ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿਖੇ ਵੀ ਸਮਾਗਮ ਹੋ ਰਹੇ ਹਨ। ਅਜਿਹੇ ਵਿੱਚ ਇੱਥੋਂ ਦੀ ਦਿੱਖ ਅਤੇ ਲੋਕਾਂ ਦੀ ਸਹੂਲਤ ਲਈ ਕੰਮ ਕੀਤੇ ਗਏ ਹਨ।
ਸੁਲਤਾਨਪੁਰ ਲੋਧੀ ਦੀ ਬਦਲੀ ਨੁਹਾਰ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਦੀ ਨੁਹਾਰ ਬਦਲ ਗਈ ਹੈ। ਸਾਰੇ ਕਸਬੇ ਨੂੰ ਸਫੇਦ ਰੰਗ ਵਿੱਚ ਪੇਂਟ ਕੀਤਾ ਗਿਆ ਹੈ। ਉਚਾਈ ਤੋਂ ਦੇਖੀਏ ਤਾਂ ਇਹ ਨਜ਼ਾਰਾ ਬੇਹਦ ਖੂਬਸੂਰਤ ਲਗਦਾ ਹੈ।
ਇਸ ਪ੍ਰਕਿਰਿਆ ਵਿੱਚ ਕਈ ਅਜਿਹੇ ਘਰਾਂ ਦੀਆਂ ਬਾਹਰੀ ਦੀਵਾਰਾਂ ਵੀ ਰੰਗੀਆਂ ਗਈਆਂ ਜੋ ਗੁਜ਼ਰ ਬਸਰ ਲਈ ਸੰਘਰਸ਼ ਕਰਦੇ ਹਨ ਅਤੇ ਦੀਵਾਰਾਂ ਪੇਂਟ ਕਰਵਾਉਣ ਬਾਰੇ ਕਦੇ ਸੋਚਿਆ ਨਹੀਂ।
ਇੱਥੋਂ ਦੇ ਸੈਦਾ ਮੁਹੱਲੇ ਦੀ ਰਹਿਣ ਵਾਲੀ ਪੂਨਮ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ। ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਹੁਣ ਪੂਨਮ ਦੀ ਧੀ ਘਰ ਦੇ ਗੁਜ਼ਾਰੇ ਲਈ ਕੰਮ ਕਰਦੀ ਹੈ। ਸਿਰਫ ਘਰ ਦੇ ਗੁਜਾਰੇ ਬਾਰੇ ਸੋਚਣ ਵਾਲੀ ਪੂਨਮ ਆਪਣੇ ਘਰ ਬਾਹਰ ਹੋਏ ਪੇਂਟ ਨੂੰ ਵੇਖ ਕੇ ਪੂਨਮ ਖੁਸ਼ ਹੈ।
ਇਹ ਪੇਂਟ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਡੇਰਾ ਬੱਸੀ ਤੋਂ ਵਿਧਾਇਕ ਐਨ.ਕੇ. ਸ਼ਰਮਾ ਨੇ ਦੱਸਿਆ, "ਕਰੀਬ ਡੇਢ ਮਹੀਨੇ ਵਿੱਚ ਇਹ ਕੰਮ ਪੂਰਾ ਕੀਤਾ ਗਿਆ ਹੈ। ਅੰਦਾਜ਼ਨ ਤਿੰਨ-ਚਾਰ ਕਰੋੜ ਖਰਚਾ ਆਇਆ ਹੋਏਗਾ ਅਤੇ ਕੁੱਲ ਡੇਢ ਲੱਖ ਲੀਟਰ ਪੇਂਟ ਦਾ ਇਸਤੇਮਾਲ ਹੋਇਆ।"
ਇਹ ਵੀ ਪੜ੍ਹੋ-
