8 ਜਨਵਰੀ, 2020 ਦੇ ਸ਼ੁਰੂਆਤੀ ਘੰਟਿਆਂ ਵਿਚ ਈਰਾਨ ਨੇ ਤਕਰੀਬਨ ਦੋ ਦਰਜਨ ਬੈਲਿਸਟਿਕ ਮਿਜ਼ਾਈਲਾਂ ਨਾਲ ਇਰਾਕ ਵਿਚ ਸਥਿਤ ਦੋ ਅਮਰੀਕੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਤੇ ਕਿਹਾ ਕਿ ਇਹ ਹਮਲੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਲਈ ਕੀਤੇ ਗਏ।
ਸੁਲੇਮਾਨੀ ਬੀਤੇ ਸ਼ੁੱਕਰਵਾਰ ਇਰਾਕ ਦੇ ਬਗਦਾਦ ਸ਼ਹਿਰ ਵਿਚ ਅਮਰੀਕੀ ਡਰੋਨ ਹਮਲੇ ਵਿਚ ਮਾਰੇ ਗਏ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਈਰਾਨ ਨੇ ਕਿਹਾ ਸੀ ਕਿ ਅਮਰੀਕਾ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਏਗੀ।
ਪਰ ਈਰਾਨ ਵਲੋਂ ਦਿੱਤੀ ਗਈ ਤਿੱਖੀ ਚਿਤਾਵਨੀਆਂ ਦੇ ਬਾਵਜੂਦ ਅਮਰੀਕਾ ਦਾ ਕੋਈ ਜਵਾਨ ਜ਼ਖ਼ਮੀ ਨਹੀਂ ਹੋਇਆ। ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਆਪਣੇ ਬਿਆਨ ਵਿਚ ਇਸ ਦੀ ਪੁਸ਼ਟੀ ਕੀਤੀ ਹੈ।
ਤਾਂ ਕੀ ਈਰਾਨ ਨੇ ਜਾਣਬੁੱਝ ਕੇ ਅਮਰੀਕੀ ਕੈਂਪਾਂ ਵਿਚ ਤੈਨਾਤ ਫ਼ੌਜੀਆਂ ਨੂੰ ਬਚਾਇਆ?
ਇਹ ਵੀ ਪੜ੍ਹੋ:
https://www.youtube.com/watch?v=ya7tnapU1No
ਈਰਾਨ ਬਾਰੇ ਅਮਰੀਕਾ ਨੇ ਕੀ ਕਿਹਾ?
ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (ਆਈਆਰਜੀਸੀ) ਨੇ ਕਿਹਾ ਹੈ ਕਿ ਈਰਾਨ ਨੇ ਬੁੱਧਵਾਰ ਨੂੰ ਸਤਹਿ ਤੋਂ ਸਤਹਿ 'ਤੇ ਮਾਰ ਕਰਨ ਵਾਲੀਆਂ ਤਕਰੀਬਨ 20 ਮਿਜ਼ਾਇਲਾਂ ਛੱਡੀਆਂ ਸਨ ਜਿਨ੍ਹਾਂ ਨੇ ਈਰਾਕ ਵਿਚ ਅਮਰੀਕੀ ਕਬਜ਼ੇ ਵਾਲੇ ਅਲ-ਅਸਦ ਕੈਂਪ ਨੂੰ ਨਿਸ਼ਾਨਾ ਬਣਾਇਆ।
ਅਲ-ਅਸਦ ਪੱਛਮੀ ਇਰਾਕ ਵਿਚ ਅਮਰੀਕਾ ਦਾ ਇੱਕ ਮਜ਼ਬੂਤ ਕੈਂਪ ਹੈ ਜਿੱਥੋਂ ਅਮਰੀਕਾ ਫ਼ੌਜੀ ਕਾਰਵਾਈ ਕਰਦਾ ਹੈ।
