
https://www.youtube.com/watch?v=UNmAfNq8CbQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Abhijit Banerjee: ਨੋਬਲ ਪੁਰਸਕਾਰ ਜਿੱਤਣ ਵਾਲੇ ਇਹ ਅਰਥ ਸ਼ਾਸ਼ਤਰੀ ਕੌਣ ਹਨ, ਕੀ ਹੈ ਇਨ੍ਹਾਂ ਦਾ JNU...
NEXT STORY