https://www.youtube.com/watch?v=NIXU5CLDYW4
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇੱਥੋਂ ਦੀਆਂ ਕਈ ਕੰਧਾਂ 'ਤੇ ਸਿੱਖ ਇਤਿਹਾਸ ਨਾਲ ਸਬੰਧਤ ਪੇਂਟਿੰਗਜ਼ ਬਣਵਾਈਆਂ ਹਨ। ਇਹ ਪੇਂਟਿੰਗਜ਼ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੀਆਂ ਹਨ।
ਲੋਕਾਂ ਦੀ ਮੁਫ਼ਤ ਰਿਹਾਇਸ਼ ਲਈ ਟੈਂਟ ਸਿਟੀ
ਸੁਲਤਾਨਪੁਰ ਲੋਧੀ ਆਉਣ ਵਾਲੇ ਲੋਕਾਂ ਲਈ ਮੁਫਤ ਰਿਹਾਇਸ਼ ਦਾ ਪ੍ਰਬੰਧ ਕਰਨ ਖਾਤਰ ਟੈਂਟ ਸਿਟੀ ਤਿਆਰ ਕੀਤੇ ਗਏ ਹਨ।
ਟੈਂਟ ਸਿਟੀ ਨੂੰ ਚਾਰ ਹਿੱਸਿਆਂ ਟੈਂਟ ਸਿਟੀ 1, ਟੈਂਟ ਸਿਟੀ 2, ਟੈਟ ਸਿਟੀ 3 ਅਤੇ ਚੌਥਾ ਪੰਡਾਲ ਵਿੱਚ ਵੰਡਿਆ ਗਿਆ ਹੈ। ਕੁੱਲ ਮਿਲਾ ਕੇ 288 ਏਕੜ ਜ਼ਮੀਨ ਵਿੱਚ ਟੈਂਟ ਸਿਟੀ ਬਣਾਈ ਗਈ ਹੈ।
96 ਏਕੜ ਵਿੱਚ ਬਣੀ ਟੈਂਟ ਸਿਟੀ 1 ਅਤੇ 26 ਏਕੜ ਵਿੱਚ ਬਣਿਆ ਮੁੱਖ ਪੰਡਾਲ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਦੇ ਨੇੜੇ ਹੈ।
ਕਰੀਬ 40 ਏਕੜ ਵਿੱਚ ਬਣੀ ਟੈਂਟ ਸਿਟੀ- 2 ਸੁਲਤਾਲਪੁਰ ਲੋਧੀ-ਲੁਧਿਆਣਾ ਰੋਡ 'ਤੇ ਹੈ ਅਤੇ 120 ਏਕੜ ਵਿੱਚ ਬਣੀ ਟੈਟ ਸਿਟੀ 3 ਕਪੂਰਥਲਾ ਰੋਡ 'ਤੇ ਹੈ।
ਟੈਂਟ ਸਿਟੀ ਵਿੱਚ ਰਿਹਾਇਸ਼ ਲਈ ਚਾਰ ਤਰ੍ਹਾਂ ਦੇ ਟੈਂਟ ਹਨ। ਕੁੱਲ ਮਿਲਾ ਕੇ 367 ਵੱਡੀਆਂ ਡੋਰਮੈਟਰੀਜ਼ ਹਨ, ਹਰ ਵੱਡੀ ਡੋਰਮੈਟਰੀ ਵਿੱਚ 60 ਜਣਿਆਂ ਦੇ ਠਹਿਰਨ ਦਾ ਪ੍ਰਬੰਧ ਹੈ। 600 ਛੋਟੀਆਂ ਡੋਰਮੈਟਰੀਜ਼, ਜਿਨ੍ਹਾਂ ਵਿੱਚ ਪ੍ਰਤੀ ਡੋਰਮੈਟਰੀ 15 ਲੋਕ ਰੁਕ ਸਕਦੇ ਹਨ।