https://twitter.com/PressTV/status/1214985040737787905
ਈਰਾਨ ਦੀ ਤਸਨੀਮ ਖ਼ਬਰ ਏਜੰਸੀ ਜਿਸ ਨੂੰ ਆਈਆਰਜੀਸੀ ਦਾ ਕਰੀਬੀ ਕਿਹਾ ਜਾਂਦਾ ਹੈ, ਉਸ ਨੇ ਰਿਪੋਰਟ ਕੀਤੀ ਹੈ ਕਿ ਇਸ ਹਮਲੇ ਵਿਚ ਈਰਾਨ ਨੇ ਫ਼ਤਿਹ-313 ਅਤੇ ਕਿਆਮ ਮਿਜ਼ਾਈਲ ਦੀ ਵਰਤੋਂ ਕੀਤੀ। ਅਮਰੀਕੀ ਫ਼ੌਜ ਇਨ੍ਹਾਂ ਮਿਜ਼ਾਇਲਾਂ ਨੂੰ ਰੋਕਣ ਵਿਚ ਨਾਕਾਮਯਾਬ ਰਹੀ ਕਿਉਂਕਿ ਇਨ੍ਹਾਂ 'ਤੇ 'ਕਲਸਟਰ ਵਾਰਹੈੱਡ' ਲੱਗੇ ਸਨ। ਇਨ੍ਹਾਂ ਕਾਰਨ ਹੀ ਅਲ-ਅਸਦ ਵਿਚ ਦਸ ਧਮਾਕੇ ਹੋਏ।
ਅਮਰੀਕੀ ਡਿਫ਼ੈਂਸ ਵਿਭਾਗ ਦਾ ਕਹਿਣਾ ਹੈ ਕਿ ਈਰਾਨ ਨੇ ਇੱਕ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਛੱਡੀਆਂ।
ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਫ਼ੌਜ ਦਾ ਇੱਕ ਵੀ ਮੈਂਬਰ ਜ਼ਖ਼ਮੀ ਨਹੀਂ ਹੋਇਆ। ਫ਼ੌਜੀ ਬੇਸ ਵਿਚ ਵੀ ਮਾਮੂਲੀ ਨੁਕਸਾਨ ਹੋਇਆ ਹੈ।
ਟੀਵੀ 'ਤੇ ਬਿਆਨ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਸਾਵਧਾਨੀ ਵਰਤਣ ਅਤੇ ਵਾਰਨਿੰਗ ਸਿਸਟਮ ਦੇ ਸਹੀ ਢੰਗ ਨਾਲ ਕੰਮ ਕਰਨ ਕਰਕੇ ਨੁਕਸਾਨ ਨਹੀਂ ਹੋਇਆ।
ਹਾਲਾਂਕਿ ਅਮਰੀਕਾ ਦੇ ਸਰਬਉੱਚ ਫ਼ੌਜੀ ਅਫ਼ਸਰ, ਆਰਮੀ ਜਨਰਲ ਮਾਰਕ ਮਿਲੇ ਦਾ ਮੰਨਣਾ ਹੈ ਕਿ ਹਮਲਾ ਵਾਕਈ ਜਾਨਲੇਵਾ ਸੀ।
ਉਨ੍ਹਾਂ ਨੇ ਕਿਹਾ, "ਸਾਡਾ ਨਿੱਜੀ ਮੁਲਾਂਕਣ ਇਹ ਹੈ ਕਿ ਈਰਾਨ ਨੇ ਵਾਹਨਾਂ, ਉਪਕਰਣਾਂ ਤੇ ਜਹਾਜ਼ ਨਸ਼ਟ ਕਰਨ 'ਤੇ ਫ਼ੌਜੀ ਬਲਾਂ ਨੂੰ ਮਾਰਨ ਲਈ ਹਮਲਾ ਕੀਤਾ ਸੀ।"
https://www.youtube.com/watch?v=aX8TtZ-3P7A
ਮਿਜ਼ਾਈਲਾਂ ਨੇ ਅਸਲ ਵਿਚ ਕਿਸ ਨੂੰ ਨਿਸ਼ਾਨਾ ਬਣਾਇਆ?