ਇਹਨਾਂ ਡੋਰਮੈਟਰੀਜ਼ ਵਿੱਚ ਬੈਡ, ਬਿਸਤਰ, ਸ਼ੀਸ਼ਾ, ਕੱਪੜੇ ਬਦਲਣ ਵਾਲੇ ਛੋਟੇ ਟੈਂਟ, ਹਰ ਬੈਡ ਨਾਲ ਇੱਕ-ਇੱਕ ਕੁਰਸੀ ਅਤੇ ਮੈਜ ਹਨ।
ਡੋਰਮੈਟਰੀਜ਼ ਵਿੱਚ ਰਹਿਣ ਵਾਲਿਆਂ ਲਈ ਟੈਂਟ ਸਿਟੀਜ਼ ਵਿੱਚ ਸਾਂਝੇ ਗੁਸਲਖਾਨੇ ਅਤੇ ਪਖਾਨੇ ਹਨ।
ਟੈਂਟ ਸਿਟੀ ਦੇ ਪ੍ਰੌਜੈਕਟ ਮੈਨੇਜਰ ਪੰਕਜ ਸ਼ਰਮਾ ਨੇ ਦੱਸਿਆ ਕਿ 20 ਜਣਿਆਂ ਲਈ ਇੱਕ ਬਾਥਰੂਮ-ਟਾਇਲਟ ਦਾ ਇੰਤਜਾਮ ਹੈ।
ਇਸ ਤੋਂ ਇਲਾਵਾ 776 ਫੈਮਿਲੀ ਟੈਂਟ, ਜਿਨ੍ਹਾਂ ਵਿੱਚ ਪ੍ਰਤੀ ਟੈਂਟ ਚਾਰ ਲੋਕ ਰੁਕ ਸਕਦੇ ਹਨ। ਇੱਥੇ ਦੋ ਡਬਲ ਬੈਡ, ਦੋ ਮੇਜ, ਚਾਰ ਕੁਰਸੀਆਂ, ਸ਼ੀਸ਼ਾ ਅਤੇ ਅਟੈਚਡ ਬਾਥਰੂਮ-ਟਾਇਲਟ ਹਨ। 476 ਕਿਊਬੀਕਲ ਟੈਂਟ ਹਨ, ਜਿਨ੍ਹਾਂ ਵਿੱਚ ਪ੍ਰਤੀ ਟੈਂਟ ਦੋ ਜਣਿਆਂ ਦੇ ਰੁਕਣ ਦਾ ਇੰਤਜ਼ਾਮ ਹੈ। ਇੱਥੇ ਇੱਕ ਮੇਜ, ਦੋ ਕੁਰਸੀਆਂ, ਸ਼ੀਸ਼ਾ ਅਤੇ ਅਟੈਚ ਬਾਥਰੂਮ-ਟਾਇਲਟ ਹਨ।
ਸਾਰੇ ਹੀ ਟੈਂਟਾਂ ਵਿੱਚ ਲਾਈਟ ਅਤੇ ਚਾਰਜਿੰਗ ਪੁਆਇੰਟ ਦੀ ਵਿਵਸਥਾ ਹੈ। ਦਆਵਾ ਹੈ ਕਿ ਟੈਂਟ ਵਾਟਰ ਪਰੂਫ ਹਨ ਅਤੇ ਵੈਂਟੀਲੇਸ਼ਨ ਦਾ ਵੀ ਧਿਆਨ ਰੱਖਿਆ ਗਿਆ ਹੈ। ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਹੈ।
ਤਿੰਨਾਂ ਟੈਂਟ ਸਿਟੀਜ਼ ਵਿੱਚ ਮੈਡੀਕਲ ਸਹੂਲਤ, ਫਾਇਰ ਸੇਫਟੀ, ਗਠੜੀ ਘਰ, ਜੋੜਾ ਘਰ, ਲੰਗਰ ਹਾਲ, ਪਲੰਬਰ, ਬਿਜਲੀ, ਹਾਊਸ ਕੀਪਿੰਗ ਸਹੂਲਤਾਂ ਲਈ ਵੱਖਰੇ ਕਾਊਂਟਰ ਹਨ। ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜ਼ਰੂਰੀ ਅਨਾਊਂਸਮੈਂਟ ਕਰਨ ਲਈ ਸਪੀਕਰ ਹਨ।