ਇਰਾਕੀ ਸੈਨਾ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੇ ਕਿਸੇ ਫੌਜੀ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਰਾਕੀ ਸੈਨਾ ਅਨੁਸਾਰ, ਬੁੱਧਵਾਰ ਸਵੇਰੇ 1:45 ਤੇ 2: 15 ਦੇ ਵਿਚਕਾਰ ਇਰਾਕ ਵਿੱਚ 22 ਮਿਜ਼ਾਈਲਾਂ ਡਿੱਗੀਆਂ, ਜਿਨ੍ਹਾਂ ਵਿੱਚੋਂ 17 ਮਿਜ਼ਾਈਲਾਂ ਅਲ-ਅਸਦ ਏਅਰ ਬੇਸ ਵੱਲ ਚਲਾਈਆਂ ਗਈਆਂ ਸਨ।
ਮਿਡਲਬਰੀ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਸਟਡੀਜ਼ ਲਈ ਵਪਾਰਕ ਕੰਪਨੀ ਪਲੈਨੇਟ ਲੈਬਜ਼ ਦੁਆਰਾ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਅਲ-ਅਸਦ ਏਅਰ ਬੇਸ ਵਿਚ ਘੱਟੋ-ਘੱਟ ਪੰਜ ਢਾਂਚੇ ਢਹਿ ਗਏ ਹਨ।
ਮਿਡਲਬਰੀ ਇੰਸਟੀਚਿਊਟ ਦੇ ਇੱਕ ਵਿਸ਼ਲੇਸ਼ਕ ਡੇਵਿਡ ਸ਼ਮਰਲਰ ਨੇ ਦੱਸਿਆ ਹੈ,"ਸੈਟੇਲਾਈਟ ਤਸਵੀਰਾਂ ਵਿਚ ਕਈ ਅਜਿਹੀਆਂ ਥਾਵਾਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਨਿਸ਼ਾਨਾ ਬਿਲਕੁਲ ਢਾਂਚੇ ਦੇ ਕੇਂਦਰ ਵਿੱਚ ਲੱਗਿਆ ਸੀ।"
ਪਰ ਇਹ ਵੀ ਸਪੱਸ਼ਟ ਹੈ ਕਿ ਕੁਝ ਮਿਜ਼ਾਈਲਾਂ ਏਅਰ ਬੇਸ 'ਤੇ ਨਹੀਂ ਡਿੱਗੀਆਂ। ਇਰਾਕੀ ਸੈਨਾ ਅਨੁਸਾਰ ਅਲ-ਅਸਦ ਕੈਂਪ ਨੂੰ ਨਿਸ਼ਾਨਾ ਬਣਾ ਕੇ ਛੱਡੀਆਂ ਗਈਆਂ ਦੋ ਮਿਜ਼ਾਈਲਾਂ ਹੀ ਖ਼ੇਤਰ ਦੇ ਹਿਤਾਨ ਪਿੰਡ ਨੇੜੇ ਡਿੱਗੀਆਂ ਅਤੇ ਫਟੀਆਂ ਨਹੀਂ।
ਇਨ੍ਹਾਂ ਵਿਚੋਂ ਇੱਕ ਮਿਜ਼ਾਈਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਮਿਜ਼ਾਇਲ ਤਿੰਨ ਟੁਕੜਿਆਂ ਵਿਚ ਟੁੱਟੀ ਹੋਈ ਦਿਖਾਈ ਦਿੰਦੀ ਹੈ।
ਇਰਾਕੀ ਸੈਨਾ ਦਾ ਕਹਿਣਾ ਹੈ ਕਿ ਈਰਾਨ ਨੇ ਪੰਜ ਮਿਜ਼ਾਈਲਾਂ ਇਰਬਿਲ ਏਅਰ ਬੇਸ ਵਲੋਂ ਭੇਜੀਆਂ ਸਨ ਜੋ ਕਿ ਉੱਤਰੀ ਕੁਰਦਿਸਤਾਨ ਵਿਚ ਸਥਿਤ ਹੈ।