ਸਰਕਾਰ ਨੇ ਸੰਗਤ ਦੀ ਸਹੂਲਤ ਲਈ ਇਹ ਟੈਂਟ ਸਿਟੀ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਹੈ। ਪ੍ਰੌਜੈਕਟ ਮੈਨੇਜਰ ਪੰਕਜ ਸ਼ਰਮਾ ਮੁਤਾਬਕ, ਇਸ ਲਈ ਸਰਕਾਰ ਨੇ 52 ਕਰੋੜ ਰੁਪਏ ਖਰਚੇ ਹਨ। ਉਹਨਾਂ ਦੱਸਿਆ ਕਿ ਟੈਂਟ ਸਿਟੀ ਦਾ ਕੰਮ ਚਾਰ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ ਅਤੇ ਇੱਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੇ ਇੱਥੇ ਕੰਮ ਕੀਤਾ ਹੈ।
ਸਥਾਨਕ ਲੋਕਾਂ ਨੇ ਵੀ ਸੰਗਤ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
https://www.youtube.com/watch?v=GArnuBRjDrc
ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਨੇ ਦੱਸਿਆ ਕਿ ਇਹਨਾਂ ਟੈਂਟ ਸਿਟੀਜ਼ ਤੋਂ ਇਲਾਵਾ ਸਕੂਲਾਂ-ਕਾਲਜਾਂ ਦੇ ਕਮਰਿਆਂ ਨੂੰ ਵੀ ਲੋਕਾਂ ਦੀ ਰਿਹਾਇਸ਼ ਲਈ ਵਰਤਿਆ ਜਾਏਗਾ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨ ਦੀਆਂ ਤਿੰਨ ਸਰਾਵਾਂ ਹਨ।
ਚੰਡੀਗੜ੍ਹ ਦੇ ਸੈਕਟਰ ਤੋਂ ਵੀ ਛੋਟੇ ਕਸਬੇ ਵਿੱਚ ਕਿਵੇਂ ਸਮਾਏਗੀ ਜਲੰਧਰ ਜਿੰਨੀਂ ਵਸੋਂ ?
ਇਹਨਾਂ ਸਮਾਗਮਾਂ ਦੌਰਾਨ ਲੋਕਾਂ ਦੀ ਆਵਾਜਾਈ ਅਤੇ ਰੂਟ ਪਲਾਨ ਸਬੰਧੀ ਖਾਸ ਤੌਰ 'ਤੇ ਪ੍ਰਬੰਧ ਕੀਤੇ ਗਏ ਹਨ, ਕਿਉਂਕਿ ਸੁਲਤਾਨਪੁਰ ਲੋਧੀ ਚੰਡੀਗੜ੍ਹ ਦੇ ਇੱਕ ਸੈਕਟਰ ਤੋਂ ਵੀ ਛੋਟਾ ਕਿਹਾ ਜਾਣ ਵਾਲਾ ਕਸਬਾ ਹੈ ਅਤੇ ਇਹਨਾਂ ਪੰਦਰਾਂ ਦਿਨਾਂ ਵਿੱਚ ਪੁਲਿਸ-ਪ੍ਰਸ਼ਾਸਨ ਨੂੰ ਇੱਥੇ ਪੂਰੇ ਚੰਡੀਗੜ੍ਹ ਜਾਂ ਜਲੰਧਰ ਸ਼ਹਿਰ ਦੀ ਅਬਾਦੀ ਜਿੰਨੇ ਲੋਕ ਆਉਣ ਦੀ ਉਮੀਦ ਹੈ।
ਅਜਿਹੇ ਵਿੱਚ, ਇਹ ਵੱਡਾ ਚੈਂਲੇਂਜ ਹੈ ਕਿ ਕਿਵੇਂ ਘੱਟ ਤੋਂ ਘੱਟ ਟਰੈਫਿਕ ਜਾਮ ਹੋਣ ਅਤੇ ਲੋਕਾਂ ਦਾ ਆਉਣ-ਜਾਣ ਸੁਖਾਲਾ ਰਹੇ।
ਜਲੰਧਰ ਰੇਂਜ ਦੇ ਆਈ.ਜੀ ਨੌਨਿਹਾਲ ਸਿੰਘ ਨੇ ਸਾਨੂੰ ਦੱਸਿਆ, "ਸੁਲਤਾਨਪੁਰ ਲੋਧੀ ਕਸਬੇ ਦਾ ਖੇਤਰਫਲ 1 ਸਕੁਐਰ ਕਿਲੋਮੀਟਰ ਹੈ, ਇਸ ਦੀ ਵਸੋਂ ਕਰੀਬ ਸਤਾਰਾਂ ਹਜਾਰ ਹੈ ਅਤੇ ਇਹਨਾਂ ਪੰਦਰਾਂ ਕੁ ਦਿਨਾਂ ਵਿੱਚ ਇੱਥੇ 15-20 ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।"
ਉਹਨਾਂ ਇਹ ਵੀ ਦੱਸਿਆ ਕਿ ਸ਼ਹਿਰ ਦੇ ਇੱਕ ਪਾਸੇ ਰੇਲਵੇ ਟਰੈਕ, ਇੱਕ ਪਾਸੇ ਵੇਈਂ ਨਦੀ ਅਤੇ ਇੱਕ ਪਾਸੇ ਨਾਲਾ ਹੈ। ਯਾਨੀ ਕਿ ਸ਼ਹਿਰ ਵਿੱਚ ਕਿਸੇ ਪੁਲ ਵਗੈਰਾ ਦੇ ਆਉਣ ਦੇ ਰਸਤੇ ਬਹੁਤ ਥੋੜ੍ਹੇ ਹਨ।
ਅਜਿਹੇ ਵਿੱਚ ਕਾਫੀ ਔਖਾ ਸੀ ਅਜਿਹਾ ਪ੍ਰਬੰਧ ਕਰਨਾ ਜਿਸ ਨਾਲ ਲੋਕਾਂ ਨੂੰ ਸੌਖੀਆਂ ਪਾਰਕਿੰਗਜ਼ ਮਿਲਣ, ਉਹਨਾਂ ਨੂੰ ਮੱਥਾ ਟੇਕਣ ਵਿੱਚ ਸਮਾਂ ਥੋੜ੍ਹਾ ਲੱਗੇ ਅਤੇ ਉਹਨਾਂ ਦਾ ਸਫਰ ਸੁਖਾਵਾਂ ਰਹੇ। ਨੌਨਿਹਾਲ ਸਿੰਘ ਮੁਤਾਬਕ, ਇਸ ਖਾਤਰ ਕਰੀਬ ਇੱਕ ਸਾਲ ਉਹਨਾਂ ਦੀ ਪਲਾਨਿੰਗ ਚੱਲੀ ਹੈ।
ਇਹ ਵੀ ਪੜ੍ਹੋ-
ਇਸ ਲਈ ਪੁਲਿਸ ਨੇ ਲੋਕਾਂ ਲਈ ਕੀ ਰੋਡਮੈਪ ਤਿਆਰ ਕੀਤਾ, ਇਸ ਬਾਰੇ ਦੱਸਦਿਆਂ ਆਈ.ਜੀ. ਨੌਨਿਹਾਲ ਸਿੰਘ ਨੇ ਕਿਹਾ, "ਤਿੰਨ ਵੱਡੇ ਕੌਰੀਡੋਰ ਤਿਆਰ ਕੀਤੇ ਹਨ। ਦੁਆਬੇ ਤੋਂ ਆਉਣ ਵਾਲੀ ਸੰਗਤ ਕਪੂਰਥਲਾ ਵੱਲੋਂ ਆਏਗੀ, ਮਾਝੇ ਤੋਂ ਆਉਣ ਵਾਲੀ ਸੰਗਤ ਤਲਵੰਡੀ ਚੌਧਰੀਆਂ ਵਾਲੇ ਪਾਸਿਓਂ ਦਾਖਲ ਹੋਏਗੀ, ਮਾਲਵੇ ਤੋਂ ਆਉਣ ਵਾਲੀ ਸੰਗਤ ਲੋਹੀਆਂ ਵਾਲੇ ਪਾਸਿਓਂ ਆਏਗੀ।"