ਇਹ ਵੀ ਪੜ੍ਹੋ:
ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਵਿਚੋਂ ਕਿੰਨੀਆਂ ਮਿਜ਼ਾਇਲਾਂ ਏਅਰ ਬੇਸ ਵਿਚ ਡਿੱਗੀਆਂ ਪਰ ਇਰਾਕ ਦੇ ਸਰਕਾਰੀ ਟੀਵੀ ਚੈਨਲ ਅਨੁਸਾਰ ਇਨ੍ਹਾਂ ਪੰਜਾਂ ਵਿਚੋਂ ਦੋ ਮਿਜ਼ਾਈਲਾਂ ਇਰਬਿਲ ਸ਼ਹਿਰ ਤੋਂ ਤਕਰੀਬਨ 16 ਕਿਲੋਮੀਟਰ ਉੱਤਰ-ਪੱਛਮ ਵਿਚ ਸਥਿਤ ਸਿਡਾਨ ਪਿੰਡ ਵਿਚ ਡਿੱਗੀ।
ਕੁਝ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਰਬਿਲ ਕੈਂਪ ਵਲੋਂ ਭੇਜੀਆਂ ਗਈਆਂ ਮਿਜ਼ਾਈਲਾਂ ਵਿਚੋਂ ਇੱਕ ਮਿਜ਼ਾਇਲ ਇਰਬਿਲ ਸ਼ਹਿਰ ਤੋਂ 47 ਕਿਲੋਮੀਟਰ ਉੱਤਰ-ਪੱਛਮ ਵਿਚ ਡਿੱਗੀ ਸੀ।
ਕੀ ਈਰਾਨ ਨੇ ਜਾਣਬੁਝ ਕੇ ਅਜਿਹਾ ਕੀਤਾ?
ਅਮਰੀਕਾ ਤੇ ਯੂਰਪੀ ਸਰਕਾਰਾਂ ਦੇ ਸੂਤਰਾਂ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਈਰਾਨ ਨੇ ਜਾਣਬੁਝ ਕੇ ਅਜਿਹਾ ਕੀਤਾ ਹੈ ਤਾਂ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ। ਈਰਾਨ ਨੇ ਇਸ ਹਮਲੇ ਵਿਚ ਅਮਰੀਕੀ ਕੈਂਪਾਂ ਨੂੰ ਕਾਫ਼ੀ ਹੱਦ ਤੱਕ ਬਚਾ ਦਿੱਤਾ ਤਾਂ ਕਿ ਜੋ ਸੰਕਟ ਮੰਡਰਾ ਰਿਹਾ ਹੈ ਉਹ ਕਾਬੂ ਤੋਂ ਬਾਹਰ ਨਾ ਹੋ ਜਾਵੇ। ਜਦੋਂਕਿ ਦੋਹਾਂ ਦੇਸਾਂ ਵਿਚਾਲੇ ਹਾਲੇ ਵੀ ਹੱਲ ਦਾ ਸੰਕੇਤ ਮਿਲ ਰਿਹਾ ਹੈ।
ਅਮਰੀਕੀ ਨਿਊਜ਼ ਚੈਨਲ ਸੀਐੱਨਐੱਨ ਦੇ ਪੱਤਰਕਾਰ ਜੇਕ ਟੈਪਰ ਨੇ ਪੈਂਟਾਗਨ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਟਵੀਟ ਕੀਤਾ ਹੈ ਕਿ ਈਰਾਨ ਨੇ ਜਾਣਬੁਝ ਕੇ ਅਜਿਹੇ ਟੀਚੇ ਚੁਣੇ ਜਿਥੇ ਜਾਨ-ਮਾਲ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ।
ਅਮਰੀਕਾ ਦੇ ਅਖਬਾਰ ਦਿ ਵਾਸ਼ਿੰਗਟਨ ਪੋਸਟ ਨੇ ਆਪਣੀ ਇੱਕ ਰਿਪੋਰਟ ਵਿਚ ਲਿਖਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੂੰ ਮੰਗਲਵਾਰ ਦੁਪਹਿਰ ਨੂੰ ਹੀ ਪਤਾ ਲੱਗ ਗਿਆ ਸੀ ਕਿ ਈਰਾਨ, ਇਰਾਕ ਵਿਚ ਸਥਿਤ ਅਮਰੀਕੀ ਠਿਕਾਣਿਆਂ 'ਤੇ ਹਮਲਾ ਕਰਨ ਦਾ ਮਨ ਬਣਾ ਚੁੱਕਿਆ ਹੈ ਪਰ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਈਰਾਨ ਕਿਸ ਕੈਂਪ 'ਤੇ ਹਮਲਾ ਕਰੇਗਾ।
ਅਖ਼ਬਾਰ ਨੇ ਲਿਖਿਆ ਹੈ, "ਅਮਰੀਕਾ ਨੂੰ ਇਰਾਕ ਤੋਂ ਆਪਣੇ ਖੂਫ਼ੀਆ ਸੂਤਰਾਂ ਰਾਹੀਂ ਇਹ ਚੇਤਾਵਨੀ ਮਿਲ ਗਈ ਸੀ ਕਿ ਈਰਾਨ ਕੋਈ ਸਟਰਾਈਕ ਕਰਨ ਵਾਲਾ ਹੈ।"
ਅਮਰੀਕਾ ਵਿਚ ਬੀਬੀਸੀ ਦੇ ਸਹਿਯੋਗੀ ਨਿਊਜ਼ ਚੈਨਲ ਸੀਬੀਐਸ ਦੇ ਪੱਤਰਕਾਰ ਡੇਵਿਡ ਮਾਰਟਿਨ ਨੇ ਇੱਕ ਸੀਨੀਅਰ ਰੱਖਿਆ ਅਧਿਕਾਰੀ ਦੇ ਹਵਾਲੇ ਰਾਹੀਂ ਕਿਹਾ ਕਿ ਅਮਰੀਕਾ ਨੂੰ ਹਮਲੇ ਤੋਂ ਕਈ ਘੰਟੇ ਪਹਿਲਾਂ ਹੀ ਚੇਤਾਵਨੀ ਮਿਲ ਗਈ ਸੀ ਜਿਸ ਕਾਰਨ ਅਮਰੀਕੀ ਜਵਾਨਾਂ ਨੂੰ ਬੰਕਰਾਂ ਵਿਚ ਸ਼ਰਣ ਲੈਣ ਦਾ ਵਾਜਿਬ ਸਮਾਂ ਮਿਲ ਗਿਆ।
ਰੱਖਿਆ ਵਿਭਾਗ ਦੇ ਇਸ ਸੂਤਰ ਨੇ ਕਿਹਾ ਹੈ ਕਿ ਅਮਰੀਕਾ ਨੂੰ ਇਹ ਚਿਤਾਵਨੀ ਸੈਟੇਲਾਈਟਾਂ ਅਤੇ ਸਿਗਨਲਾਂ ਦੇ ਕਾਂਬੀਨੇਸ਼ਨ ਦੀ ਮਦਦ ਨਾਲ ਮਿਲੀ। ਇਹ ਉਹੀ ਸਿਸਟਮ ਹੈ ਜੋ ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣਾਂ 'ਤੇ ਨਜ਼ਰ ਰੱਖਦਾ ਹੈ।
ਇਹ ਅਧਿਕਾਰੀ ਇਸ ਕਿਆਸ ਨਾਲ ਸਹਿਮਤ ਨਹੀਂ ਸਨ ਕਿ ਈਰਾਨ ਨੇ ਜਾਣਬੁਝ ਕੇ ਗਲਤ ਨਿਸ਼ਾਨੇ ਲਾਏ।
ਮਾਰਟਿਨ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਰੱਖਿਆ ਵਿਭਾਗ ਦਾ ਕੋਈ ਉੱਚ ਅਧਿਕਾਰੀ ਨਹੀਂ ਮਿਲਿਆ ਜੋ ਦੱਸ ਸਕਦਾ ਕਿ ਇਰਾਕ ਦੇ ਪ੍ਰਧਾਨ ਮੰਤਰੀ ਦੁਆਰਾ ਵੀ ਅਮਰੀਕਾ ਨੂੰ ਜਾਣਕਾਰੀ ਪਹਿਲਾਂ ਹੀ ਦਿੱਤੀ ਗਈ ਸੀ।