"ਇਹਨਾਂ ਤਿੰਨਾਂ ਕੌਰੀਡੋਰਜ਼ ਤੋਂ ਅੱਗੇ ਜਾ ਕੇ ਵੱਡੀਆਂ ਕਰੀਬ ਸੌ-ਡੇਢ ਸੌ ਏਕੜ ਦੀਆਂ ਪਾਰਕਿੰਗਜ਼ ਤਿਆਰ ਕੀਤੀਆਂ ਗਈਆਂ ਹਨ। ਇੱਥੇ ਸ਼ਰਧਾਲੂ ਆਪਣੀਆਂ ਗੱਡੀਆਂ ਪਾਰਕ ਕਰਨਗੇ।"
"ਇਹ ਪਾਰਕਿੰਗਜ਼ ਸ਼ਹਿਰ ਤੋਂ ਅੱਠ-ਦਸ ਕਿਲੋਮੀਟਰ ਦੂਰ ਹਨ। ਲੋਕਾਂ ਨੂੰ ਤੁਰਨਾ ਘੱਟ ਪਵੇ ਇਸ ਲਈ ਇੱਥੋਂ ਫਰੀ ਬੱਸ ਸਰਵਿਸ ਜ਼ਰੀਏ ਉਹ ਅੰਦਰਲੀਆਂ ਪਾਰਕਿੰਗਜ਼ ਤੱਕ ਪਹੁੰਚਣਗੇ, ਜਿੱਥੋਂ ਪੈਦਲ ਜਾਂ ਫਿਰ ਫਰੀ ਈ-ਰਿਕਸ਼ਾ ਦੀ ਸਹੂਲਤ ਲੈ ਸਕਦੇ ਹਨ। "
ਚਰਨ ਸੇਵਾ
ਆਈ.ਜੀ ਨੌਨਿਹਾਲ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸਾਹਿਬਾਨ ਨੇੜੇ ਪਹੁੰਚਾਉਣ ਤੋਂ ਇਲਾਵਾ ਇੱਕ ਚੁਣੌਤੀ ਇਹ ਵੀ ਸੀ ਕਿ ਸ਼ਰਧਾਲੂਆਂ ਨੂੰ ਮੱਥਾ ਟੇਕਣ ਵਿੱਚ ਘੱਟ ਤੋਂ ਘੱਟ ਸਮਾਂ ਲੱਗੇ।
ਆਈ.ਜੀ ਨੌਨਿਹਾਲ ਸਿੰਘ ਨੇ ਕਿਹਾ,"ਜੇਕਰ ਇੱਕ ਸ਼ਰਧਾਲੂ ਇੱਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾਏਗਾ ਤਾਂ ਉਸ ਨੂੰ ਤਿੰਨ ਵਾਰ ਲਾਈਨਾਂ ਵਿੱਚ ਲੱਗਣਾ ਪੈ ਸਕਦਾ ਸੀ।"
"ਇੱਕ ਵਾਰ ਜੋੜੇ ਜਮ੍ਹਾਂ ਕਰਵਾਉਣ ਲਈ, ਇੱਕ ਵਾਰ ਮੱਥਾ ਟੇਕਣ ਲਈ ਅਤੇ ਇੱਕ ਵਾਰ ਜੋੜੇ ਵਾਪਸ ਲੈਣ ਲਈ। ਜੇਕਰ ਉਸ ਨੇ ਸੁਲਤਾਨਪੁਰ ਲੋਧੀ ਦੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨੇ ਹਨ ਤਾਂ ਕਰੀਬ ਹਰ ਗੁਰਦੁਆਰੇ ਵਿੱਚ ਤਿੰਨ ਲਾਈਨਾਂ।"
https://www.youtube.com/watch?v=XS80q96DMAM
ਲੋਕਾਂ ਦਾ ਸਮਾਂ ਬਚਾਉਣ ਲਈ ਪੁਲਿਸ ਨੇ ਚਰਨ ਸੇਵਾ ਦਾ ਕੰਸੈਪਟ ਲਿਆਂਦਾ ਹੈ।