ਇਸ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਸੈਨਿਕ ਥਾਂ ਬਦਲਣ ਕਾਰਨ ਸੁਰੱਖਿਅਤ ਰਹੇ।
ਇਹ ਵੀ ਪੜ੍ਹੋ:
ਬੀਬੀਸੀ ਦੇ ਡਿਫ਼ੈਂਸ ਪੱਤਰਕਾਰ ਜੋਨਾਥਨ ਮਾਰਕਸ ਕਹਿੰਦੇ ਹਨ, "ਵਜ੍ਹਾ ਡਿਜ਼ਾਈਨ ਦੀ ਸੀ ਜਾਂ ਈਰਾਨੀ ਮਿਜ਼ਾਇਲਾਂ ਦੀ ਉਸਾਰੀ ਦੀ। ਜਿਸ ਕਾਰਨ ਨਿਸ਼ਾਨਾ ਸਟੀਕ ਨਹੀਂ ਸੀ, ਇਹ ਹਾਲੇ ਤੱਕ ਸਪਸ਼ਟ ਨਹੀਂ ਹੈ। ਹਾਲਾਂਕਿ, ਈਰਾਨ ਵਿੱਚ ਅਮਰੀਕੀ ਫ਼ੌਜੀ ਠਿਕਾਣਿਆਂ ਖਿਲਾਫ਼ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਲਾਂਚ ਕਰਨਾ ਈਰਾਨ ਲਈ ਖ਼ਤਰੇ ਵਾਲਾ ਰਾਹ ਸੀ।"
ਬੀਬੀਸੀ ਦੇ ਪੱਤਰਕਾਰ ਨੇ ਕਿਹਾ, "ਸ਼ੁਰੂਆਤੀ ਸੈਟੇਲਾਈਟ ਤਸਵੀਰਾਂ ਨੂੰ ਦੇਖਦੇ ਹੋਏ ਅਲ-ਅਸਦ ਏਅਰ ਬੇਸ 'ਤੇ ਈਰਾਨੀ ਮਿਜ਼ਾਇਲਾਂ ਨੇ ਕਈ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ ਹੈ ਪਰ ਜੇ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਇਸ ਦਾ ਕਾਰਨ ਡਿਜ਼ਾਇਨ ਦੀ ਘਾਟ ਨਹੀਂ ਸਗੋਂ ਜਵਾਨਾਂ ਦੀ ਕਿਸਮਤ ਲੱਗਦੀ ਹੈ।"
ਇਹ ਵੀਡੀਓਜ਼ ਵੀ ਵੇਖੋ:
https://www.youtube.com/watch?v=jjAn7UR21R8
https://www.youtube.com/watch?v=K9Xv60C-ZOU
https://www.youtube.com/watch?v=UNOhmjpe9i0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)
ਜੰਮੂ-ਕਸ਼ਮੀਰ ਵਿੱਚ ਲੱਗੀਆਂ ਪਾਬੰਦੀਆਂ ਦੀ ਇੱਕ ਹਫਤੇ ''ਚ ਸਮੀਖਿਆ ਹੋਵੇ: ਸੁਪਰੀਮ ਕੋਰਟ
NEXT STORY