ਨੌਨਿਹਾਲ ਸਿੰਘ ਮੁਤਾਬਕ ਵੱਖ ਵੱਖ ਸਾਈਜਾਂ ਦੀਆਂ ਕਰੀਬ ਢਾਈ ਲੱਖ ਚੱਪਲਾਂ ਲਿਆਂਦੀਆਂ ਗਈਆਂ ਹਨ, ਜੋ ਕਿ ਵੱਡੀਆਂ ਪਾਰਕਿੰਗਜ਼ ਵਿੱਚੋਂ ਲੋਕ ਲੈ ਸਕਣਗੇ ਅਤੇ ਗੁਰਦੁਆਰੇ ਬਾਹਰ ਉਤਾਰ ਕੇ ਮੱਥਾ ਟੇਕਣ ਜਾ ਸਕਣਗੇ ਫਿਰ ਬਾਹਰ ਪਈਆਂ ਚੱਪਲਾਂ ਵਿੱਚੋਂ ਕੋਈ ਵੀ ਚੱਪਲ ਪਾ ਕੇ ਅਗਲੇ ਗੁਰਦੁਆਰੇ ਜਾ ਸਕਣਗੇ। ਇਸ ਨਾਲ ਉਹਨਾਂ ਨੂੰ ਜੁੱਤੇ ਗੁੰਮ ਹੋਣ ਦੀ ਫਿਕਰ ਵੀ ਨਹੀਂ ਰਹੇਗੀ ਅਤੇ ਸਮਾਂ ਵੀ ਬਚੇਗਾ।
ਕਮਿਊਨਿਟੀ ਪੁਲਿਸਿੰਗ ਤੇ ਤਕਨੀਕ ਦਾ ਇਸਤੇਮਾਲ
ਆਈ.ਜੀ ਨੌਨਿਹਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਸਬੇ ਅਤੇ ਆਲੇ ਦੁਆਲੇ ਪਿੰਡਾਂ ਦੇ ਸੈਂਕੜੇ ਵਲੰਟੀਅਰਜ਼ ਨੂੰ ਵਟਸਐਪ ਰਾਹੀਂ ਜੋੜਿਆ ਹੈ। ਕਿਤੇ ਵੀ ਲਾਅ ਐਂਡ ਆਰਡਰ ਦੀ ਪ੍ਰਾਬਲਮ ਬਾਰੇ ਉਹ ਗਰੁਪ ਵਿੱਚ ਪੋਸਟ ਕਰਨਗੇ ਜਿਸ ਨਾਲ ਤੁਰੰਤ ਐਕਸ਼ਨ ਹੋ ਸਕੇਗਾ।
ਆਈ.ਜੀ ਮੁਤਾਬਕ ਇਸ ਤੋਂ ਇਲਾਵਾ ਐਮਰਜੈਂਸੀ ਅਤੇ ਪੁਲਿਸ ਦਾ ਵਾਹਨਾਂ ਨੂੰ ਲੋਕੇਸ਼ਨ ਟਰੈਕਰ ਦੀ ਮਦਦ ਨਾਲ ਜੋੜਿਆ ਗਿਆ ਹੈ ਅਤੇ ਪੁਲਿਸ ਮੁਲਾਜ਼ਮਾਂ ਦੀ ਵੀ ਲਾਈਵ ਟਰੈਕਿੰਗ ਹੋ ਸਕਦੀ ਹੈ।
ਇਹ ਵੀ ਪੜ੍ਹੋ-
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=bsDrei6Acr8
https://www.youtube.com/watch?v=8hN8UUGzsUQ
https://www.youtube.com/watch?v=A-OWbIBwe2A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਪਰਮਜੀਤ ਸਰਨਾ ਨੂੰ ਮਿਲੀ ਪਾਕਿਸਤਾਨ ਜਾਣ ਦੀ ਇਜਾਜ਼ਤ - 5 ਅਹਿਮ ਖ਼ਬਰਾਂ
NEXT STORY